Site icon Sikh Siyasat News

ਦਲ ਖਾਲਸਾ ਨੇ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਜਲੰਧਰ ਵਿੱਚ ਕਰਨ ਦੀ ਦਿੱਤੀ ਸਲਾਹ

ਅੰਮ੍ਰਿਤਸਰ ਸਾਹਿਬ: ਦਲ ਖਾਲਸਾ ਅਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਨੇ ਖਾਲਸਾ ਕਾਲਜ ਦੇ ਪ੍ਰਬੰਧਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰਸਤਾਵਿਤ ਖਾਲਸਾ ਯੂਨੀਵਰਸਿਟੀ ਦੀ ਸਥਾਪਨਾ ਅੰਮ੍ਰਿਤਸਰ ਸਾਹਿਬ ਦੇ ਮੌਜੂਦਾ ਇਤਿਹਾਸਕ ਤੇ ਵਿਰਾਸਤੀ ਖਾਲਸਾ ਕਾਲਜ ਕੰਪਲੈਕਸ ਅੰਦਰ ਕਰਨ ਦੀ ਬਜਾਏ ਜਲੰਧਰ ਵਿਖੇ ਕਰਨ। ਜਥੇਬੰਦੀਆਂ ਦਾ ਮੰਨਣਾ ਹੈ ਕਿ ਜੇਕਰ ਪ੍ਰਬੰਧਕ ਅਜਿਹਾ ਕਰਦੇ ਹਨ ਤਾਂ ਪ੍ਰਸਤਾਵਿਤ ਯੂਨੀਵਰਸਿਟੀ ਦਾ ਵਿਰੋਧ ਕਰ ਰਹੇ ਲੋਕਾਂ ਦੇ ਖਦਸ਼ੇ ਆਪ ਹੀ ਨਿਰਵਿਰਤ ਹੋ ਜਾਣਗੇ।

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਕਾਲਜ ਦੀ ਮੈਨਜਮੈਂਟ ਨੂੰ ਉਹਨਾਂ ਅਹਿਮ ਨੁਕਤਿਆਂ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ, ਜਿਸਨੇ ਵਿਵਾਦਾਂ ਨੂੰ ਜਨਮ ਦਿੱਤਾ ਹੈ ਅਤੇ ਲੋਕਾਂ ਅੰਦਰ ਖਦਸ਼ਾ ਪੈਦਾ ਕੀਤਾ ਹੈ। ਉਹਨਾਂ ਕਿਹਾ ਕਿ ਬਿਨਾ ਸ਼ੱਕ ਖਾਲਸਾ ਯੂਨੀਵਰਸਟੀ ਦੀ ਸਥਾਪਨਾ ਸਮੇ ਦੀ ਲੋੜ ਹੈ ਪਰ ਉਸ ਦਾ ਵਜੂਦ ਵਿਵਾਦਾਂ ਅਤੇ ਸ਼ੱਕ ਦੇ ਘੇਰੇ ਤੋਂ ਉਪਰ ਹੋਣਾ ਚਾਹੀਦਾ ਹੈ ਜੇਕਰ ਪ੍ਰਬੰਧਕ ਨੌਜਵਾਨ ਪਨੀਰੀ ਨੂੰ ਬੇਹਤਰੀਨ ਕਿਸਮ ਦੀ ਸਿਖਿਆ ਮੁਹਈਆ ਕਰਵਾਉਣ ਦੀ ਇੱਛਾ ਰੱਖਦੇ ਹਨ। ਉਹਨਾਂ ਕਿਹਾ ਕਿ ਖਾਲਸਾ ਕਾਲਜ ਕੋਲ ਜਲੰਧਰ ਵਿਖੇ 100 ਤੋਂ ਵੱਧ ਏਕੜ ਜਮੀਨ ਮੌਜੂਦ ਹੈ, ਜੋ ਯੂਨੀਵਰਸਟੀ ਬਨਾਉਣ ਲਈ ਤਹਿ ਸ਼ਰਤਾਂ ਪੂਰੀਆਂ ਕਰਦੀ ਹੈ।

ਉਹਨਾਂ ਕਿਹਾ ਕਿ ਪ੍ਰਬੰਧਕਾਂ ਨੂੰ ਇਹ ਗੱਲ ਸਮਝਣ ਲੈਣੀ ਚਾਹੀਦੀ ਹੈ ਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਗੁਆਂਢ ਵਿੱਚ ਬਨਣ ਜਾ ਰਹੀ ਨਵੀਂ ਯੂਨੀਵਰਸਟੀ ਨੂੰ ਲੋਕਾਂ ਨੇ “ਸ਼ਰੀਕ” ਵਜੋਂ ਮੰਨਣਾ ਅਤੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਗੱਲ ਚਿੰਤਾਜਨਕ ਹੈ। ਉਹਨਾਂ ਅੱਗੇ ਕਿਹਾ ਕਿ ਇਸ ਮੁੱਦੇ ਉਤੇ ਲੋਕਾਂ ਅਤੇ ਮੈਨਜਮੈਂਟ ਵਿਚਾਲੇ ਵਿਸ਼ਵਾਸ ਦੀ ਡਾਢੀ ਕਮੀ ਹੈ। ਉਹਨਾਂ ਕਿਹਾ ਕਿ ਬਹੁਤਾਤ ਲੋਕ ਬਾਦਲ ਪਰਿਵਾਰ ਉਤੇ ਭਰੋਸਾ ਨਹੀਂ ਕਰਦੇ। ਉਹਨਾਂ ਆਪਣੇ ਸੁਝਾਅ ਨੂੰ ਵਾਜੀਬ ਦਸਦਿਆਂ ਕਿਹਾ ਕਿ ਜੇਕਰ ਪ੍ਰਸਤਾਵਿਤ ਯੂਨੀਵਰਸਟੀ ਨੂੰ ਮੌਜੂਦਾ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਜਲੰਧਰ ਵਿਖੇ ਸਥਾਪਿਤ ਕੀਤਾ ਜਾਂਦਾ ਹੈ ਤਾਂ ਲੋਕਾਂ ਦਾ ਇਹ ਖਦਸ਼ਾ (ਸੱਚਾ ਜਾਂ ਝੂਠਾ) ਕਿ ਬਾਦਲਕੇ ਮਜੀਠੀਆ ਪਰਿਵਾਰ ਰਾਂਹੀ ਖਾਲਸਾ ਕਾਲਜ ਦੀ ਜਮੀਨ ਹੜਪਣਾ ਚਾਹੁੰਦੇ ਹਨ ਆਪੇ ਹੀ ਬੇ-ਅਰਥ ਹੋ ਜਾਵੇਗਾ।

ਉਹਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਏ.ਐਸ ਬਰਾੜ ਦੇ ਬਿਆਨ ਕਿ ਨਵੀਂ ਯੂਨੀਵਰਸਿਟੀ ਉਹਨਾਂ ਲਈ ਸੇਹਤਮੰਦ ਮੁਕਾਬਲੇ ਦਾ ਮਾਹੌਲ ਪ੍ਰਦਾਨ ਕਰੇਗੀ ਉਤੇ ਟਿਪਣੀ ਕਰਦਿਆਂ ਕਿਹਾ ਕਿ ਜੇਕਰ ਖਾਲਸਾ ਯੂਨੀਵਰਸਿਟੀ ਨੇ ਕਿਸੇ ਦੂਜੀ ਯੁਨੀਵਰਸਿਟੀ ਨੂੰ ਸੇਹਤਮੰਦ ਮੁਕਾਬਲਾ ਦੇਣਾ ਹੀ ਹੈ ਤਾਂ ਫਿਰ ਕਿਉਂ ਨਾ ਜਲੰਧਰ ਦੀ ਡੀ.ਏ.ਵੀ ਅਤੇ ਲਵਲੀ ਯੂਨੀਵਰਸਿਟੀ ਨੂੰ ਦਿਤਾ ਜਾਵੇ। ਉਹਨਾਂ ਚੇਤੇ ਕਰਵਾਇਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਮੌਕੇ ਬਹੁਤਾਤ ਜਮੀਨ ਖਾਲਸਾ ਕਾਲਜ ਨੇ ਹੀ ਮੁਹਈਆ ਕਰਵਾਈ ਸੀ ਸੋ ਗੁਆਂਢ ਵਿੱਚ ਆਪਸੀ ਮੁਕਾਬਲੇ ਦੀ ਗੱਲ ਕਰਨੀ ਗੈਰ-ਵਾਜਿਬ ਹੈ।

ਉਹਨਾਂ ਕਿਹਾ ਕਿ ਖਾਲਸਾ ਕਾਲਜ ਦੇ ਮੌਜੂਦਾ ਪ੍ਰਬੰਧਕਾਂ ਨੇ 2010 ਵਿੱਚ ਇਸੇ ਇਤਿਹਾਸਕ ਤੇ ਵਿਰਾਸਤੀ ਕਾਲਜ ਦੀ ਹੋਂਦ ਅਤੇ ਰੁਤਬੇ ਨੂੰ ਖਤਮ ਕਰਨ ਦੀ ਚਾਲ ਖੇਡੀ ਸੀ ਪਰ ਸਮੂੰਹ ਵਰਗ ਦੇ ਲੋਕਾਂ ਨੇ ਉਸਦਾ ਵਿਰੋਧ ਕਰਕੇ ਉਸਨੂੰ ਨਕਾਰ ਦਿੱਤਾ ਸੀ। ਉਹਨਾਂ ਕਿਹਾ ਕਿ ਲੋਕਾਂ ਅੰਦਰ ਖਾਲਸਾ ਕਾਲਜ ਪ੍ਰਤੀ ਸਨੇਹ ਤੇ ਜ਼ਜਬਾਤਾਂ ਅਤੇ ਲੜਨ ਦੀ ਭਾਵਨਾ ਨੂੰ ਦੇਖਦਿਆ ਇਸ ਵਾਰ ਪ੍ਰਬੰਧਕਾਂ ਨੇ ਆਪਣਾ ਪਹਿਲਾ ਮਨਸੂਬਾ ਤਿਆਗ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version