Site icon Sikh Siyasat News

ਬਾਦਲ ਦਲ, ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰ ਸਾਹਿਬਾਨ ਅਤੇ ਸੰਤ ਸਮਾਜ ਨੇ ਵਿਉਂਤਬੰਧੀ ਨਾਲ ਨਾਨਕਸ਼ਾਹੀ ਕੈਲੰਡਰ ਦਾ ਕੀਤਾ ਕਤਲ

ਅੰਮ੍ਰਿਤਸਰ (15 ਮਾਰਚ 2015): ਅੱਜ ਸਿੱਖ ਹਿੱਤਾਂ ਲਈ ਤਤਪਰ ਜਥੇਬੰਦੀ ਦਲ ਖਾਲਸਾ ਦੇ ਬੁਲਾਰੇ ਨੇ ਸਖਤ ਲਫਜਾਂ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਾਦਲ ਦਲ, ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰ ਸਾਹਿਬਾਨ ਅਤੇ ਸੰਤ ਸਮਾਜ ਨੇ ਵਿਉਂਤਬੰਧੀ ਨਾਲ ਨਾਨਕਸ਼ਾਹੀ ਕੈਲੰਡਰ ਦਾ ਅੱਜ ਕਤਲ ਕਰ ਦਿਤਾ ਹੈ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਕੇ ਇਹਨਾਂ ਸਾਰਿਆ ਨੇ ਸਿੱਖਾਂ ਦੀ ਅੱਡਰੀ ਪਛਾਣ ਲਈ ਚਲ ਰਹੇ ਸੰਘਰਸ਼ ਨੂੰ ਢਾਹ ਲਾਈ ਹੈ।

ਜੱਥੇਬੰਦੀ ਨੇ ਸ਼੍ਰੋਮਣੀ ਕਮੇਟੀ ਉਤੇ ਦੋਸ਼ ਲਾਇਆ ਹੈ ਕਿ ਉਸਨੇ ਨਾਨਕਸ਼ਾਹੀ ਕੈਲੰਡਰ ਸਮੰਤ ੫੪੭ ਦੇ ਨਾਂ ਹੇਠ ਬਿਕਰਮੀ ਕੈਲੰਡਰ ਜਾਰੀ ਕਰਕੇ ਸਿੱਖ ਪੰਥ ਨਾਲ ਧ੍ਰੋਹ ਕਮਾਇਆ ਹੈ।

ਮ੍ਰਿਤਸਰ ਵਿੱਚ ਨਵੇਂ ਸਾਲ ਦਾ ਨਾਨਕਸ਼ਾਹੀ ਕੈਲੰਡਰ ਜਾਰੀ ਕਰਦੇ ਹੋਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ (ਵਿਚਕਾਰ) ਤੇ ਹੋਰ ਸਿੰਘ ਸਾਹਿਬਾਨ

ਸ਼੍ਰੋਮਣੀ ਕਮੇਟੀ ਵਲੋਂ ਜਾਰੀ ਬਿਕਰਮੀ ਕੈਲੰਡਰ ਨੂੰ ਰੱਦ ਕਰਦਿਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਦਾ ਘਾਣ ਕਰਕੇ ਘੋਰ ਅਪਰਾਧ ਕੀਤਾ ਹੈ ਅਤੇ ਕੌਮ ਨੂੰ ਚਿਟੇ-ਦਿਨ ਧੋਖਾ ਦਿਤਾ ਹੈ।

ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਕੈਲੰਡਰ ਵਿਵਾਦ ਨੂੰ ਸੁਲਝਾਉਣ ਲਈ ਬਣੀ ਕਮੇਟੀ ਦਾ ਹੁਣ ਕੋਈ ਅਰਥ ਨਹੀ ਰਹਿ ਜਾਂਦਾ ਜਦ ਇੱਕਪਾਸੜ ਅਤੇ ਆਪ-ਹੁਦਰਾ ਫੈਸਲਾ ਕਰਕੇ ਨਾਨਕਸ਼ਾਹੀ ਕੈਲ਼ੰਡਰ ਨੂੰ ਬਨਾਉਣ ਪਿਛੇ ਕੰਮ ਕਰਦੀ ਭਾਵਨਾ ਅਤੇ ਸੋਚ ਦਾ ਪਹਿਲਾਂ ਹੀ ਯੋਜਨਾਬੱਧ ਢੰਗ ਨਾਲ ਕਤਲ ਕਰ ਦਿਤਾ ਗਿਆ ਹੈ।

ਉਹਨਾਂ ਜਥੇਦਾਰ ਸਾਹਿਬ ਨੂੰ ਪੁਛਿਆ ਕਿ ਵਿਵਾਦ ਸੁਲਝਾਏ ਜਾਣ ਜਾਂ ਕੌਮ ਅੰਦਰ ਸਰਬਸੰਮਤੀ ਪੈਦਾ ਹੋਣ ਤੱਕ ਸੋਧਿਆ ਕੈਲੰਡਰ ਕਿਉਂ ਨਹੀ ਛਾਪਿਆ ਅਤੇ ਜਾਰੀ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਵਿਵਾਦ ਦੇ ਹੱਲ ਤੱਕ ਸਥਿਤੀ ਜਿਉਂ ਦੀ ਤਿਉਂ ਕਿਉਂ ਨਹੀ ਰੱਖੀ ਗਈ।

ਉਹਨਾਂ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ ਕੈਲੰਡਰ ਜਾਰੀ ਕਰਨ ਮੌਕੇ ਦਿਤੀ ਦਲੀਲ ਕਿ ਇਹ ਇੱਕ ਸਾਲ ਲਈ ਆਰਜ਼ੀ ਕੈਲੰਡਰ ਹੈ, ਉਤੇ ਜੋਰਦਾਰ ਟਿਪਣੀ ਕਰਦਿਆ ਕਿਹਾ ਕਿ ਜਥੇਦਾਰ ਸਾਹਿਬਾਨਾਂ ਨੇ ਆਪਣੇ ਅਹੁਦੇ ਦੀ ਤਾਕਤ ਅਤੇ ਸਮਰਥਾ ਨੂੰ ਰਾਜਨੀਤਿਕ ਲੋਕਾਂ ਅੱਗੇ ਆਤਮ-ਸਮਰਪਣ ਕਰਕੇ ਨਾ ਕੇਵਲ ਕੌਮ ਦੀ ਸਥਿਤੀ ਹਾਸੋਹੀਣੀ ਕੀਤੀ ਹੈ ਸਗੋਂ ਆਪਣੀ ਪੋਜ਼ੀਸ਼ਨ ਦਾ ਘਟਾ ਵੀ ਕਰ ਲਿਆ ਹੈ।

ਉਹਨਾਂ ਦਸਿਆ ਕਿ ਸ਼ੋਰਮਣੀ ਕਮੇਟੀ ਵਲੋਂ ਜਾਰੀ ਕੈਲੰਡਰ ਵਿੱਚ ਬਦਲਾਅ ਮਨ-ਮਰਜ਼ੀ ਨਾਲ ਕੀਤੇ ਗਏ ਹਨ ਅਤੇ ਆਧਾਰ ਬਿਕਰਮੀ ਕੈਲੰਡਰ ਨੂੰ ਬਣਾਇਆ ਗਿਆ ਹੈ।

ਉਹਨਾਂ ਦਸਿਆ ਕਿ ਸੋਧੇ ਹੋਏ (ਨਾਨਕਸ਼ਾਹੀ) ਕੈਲੰਡਰ ਅਨੁਸਾਰ ਵੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ੯ ਅਕਤੂਬਰ ਨੂੰ ਮਨਾਇਆ ਜਾਂਦਾ ਸੀ ਜਦਕਿ ਕਿ ਇਸ ਵਾਰ ਇਹ ੨੯ ਅਕਤੂਬਰ ਨੂੰ ਆਏਗਾ। ਏਸੇ ਤਰਾਂ ਨੌਵੇ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ੨੪ ਨਵੰਬਰ ਨੂੰ ਮਨਾਇਆ ਜਾਂਦਾ ਸੀ, ਲੇਕਿਨ ਏਸ ਵਰੇ ਦੇ ਕੈਲੰਡਰ ਅਨੁਸਾਰ ੧੬ ਦਸੰਬਰ ਨੂੰ ਆਵੇਗਾ। ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ, ਗੁਰੂ ਅਮਰਦਾਸ ਜੀ ਦਾ ਜੋਤੀ-ਜੋਤਿ, ਗੁਰੂ ਰਾਮਦਾਸ ਜੀ ਦਾ ਗੁਰਗੱਦੀ ਦਿਵਸ ਅਤੇ ਗੁਰੁ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਦਿਹਾੜਾ ਦੀਆਂ ਤਾਰੀਕਾਂ ਨੂੰ ਵੀ ਬਿਕਰਮੀ ਕੈਲੰਡਰ ਅਨੁਸਾਰ ਬਦਲ ਦਿਤਾ ਗਿਆ ਹੈ।

ਉਹਨਾਂ ਸਪਸ਼ਟ ਕੀਤਾ ਕਿ ਨਾਨਕਸ਼ਾਹੀ ਕੈਲੰਡਰ ਕਿਸੇ ਸੰਪਰਦਾ, ਸੰਸਥਾ ਜਾਂ ਜਥੇਬੰਦੀ ਦੇ ਹਿੱਤਾਂ ਜਾਂ ਜਿੱਦ ਦਾ ਮਸਲਾ ਨਹੀ ਹੈ। ਇਹ ਸਿੱਖਾਂ ਦੀ ਇੱਕ ਵਿਲੱਖਣ ਕੌਮ ਹੋਣ ਦਾ ਪ੍ਰਤੀਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version