Site icon Sikh Siyasat News

ਹਰਿਆਣੇ ਦਾ ਮੁਖ ਮੰਤਰੀ ਸਿਖ ਕੌਮ ਤੋਂ ਮੁਆਫੀ ਮੰਗੇ : ਦਮਦਮੀ ਟਕਸਾਲ (ਮਹਿਤਾ)

ਬਾਬਾ ਹਰਨਾਮ ਸਿੰਘ ਦੀ ਹੋਰਨਾਂ ਨਾਲ | ਇਕ ਪੁਰਾਣੀ ਤਸਵੀਰ

ਅੰਮ੍ਰਿਤਸਰ: ਦਮਦਮੀ ਟਕਸਾਲ (ਮਹਿਤਾ) ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਅੱਜ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਕਿ ਕਾਂਗਰਸ ਹੋਵੇ ਜਾਂ ਭਾਜਪਾ, ਇਹਨਾਂ ਦੀ ਸਿਖਾਂ ਪ੍ਰਤੀ ਪਹੁੰਚ ‘ਚ ਕੋਈ ਫਰਕ ਨਜਰ ਨਹੀਂ ਆ ਰਿਹਾ।

ਆਪਣੇ ਬਿਆਨ ਵਿੱਚ ਅਫਸੋਸ ਪਰਗਟ ਕਰਦਿਆਂ ਟਕਸਾਲ ਮੁਖੀ ਨੇ ਕਿਹਾ ਕਿ “ਭਾਜਪਾ ਦੇ ਜਿੰਮੇਵਾਰ ਆਗੂ ਵੀ ਕਾਂਗਰਸ ਦੇ ਰਾਹ ਚਲ ਕੇ ਸਿਖਾਂ ਨੁੰ ਬੇਗਾਨਗੀ ਦਾ ਅਹਿਸਾਸ ਕਰਾ ਰਹੇ ਹਨ”।

ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਬਾ ਹਰਨਾਮ ਸਿੰਘ ਨੇ ਹਰਿਆਣੇ ਦੇ ਮੁਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਹਰਿਆਣੇ ਦੇ ਪਿੰਡ ਡਾਚਰ ਦੇ ਗੁਰਦੁਆਰਾ ਸਾਹਿਬ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਸੁਸ਼ੋਬਿਤ ਸੀ ਹੋਣ ਕਾਰਨ ਉਥੇ ਜਾਣ ਤੋਂ ਇਨਕਾਰੀ ਹੋਣ ਦਾ ਸਖਤ ਨੋਟਿਸ ਲਿਆ ਹੈ।

ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਮੁਖ ਮੰਤਰੀ ਖੱਟੜ ਦਾ ਅਜਿਹਾ ਨਾਕਾਰਾਤਮਕ ਕਦਮ ਸਿਖ ਕੌਮ ਦਾ ਅਪਮਾਨ ਹੈ ਜਿਸ ਨਾਲ ਹਰਿਆਣਾ ਦੇ ਹੀ ਨਹੀਂ ਦੇਸ਼ ਵਿਦੇਸ਼ ਦੀਆਂ ਸਮੁਚੀਆਂ ਸਿਖ ਸੰਗਤਾਂ ਦੇ ਹਿਰਦਿਆਂ ਨੁੰ ਠੇਸ ਪਹੁੰਚਾਈ ਗਈ ਹੈ। ਉਹਨਾਂ ਕਿਹਾ ਕਿ ਮੁਖ ਮੰਤਰੀ ਪ੍ਰਤੀ ਸਿਖ ਕੌਮ ‘ਚ ਭਾਰੀ ਰੋਸ ਹੈ। ਇਸ ਲਈ ਮੁੱਖ ਮੰਤਰੀ ਖੱਟੜ ਨੂੰ ਮੁਆਫੀ ਮੰਗਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਸਿਖ ਕੌਮ ਦੇ ਮਹਾਨਾਇਕ ਹਨ ਅਤੇ ਕੌਮ ਨੇ ਪੰਥ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀਹਵੀਂ ਸਦੀ ਦਾ ਮਹਾਨ ਸਿਖ ਅਤੇ ਅਮਰ ਸ਼ਹੀਦ ਐਲਾਨਿਆ ਹੈ।

ਉਹਨਾਂ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਨੂੰ ਕਰੜੇ ਹਥੀਂ ਲੈਦਿਆਂ ਕਿਹਾ ਕਿ ਮੁਖ ਮੰਤਰੀ ਦੇ ਅਹੁਦੇ ਬੈਠੇ ਜਿਮੇਵਾਰ ਵਿਅਕਤੀ ਨੂੰ ਅਜਿਹੇ ਬਿਆਨ ਦੇਣ ਤੋਂ ਸੰਕੋਚ ਕਰਨ ਦੀ ਲੋੜ ਹੈ।

ਲਿਖਤੀ ਤੌਰ ਤੇ ਜਾਰੀ ਕੀਤੇ ਗਏ ਟਕਸਾਲ ਮੁਖੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ: “ਸੰਤ ਭਿੰਡਰਾਂਵਾਲਿਆਂ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਵਾਲੇ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਸੰਤ ਭਿੰਡਰਾਂਵਾਲਿਆਂ ‘ਤੇ ਸ਼ਹੀਦੀ ਤਕ ਕਿਸੇ ਵੀ ਤਰਾਂ ਦਾ ਕੋਈ ਕੇਸ ਦਰਜ ਨਹੀਂ ਸਨ”।

“ਹਰਿਆਣੇ ਦੇ ਮੁਖ ਮੰਤਰੀ ਨੂੰ ਸਿਖ ਨੁਮਾਇੰਦਿਆਂ ਨੁੰ ਨਰਾਜ ਕਰਨ ਤੋਂ ਪਹਿਲਾਂ ਸਿਖ ਕੌਮ ਦਾ ਇਤਿਹਾਸ ਪੜ ਜਾਨ ਲੈਣਾ ਚਾਹੀਦਾ ਹੈ ਕਿ ਸਿਖ ਕੌਮ ਨੇ ਭਾਰਤ ਦੇ ਸਵੈਮਾਣ ਅਤੇ ਦੇਸ਼ ਦੀ ਅਜਾਦੀ ਲਈ ਕੀ ਕਿਵੇਂ ਕੁਰਬਾਨੀਆਂ ਕੀਤੀਆਂ”।

ਬਾਬਾ ਹਰਨਾਮ ਸਿੰਘ ਨੇ ਗੁਰੂਘਰ ਤੋਂ ਕਿਸੇ ਵੀ ਕੀਮਤ ‘ਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰਨ ਤੋਂ ਇਨਕਾਰ ਕਰਨ ਵਾਲੇ ਸਿੰਘਾਂ, ਪਿੰਡ ਵਾਸੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਸ਼ਲਾਘਾ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version