ਸੰਘਰਸ਼ ਕਮੇਟੀ ਦੇ ਆਗੂ ਜੇਲ੍ਹਾਂ ਵਿਚ ਤੇ ਬਾਪੂ ਸੂਰਤ ਸਿੰਘ ਡੀ. ਐਮ. ਸੀ. ਦੇ ਆਈ. ਸੀ. ਯੂ. ਵਿਚ; ਸਰਕਾਰ ਵਲੋਂ ਗੱਲਬਾਤ ਲਈ ਕੋਈ ਨਵਾਂ ਉੱਦਮ ਨਹੀਂ
ਲੁਧਿਆਣਾ ( 24 ਜੁਲਾਈ, 2015): ਬੰਦੀ ਸਿੰਘਾਂ ਦੀ ਰਿਹਾਈ ਦੇ ਮੁਦੇ ‘ਤੇ ਖੜੋਤ ਉਸੇ ਤਰਾਂ ਜਾਰੀ ਹੈ। ਬੰਦੀ ਸਿੰਘ ਰਿਹਾਈ ਸੰਘਰਸ਼ ਕਮੇਟੀ ਦੇ ਆਗੂ ਅਜੇ ਵੀ ਜੇਲੀਂ ਬੰਦ ਹਨ ਅਤੇ ਬਾਪੂ ਸੂਰਤ ਸਿੰਘ ਨੂੰ ਡੀ. ਐਮ. ਸੀ ਹਸਪਤਾਲ ਵਿੱਚ ਡਾਕਟਰਾਂ ਦੀ ਤਿੱਖੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ।
ਬਾਪੂ ਸੂਰਤ ਸਿੰਘ ਦੀ ਧੀ ਬੀਬੀ ਸਰਵਿੰਦਰ ਕੌਰ ਨੇ ਸਿੱਖ ਸਿਆਸਤ ਨੂੰ ਫੋਨ ‘ਤੇ ਦੱਸਿਆ ਕਿ ਬਾਪੂ ਜੀ ਦੀ ਹਾਲਤ ਵਿੱਚ ਕੋਈ ਜਿਆਦਾ ਸੁਧਾਰ ਨਹੀਂ ਹੋਇਆ ਅਤੇ ਉਨ੍ਹਾਂ ਨੇ ਅਜੇ ਵੀ ਪਾਣੀ ਨੂੰ ਮੂੰਹ ਨਹੀਂ ਲਾਇਆ।
ਬਾਪੂ ਸੂਰਤ ਸਿੰਘ ਦੇ ਸਪੁੱਤਰ ਭਾਈ ਰਵਿੰਦਰਜੀਤ ਸਿੰਘ ਗੋਗੀ ਨੇ ਕਿਹਾ ਕਿ ਡਾਕਟਰਾਂ ਨੇ ਬਾਪੂ ਸੂਰਤ ਸਿੰਘ ਨੂੰ ਗਲੂਕੋਜ਼ ਦੀਆਂ ਬੋਤਲਾਂ ਲਾਈਆਂ ਹੋਈਆਂ ਹਨ ।ਪਰ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ।
ਸੁਪਰੀਮ ਕੋਰਟ ਵੱਲੋਂ ਉਮਰ ਕੈਦੀਆਂ ਦੀ ਰਿਹਾਈ ਲਈ ਕੱਲ ਦਿੱਤੇ ਹੁਕਮਾਂ ਦੇ ਮੱਦੇਨਜ਼ਰ ਭਵਿੱਖ ਦੀ ਰਣਨੀਤੀ ਬਾਰੇ ਪੱਛਣ ‘ਤੇ ਬੀਬੀ ਸਰਵਿੰਦਰ ਕੌਰ ਨੇ ਦੱਸਿਆ ਕਿ ਇਸਤੇ ਉਨ੍ਹਾਂ ਅਜੇ ਕੋਈ ਵਿਚਾਰ ਨਹੀਂ ਕੀਤੀ , ਕਿਉਂਕਿ ਸੰਘਰਸ਼ ਕਮੇਟੀ ਨਾਲ ਸਬੰਧਿਤ ਸਾਭ ਅਗੂ ਅਜੇ ਜੇਲਾਂ ਵਿੱਚ ਬੰਦ ਹਨ।
ਉਨ੍ਹਾਂ ਸਿੱਖ ਸਿਆਸਤ ਨੂੰ ਦੱਸਿਆ ਕਿ ਸੰਘਰਸ਼ ਕਮੇਟੀ ਦੇ ਸਾਰੇ ਆਗੂਆਂ ਨੂੰ ਸਰਕਾਰ ਨੇ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ, ਇਸ ਕਰਕੇ ਅਸੀਂ ਉਨ੍ਹਾਂ ਨਾਲ ਗੱਲ ਨਹੀਂ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਇਸ ਮਸਲੇ ‘ਤੇ ਕੋਈ ਗੱਲ ਨਹੀ ਹੋਈ ਅਤੇ ਨਾ ਹੀਂ ਸਰਕਾਰ ਦੀ ਤਰਫੌਂ ਇਸ ਮਾਮਲੇ ‘ਤੇ ਉਨ੍ਹਾਂ ਨਾਲ ਕੋਈ ਗੱਲ ਕਰਨ ਲਈ ਆਇਆ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਕੱਲ ਉਮਰ ਕੈਦੀਆਂ ਦੀ ਪੱਕੀ ਰਿਹਾਈ ਲਈ ਰਾਜ ਸਰਕਾਰਾਂ ਦੀਆਂ ਸ਼ਕਤੀਆਂ ਕੂਝ ਸ਼ਰਤਾਂ ਸਾਹਿਤ ਬਹਾਲ ਕੀਤੀਆਂ ਹਨ। ਜਿਸ ਕਰਕੇ ਰਾਜ ਸਰਕਾਰਾਂ ਟਾਡਾ ਕਾਨੂੰਨ ਅਤੇ ਸੀਬੀਆਈ ਜਾਂਚ ਵਾਲੇ ਉਮਰ ਕੈਦੀਆਂ ਦੀ ਪੱਕੀ ਰਿਹਾਈ ਨਹੀਂ ਕਰ ਸਕਦੀਆਂ।
ਸਿੱਖ ਰਾਜਸੀ ਕੈਦੀਆਂ ਦੀ ਸੂਚੀ ਜਾਰੀ ਕਰਨ ਵਾਲੇ ਐਡਵੋਕੇਟ ਸ੍ਰ. ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਨਕਲ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਕੱਲ ਦੇ ਹੁਕਮਾਂ ਬਾਰੇ ਉਨ੍ਹਾਂ ਨੂੰ ਅਖਬਾਰਾਂ ਅਤੇ ਮੀਡੀਆ ਵਿੱਚ ਨਸ਼ਰ ਖ਼ਬਰਾਂ ਤੋਂ ਹੀ ਪਤਾ ਲੱਗਿਆ ਹੈ ਅਤੇ ਮੈਂ ਅਜੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਨਕਲ ਦੀ ਉਡੀਕ ਕਰ ਰਿਹਾ ਹਾਂ। ਹੁਕਮਾਂ ਦੀ ਨਕਲ ਅਜੇ ਸੁਪਰੀਮ ਕੋਰਟ ਦੀ ਵੈੱਬਸਾਈਟ ਉੱਪਰ ਨਹੀ ਪਾਈ ਗਈ।ਉਨ੍ਹਾਂ ਕਿਹਾ ਕਿ ਉਹ ਹੁਕਮਾਂ ਨੂੰ ਘੋਖਣ ਉਪਰੰਤ ਹੀ ਇਸ ਸਬੰਧੀ ਕੋਈ ਟਿਪੱਣੀ ਕਰ ਸਕਣਗੇ।
ਪਰ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸੇ ਵੀ ਉਮਰ ਕੈਦੀ, ਭਾਵੇਂ ਉਹ ਟਾਡਾ ਜਾਂ ਸੀਬੀਆਈ ਜਾਂਚ ਅਧੀਨ ਸਜ਼ਾ ਭੁਗਤ ਰਿਹਾ ਹੈ, ਦੀ ਪੱਕੀ ਰਿਹਾਈ ਕਰ ਸਕਦੀ ਹੈ। ਇਸ ਉੱਤੇ ਕਿਸੇ ਕਿਸਮ ਦੀ ਰੋਕ ਨਹੀਂ।