ਚੰਡੀਗੜ੍ਹ: ਸਿੱਖ ਪੰਥ ਜਿਥੇ ਬਾਹਰੀ ਹਮਲਿਆਂ ਦਾ ਸ਼ਿਕਾਰ ਹੈ ਉਥੇ ਧੜੇਬੰਦੀਆਂ ਦੀ ਅੰਦਰੂਨੀ ਖਿੱਚੋਤਾਣ ਨੇ ਹਾਲਾਤ ਹੋਰ ਵੀ ਨਾਜ਼ੁਕ ਕਰ ਦਿੱਤੇ ਹਨ। ਸਿਆਸੀ ਪਿੜ ਤੋਂ ਸ਼ੁਰੂ ਹੋਈ ਪਾਟੋਧਾੜ ਤੇ ਸ਼ਰੀਕੇਬਾਜ਼ੀ ਦੀ ਅਲਾਮਤ ਹੁਣ ਧਾਰਮਿਕ ਪ੍ਰਚਾਰਕ ਵਰਗ ਨੂੰ ਵੀ ਆਪਣੀ ਮਾਰ ਹੇਠ ਲੈ ਚੁੱਕੀ ਹੈ।
ਸਿੱਖ ਪਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਤੇ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਅਗਵਾਈ ਵਾਲੀ ਦਮਦਮੀ ਟਕਸਾਲ (ਮਹਿਤਾ) ਵਿੱਚ ਤਕਰਾਰ ਗੰਭੀਰ ਹੁੰਦੀ ਜਾ ਰਹੀ ਹੈ। ਪਹਿਲਾਂ ਵੀ ਇਹ ਤਕਰਾਰ ਉਸ ਸਮੇਂ ਖੂਨੀ ਰੂਪ ਧਾਰ ਗਈ ਸੀ ਜਦੋਂ ਦਮਦਮੀ ਟਕਸਾਲ ਦੇ ਪੈਰੋਕਾਰਾਂ ਨੇ ਲੁਧਿਆਣਾ ਨੇੜੇ ਢੱਡਰੀਆਂਵਾਲਿਆਂ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ ਸੀ ਜਿਸ ਵਿੱਚ ਭਾਈ ਰਣਜੀਤ ਸਿੰਘ ਮਸਾਂ ਬਚੇ ਸਨ ਪਰ ਇਕ ਹੋਰ ਪ੍ਰਚਾਰਕ ਭਾਈ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ। ਹੁਣ ਇਕ ਵਾਰ ਫਿਰ ਦਮਦਮੀ ਟਸਕਾਲ ਨਾਲ ਸਬੰਧਿਤ ਇਕ ਵਿਅਕਤੀ ਵੱਲੋਂ ਢੱਡਰੀਆਂਵਾਲਿਆਂ ਨੂੰ ਧਮਕੀ ਦਿੰਦਿਆਂ ਵੀਡੀਓ ਜਾਰੀ ਕਰਨ ਤੋਂ ਬਾਅਦ ਇਹ ਮਾਮਲਾ ਫਿਰ ਤੋਂ ਗੰਭੀਰ ਹੋ ਗਿਆ ਹੈ।
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਜਾਰੀ ਕੀਤਾ ਹੈ। ਸਰਕਾਰੀ ਬਿਆਨ ਅਨੁਸਾਰ ਮੁੱਖ ਮੰਤਰੀ ਨੇ ਦਮਦਮੀ ਟਕਸਾਲ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਤੇ ‘ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਦੀ ਕਿਸੇ ਵੀ ਕੋਸ਼ਿਸ਼ ਖਿਲਾਫ਼ ਸਾਵਧਾਨ ਕੀਤਾ ਹੈ’।
ਮੁੱਖ ਮੰਤਰੀ ਨੇ ਭਾਈ ਢੱਡਰੀਆਂਵਾਲਿਆਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਹਨ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਉਸ ਵੀਡੀਓ ਦੀ ਵਿਸਥਾਰਤ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਜਿਸ ਵਿੱਚ ਭਾਈ ਢੱਡਰੀਆਂਵਾਲਿਆ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੋਣ ਦੀ ਗੱਲ ਜਾਪਦੀ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ “ਇਹ ਵੀਡੀਓ 20 ਮਈ, 2018 ਨੂੰ ਵਾਇਰਲ ਹੋਈ ਹੈ ਜਿਸ ਵਿੱਚ ਦਮਦਮੀ ਟਕਸਾਲ ਦੇ ਬੁਲਾਰੇ ਚਰਨਜੀਤ ਸਿੰਘ ਜੱਸੋਵਾਲ ਨੇ ਸਿੱਖ ਪ੍ਰਚਾਰਕ ਢੱਡਰੀਆਂਵਾਲੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੁੱਖ ਮੰਤਰੀ ਨੇ ਜੱਸੋਵਾਲ ਦੀ ਵੀਡੀਓ ਨਾਲ ਸਬੰਧਤ ਰਿਪੋਰਟਾਂ ਦਾ ਖੁਦ ਨੋਟਿਸ ਲਿਆ ਹੈ”।