Site icon Sikh Siyasat News

ਸਤਲੁਜ-ਯਮੁਨਾ ਲਿੰਕ ਨਹਿਰ: ਪੰਜਾਬ-ਹਰਿਆਣਾ ਸਰਹੱਦ ਸੀਲ; ਪਟਿਆਲਾ ‘ਚ ਧਾਰਾ 144 ਲਾਗੂ

ਪਟਿਆਲਾ: ਇਨੈਲੋ ਵੱਲੋਂ 23 ਫਰਵਰੀ ਨੂੰ ਪੰਜਾਬ ਅੰਦਰ ਦਾਖਲ ਐਸਵਾਈਐਲ ਨਹਿਰ ਦੀ ਮੁੜ ਖੁਦਾਈ ਕਰਨ ਦੇ ਐਲਾਨ ਦੇ ਮੱਦੇਨਜ਼ਰ ਬੁੱਧਵਾਰ ਪੰਜਾਬ ਹਰਿਆਣਾ ਸਰਹੱਦ ’ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਉਂਜ ਇਸ ਸਬੰਧੀ ਅਭਿਆਸ ਤੋਂ ਬਾਅਦ ਦੇਰ ਸ਼ਾਮੀ ਇਥੋਂ ਬਹੁਤੀ ਪੁਲਿਸ ਹਟਾ ਲਈ ਗਈ, ਜੋ ਅਧਿਕਾਰਤ ਤੌਰ ’ਤੇ 23 ਫਰਵਰੀ ਸਵੇਰੇ ਇਥੇ ਆ ਕੇ ਮੋਰਚੇ ਸੰਭਾਲ਼ੇਗੀ।

ਘਨੌਰ ਵਿਖੇ ਸਤਲੁਜ ਯਮੁਨਾ ਲਿੰਕ ਨਹਿਰ

ਕੇਂਦਰੀ ਸੁਰੱਖਿਆ ਬਲਾਂ ਦੀਆਂ ਦਸ ਕੰਪਨੀਆਂ ਵੀ 23 ਫਰਵਰੀ ਨੂੰ ਤਾਇਨਾਤ ਕੀਤੀਆਂ ਜਾਣਗੀਆਂ। ਪੱਤਰਕਾਰਾਂ ਦੀ ਟੀਮ ਵੱਲੋਂ ਬੁੱਧਵਾਰ ਜਦੋਂ ਸ਼ੰਭੂ ਖੇਤਰ ਦਾ ਦੌਰਾ ਕੀਤਾ ਗਿਆ, ਤਾਂ ਇਥੇ ਮੁਗਲ ਸਰਾਏ ਵਿਚਲੀ ਹਵੇਲੀ ‘ਚੰਨਸੌਂ’ ਵਿਚ ਵੱਡੀ ਗਿਣਤੀ ਵਿਚ ਇਕੱਤਰ ਕੀਤੇ ਗਏ ਪੁਲਿਸ ਬਲ ਨੂੰ ਨਾਕਾਬੰਦੀ ਵਾਲ਼ੇ ਇਲਾਕੇ ਵੰਡ ਕੇ ਸਬੰਧਿਤ ਥਾਂਵਾਂ ’ਤੇ ਰਿਪੋਰਟ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ। ਇਸ ਸਬੰਧੀ ਮੁੱਖ ਨਾਕਾ ਹਰਿਆਣਾ ਤੋਂ ਪੰਜਾਬ ਵਿਚ ਦਾਖ਼ਲੇ ਵਾਲੇ ਸ਼ੰਭੂ ਬਾਰਡਰ ’ਤੇ ਲਾਇਆ ਜਾ ਰਿਹਾ ਹੈ, ਕਿਉਂਕਿ ਇਸ ਦੇ ਪਰਲੇ ਪਾਸੇ ਹੀ ਇਨੈਲੋ ਵਰਕਰਾਂ ਨੇ ਇਕੱਠੇ ਹੋਣਾ ਹੈ।

ਪਟਿਆਲਾ ਦੇ ਪੁਲਿਸ ਮੁਖੀ ਐਸ. ਭੂਪਤੀ ਅਤੇ ਰੋਪੜ ਦੇ ਸੀਨੀਅਰ ਪੁਲਿਸ ਕਪਤਾਨ ਦੀ ਅਗਵਾਈ ਹੇਠਾਂ ਪੁਲਿਸ ਤਾਇਨਾਤ ਰਹੇਗੀ। ਇਸ ਇਲਾਕੇ ਵਿਚਲੀ ਇੱਕ ਪੁਰਾਣੀ ਸੜਕ, ਜਿਸ ਨੂੰ ਕੁਝ ਦਿਨ ਪਹਿਲਾਂ ਕੰਧ ਕਰਕੇ ਬੰਦ ਕਰ ਦਿੱਤਾ ਗਿਆ ਸੀ, ਦੇ ਦੂਜੇ ਪਾਸੇ ਕੰਡਿਆਲੀ ਤਾਰ ਲਾ ਦਿੱਤੀ ਗਈ ਹੈ। ਇਸੇ ਖੇਤਰ ਵਿਚ ਹੀ ਲੋਹੇ ਦੇ ਬੈਰੀਕੇਡ ਲਾ ਕੇ ਇਨ੍ਹਾਂ ਦੇ ਪਿੱਛੇ ਮਿੱਟੀ ਦੀਆਂ ਭਰੀਆਂ ਟਰਾਲੀਆਂ ਵੀ ਖੜ੍ਹਾਈਆਂ ਗਈਆਂ ਹਨ, ਤਾਂ ਜੋ ਬੈਰੀਕੇਡ ਤੋੜੇ ਜਾਣ ਦੀ ਕੋਈ ਗੁੰਜਾਇਸ਼ ਹੀ ਨਾ ਰਹੇ।

ਇਸੇ ਤਰ੍ਹਾਂ ਕਪੂਰੀ ਵਾਲ਼ੇ ਪਾਸੇ ਵੀ ਪੰਜ ਕਿਲੋਮੀਟਰ ਵਿਚ ਪੰਜ ਵੱਡੇ ਨਾਕੇ ਹਨ। ਇਨ੍ਹਾਂ ਵਿਚੋਂ ਪੰਜਾਬ ਦੀ ਹੱਦ ’ਤੇ ਹਰਿਆਣਾ ਦੇ ਪਿੰਡ ਇਸਮਾਈਲਪੁਰ ਦੇ ਉਰਲੇ ਪਾਸੇ ਵੱਡਾ ਨਾਕਾ ਹੋਵੇਗਾ, ਕਿਉਂਕਿ ਇਨੈਲੋ ਵਰਕਰਾਂ ਦੇ ਇਸਮਾਈਲਪੁਰ ਤੋਂ ਦਾਖਲ ਹੋਣ ਦੀ ਵੱਧ ਸੰਭਾਵਨਾ ਹੈ। ਕਪੂਰੀ, ਝਾੜਵਾਂ, ਸਰਾਲਾ ਕਲਾਂ ਅਤੇ ਸਰਾਲਾ ਖੁਰਦ ਵਿਖੇ ਵੀ ਨਾਕੇ ਹਨ।

ਸਬੰਧਤ ਖ਼ਬਰ:

ਬਾਦਲ ਪਰਿਵਾਰ ਦੇ ਦੋਸਤ ਅਭੈ ਚੌਟਾਲਾ ਦਾ ਐਲਾਨ; ਹਰ ਹਾਲ ‘ਚ 23 ਨੂੰ ਨਹਿਰ ਪੁੱਟਾਂਗੇ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version