ਗੁਰੂਆਂ ਪੈਗੰਬਰਾਂ ਦੀਆਂ ਸਾਖੀਆਂ ਪੜ੍ਹਦੇ ਬੜੀ ਵੇਰ ਜਿਕਰ ਆਉਂਦਾ ਹੈ ਕਿ ਕਿਵੇਂ ਗੁਰੂ ਪੀਰ ਆਪਣੀ ਇੱਕ ਤੱਕਣੀ ਨਾਲ ਹੀ ਸਾਹਮਣੇ ਵਾਲੇ ਦੇ ਮਨ ਤਨ ਦਾ ਕਾਇਆ ਕਲਪ ਕਰ ਦਿੰਦੇ ਸੀ। ਮਹਾਂਪੁਰਖਾਂ ਬਾਰੇ ਵੀ ਜਿਕਰ ਆਉਂਦਾ ਹੈ ਕਿ ਕਿਵੇਂ ਉਨ੍ਹਾਂ ਦੀ ਕਹੀ ਇਕ ਗੱਲ ਜਾਂ ਉਨ੍ਹਾਂ ਦੀ ਇੱਕ ਛੋਹ ਇਤਿਹਾਸਕ ਵਰਤਾਰਾ ਬਣ ਜਾਂਦੀ ਰਹੀ।
ਸਿੱਖੀ ਦੀ ਬੁੱਕਲ ਵਿੱਚੋਂ ਨਿਕਲ ਬੇਗਾਨੀ ਧਰਤੀ ਉੱਤੇ ਪੜ੍ਹਨ ਗਏ ਪ੍ਰੋ ਪੂਰਨ ਸਿੰਘ ਦੀ ਰੂਹ ਕਦੇ ਜੈੱਨ ਬੋਧੀਆਂ ਵਿੱਚੋਂ ਆਪਣੀ ਮੁਕਤੀ ਦਾ ਰਾਹ ਲੱਭਦੀ ਹੈ ਤੇ ਕਦੇ ਸੰਨਿਆਸੀ ਸਵਾਮੀ ਰਾਮ ਤੀਰਥ ਰਾਹੀਂ। ਪਰ ਅਖੀਰ ਜਦੋਂ ਭਾਈ ਵੀਰ ਸਿੰਘ ਵਰਗੀ ਸ਼ਖਸੀਅਤ ਉਨ੍ਹਾਂ ਦੇ ਵਾਲਾਂ ਵਿੱਚ ਹੱਥ ਫੇਰ ਕੇ ਇਕ ਸਾਦਾ ਮੁਰਾਦਾ ਬਚਣ ਕਰਦੀ ਹੈ ਤਾਂ ਉਹਦੀ ਸਾਰੀ ਰੂਹ ਨਸ਼ਿਆ ਜਾਂਦੀ ਹੈ ਤੇ ਉਹ ਮੁੜ ਸਿੱਖੀ ਰਾਹ ਦਾ ਪਾਂਧੀ ਬਣ ਜਾਂਦਾ ਹੈ।
ਬਾਬੂ ਕਾਂਸ਼ੀ ਰਾਮ ਬਾਰੇ ਤਾਂ ਬਹੁਤਿਆਂ ਨੂੰ ਪਤਾ ਹੈ ਪਰ ਉਹਦਾ ਇਸ ਸੰਘਰਸ਼ ਦਾ ਸਫਰ ਸ਼ੁਰੂ ਕਿੱਥੋਂ ਹੋਇਆ ਤੇ ਇਸ ਸੰਘਰਸ਼ ਨੂੰ ਸ਼ੁਰੂ ਕਰਵਾਉਣ ਵਾਲਾ ਕੌਣ ਸੀ ਉਹਦੇ ਬਾਰੇ ਬਹੁਤਾ ਨਹੀਂ ਪਤਾ। ਦੀਨਾ ਭਾਨਾ ਨਾਂ ਦਾ ਇਕ ਬੱਚਾ 28 ਫਰਵਰੀ 1928 ਨੂੰ ਰਾਜਸਥਾਨ ਵਿਚ ਅਜਿਹੇ ਘਰ ਵਿੱਚ ਪੈਦਾ ਹੋਇਆ ਜਿੱਥੇ ਕਿ ਪਿਤਾ ਪਿੰਡ ਦੇ ਚੌਧਰੀਆਂ ਦੇ ਘਰ ਉਨ੍ਹਾਂ ਦੀਆਂ ਮੱਝਾਂ ਚੋਣ ਦਾ ਕੰਮ ਕਰਨ ਜਾਂਦਾ ਸੀ। ਸੁਰਤ ਸੰਭਾਲੀ ਤਾਂ ਦੀਨਾ ਭਾਨਾ ਲਈ ਜਿਦ ਕੀਤੀ ਕਿ ਆਪਾਂ ਵੀ ਇਕ ਮੱਝ ਲੈ ਕੇ ਆਓ। ਬੱਚੇ ਦੀ ਜਿਦ ਅੱਗੇ ਝੁਕਦਿਆਂ ਪਿਉ ਮੱਝ ਲੈ ਆਇਆ। ਪਰ ਪਿੰਡ ਦੇ ਚੌਧਰੀਆਂ ਨੂੰ ਇਹ ਗੱਲ ਹਜਮ ਨਾ ਹੋਈ ਕਿ ਨੀਵੀਂ ਜਾਤ ਦਾ ਮੱਝ ਰੱਖ ਕੇ ਉਨ੍ਹਾਂ ਦੀ ਬਰਾਬਰੀ ਕਰੇ।
ਉਨ੍ਹਾਂ ਨੇ ਕਿਹਾ ਕਿ ਤੁਸੀਂ ਸੂਰ ਪਾਲਣ ਵਾਲੇ ਹੁਣ ਸਾਡੀਆਂ ਰੀਸਾਂ ਕਰੋਂਗੇ। ਮੱਝਾਂ ਰੱਖੋਂਗੇ। ਤਾਂ ਆਖਰ ਪਿਉ ਨੂੰ ਅਗਲੇ ਹੀ ਦਿਨ ਮੱਝ ਵੇਚ ਕੇ ਆਉਣੀ ਪਈ। ਓਸ ਜਿੱਦੀ ਬੱਚੇ ਲਈ ਇਹ ਇਕ ਜਖਮ ਵਾਂਗ ਸੀ। ਸਮਾਂ ਆਇਆ ਉਹ ਘਰੋਂ ਭੱਜ ਕੇ ਦਿੱਲੀ ਪਹੁੰਚ ਗਿਆ ਤੇ ਜੀਵਨ ਸੰਘਰਸ਼ ਵਿੱਚੋਂ ਲੰਘਦਿਆਂ ਡੀ.ਆਰ.ਡੀ.ਓ. (DRDO) ਵਿਚ ਚੌਥੇ ਦਰਜੇ ਦਾ ਮੁਲਾਜਮ ਭਰਤੀ ਹੋ ਗਿਆ। ਇਹ ਉਹੀ ਸੰਸਥਾ ਸੀ ਜਿੱਥੇ ਕਿ ਪੰਜਾਬ ਦਾ ਜੰਮਿਆ ਕਾਂਸ਼ੀ ਰਾਮ ਪਹਿਲੇ ਦਰਜੇ ਤੇ ਅਫਸਰ ਵਜੋਂ ਸੇਵਾ ਕਰ ਰਿਹਾ ਸੀ।
ਦੀਨਾ ਭਾਨਾ ਲਗਾਤਾਰ ਡਾ ਅੰਬੇਦਕਰ ਨੂੰ ਸੁਣਦਾ ਸਮਝਦਾ ਪੜ੍ਹਦਾ ਆ ਰਿਹਾ ਸੀ। ਉਹਦੀ ਛਾਪ ਦੀਨਾ ਭਾਨਾ ਦੇ ਮਨ ਉੱਤੇ ਡੂੰਘੀ ਉੱਕਰੀ ਗਈ ਸੀ। ਸਮਾਂ ਆਇਆ ਇਕ ਸਾਲ ਡਾ ਅੰਬੇਦਕਰ ਜੈਯੰਤੀ ਤੇ ਬੁੱਧ ਜੈਅੰਤੀ ਦੀਆਂ ਛੁੱਟੀਆਂ ਕੱਟ ਕੇ ਡੀ.ਆਰ.ਡੀ.ਓ. (DRDO) ਨੇ ਇਕ ਛੁੱਟੀ ਤਿਲਕ ਜੈਯੰਤੀ ਦੀ ਕਰ ਦਿੱਤੀ ਗਈ ਤੇ ਇਕ ਛੁੱਟੀ ਦੀਵਾਲੀ ਦੀ ਵਾਧੂ ਕਰ ਦਿੱਤੀ। ਇਸ ਮੁੱਦੇ ਉਤੇ ਦੀਨਾ ਭਾਨਾ ਨੇ ਬਹੁਤ ਰੌਲਾ ਪਾਇਆ। ਗੱਲ ਕਾਂਸ਼ੀ ਰਾਮ ਤਕ ਵੀ ਪਹੁੰਚੀ। ਦੀਨਾ ਭਾਨਾ ਨੂੰ ਇਸ ਰੌਲੇ ਰੱਪੇ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
ਜਦ ਕਾਂਸ਼ੀ ਰਾਮ ਨੇ ਇਹ ਜਾਨਣਾ ਚਾਹਿਆ ਕਿ ਇਹ ਕੌਣ ਹੈ ਜੀਹਦੇ ਕਰਕੇ ਦਿਨਾ ਭਾਨਾ ਨੇ ਏਨਾ ਰੌਲਾ ਪਾਇਆ ਹੈ ਤਾਂ ਡੀ ਕੇ ਖਾਪੜੇ ਨਾਂ ਦੇ ਸ਼ਖਸ ਨੇ ਕਾਂਸ਼ੀ ਰਾਮ ਨੂੰ ਡਾ ਅੰਬੇਦਕਰ ਦੀ ਲਿਖੀ ਕਿਤਾਬ “ਜਾਤਪਾਤ ਦਾ ਬੀਜਨਾਸ਼” (Annihilation Of Castes) ਦਿੱਤੀ। ਉਹ ਕਿਤਾਬਚਾ ਕਾਂਸ਼ੀ ਰਾਮ ਨੇ ਇੱਕੋ ਰਾਤ ਵਿੱਚ ਤਿੰਨ ਵਾਰ ਪੜ੍ਹ ਦਿੱਤਾ। ਅਗਲੀ ਸਵੇਰ ਆ ਕੇ ਦੀਨਾ ਭਾਨ ਨੂੰ ਸੱਦਿਆ ਅਤੇ ਕਿਹਾ ਕਿ ਇਕ ਤਾਂ ਤੇਰੀ ਨੌਕਰੀ ਵਾਪਸ ਦਿਵਾਉਂਗਾ ਤੇ ਦੂਜਾ ਇਹ ਦਿਨਾਂ ਦੀ ਛੁੱਟੀ ਕਰਵਾਉੰਗਾ ਤੇ ਜਿਹੜਾ ਇਹ ਛੁੱਟੀ ਕਰਨ ਤੋਂ ਮਨ੍ਹਾ ਕਰੂਗਾ ਉਹਦੀ ਵੀ ਛੁੱਟੀ ਕਰਵਾ ਦੇਉਂਗਾ। ਆਖਰ ਲੰਬੀ ਕਾਨੂੰਨੀ ਲੜਾਈ ਪਿੱਛੋਂ ਇਹ ਦੋਨੋਂ ਹੱਕ ਮਿਲ ਗਏ। ਤੇ ਕਾਂਸ਼ੀ ਰਾਮ ਉਸ ਲੰਮੇ ਮਿਸ਼ਨ ਦੇ ਰਾਹ ਪੈ ਗਿਆ, ਬੇਗਮਪੁਰਾ ਨਾਂ ਦੇ ਉਸ ਸਮਾਜ ਦੀ ਭਾਲ ਵਿਚ ਜਿਹਦੀ ਨੀਂਹ ਗੁਰੂਆਂ ਭਗਤਾਂ ਨੇ ਰੱਖੀ ਸੀ।
ਜਿਕਰਯੋਗ ਹੈ ਕਿ ਅੱਜ ਮੁੜ ਤੋਂ ਤੇਜੀ ਨਾਲ ਵਧ ਰਹੀ ਜਥੇਬੰਦੀ ਬਾਮਸੇਫ ਦਾ ਸੰਸਥਾਪਕ ਦੀਨਾ ਭਾਨਾ ਹੀ ਸੀ ਅਤੇ ਨਾਲ ਸੀ ਉਸ ਦਾ ਸਾਥੀ ਡੀ ਕੇ ਖਾਪੜੇ।
29 ਅਗਸਤ 2006 ਨੂੰ ਇਹ ਸੰਘਰਸ਼ੀ ਯੋਧਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਤੇ ਹਕ ਸੱਚ ਦਾ ਸੰਘਰਸ਼ ਕਰ ਰਹੀਆਂ ਧਿਰਾਂ ਲਈ ਆਪਣੇ ਜੀਵਨ ਰਾਹੀਂ ਇੱਕ ਵੱਡਾ ਸੁਨੇਹਾ ਤੇ ਸੇਧ ਦੇ ਗਿਆ।