Site icon Sikh Siyasat News

1 ਨਵੰਬਰ ਨੂੰ ਕਾਲੇ ਦਿਨ ਵਜੋਂ ਮਨਾਉਣ ਲਈ ਦਿੱਲੀ ਸਰਕਾਰ ਮਤਾ ਪਾਸ ਕਰੇ: ਸਿਰਸਾ

ਨਵੀਂ ਦਿੱਲੀ (19 ਮਾਰਚ, 2016): ਦਿੱਲੀ ਵਿੱਚ ਭਾਰਤ ਦੀ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1 ਨਵੰਬਰ 1984 ਨੂੰ ਸ਼ੁਰੂ ਹੋਏ ਸਿੱਖ ਕਤਲੇਆਮ ਦੀ ਯਾਦ ਵਿੱਚ 1 ਨਵੰਬਰ ਨੂੰ ਸਰਕਾਰੀ ਤੌਰ ‘ਤੇ ਕਾਲੇ ਦਿਨ ਵਜੋਂ ਮਨਾਇਆ ਜਾਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੇਜਰੀਵਾਲ ਨੂੰ ਲਿਖੇ ਆਪਣੇ ਪੱਤਰ ’ਚ 1 ਨਵੰਬਰ ਨੂੰ ਕਾਲੇ ਦਿਹਾੜੇ ਵਜੋਂ ਮਨਾਉਣ ਦਾ ਮਤਾ ਦਿੱਲੀ ਵਿਧਾਨ ਸਭਾ ਵਿੱਚ ਪਾਸ ਕਰਨ ਦੀ ਤਜਵੀਜ਼ ਦਿੱਤੀ ਹੈ।

ਨਵੰਬਰ 1984 ਸਿੱਖ ਨਸਲਕੁਸ਼ੀ

ਕੇਜਰੀਵਾਲ ਵੱਲੋਂ ਚੋਣਾਂ ਸਮੇਂ ਕਤਲੇਆਮ ਪੀੜਤਾਂ ਦੀਆਂ ਤਕਲੀਫ਼ਾਂ ਨੂੰ ਦੂਰ ਕਰਨ ਦੇ ਦਿੱਤੇ ਗਏ ਵਾਅਦੇ ਦਾ ਚੇਤਾ ਕਰਾਉਂਦੇ ਹੋਏੇ ਸਿਰਸਾ ਨੇ ਪੀੜਤ ਪਰਿਵਾਰਾਂ ਦੀ ਰਿਹਾਇਸ਼ੀ ਕਲੋਨੀ ਤਿਲਕ ਵਿਹਾਰ ਦੇ ਫਲੈਟਾਂ ਦੀ ਮੁਰੰਮਤ ਅਤੇ ਨਵੀਂਨੀਕਰਨ ਦਾ ਕਾਰਜ ਦਿੱਲੀ ਸਰਕਾਰ ਵੱਲੋਂ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

ਦਿੱਲੀ ਸਰਕਾਰ ਵੱਲੋਂ ਇਸ ਮਸਲੇ ’ਤੇ ਕੋਈ ਕਾਰਵਾਈ ਨਾ ਕਰਨ ਦੀ ਸੂਰਤ ’ਚ ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਗਰੀਬ ਸਿੱਖ ਪਰਿਵਾਰਾਂ ਦੀ ਇਸ ਕਲੋਨੀ ਦੀ ਨੁਹਾਰ ਬਦਲਣ ਦਾ ਦਿੱਲੀ ਕਮੇਟੀ ਵੱਲੋਂ ਐਲਾਨ ਕੀਤਾ ਹੈ। ਸਿਰਸਾ ਨੇ ਬਿਜਲੀ ਦੇ ਬਿਲਾਂ ਦੀ ਮੁਆਫ਼ੀ ਤੇ ਕਲੋਨੀ ’ਚ ਰੋਜ਼ਾਨਾ ਹੋਣ ਵਾਲੀ 4 ਤੋਂ 5 ਘੰਟੇ ਦੀ ਬਿਜਲੀ ਕਟੌਤੀ ਨੂੰ ਗਰਮੀਆਂ ਦੇ ਮੌਕੇ ਨਾ ਕਰਨ ਦੀ ਹਦਾਇਤ ਨਿੱਜੀ ਬਿਜਲੀ ਕੰਪਨੀਆਂ ਨੂੰ ਦੇਣ ਦੀ ਦਿੱਲੀ ਸਰਕਾਰ ਤੋਂ ਮੰਗ ਕੀਤੀ ਹੈ।

ਸਿਰਸਾ ਨੇ ਕੇਜਰੀਵਾਲ ਨੂੰ ਪੀੜਤ ਪਰਿਵਾਰਾਂ ਦੇ ਪੁਰਾਣੇ ਬਿਜਲੀ ਬਿਲਾਂ ਦੀ ਮੁਆਫ਼ੀ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਦਿੱਲੀ ਸਰਕਾਰ ਵੱਲੋਂ ਯੋਗਤਾ ਦੇ ਆਧਾਰ ’ਤੇ ਸਰਕਾਰੀ ਨੌਕਰੀ ਦੇ ਕੇ ਰਾਹਤ ਦੇਣ ਦਾ ਸੁਝਾਅ ਵਹ ਦਿੱਤਾ ਹੈ। ਸਮੂਹ ਪੀੜਤਾਂ ਨੂੰ ਦਿੱਲੀ ਸ਼ਹਿਰੀ ਆਸਰਾ ਸੁਧਾਰ ਬੋਰਡ ਵੱਲੋਂ ਨਵੇਂ ਫਲੈਟ ਉਪਲਬਧ ਕਰਵਾਉਣ ਦੇ ਨਾਲ ਹੀ ਪੁਰਾਣੇ ਜਾਰੀ ਕੀਤੇ ਗਏ ਫਲੈਟਾਂ ਦੇ ਪੂਰਨ ਮਾਲਕਾਨਾ ਹੱਕ ਫ੍ਰੀ ਹੋਲਡ ਅਧਿਕਾਰ ਯੋਜਨਾ ਤਹਿਤ ਦੇਣ ਦੀ ਸਿਰਸਾ ਨੇ ਵਕਾਲਤ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version