Site icon Sikh Siyasat News

ਵੱਖ-ਵੱਖ ਧਰਮ ਆਗੂਆਂ ਨੇ ਕੀਤੇ ਕਾਲੀ ਵੇਈਂ ਦੇ ਦਰਸ਼ਨ, ਬਾਬਾ ਸੀਚੇਵਾਲ ਵੱਲੋਂ ਅਰੰਭੇ ਕਾਰਜ਼ ਦੀ ਕੀਤੀ ਸ਼ਲਾਘਾ

seechewal

ਸੰਤ ਸੀਚੇਵਾਲ ਕਾਲੀ ਵੇਈਂ ਦੇ ਪਾਣੀ ਦਾ ਸਵਾਦ ਚਖਦੇ ਹੋਏ

ਸੁਲਤਾਨਪੁਰ ਲੋਧੀ ( 24 ਅਕਤੂਬਰ, 2014): ਵਾਤਾਵਰਣ ਦੀ ਸਿੱਖ ਦ੍ਰਿਸ਼ਟੀਕੋਣ ਅਨੁਸਾਰ ਸੰਭਾਲ ਕਰਨ ਵਾਲੇ ਵਾਤਾਵਰਣ ਪ੍ਰੇਮੀ ਬਾਬਾ ਬਲਵੀਰ ਸਿੰਘ ਸੀਚੇਵਾਲ ਵੱਲੋਂ ਗੁਰੂ ਨਾਨਕ ਸਾਿਹਬ ਦੀ ਚਰਨ ਛੋਹ ਪ੍ਰਾਪਤ ਵੇਈ ਨਦੀ ਦੀ ਕੀਤੀ ਸੰਭਾਲ ਨੂੰ ਵੇਖ ਕੇ ਇੰਗਲੈਂਡ ਤੋਂ ਆਏ 8 ਧਰਮਾਂ ਦੇ ਆਗੁ ਬਹੁਤ ਪ੍ਰਭਾਵਿਤ ਹੋਏ।ਪਵਿੱਤਰ ਕਾਲੀ ਵੇਈਂ ਦਾ ਦੌਰਾ ਕਰਦਿਆਂ ਉਨ੍ਹਾਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੇਈਂ ਦੀ ਕਰਵਾਈ ਕਾਰ ਸੇਵਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਇਹ ਪਹਿਲੀ ਮਿਸਾਲ ਹੈ ਜਿੱਥੇ ਲੋਕਾਂ ਨੇ ਰਲ ਕੇ ਕਿਸੇ ਨਦੀ ਨੂੰ ਸਾਫ ਕੀਤਾ ਹੋਵੇ।

ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਸੰਤ ਸੀਚੇਵਾਲ ਦੀ ਅਗਵਾਈ ਹੇਠ ਕੀਤਾ ਇਹ ਕੰਮ ਪ੍ਰੇਰਨਾਦਾਇਕ ਹੈ। ਇਸ 20 ਮੈਂਬਰੀ ਵਫ਼ਦ ਦੀ ਅਗਵਾਈ ਇੰਗਲੈਂਡ ਦੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਮੁਖੀ ਭਾਈ ਮਹਿੰਦਰ ਸਿੰਘ ਨੇ ਕੀਤੀ।

ਭਾਈ ਮਹਿੰਦਰ ਸਿੰਘ ਨੇ ਦੱਸਿਆ ਕਿ ਸੰਨ 2000 ਵਿੱਚ ਯੂਐਨਓ ਨੇ ਇੱਕ ਐਲਾਨਨਾਮਾ ਕੀਤਾ ਸੀ ਜਿਸ ਦਾ ਨਾਂਅ 21ਵੀਂ ਸਦੀ ਦਾ ਐਲਾਨਨਾਮਾ ਰੱਖਿਆ ਗਿਆ ਸੀ। ਇਸ ਐਲਾਨਨਾਮੇ ਵਿੱਚ 8 ਸਮੱਸਿਆਵਾਂ ’ਤੇ ਧਿਆਨ ਦੇਣ ਸਬੰਧੀ ਕਿਹਾ ਗਿਆ ਸੀ ਜਿਨ੍ਹਾਂ ਵਿੱਚ 2015 ਤੱਕ ਦੁਨੀਆਂ ਵਿੱਚੋਂ ਗਰੀਬੀ ਹਟਾਉਣ, ਬੱਚਿਆਂ ਲਈ ਪ੍ਰਾਇਮਰੀ ਸਿੱਖਿਆ ਦਾ ਪ੍ਰਬੰਧ ਕਰਨ, ਮਾਂ ਤੇ ਬੱਚੇ ਦੀ ਸੇਵਾ ਸੰਭਾਲ ਕਰਨ, ਵਾਤਾਵਰਣ ਦਾ ਪੂਰਾ ਖਿਆਲ ਰੱਖਣ, ਐਚਆਈਵੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਨੌਜਵਾਨਾਂ ਦੀ ਸੋਚ ਨੂੰ ਉਸਾਰੂ ਪਾਸੇ ਲਾਉਣ ਦੀ ਗੱਲ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਬਾਰੇ ਅੱਜ ਕੀ ਸਥਿਤੀ ਹੈ, ਲੋਕ ਇਸ ਤੋਂ ਭਲੀ ਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਟੀਚਾ 2015 ਤੱਕ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਤਾਂ ਯੂਐਨਓ ਨੇ ਧਾਰਮਿਕ ਆਗੂਆਂ ਨੂੰ ਅੱਗੇ ਕਰਨ ਦੀ ਨੀਤੀ ਬਣਾਈ ਹੈ।

ਉਨ੍ਹਾਂ ਦੱਸਿਆ ਕਿ ਜਿਵੇਂ ਸੰਤ ਸੀਚੇਵਾਲ ਨੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਕਰਵਾ ਕੇ ਦੁਨੀਆਂ ਨੂੰ ਰਾਹ ਦਿਖਾਇਆ ਹੈ, ਉਸੇ ਤਰ੍ਹਾਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਹੋਰ ਦਰਿਆਵਾਂ ਦੀ ਸਫਾਈ ਲਈ ਵਰਤਿਆ ਜਾਵੇਗਾ। ਭਾਈ ਮਹਿੰਦਰ ਸਿੰਘ ਨੇ ਦੱਸਿਆ ਕਿ 5 ਜੁਲਾਈ 2017 ਨੂੰ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ, ਜਿਸ ਮੌਕੇ ਪਟਨਾ ਵਿੱਚ 5 ਕਰੋੜ ਦੇ ਕਰੀਬ ਸੰਗਤਾਂ ਦੇ ਆਉਣ ਦਾ ਅਨੁਮਾਨ ਹੈ।

ਉਨ੍ਹਾਂ ਕਿਹਾ ਉਥੇ ਦੋ ਸਾਲ ਤੱਕ ਚੱਲਣ ਵਾਲੀ ਕਾਰ ਸੇਵਾ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਤੋਂ ਪਹਿਲਾਂ ਅੱਜ ਇਨ੍ਹਾਂ ਧਾਰਮਿਕ ਗੁਰੂਆਂ ਦਾ ਪਵਿੱਤਰ ਕਾਲੀ ਵੇਈਂ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਵੇਈਂ ਕੰਢੇ ਇੱਕ ਬੂਟਾ ਵੀ ਲਾਇਆ। ਵਫ਼ਦ ਨੂੰ ਪਵਿੱਤਰ ਕਾਲੀ ਵੇਈਂ ’ਤੇ ਬਣਾਈ ਗਈ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ। ਫ਼ਿਲਮ ਵਿੱਚ ਵੇਈਂ ਬਾਰੇ ਸੰਗਤਾਂ ਦੁਆਰਾ ਹੱਥੀਂ ਕੀਤੇ ਜਾ ਰਹੇ ਕੰਮਾਂ ਨੂੰ ਦੇਖ ਕੇ ਧਾਰਮਿਕ ਆਗੂ ਦੰਗ ਰਹਿ ਗਏ। ਇਸ ਮੌਕੇ ਸੰਤ ਸੀਚੇਵਾਲ ਵੱਲੋਂ ਵਫ਼ਦ ਦਾ ਸਨਮਾਨ ਵੀ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version