Site icon Sikh Siyasat News

ਇਨੈਲੋ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਬਾਦਲ ਨੂੰ ਹਰਿਆਣਾ ਗੁਰਦੂਆਰਾ ਕਮੇਟੀ ਸਮਰਥਕਾਂ ਨੇ ਵਿਖਾਏ ਕਾਲੇ ਝੰਡੇ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਫਲੇ ਨੂੰ ਕਾਲੇ ਝੰਡੇ ਵਿਖਾਉਂਦੇ ਹਰਿਆਣੇ ਦੇ ਸਿੱਖ

ਡੱਬਵਾਲੀ, (6 ਅਕਤੂਬਰ, 2014): ਹਰਿਆਣਾ ਵਿਧਾਨ ਸਭਾ ਦੀਆਂ 15 ਅਕਤੂਬਰ ਨੂੰ ਹੋ ਰਹੀਆਂ ਚੋਣਾਂ ਲਈ ਇਨੈਲੋ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਫਲੇ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮਰਥਕਾਂ  ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਵਿਖਾਵਾ ਕੀਤਾ।

ਅੱਜ ਦੇਰ ਸ਼ਾਮ ਡੱਬਵਾਲੀ ਹਲਕੇ ਦੇ ਪਿੰਡ ਮਿਠੜੀ ਦੇ ਨੇੜੇ ਹਰਿਆਣਾਂ ਗੁਰਦੁਆਰਾ ਕਮੇਟੀ ਦੇ ਸਮਰਥਕਾਂ ਵੱਲੋਂ ਸਿੱਖਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਾਲੇ ਝੰਡੇ ਦਿਖਾਏ। ਸ੍ਰੀ ਬਾਦਲ ਇਸ ਹਲਕੇ ਵਿੱਚ ਇਨੇਲੋ ਉਮੀਦਵਾਰ ਨੈਨਾ ਚੌਟਾਲਾ ਦੇ ਪੱਖ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਕਾਲੇ ਝੰਡੇ ਦਿਖਾਉਣ ਦੌਰਾਨ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਦਾ ਇੱਕ ਸਮਰਥਕ ਜ਼ਖ਼ਮੀ ਹੋ ਗਿਆ।

ਹਰਿਆਣਾਂ ਕਮੇਟੀ ਦੇ ਸਮਰਥਕ ਸਿੱਖਾਂ ਨੇ ਬੜੇ ਲੁਕਵੇਂ ਢੰਗ ਨਾਲ ਕਾਲੀਆਂ ਝੰਡੀਆਂ ਦੇ ਪ੍ਰੋਗਰਾਮ ਨੂੰ ਅੰਜਾਮ ਦਿੱਤਾ। ਇਸ ਬਾਰੇ ਸੂਹੀਆ ਏਜੰਸੀਆਂ ਦੇ ਨਾਲ-ਨਾਲ ਮੀਡੀਆ ਨੂੰ ਵੀ ਭਿਣਕ ਨਹੀਂ ਪੈਣ ਦਿੱਤੀ ਗਈ। ਮੁਜ਼ਾਹਰਾਕਾਰੀ ਸਿੱਖਾਂ ਦੀ ਅਗਵਾਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਭਾਟੀ ਕਰ ਰਹੇ ਸਨ।

ਦੇਰ ਸ਼ਾਮ ਸ੍ਰੀ ਬਾਦਲ ਦਾ ਕਾਫਲਾ ਜਿਵੇਂ ਹੀ ਪਿੰਡ ਮਿਠੜੀ ਦੇ ਨੇੜੇ ਅੱਪੜਿਆ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਹਰਿਆਣਾਂ ਕਮੇਟੀ ਦੇ ਸਮਰਥਕ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਕਾਫਲੇ ਨੂੰ ਕਾਲੇ ਝੰਡੇ ਵਿਖਾ ਕੇ ‘ਬਾਦਲ ਗੋ ਬੈਕ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।

ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧਰਮ ਪ੍ਰਚਾਰਕ ਮਲਕੀਤ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਹਰਿਆਣਾ ਦੇ ਗੁਰਦੁਆਰਿਆਂ ‘ਚ ਅਸਲਾਧਾਰੀ ਲੋਕ ਕਬਜ਼ਾ ਜਮਾਈ ਬੈਠੇ ਹਨ ਜਦੋਂ ਕਿ ਹਰਿਆਣੇ ਦੇ ਸਿੱਖ ਆਪਣੇ ਸੂਬੇ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਖੁਦ ਕਰਨਾ ਚਾਹੁੰਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version