Site icon Sikh Siyasat News

ਕੈਟੇਲੋਨੀਆ ਦੇ ਆਗੂ ਕਾਰਲਸ ਪੁਦਜ਼ਮੌਨ ਨੇ ਕਿਹਾ; “ਰਾਏਸ਼ੁਮਾਰੀ ਨਾਲ ਵੱਖ ਹੋਣ ਦਾ ਅਧਿਕਾਰ ਮਿਲਿਆ”

ਬਾਰਸੀਲੋਨਾ: ਸਪੇਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਮੁਲਕ ਦੇ ਉੱਤਰ ਪੂਰਬੀ ਖਿੱਤੇ ’ਚ ਵਸੇ ਕੈਟੇਲੋਨੀਆ ਦੇ ਆਗੂ ਕਾਰਲਸ ਪੁਦਜ਼ਮੌਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਪੇਨ ਨਾਲੋਂ ਵੱਖ ਹੋਣ ਦਾ ਅਧਿਕਾਰ ਮਿਲ ਗਿਆ ਹੈ। ਪੁਦਜ਼ਮੌਨ ਸਰਕਾਰ ਨੇ ਦਾਅਵਾ ਕੀਤਾ ਕਿ ਰਾਏਸ਼ੁਮਾਰੀ ਦੌਰਾਨ 90 ਫੀਸਦ ਵੋਟਰਾਂ ਨੇ ਅਜ਼ਾਦੀ ਦੀ ਹਮਾਇਤ ਕੀਤੀ ਹੈ। ਉਧਰ ਸਪੈਨਿਸ਼ ਪ੍ਰਧਾਨ ਮੰਤਰੀ ਮਾਰੀਆਨੋ ਰਾਜੌਇ ਨੇ ਲੰਘੇ ਦਿਨ ਹੋਈ ਰਾਏਸ਼ੁਮਾਰੀ ’ਤੇ ਪਾਬੰਦੀ ਲਾ ਦਿੱਤੀ ਹੈ।

ਰਾਏਸ਼ੁਮਾਰੀ ਤੋਂ ਬਾਅਦ ਆਪਣੀ ਖੁਸ਼ੀ ਪ੍ਰਗਟਾਉਂਦੇ ਹੋਏ ਕੈਟੇਲੋਨੀਆ ਦੇ ਲੋਕ

ਰਾਜੌਇ ਨੇ ਕਿਹਾ ਕਿ ਮੁਲਕ ਨਾਲੋਂ ਵੱਖ ਹੋਣ ਦੀ ਮੰਗ ਨੂੰ ਲੈ ਕੇ ਖਿੱਤਾ ਧੁਰ ਅੰਦਰ ਤਕ ਵੰਡਿਆ ਹੋਇਆ ਹੈ। ਇਸ ਦੌਰਾਨ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੁਰੋ ਨੇ ਰਾੲੇਸ਼ੁਮਾਰੀ ’ਤੇ ਲੱਗੀ ਰੋਕ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਦਬਾਏ ਜਾਣ ਦੀ ਨਿਖੇਧੀ ਕਰਦਿਆਂ ਸਪੈਨਿਸ਼ ਪ੍ਰਧਾਨ ਮੰਤਰੀ ਨੂੰ ‘ਤਾਨਾਸ਼ਾਹ’ ਦੱਸਿਆ ਹੈ। ਕੈਟਲਾਨ ਪ੍ਰਸ਼ਾਸਨ ਮੁਤਾਬਕ ਪੁਲਿਸ ਵੱਲੋਂ ਵੋਟਿੰਗ ਕੇਂਦਰਾਂ ’ਚ ਬੋਲੇ ਧਾਵੇ ਕਾਰਨ ਹੁਣ ਤਕ 92 ਲੋਕ ਜ਼ਖ਼ਮੀ ਹੋਏ ਹਨ ਜਦਕਿ ਕੁਲ ਮਿਲਾ ਕੇ 844 ਲੋਕਾਂ ਨੂੰ ਮੈਡੀਕਲ ਸੇਵਾਵਾਂ ਦੀ ਫ਼ੌਰੀ ਲੋੜ ਹੈ।

ਕੈਟੇਲੋਨੀਆ ਦੀ ਅਜ਼ਾਦੀ ਲਈ ਰਾਏਸ਼ੁਮਾਰੀ ‘ਚ ਸ਼ਾਮਲ ਹੋਣ ਤੋਂ ਰੋਕਦੀ ਹੋਈ ਪੁਲਿਸ

ਰਾਏਸ਼ੁਮਾਰੀ ਮੌਕੇ ਪੁਲਿਸ ਅਤੇ ਅਜ਼ਾਦੀ ਪਸੰਦਾਂ ‘ਚ ਹੋਏ ਝਗੜੇ ਕਰਕੇ ਰਾਜੌਇ ਸਰਕਾਰ ਤੇ ਕੈਟੇਲੋਨੀਆ ਪ੍ਰਸ਼ਾਸਨ ਵਿੱਚ ਤਲਖੀ ਸਿਖਰ ’ਤੇ ਹੈ। ਰਾਜੌਇ ਨੇ ਕਿਹਾ ਕਿ ਰਾਏਸ਼ੁਮਾਰੀ ਦਾ ਅਮਲ ਮਹਿਜ਼ ਵੰਡੀਆਂ ਪਾਉਣ ਅਤੇ ਸ਼ਹਿਰੀਆਂ ਨੂੰ ਬਗ਼ਾਵਤ ਲਈ ਉਕਸਾਉਂਦਿਆਂ ਸੜਕਾਂ ’ਤੇ ਲਿਆਉਣਾ ਹੈ। ਉਂਜ ਪ੍ਰਧਾਨ ਮੰਤਰੀ ਨੇ ਕਿਹਾ ਕਿ ਖਿੱਤੇ ਦੀ ਖੁਦਮੁਖਤਰੀ ਨੂੰ ਬਣਾਈ ਰੱਖਣ ਲਈ ਉਨ੍ਹਾਂ ਵੱਲੋਂ ਗੱਲਬਾਤ ਦੇ ਦਰ ਖੁੱਲ੍ਹੇ ਹਨ। ਉਧਰ ਕੈਟੇਲੋਨੀਆ ’ਚ ਸਰਕਾਰ ਚਲਾ ਰਹੇ ਪੁਦਜ਼ਮੌਨ ਨੇ ਰਾਏਸ਼ੁਮਾਰੀ ਲਈ ਵੋਟਿੰਗ ਖ਼ਤਮ ਹੋਣ ਉਪਰੰਤ ਆਪਣੇ ਸੰਬੋਧਨ ’ਚ ਕਿਹਾ ਕਿ ਕੈਟੇਲੋਨੀਆ ਦੇ ਲੋਕਾਂ ਨੂੰ ਆਜ਼ਾਦ ਰਾਜ ਦਾ ਹੱਕ ਮਿਲ ਗਿਆ ਹੈ।

ਕੈਟੇਲੋਨੀਆ ਦੀ ਅਜ਼ਾਦੀ ਦੇ ਹਮਾਇਤੀ

ਰਾਏਸ਼ੁਮਾਰੀ ਦੌਰਾਨ ਵੋਟਿੰਗ ਕੇਂਦਰਾਂ ’ਤੇ ਪੁਲਿਸ ਵੱਲੋਂ ਧਾਵਾ ਬੋਲਣ ਤੇ ਇਸ ’ਤੇ ਪਾਬੰਦੀ ਲਾਏ ਜਾਣ ਤੋਂ ਨਾਰਾਜ਼ ਕੈਟੇਲੋਨੀਆ ਦੀਆਂ ਬਹੁਤੀਆਂ ਯੂਨੀਅਨਾਂ ਤੇ ਕੈਟੇਲਾਨ ਐਸੋਸੀਏਸ਼ਨਾਂ ਨੇ ਭਲਕੇ 3 ਅਕਤੂਬਰ ਨੂੰ ਖਿੱਤੇ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੈ। ਮੁਲਕ ਦੀਆਂ ਸਭ ਤੋਂ ਵੱਡੀਆਂ ਯੂਨੀਅਨਾਂ ਯੂਜੀਟੀ ਤੇ ਸੀਸੀਓਓ ਅਤੇ ਦਿ ਕੈਟਲਾਨ ਨੈਸ਼ਨਲ ਅਸੈਂਬਲੀ ਨੇ ਐਤਵਾਰ ਦੀਆਂ ਝੜਪਾਂ ਨੂੰ ਹੱਕਾਂ ‘ਤੇ ਆਜ਼ਾਦੀ ਦੀ ੳੁਲੰਘਣਾ ਦੱਸਦਿਆਂ ਮੁਲਾਜ਼ਮ ਜਥੇਬੰਦੀਆਂ, ਕਾਰੋਬਾਰੀ ਮਾਲਕਾਂ, ਯੂਨੀਅਨਾਂ, ਕਾਮਿਆਂ ਆਦਿ ਨੂੰ ਭਲਕੇ ਸਪੇਨ ਨੂੰ ਪੂਰੀ ਤਰ੍ਹਾਂ ‘ਠੱਪ’ ਰੱਖਣ ਦਾ ਸੱਦਾ ਦਿੱਤਾ ਹੈ।

ਸਬੰਧਤ ਖ਼ਬਰ:

ਕੈਟੇਲੋਨੀਆ ‘ਚ ਰਾਏਸ਼ੁਮਾਰੀ: ਹਿੰਸਾ ਦੀਆਂ ਖ਼ਬਰਾਂ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version