Site icon Sikh Siyasat News

ਫਿਰਕੂ ਹਿੰਸਾ ਲੋਕਾਂ ਨੂੰ ਵੰਡਣ ਲਈ ਮੋਦੀ ਸਰਕਾਰ ਦੀ ਸੋਚੀ ਸਮਝੀ ਕੋਸ਼ਿਸ਼ ਦਾ ਹਿੱਸਾ: ਸੋਨੀਆ

soniaਤੀਰੂਵਨੰਤਪੁਰਮ (12 ਅਗਸਤ 2014): ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਫਿਰਕੂ ਹਿੰਸਾ ਲੋਕਾਂ ਨੂੰ ਵੰਡਣ ਲਈ ਇਸ ਸਰਕਾਰ ਦੀ ਸੋਚੀ ਸਮਝੀ ਕੋਸ਼ਿਸ਼ ਦਾ ਹਿੱਸਾ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਤੋਂ ਬਾਹਰ ਪਹਿਲੀ ਵਾਰ ਪਾਰਟੀ ਦੀ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਉਤਰ ਪ੍ਰਦੇਸ਼, ਮਹਾਰਾਸ਼ਟਰ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਮੁੜ ਫਿਰਕੂ ਹਿੰਸਾ ਹੋਣਾ ਗੰਭੀਰ ਚਿੰਤਾ ਦਾ ਮਾਮਲਾ ਹੈ।

ਨਰਿੰਦਰ ਮੋਦੀ ਸਰਕਾਰ ਉਪਰ ਸਿੱਧਾ ਹਮਲਾ ਕਰਦਿਆਂ ਸੋਨੀਆ ਗਾਂਧੀ ਨੇ ਅੱਜ ਕਿਹਾ ਹੈ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਦੇਸ਼ ਵਿਚ ਜਾਤੀ ਹਿੰਸਾ ਵਿਚ ਵਾਧਾ ਹੋਇਆ ਹੈ।

ਸੋਨੀਆ ਗਾਂਧੀ ਦਾ ਇਹ ਬਿਆਨ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਦੇ ਉਸ ਬਿਆਨ ਤੋਂ ਕੁਝ ਦਿਨ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਉੱਤਰ ਪ੍ਰਦੇਸ਼ ਵਿਚ ਜਾਣਬੁਝਕੇ ਫਿਰਕੂ ਹਿੰਸਾ ਭੜਕਾਈ ਗਈ ਹੈ।

ਕੇਰਲਾ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਬਣਿਆਂ 11 ਹਫਤੇ ਲੰਘੇ ਹਨ ਜਿਸ ਦੌਰਾਨ ਜਾਤੀ ਹਿੰਸਾ ਵਿਚ ਵਾਧਾ ਹੋਇਆ ਹੈ। ਇਹ ਹਿੰਸਾ ਦੇਸ਼ ਦੇ ਲੋਕਾਂ ਵਿਚ ਵੰਡੀਆਂ ਪਾਉਣ ਲਈ ਗਿਣਮਿਥਕੇ ਪੈਦਾ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਵਿਚ ਫਿਰਕੂ ਹਿੰਸਾ ਦੀਆਂ 600 ਤੋਂ ਵਧ ਘਟਨਾਵਾਂ ਹੋਈਆਂ ਹਨ ਤੇ ਮਹਾਰਾਸ਼ਟਰ ਦਾ ਵੀ ਇਹ ਹੀ ਹਾਲ ਹੈ ਜਦ ਕਿ ਯੂ.ਪੀ.ਏ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਸ਼ਾਇਦ ਹੀ ਅਜਿਹੀ ਕੋਈ ਘਟਨਾ ਵਾਪਰੀ ਹੋਵੇ।

ਕਾਂਗਰਸ ਪ੍ਰਧਾਨ ਨੇ ਇਸਰਾਈਲ ਦੇ ਗਾਜ਼ਾ ਪਟੀ ਉਪਰ ਹਮਲੇ ਦੇ ਮੁੱਦੇ ‘ਤੇ ਫਲਸਤੀਨੀਆਂ ਨਾਲ ਲੋੜੀਂਦੀ ਇਕਜੁੱਟਤਾ ਪ੍ਰਗਟਾਉਣ ਵਿਚ ਅਸਫਲ ਰਹਿਣ ਲਈ ਵੀ ਮੋਦੀ ਸਰਕਾਰ ਦੀ ਸਖਤ ਅਲੋਚਨਾ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version