ਚੰਡੀਗੜ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਨਿੱਤ ਬਦਲੇ ਜਾਂਦੇ ਬਿਆਨਾਂ ਉੱਤੇ ਟਿੱਪਣੀ ਕਰਦਿਆਂ ਦਲ ਖ਼ਾਲਸਾ ਨੇ ਕਿਹਾ ਕਿ ਜਦੋਂ ਬਾਦਲਕੇ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਇਹਨਾਂ ਨੂੰ ਪੰਥ ਚੇਤੇ ਆ ਜਾਂਦਾ ਹੈ ਅਤੇ ਜਦੋਂ ਇਹਨਾਂ ਕੋਲ ਸੱਤਾ ਆ ਜਾਂਦੀ ਹੈ ਤਾਂ ਇਹਨਾਂ ਦਾ ਰਵਈਆ ਪੰਥ-ਵਿਰੋਧੀ ਹੋ ਜਾਂਦਾ ਹੈ।
ਸਿੱਖ ਜਥੇਬੰਦੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ “ਬਾਦਲਕਿਆਂ ਲਈ ਪੰਥ ਖ਼ਤਰੇ ਵਿੱਚ ਹੈ ਜਦੋਂ ਇਹ ਸੱਤਾ ਤੋਂ ਬਾਹਰ ਹਨ ਅਤੇ ਪੰਥ ਖਤਰੇ ਤੋਂ ਬਾਹਰ ਨਿਕਲ ਜਾਂਦਾ ਹੈ ਜਦੋਂ ਅਕਾਲੀ ਸੱਤਾ ਵਿੱਚ ਆ ਜਾਂਦੇ ਹਨ”।
ਦਲ ਖਾਲਸਾ ਦੇ ਬੁਲਾਰੇ ਕੰਵਰ ਪਾਲ ਸਿੰਘ ਨੇ ਕਿਹਾ ਕਿ ਜਦੋਂ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤਾਂ ਉਸ ਸਮੇਂ ਬਾਦਲਕੇ ਸੱਤਾ ਵਿੱਚ ਸਨ। ਬਾਦਲ-ਭਾਜਪਾ ਸਰਕਾਰ ਵੱਲੋਂ ਬਣਾਈ ਗਈ ਜਾਂਚ ਟੋਲੀ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰ ਸਕੀ ਤਾਂ ਆਪਣਾ ਚੰਮ ਬਚਾਉਣ ਲਈ ਬਾਦਲਕਿਆਂ ਨੇ ਇਹ ਮਾਮਲੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੈਂ.ਬਿ.ਆ.ਇ.) ਦੇ ਹਵਾਲੇ ਕਰ ਦਿੱਤੇ ਸਨ। ਪਰ ਹੁਣ ਜਦੋਂ ਸੈਂ.ਬਿ.ਆ.ਇ. ਨੇ ਵੀ ਮਾਮਲੇ ਬੰਦ ਕਰਨ ਲਈ ਵਿਚ ਅਰਜੀ ਲਾ ਦਿੱਤੀ ਹੈ ਤਾਂ ਇਹ ਗੱਲ ਸਾਫ ਹੋ ਗਈ ਕਿ ਸਿੱਖਾਂ ਨੂੰ ਇਨਸਾਫ ਦੇਣ ਵਿਚ ਸਾਰਾ ਹੀ ਨਿਜ਼ਾਮ ਨਾਕਾਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ‘ਇਕ ਵਾਰ ਫਿਰ ਸਿੱਖ ਕੌਮ ਦੀ ਝੋਲੀ ਇਨਸਾਫ ਤੋਂ ਵਾਂਝੀ ਰਹਿ ਗਈ ਹੈ’।
⊕ ਇਹ ਖਬਰ ਅੰਗਰੇਜ਼ੀ ਵਿਚ ਪੜ੍ਹੋ – BADALS HAVE DOUBLE TONGUE AND TWIN FACE: DAL KHALSA ON SAD (B) OUTCRY AGAINST CBI CLOSURE REPORT
ਦਲ ਖਾਲਸਾ ਆਗੂ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਕੇਂਦਰ, ਅਤੇ ਬਾਦਲਾਂ ਤੇ ਅਮਰਿੰਦਰ ਸਿੰਘ ਦੀ ਅਗਵਾਈ ਵਾਲੀਆਂ ਸੂਬਾ ਸਰਕਾਰਾਂ ਨੇ ਸਿੱਖਾਂ ਨਾਲ ਫਿਰ ਇੱਕ ਵਾਰ ਧੋਖਾ ਕੀਤਾ ਹੈ।
ਸ. ਕੰਵਰਪਾਲ ਸਿੰਘ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ ਵਿੱਚ ਲੋਕ ਰਾਏ ਹੈ ਕਿ ਇਹ ਘਿਨਾਉਣਾ ਕੰਮ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਹੁਕਮਾਂ ਨਾਲ ਹੋਇਆ ਸੀ ਜੋ ਅੱਜ ਬਲਾਤਕਾਰ ਦੇ ਜੁਰਮ ਹੇਠ ਉਮਰ ਕੈਦ ਭੁਗਤ ਰਿਹਾ ਹੈ। ਅਤੇ ਦੂਜੇ ਪਾਸੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦਾ ਮੁੱਖ ਦੋਸ਼ੀ ਸਾਬਕਾ ਪੁਲਿਸ ਮੁਖੀ ਸਮੇਧ ਸੈਣੀ ਆਜ਼ਾਦ ਘੁੰਮ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੈਂ.ਬਿ.ਆ.ਇ. ਕੇਂਦਰ ਦੀ ਭਾਜਪਾ ਸਰਕਾਰ ਤਹਿਤ ਕੰਮ ਕਰਦੀ ਹੈ ਅਤੇ ਬਾਦਲ-ਭਾਜਪਾ ਦਾ ਗੱਠਜੋੜ ਹੈ। ਸ਼੍ਰ.ਅ.ਦ. (ਬਾਦਲ) ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦਿਆਂ ਦਲ ਖਾਲਸਾ ਆਗੂ ਨੇ ਕਿਹਾ ਕਿ ਜਦੋਂ ਬਾਦਲਕੇ ਸੱਤਾ ਵਿੱਚ ਸਨ ਉਸ ਸਮੇਂ ਇਨਸਾਫ ਲੈਣ ਅਤੇ ਸਾਜ਼ਿਸ਼ਕਾਰਾਂ ਦਾ ਪਰਦਾਫਾਸ਼ ਕਰਨ ਲਈ ਇਹਨਾਂ ਕੋਈ ਸੰਜੀਦਗੀ ਨਹੀਂ ਵਿਖਾਈ ਸਗੋਂ ਪੁੱਠਾ ਇਹ ਸਿੱਖ ਜਥੇਬੰਦੀਆਂ ਨੂੰ ਨਿੰਦਦੇ ਰਹੇ ਅਤੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਸੁਟਦੇ ਰਹੇ। ਹੁਣ ਜਦ ਸ਼੍ਰੋ.ਅ.ਦ. (ਬ) ਸੱਤਾ ਤੋਂ ਬਾਹਰ ਹੈ ਤਾਂ ਇਸਦੇ ਆਗੂਆਂ ਵੱਲੋਂ ਸਾਜਿਸ਼ਕਾਰਾਂ ਅਤੇ ਦੋਸ਼ੀਆਂ ਨੂੰ ਦਜਾਵਾਂ ਦਿਵਾਉਣ ਵਾਲੇ ਬਹੁਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ।