Site icon Sikh Siyasat News

ਇੰਗਲੈਂਡ ਤੋਂ ਚੀਨ ਤਕ ਸੱਤ ਦੇਸ਼ਾਂ ‘ਚੋਂ 12 ਹਜ਼ਾਰ ਕਿਲੋਮੀਟਰ ਤੈਅ ਕਰਦੀ ਪਹਿਲੀ ਰੇਲ ਗੱਡੀ ਅੱਜ ਤੋਂ ਸ਼ੁਰੂ

ਲੰਡਨ: ਇੰਗਲੈਂਡ ਤੋਂ ਚੀਨ ਤਕ ਪਹਿਲੀ ਰੇਲ ਗੱਡੀ 12000 ਕਿਲੋਮੀਟਰ ਦੇ ਸਫਰ ‘ਤੇ ਏਸੈਕਸ ਤੋਂ ਅੱਜ ਸ਼ੁਰੂ ਹੋਣ ਜਾ ਰਹੀ ਹੈ। ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਮੁਤਾਬਕ ਸਮਾਨ ਢੋਣ ਵਾਲੀ ਇਸ ਰੇਲ ਗੱਡੀ ‘ਚ 30 ਬੋਗੀਆਂ ਹਨ, ਜਿਨ੍ਹਾਂ ਵਿਚ ਵ੍ਹਿਸਕੀ, ਸਾਫਟ ਡ੍ਰਿੰਕ, ਵਿਟਾਮਿਨ ਅਤੇ ਦਵਾਈਆਂ ਵਰਗੇ ਬਰਤਾਨਵੀ ਉਤਪਾਦ ਲੱਦੇ ਹੋਏ ਹਨ। ਇਹ ਟ੍ਰੇਨ ਕੁਲ 17 ਦਿਨਾਂ ‘ਚ 12 ਹਜ਼ਾਰ ਕਿਲੋਮੀਟਰ ਯਾਨੀ 7500 ਮੀਲ ਦਾ ਸਫਰ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਦੇ ਮਸ਼ਹੂਰ ਥੋਕ ਬਜ਼ਾਰ ਯੀਵੂ ਤਕ ਪਹੁੰਚੇਗੀ। ਆਪਣੇ ਸਫਰ ਦੋਰਾਨ ਇਹ ਟ੍ਰੇਨ ਸੱਤ ਦੇਸ਼ਾਂ ਫਰਾਂਸ, ਬੈਲਜੀਅਮ, ਜਰਮਨੀ, ਪੋਲੈਂਡ, ਬੇਲਾਰੂਸ, ਰੂਸ ਅਤੇ ਕਜ਼ਾਕਿਸਤਾਨ ਤੋਂ ਗੁਜਰੇਗੀ ਅਤੇ ਅਖੀਰ ‘ਚ 27 ਅਪ੍ਰੈਲ ਨੂੰ ਆਪਣੀ ਮੰਜ਼ਿਲ ਯੀਵੂ ਪਹੁੰਚੇਗੀ।

ਇਹ ਰੇਲ ਸੇਵਾ ਚੀਨ ਦੇ ‘ਵਨ ਬੈਲਟ, ਵਨ ਰੋਡ’ ਪ੍ਰੋਗਰਾਮ ਦਾ ਹਿੱਸਾ ਹੈ, ਜਿਸਦੇ ਤਹਿਤ ਚੀਨ ਨੂੰ ਪੱਛਮੀ ਦੇਸ਼ਾਂ ਨਾਲ ਜੋੜਨ ਵਾਲੇ 2000 ਸਾਲ ਪੁਰਾਣੇ ਸਿਲਕ ਰੋਡ ਟ੍ਰੇਡਿੰਗ ਰੂਟ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ।

ਇੰਗਲੈਂਡ ਤੋਂ ਚੀਨ ਤਕ ਸੱਤ ਦੇਸ਼ਾਂ ‘ਚੋਂ 12 ਹਜ਼ਾਰ ਕਿਲੋਮੀਟਰ ਤੈਅ ਕਰਦੀ ਪਹਿਲੀ ਰੇਲ ਗੱਡੀ ਅੱਜ ਤੋਂ ਸ਼ੁਰੂ

ਉਲਟ ਦਿਸ਼ਾ ‘ਚ, ਚੀਨ ਤੋਂ ਇੰਗਲੈਂਡ ਦੇ ਲਈ ਪਹਿਲੀ ਰੇਲ ਗੱਡੀ ਲਗਭਗ ਤਿੰਨ ਮਹੀਨੇ ਪਹਿਲਾਂ ਇਸ ਸਾਲ ਦੇ ਸ਼ੁਰੂਆਤੀ ਹਫਤਿਆਂ ‘ਚ ਚੱਲੀ ਸੀ।

ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਕਿਹਾ ਸੀ ਕਿ ਪੱਛਮੀ ਦੇਸ਼ਾਂ ਵੱਲ ਵਧਣ ਦੇ ਲਈ ਚੀਨ ਨੂੰ ਬਰਤਾਨੀਆ ਨੂੰ ਆਪਣੀ ਲਾਜ਼ਮੀ ਮੰਜ਼ਲ ਦੇ ਵਜੋਂ ਮੰਨਣਾ ਹੋਵੇਗਾ ਅਤੇ ਚੀਨੀ ਮੁਦਰਾ (ਕਰੰਸੀ) ਯੁਆਨ ਦੇ ਨਿਵੇਸ਼ ਲਈ ਲੰਦਨ ਸਭ ਤੋਂ ਵੱਡਾ ਕੌਮਾਂਤਰੀ ਵਪਾਰ ਕੇਂਦਰ ਬਣ ਜਾਣਾ ਚਾਹੀਦਾ। ਹੁਣ ਬਰਤਾਨਵੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਦਾ ਕਹਿਣਾ ਹੈ ਕਿ ਚੀਨ ਨਾਲ ਸਾਡੇ ਸਬੰਧ ‘ਸੁਨਹਿਰੇ’ ਹੀ ਹਨ ਅਤੇ ਉਹ ਚਾਹੁੰਦੀ ਹੈ ਕਿ ਯੂਰੋਪੀਅਨ ਯੂਨੀਅਨ ਤੋਂ ਵੱਖ ਹੋ ਜਾਣ ਤੋਂ ਬਾਅਦ ਚੀਨ ਵਲੋਂ ਅਰਬਾਂ ਡਾਲਰਾਂ ਦਾ ਨਿਵੇਸ਼ ਬਰਤਾਨੀਆ ਵਿਚ ਹੋਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version