ਪਟਿਆਲਾ: ਪਟਿਆਲਾ ਤੋਂ ਭਾਰਤ ਦੀ ਪਾਰਲੀਮੈਂਟ ਦੇ ਵਿਧਾਇਕ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਸ਼ਾਂਤਮਈ ਢੰਗ ਨਾਲ ਵੱਖਰੇ ਰਾਜ ਦੀ ਮੰਗ ਕਰਨਾ ਵਾਜਿਬ ਹੈ। ਉਹਨਾਂ ਦਾ ਇਹ ਬਿਆਨ ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਭਾਰਤ ਪੱਖੀ ਸਿਆਸਤਦਾਨਾਂ ਵਲੋਂ ਸਿੱਖਾਂ ਦੀ ਵੱਖਰੇ ਰਾਜ ਦੀ ਮੰਗ ਖਿਲਾਫ ਕੀਤੀ ਜਾ ਰਹੀ ਬਿਆਨਬਾਜੀ ਦੌਰਾਨ ਆਇਆ ਹੈ।
ਡਾ. ਧਰਮਵੀਰ ਗਾਂਧੀ ਨੇ ਕਿਹਾ, “ਮੈਂ ਸੰਘੀ ਢਾਂਚੇ ਅਤੇ ਲੋਕਤੰਤਰ ਵਿਚ ਵਿਸ਼ਵਾਸ ਰੱਖਦਾ ਹਾਂ। ਮੈਨੂੰ ਖ਼ਾਲਿਸਤਾਨ ਨਾਲ ਕੋਈ ਮਤਲਬ ਨਹੀਂ। ਸੁਪਰੀਮ ਕੋਰਟ ਦਾ ਫੈਂਸਲਾ ਹੈ ਕਿ ਬੋਲੀ, ਧਰਮ, ਖਿੱਤੇ ਅਤੇ ਨਸਲ ਦੇ ਅਧਾਰ ‘ਤੇ ਵੱਖਰਾ ਰਾਜ ਮੰਗਣਾ ਕਾਨੂੰਨ ਦੇ ਅਧੀਨ ਹੈ।”
ਟ੍ਰਿਬਿਊਨ ਅਖ਼ਬਾਰ ਵਿਚ ਛਪੀ ਖ਼ਬਰ ਮੁਤਾਬਿਕ ਡਾ. ਗਾਂਧੀ ਨੇ ਕਿਹਾ, “ਮੈਂ ਉਨ੍ਹਾਂ ਦਾ ਵਿਰੋਧ ਕਰਦਾ ਹਾਂ ਜੋ ਸਿਰਫ ਧਰਮ ਦੇ ਅਧਾਰ ‘ਤੇ ਵੱਖਰਾ ਰਾਜ ਬਣਾਉਣ ਲਈ ਵੋਟਾਂ ਮੰਗਦੇ ਹਨ ਜਾ ਲੋਕਾਂ ਨੂੰ ਉਕਸਾਉਂਦੇ ਹਨ। ਪਰ ਕੀ ਤੁਹਾਨੂੰ ਨਹੀਂ ਲਗਦਾ ਕਿ ਸਾਰਿਆਂ ‘ਤੇ ਇਕੋ ਜਿਹਾ ਮਾਪਦੰਡ ਲਾਗੂ ਹੋਣਾ ਚਾਹੀਦਾ ਹੈ? ਉਨ੍ਹਾਂ ਲੋਕਾਂ ਨੂੰ ਹੀ ਦੇਸ਼ਧ੍ਰੋਹ ਦੇ ਕੇਸਾਂ ਨਾਲ ਕਿਉਂ ਡਰਾਇਆ ਜਾਂਦਾ ਹੈ ਜੋ ਸਿੱਖ ਰਾਜ ਦੀ ਮੰਗ ਕਰਦੇ ਹਨ, ਜਦੋਂ ਹੋਰ ਲੋਕ ਹਿੰਦੂ ਰਾਜ ਬਣਾਉਣਾ ਚਾਹੁੰਦੇ ਹਨ?”