Site icon Sikh Siyasat News

ਫਿਲੌਰ ਨੇੜੇ ਮਨਸੂਰਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਘਟਨਾ ਦੇ ਵੇਰਵੇ

ਫਿਲੋਰ: ਇੱਥੋਂ ਨੇੜਲੇ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ 4 ਅਤੇ 5 ਦਸੰਬਰ ਦਰਮਿਆਨੀ ਰਾਤ ਨੂੰ ਵਾਪਰੀ ਮੰਦਭਾਗੀ ਘਟਨਾ ਬਾਰੇ ਸਿੱਖ ਸਿਆਸਤ ਵੱਲੋਂ ਜੋ ਵੇਰਵੇ ਇਕੱਤਰ ਕੀਤੇ ਗਏ ਹਨ ਉਹਨਾਂ ਮੁਤਾਬਕ ਪਿੰਡ ਮਨਸੂਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ 4 ਦਸੰਬਰ ਦੀ ਸ਼ਾਮ ਨੂੰ ਇਕ ਸਮਾਗਮ ਸੀ। 

ਸਮਾਗਮ ਦੀ ਸਮਾਪਤੀ ਤੋਂ ਬਾਅਦ ਜਦੋਂ ਗੁਰਦੁਆਰਾ ਸਾਹਿਬ ਵਿੱਚੋਂ ਗ੍ਰੰਥੀ ਸਿੰਘ ਸਮੇਤ ਸਾਰੀ ਸੰਗਤ ਚਲੀ ਗਈ ਤਾਂ ਪ੍ਰਵਾਸੀ ਮਜ਼ਦੂਰ ਦੱਸੇ ਜਾਂਦੇ ਦੋ ਵਿਅਕਤੀ ਗੁਰਦੁਆਰਾ ਸਾਹਿਬ ਵਿੱਚ ਤਾਲਾ ਤੋੜ ਕੇ ਦਾਖਲ ਹੋਏ। ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਗੋਲਕ ਭੰਨਣ ਦੀ ਕੋਸ਼ਿਸ਼ ਕੀਤੀ ਗਈ। 

ਗੁਰਦੁਆਰਾ ਪ੍ਰਬੰਧਕਾਂ ਅਤੇ ਸਥਾਨਕ ਸੰਗਤਾਂ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਨਹੀਂ ਹੋਈ ਹਾਲਾਂਕਿ ਗੁਰਦੁਆਰਾ ਸਾਹਿਬ ਦਾਖਲ ਹੋਏ ਇਹਨਾ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਚ ਪਾਨ ਖਾ ਕੇ ਥੁੱਕਿਆ ਗਿਆ ਅਤੇ ਸ਼ਰਾਬ ਪੀਤੀ ਗਈ। 

ਰਾਤ ਕਰੀਬ ਸਾਢੇ ਬਾਰਾਂ ਵਜੇ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਏ ਇਹਨਾਂ ਦੁਰਜਨਾਂ ਬਾਰੇ ਉਦੋਂ ਪਤਾ ਲੱਗਾ ਜਦੋਂ ਸਵੇਰੇ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। 

ਜਦੋਂ ਗ੍ਰੰਥੀ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੁੱਲ੍ਹੇ ਵੇਖੇ ਤਾਂ ਉਸ ਨੇ ਗੁਰਦੁਆਰਾ ਸਾਹਿਬ ਨੇੜਲੇ ਘਰ ਵਿੱਚੋਂ ਮਦਦ ਮੰਗੀ ਜਿਸ ਤੋਂ ਬਾਅਦ ਇਸ ਘਟਨਾ ਵਿੱਚ ਸ਼ਾਮਲ ਦੋ ਵਿਅਕਤੀਆਂ ਵਿੱਚੋਂ ਇੱਕ ਨੂੰ ਮੌਕੇ ਉਪਰ ਫੜ ਲਿਆ ਗਿਆ। ਇਹ ਵਿਅਕਤੀ ਹਾਲੇ ਵੀ ਪਿੰਡ ਵਾਲਿਆਂ ਦੀ ਹਿਰਾਸਤ ਵਿੱਚ ਦੱਸਿਆ ਜਾ ਰਿਹਾ ਹੈ।

ਇਸ ਘਟਨਾ ਵਿੱਚ ਸ਼ਾਮਲ ਦੂਸਰੇ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਿਸ ਪ੍ਰਸਾਸ਼ਨ ਵੱਲੋਂ ਜਲੰਧਰ ਦਿਹਾਤੀ ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਪਿੰਡ ਵਿੱਚ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ। ਪੁਲੀਸ ਵੱਲੋਂ ਐਸ.ਪੀ.ਡੀ. ਸਰਬਜੀਤ ਸਿੰਘ ਬਾਹੀਆ ਅਤੇ ਐਸ.ਪੀ. ਹੈਡਕੁਆਟਰ ਮਨਜੀਤ ਕੌਰ ਪਿੰਡ ਵਾਲਿਆਂ ਨਾਲ ਗੱਲਬਾਤ ਕਰ ਰਹੇ ਹਨ।

ਦੱਸ ਦੇਈਏ ਕਿ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਗੁਰਦਆਰਾ ਸਾਹਿਬ ਵਿਖੇ ਵਾਪਰੀ ਘਟਨਾ ਦੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਪਰ ਗੁਰਦੁਆਰਾ ਸਾਹਿਬ ਦੇ ਅਦਬ ਸਤਿਕਾਰ ਦੇ ਮੱਦੇਨਜ਼ਰ ਅਸੀਂ ਇਹ ਤਸਵੀਰਾਂ ਇਥੇ ਸਾਂਝੀਆਂ ਨਹੀਂ ਕਰ ਰਹੇ।

ਬੇਅਦਬੀ ਕਰਨ ਵਾਲੇ ਕਾਮਯਾਬ ਕਿਉਂ ਹੋ ਰਹੇ ਹਨ?

ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬਾਨ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਉਸ ਵੇਲੇ ਵਾਪਰੀਆਂ ਹਨ ਜਦੋਂ ਗੁਰਦੁਆਰਾ ਸਾਹਿਬ ਵਿਚ ਕੋਈ ਵੀ ਹਾਜ਼ਰ ਨਹੀਂ ਹੁੰਦਾ। 

ਪਿੰਡਾਂ-ਸ਼ਹਿਰਾਂ ਵਿੱਚ ਲੋਕ ਆਪਣੇ ਘਰਾਂ ਨੂੰ ਤਾਂ ਕਦੀ ਵੀ ਸੁਞਾ ਨਹੀਂ ਛੱਡਦੇ ਅਕਸਰ ਬਹੁਤੇ ਗੁਰਦੁਆਰਾ ਸਾਹਿਬ ਨਿੱਤਨੇਮ ਦੇ ਸਮੇਂ ਤੋਂ ਬਾਅਦ ਅਕਸਰ ਦਿਨ ਅਤੇ ਰਾਤ ਦੇ ਵੇਲੇ ਸੁਞੇ ਹੁੰਦੇ ਹਨ। 

ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਦੁਆਰਾ ਸਾਹਿਬ ਦੀਆਂ ਜੋ ਛੇ ਖਾਸੀਅਤਾਂ ਦੱਸੀਆਂ ਹਨ, ਉਹਨਾਂ ਵਿੱਚੋਂ ਇੱਕ ਇਹ ਹੈ ਕਿ ਸਿੱਖਾਂ ਦਾ ਗੁਰਦੁਆਰਾ ਇਕ ਲੋਹ ਮਈ ਦੁਰਗ ਭਾਵ ਕਿਲ੍ਹਾ ਹੈ। 

ਖਾਲਸਾ ਜੀ ਦੀ ਮਰਯਾਦਾ ਵਿੱਚ ਜਿਸ ਅਸਥਾਨ ਓੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਣ ਉਸ ਨੂੰ ਕਦੇ ਵੀ ਸੁਞਾ ਨਹੀਂ ਛੱਡਿਆ ਜਾ ਸਕਦਾ। ਇਸ ਮਰਿਆਦਾ ਦੀ ਪਾਲਣਾ ਨਾ ਹੋਣ ਕਾਰਨ ਹੀ ਮੰਦੀ ਭਾਵਨਾ ਨਾਲ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਣ ਵਾਲੇ ਅਨਸਰ ਕਾਮਯਾਬ ਹੋ ਰਹੇ ਹਨ।  

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version