ਚੰਡੀਗੜ੍ਹ :- ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਲਾਗੂ ਕਰਨ ਲਈ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਸਰਗਰਮੀ ਅਦਾਰੇ ਦੇ ਅਕਾਦਮਿਕ ਅਤੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬੀ ਭਾਖਾ, ਸੱਭਿਆਚਾਰ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਵਾਸਤੇ ਹੋਂਦ ਵਿੱਚ ਆਈ ਸੀ। ਇਸ ਅਦਾਰੇ ਦਾ ਮੁੱਖ ਮਨੋਰਥ ਪੰਜਾਬੀ ਭਾਖਾ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਸਥਾਪਤ ਕਰਨਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਯੂਨੀਵਰਸਿਟੀ ਆਪਣੇ ਮੂਲ ਉਦੇਸ਼ ਤੋਂ ਦੂਰ ਜਾ ਰਹੀ ਹੈ। ਜਿਸ ਦੀ ਪਰਤੱਖ ਮਿਸਾਲ ਯੂਨੀਵਰਸਿਟੀ ਵੱਲੋਂ ਬਣਾਏ ਜਾਂਦੇ ਵਿਦਿਆਰਥੀਆ ਦੇ ਸ਼ਨਾਖਤੀ ਪੱਤਰ ਹਨ ਜਿਸ ਉੱਪਰ ਪੰਜਾਬੀ ਯੂਨੀਵਰਸਿਟੀ ਦਾ ਨਾਂ ਤਾਂ ਪੰਜਾਬੀ ਵਿੱਚ ਲਿਖਿਆ ਹੈ ਪਰ ਵਿਦਿਆਰਥੀ ਦੀ ਸਾਰੀ ਜਾਣਕਾਰੀ (ਵਿਦਿਆਰਥੀ ਦਾ ਨਾਂ , ਜਮਾਤ, ਮਹਿਕਮਾ, ਜਨਮ ਮਿਤੀ, ਮਾਂ/ਪਿਉ ਦਾ ਨਾਂ ਅਤੇ ਪਤਾ) ਅੰਗਰੇਜੀ ਵਿੱਚ ਲਿਖੀ ਹੋਈ ਹੈ। ਇਹ ਚਲਣ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਤੋਂ ਦਾਖਲਾ ਇਕਾਈ ਆਪਣੇ ਪੱਧਰ ਤੇ ਪਛਾਣ-ਪੱਤਰ ਬਣਾਕੇ ਵਿਭਾਗਾਂ ਵਿੱਚ ਭੇਜਦੀ ਹੈ। ਇਸ ਤੋ ਪਹਿਲਾਂ ਇਹ ਪਛਾਣ-ਪੱਤਰ ਪੰਜਾਬੀ/ਅੰਗਰੇਜੀ ਦੋਵੇਂ ਭਾਸ਼ਾਵਾਂ ਵਿੱਚ ਹੁੰਦਾ ਸੀ ਤੇ ਹੁਣ ਇਕੱਲਾ ਅੰਗਰੇਜੀ ਵਿੱਚ ਬਣ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਵਿਭਾਗਾਂ ਦੇ ਨਾਮ ਪੰਜਾਬੀ ਵਿੱਚ ਲਿਖਣ ਦੀ ਬਜਾਏ ਅੰਗਰੇਜੀ ਨਾਵਾਂ ਨੂੰ ਹੀ ਗੁਰਮੁਖੀ ਅੱਖਰਾਂ ਵਿਚ ਲਿਖ ਕੇ ਡੰਗ ਸਾਰਿਆ ਜਾ ਰਿਹਾ ਹੈ। ਅੰਗਰੇਜੀ ਦੇ ਸ਼ਬਦਾਂ ਦਾ ਪੰਜਾਬੀ ਬਦਲ ਮੌਜੂਦ ਹੋਣ ਦੇ ਬਾਵਜੂਦ ਵੀ ਅੰਗਰੇਜੀ ਸ਼ਬਦ ਹੀ ਗੁਰਮੁਖੀ ਲਿਪੀ ਵਿੱਚ ਲਿਖੇ ਹੋਏ ਹਨ।
ਇਸ ਸਬੰਧੀ ਵਿਦਿਆਥੀ ਜਥੇਬੰਦੀਆਂ – ਗੋਸਟਿ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਅਤੇ ਸੱਥ ਦਾ ਵਫਦ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਨੂੰ ਮਿਲਿਆ ਤਾਂ ਇਸ ਮਸਲੇ ਉੱਪਰ ਬੜੇ ਸੰਜੀਦਾ ਮਾਹੌਲ ਵਿੱਚ ਵਿਚਾਰ ਵਟਾਦਰਾਂ ਹੋਇਆ। ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇਦਿਆਂ ਰਣਜੀਤ ਸਿੰਘ, ਅਮਨਦੀਪ ਸਿੰਘ, ਸੁਖਮਿੰਦਰ ਸਿੰਘ ਅਤੇ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬੀ ਲਾਗੂ ਕਰ ਦੇ ਮਸਲੇ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ। ਇਸ ਸਬੰਧੀ ਉਪ-ਕੁਲਪਤੀ ਡਾ. ਅਰਵਿੰਦ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਧਿਆਨ ਵਿਚ ਲਿਆਂਦੇ ਗਏ ਮਸਲੇ ਵਾਜਿਬ ਹਨ ਤੇ ਇਹਨਾ ਦੇ ਹੱਲ ਲਈ ਉਪਰਾਲੇ ਸ਼ੁਰੂ ਹੋ ਚੁੱਕੇ ਹਨ ਤੇ ਇਸ ਦਾ ਅਸਰ ਛੇਤੀ ਹੀ ਸਭ ਨੂੰ ਦਿਸਣ ਲੱਗ ਜਾਵੇਗਾ। ਵਿਦਿਆਰਥੀਆਂ ਨੇ ਕਿਹਾ ਕਿ ਉਹ ਇਸ ਮਸਲੇ ਉੱਤੇ ਲਗਾਤਾਰ ਪਹਿਰੇਦਾਰੀ ਕਨਰਗੇ ਤੇ ਪ੍ਰਸ਼ਾਸਨ ਦਾ ਪੰਜਾਬੀ ਲਾਗੂ ਕਰਨ ਵਿਚ ਸਹਿਯੋਗ ਕਰਦਿਆਂ ਇਹ ਯਕੀਨੀ ਬਣਾਉਣਗੇ ਕਿ ਪਛਾਣ ਪੱਤਰ ਸਮੇਤ ਵਿਭਾਗਾਂ ਦੇ ਨਾਮ ਪੰਜਾਬੀ ਵਿਚ ਹੀ ਲਿਖੇ ਜਾਣ।