ਚੰਡੀਗੜ੍ਹ: ਭਾਵੇਂ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੌਜੂਦਾ ਮੁੱਖ ਮੰਤਰੀ ਨੇ ਸਹੁੰ ਚੁੱਕ ਕੇ ਨਸ਼ੇ ਨੂੰ ਪੰਜਾਬ ਵਿਚੋਂ ਖਤਮ ਕਰਨ ਦਾ ਐਲਾਨ ਕੀਤਾ ਸੀ, ਪਰ ਸਰਕਾਰ ਬਦਲਣ ਤੋਂ ਬਾਅਦ ਵੀ ਨਸ਼ਿਆਂ ਦੀ ਮਾਰ ਹੇਠ ਆਏ ਦੇਸ ਪੰਜਾਬ ਦੇ ਹਾਲਾਤ ਨਹੀਂ ਬਦਲ ਰਹੇ।
ਅਖਬਾਰਾਂ ਵਿੱਚ ਛਪਦੀਆਂ ਖਬਰਾਂ ਤੇ ਮੱਕੜਜਾਲ (ਇੰਟਰਨੈਟ) ‘ਤੇ ਲੋਕਾਂ ਵੱਲੋਂ ਪਾਈਆਂ ਜਾਂਦੇ ਦ੍ਰਿਸ਼ ਬਿਆਨ ਕਰ ਕਰਦੇ ਹਨ ਸਰਕਾਰੀ ਦਾਅਵਿਆਂ ਦੇ ਉਲਟ ਪੰਜਾਬ ਵਿੱਚ ਨਸ਼ੇ ਦਾ ਕਹਿਰ ਬੇਰੋਕ ਜਾਰੀ ਹੈ।
ਅੱਜ ਦੇ ਹੀ ਇਕ ਅਖਬਾਰ ਵਿੱਚ ਛੇਹਰਟਾ ਵਿਖੇ ਦੋ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋਣ ਦੀ ਖਬਰ ਛਪੀ ਹੈ।
ਇਸੇ ਦੌਰਾਨ ਫੇਸਬੁੱਕ ਉੱਤੇ ਪ੍ਰੇਮਨਗਰ (ਕੋਟਕਪੂਰਾ) ਦੀ ਵੀਡੀਓ ਨਸ਼ਰ ਹੋਈ ਹੈ ਜਿਸ ਵਿੱਚ ਨਸ਼ੇ ਦੀ ਭੇਟ ਚੜ੍ਹੇ ਨੌਜਵਾਨ ਦੀ ਮਾਂ ਦੇ ਕੀਰਨੇ ਕਿਸੇ ਵੀ ਵੇਖਣ-ਸੁਨਣ ਵਾਲੇ ਦੀ ਵੀ ਹਿੱਕ ਵਿੱਚਦੀ ਲੰਘ ਜਾਂਦੇ ਹਨ। ਕੂੜੇ ਦੇ ਢੇਰ ‘ਤੇ ਪਈ ਉਸ ਨੌਜਵਾਨ ਦੀ ਲਾਸ਼ ਦੇ ਹੱਥ ਵਿੱਚ ਫੜੀ ਨਸ਼ੇ ਦੇ ਟੀਕੇ ਲਾਉਣ ਵਾਲੀ ਸੂਈ ਪੰਜਾਬ ਵਿੱਚ ਨਸ਼ਿਆਂ ਦੇ ਕਹਿਰ ਦੀ ਮੂਹੋਂ ਬੋਲਦੀ ਤਸਵੀਰ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣ ਦੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ ਦੇ ਮੂੰਹ ‘ਤੇ ਚਪੇੜ ਹੈ।
ਪੰਜਾਬ ਵਿੱਚ ਨਸ਼ਿਆਂ ਦਾ ਦੌਰ ਖਾੜਕੂ ਸੰਘਰਸ਼, ਜਿਸ ਨੂੰ ਸਰਕਾਰੀਏ ਕਾਲੇ ਦੌਰ ਦਾ ਨਾਂ ਦਿੰਦੇ ਹਨ, ਤੋਂ ਬਾਅਦ ਹੀ ਸ਼ੁਰੂ ਹੋਇਆ ਹੈ। ਸਾਬਕਾ ਡੀ. ਜੀ. ਪੀ. ਸ਼ਸ਼ੀ ਕਾਂਤ ਨੇ ਕਈ ਵਾਰ ਇਹ ਗੱਲ ਬਿਆਨ ਕੀਤੀ ਹੈ ਕਿ ਖਾੜਕੂਆਂ ਨੇ ਆਪਣੇ ਦੌਰ ਦੌਰਾਨ ਨਸ਼ੇ ਦੇ ਇਸ ਬੰਦੇ ਖਾਣੇ ਦੈਂਤ ਨੂੰ ਪੰਜਾਬ ਵਿੱਚ ਪੈਰ ਨਹੀਂ ਸੀ ਧਰਨ ਦਿੱਤਾ ਪਰ ਉਸ ਬਾਅਦ ਵਿੱਚ (ਜਿਸ ਨੂੰ ਸਰਕਾਰੀਏ ਅਮਨ-ਸ਼ਾਂਤੀ ਦਾ ਦੌਰ ਕਹਿੰਦੇ ਹਨ) ਸਿਆਸੀ ਤੇ ਪ੍ਰਸ਼ਾਸਨ ਮਿਲੀ ਭੁਗਤ ਨਾਲ ਪੰਜਾਬ ਵਿੱਚ ਨਸ਼ਿਆਂ ਫੈਲਾਅ ਸ਼ੁਰੂ ਹੋਇਆ।
ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਦਾ ਕਹਿਣਾ ਹੈ ਕਿ ਉਸ ਨੇ ਪੰਜਾਬ ਪੁਲਿਸ ਦੇ ਸੂਹੀਆ ਮਹਿਕਮੇਂ ਦਾ ਮੁਖੀ ਹੁੰਦਿਆਂ ਵੱਡੇ ਨਸ਼ਾ ਤਸਕਰਾਂ ਦੀ ਸੂਚੀ ਜਾਰੀ ਕੀਤੀ ਸੀ ਜਿਸ ਵਿੱਚ ਸਾਰੀਆਂ ਮੁੱਖ ਪਾਰਟੀਆਂ ਦੇ ਕਈ-ਕਈ ਆਗੂਆਂ ਦੇ ਨਾਂ ਸ਼ਾਮਲ ਸਨ ਪਰ ਨਾ ਤਾਂ ਉਹ ਸੂਚੀ ਪਿਛਲੀ ਬਾਦਲ ਸਰਕਾਰ ਨੂੰ ਲੱਭੀ ਸੀ ਤੇ ਨਾ ਹੀ ਹੁਣ ਵਾਲੀ ਕੈਪਟਨ ਸਰਕਾਰ ਨੂੰ ਲੱਭ ਰਹੀ ਹੈ।
ਅਸਲ ਵਿੱਚ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਪ੍ਰਸ਼ਾਸਨਕ ਤੇ ਸਰਕਾਰੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ ਇਸ ਕਰਕੇ ਸਰਕਾਰਾਂ ਵੱਲੋਂ ਨਸ਼ਿਆਂ ਦੇ ਵਪਾਰੀਆਂ, ਉਨ੍ਹਾਂ ਦੇ ਸਿਆਸੀ ਸਰਪ੍ਰਸਤਾਂ ਅਤੇ ਇਸ ਜ਼ਹਿਰ ਨੂੰ ਪੰਜਾਬ ਵਿੱਚ ਫੈਲਾਉਣ ਦੇ ਧੰਧੇ ਵਿੱਚ ਭਾਈਵਾਲ ਪੁਲਿਸ ਵਾਲਿਆਂ ਦਾ ਬਚਾਅ ਕੀਤਾ ਜਾ ਰਿਹਾ ਹੈ।
ਭਾਰਤੀ ਉਪਮਹਾਂਦੀਪ ਦੇ ਖਿੱਤੇ ‘ਤੇ ਨਜ਼ਰ ਮਾਰੀ ਜਾਵੇ ਤਾਂ ਹਾਲੀਆ ਸਮੇਂ ਦੌਰਾਨ ਉਨ੍ਹਾਂ ਖੇਤਰਾਂ ਵਿੱਚ ਨਸ਼ਿਆਂ ਦਾ ਕਹਿਰ ਵਧੇਰੇ ਹੈ ਜਿੱਥੇ ਪਹਿਲਾਂ ਹਕੂਮਤ ਵਿਰੁਧ ਹਥਿਆਰਬੰਦ ਜੰਗ ਦਾ ਦੌਰ ਰਿਹਾ ਹੈ। ਮੰਦੇ ਭਾਗੀਂ ਅਜਿਹੇ ਹਾਲਾਤ ਵਿੱਚ ਮੌਜੂਦਾ ਸਿਆਸਤਦਾਨਾਂ ਤੋਂ ਕਿਸੇ ਵੱਡੇ ਤਬਦੀਲੀ ਦੀ ਉਮੀਦ ਘੱਟ ਹੀ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਭਵਿੱਖ ਦੇ ਨਿਰਮਲ ਜਲ ‘ਤੇ ਜੰਮੀ ਮੌਤ ਵਰਗੀ ਬਰਫ ਦੀ ਕੜ ਭੰਨਣ ਵਾਲੇ ਨੇਜੇ ਦੀ ਨੋਕ ਵਰਗਾ ਨੌਜਵਾਨ ਵਰਗ ਹੀ ਨਸ਼ਿਆਂ ਦੀ ਮਾਰ ਹੇਠ ਆ ਕੇ ਖੁੰਡਾ ਤੇ ਨਕਾਰਾ ਹੋ ਰਿਹਾ ਹੈ। ਅਜਿਹੇ ਹਾਲਾਤ ਵਿੱਚ ਸਮਝਣ ਤੇ ਮਹਿਸੂਸ ਕਰਨ ਵਾਲੀ ਗੱਲ ਇਹ ਹੈ ਕਿ ਆਪਣੇ ਮੂਲ ਵੱਲ ਮੁੜਨ ਤੋਂ ਬਿਨਾ ਬਚਾਅ ਦਾ ਹੋਰ ਕੋਈ ਦੂਜਾ ਹੀਲਾ-ਵਸੀਲਾ ਨਹੀਂ ਹੈ।