Site icon Sikh Siyasat News

ਕਾਂਗਰਸੀ ਅਤੇ ਅਕਾਲੀ ਮਿਲ ਕੇ ਵਿਧਾਨ ਸਭਾ ‘ਚ ਡਰਾਮਾ ਕਰ ਰਹੇ ਹਨ: ਜਗਮੀਤ ਬਰਾੜ

ਚੰਡੀਗੜ੍ਹ: ਸਾਬਕਾ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੇ ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਅੰਦਰ ਲਗਾਏ ਧਰਨੇ ਦੀ ਨਿੰਦਾ ਕੀਤੀ ਹੈ ਅਤੇ ਇਸਨੂੰ ਅਕਾਲੀਆਂ ਤੇ ਕਾਂਗਰਸ ਵਿਚਾਲੇ ਵਿਧਾਨ ਸਭਾ ਦੀ ਕਾਰਵਾਈ ਨੂੰ ਰੋਕਣ ਲਈ ਨੂਰਾ ਕੁਸ਼ਤੀ ਕਰਾਰ ਦਿੱਤਾ ਹੈ।

ਉਨ੍ਹਾਂ ਨੇ ਇਸਨੂੰ ਕਾਂਗਰਸੀ ਤੇ ਅਕਾਲੀਆਂ ਵੱਲੋਂ ਮਿਲ ਕੇ ਖੇਡਿਆ ਜਾ ਰਿਹਾ ਪੰਜਾਬ ਦਾ ਆਖਿਰੀ ਦੁਖਦ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਇਹ ਵਿਧਾਨ ਸਭਾ ਦਾ ਆਖਿਰੀ ਸੈਸ਼ਨ ਹੈ। ਲੋਕਾਂ ਦੇ ਭਲੇ ਵਾਸਤੇ ਕੋਈ ਕੰਮ ਕਰਨ ਦੀ ਬਜਾਏ ਇਸ ਡਰਾਮੇ ਨੇ ਅਕਾਲੀਆਂ ਨੂੰ ਵਿਧਾਨ ਸਭਾ ਤੋਂ ਬੱਚਣ ਦਾ ਸਾਫ ਰਸਤਾ ਦਿਖਾ ਦਿੱਤਾ ਹੈ ਤੇ ਕਾਂਗਰਸ ਹਲਕੀ ਮਸ਼ਹੂਰੀ ਕਰ ਰਹੀ ਹੈ।

ਪੰਜਾਬ ਵਿਧਾਨ ਸਭਾ ‘ਚ ਰੋਸ ਪ੍ਰਗਟ ਕਰਦੇ ਕਾਂਗਰਸੀ; ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

ਉਨ੍ਹਾਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੇ ਵਿਧਾਨ ਸਭਾ ਦੀ ਪਵਿੱਤਰਤਾ ਨੂੰ ਬੀਤੇ ਸਮੇਂ ਦੌਰਾਨ ਮਾੜੀ ਭਾਸ਼ਾ ਦੀ ਵਰਤੋਂ ਕਰਦਿਆਂ ਬਹੁਤ ਨੁਕਸਾਨ ਪਹੁੰਚਾਇਆ ਹੈ ਤੇ ਹੁਣ ਇਹ ਵਿਧਾਨ ਸਭਾ ਨੂੰ ਇਕ ਪਿਕਨਿਕ ਸਥਾਨ ਬਣਾ ਕੇ ਪੰਜਾਬ ਦਾ ਅਕਸ ਕੌਮੀ ਪੱਧਰ ‘ਤੇ ਖਰਾਬ ਕਰ ਰਹੇ ਹਨ।

ਉਨ੍ਹਾਂ ਨੇ ਮਜ਼ਾਕ ਉਡਾਉਂਦਿਆਂ ਕਿਹਾ ਕਿ ਵਿਧਾਨ ਸਭਾ ‘ਚ ਪਲੇਥੀ ਮਾਰ ਕੇ ਬੈਠੇ ਸਾਰੇ ਕਾਂਗਰਸੀ ਵਿਧਾਇਕ ਚੰਗੀ ਤਰ੍ਹਾਂ ਜਾਣਦੇ ਹਨ ਕਿ 2017 ਦੀਆਂ ਚੋਣਾਂ ਤੋਂ ਬਾਅਦ ਇਹ ਅਗਲੇ 10-15 ਸਾਲਾਂ ਤੱਕ ਵਿਧਾਨ ਸਭਾ ‘ਚ ਨਹੀਂ ਦਿਖਣਗੇ।

ਇਕ ਹੋਰ ਟਿੱਪਣੀ ਕਰਦਿਆਂ ਜਗਮੀਤ ਬਰਾੜ ਨੇ ਕਿਹਾ ਕਿ ਇਹ ਜਾਣਦੇ ਹਨ ਕਿ ਇਨ੍ਹਾਂ ਦੀ ਨੂਰਾ ਕੁਸ਼ਤੀ ਹੁਣ ਸਾਰਿਆਂ ਸਾਹਮਣੇ ਆ ਚੁੱਕੀ ਹੈ ਤੇ ਇਹ ਹੁਣ ਨਹੀਂ ਚੁਣੇ ਜਾਣਗੇ, ਜਿਸ ਕਾਰਨ ਹੁਣ ਇਹ ‘ਬਿਗ ਬੌਸ’ ਦੇ ਆਡੀਸ਼ਨਾਂ ਵਾਸਤੇ ਲਾਈਵ ਵੀਡੀਓ ਤੇ ਫੁਟੇਜ਼ ਰਾਹੀਂ ਪ੍ਰੈਕਟਿਸ ਕਰ ਰਹੇ ਹਨ।

ਉਨ੍ਹਾਂ ਨੇ ਅਖੀਰ ‘ਚ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮੁੱਦੇ ਚੁੱਕਣ ਦੀ ਬਜਾਏ ਇਹ ਵਿਧਾਇਕ ਚੋਣਾਂ ਤੋਂ ਸਿਰਫ 4 ਮਹੀਨਿਆਂ ਪਹਿਲਾਂ ਵਿਧਾਨ ਸਭਾ ਅੰਦਰ ਡਰਾਮਾ ਕਰਕੇ ਲੁਕ ਰਹੇ ਹਨ। ਉਨ੍ਹਾਂ ਕਾਂਗਰਸੀ ਵਿਧਾਇਕਾਂ ਨੂੰ ਸਵਾਲ ਕੀਤਾ ਕਿ ਅੱਜ ਤੁਸੀਂ ਵਿਧਾਨ ਸਭਾ ਅੰਦਰ ਸੌਂ ਰਹੇ ਹੋ, ਪਰ ਬੀਤੇ ਸਾਢੇ ਨੌਂ ਸਾਲਾਂ ਦੌਰਾਨ ਤੁਸੀਂ ਕਿਥੇ ਸੌਂ ਰਹੇ ਸੀ? ਤੁਹਾਡਾ ਲੀਡਰ ਅਮਰਿੰਦਰ ਕਿਥੇ ਸੀ, ਜਿਹੜਾ ਵਿਧਾਨ ਸਭਾ ‘ਚ ਵੀ ਨਹੀਂ ਵੜਿਆ? ਮੈਦਾਨ ਵਿਚ ਆ ਕੇ ਮੁੜ ਕੇ ਜਿੱਤ ਕੇ ਦਿਖਾਓ, ਫੇਸਬੁੱਕ ‘ਤੇ ਨਹੀਂ, ਲੋਕਾਂ ਵਿਚ ਸਿੱਧਾ ਵਿਚਰੋ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version