Site icon Sikh Siyasat News

ਬਹੁ-ਕਰੋੜੀ ਨਸ਼ੇ ਦੇ ਕਾਰੋਬਾਰ ਦੀ ਕੈਪਟਨ ਅਮਰਿੰਦਰ ਖੁਦ ਸਮਾਂਬੱਧ ਜਾਂਚ ਕਰਵਾਉਣ: ਆਪ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਬਾਦਲ-ਭਾਜਪਾ ਸਰਕਾਰ ਦੇ ਪਿਛਲੇ 10 ਸਾਲਾਂ ਦੌਰਾਨ ਕਰੋੜਾਂ ਰੁਪਏ ਦੇ ਚਰਚਿਤ ਡਰੱਗ ਕੇਸ ਵਿਚ ਫਸੇ ਕਾਂਗਰਸੀ ਆਗੂ ਸਰਵਣ ਸਿੰਘ ਫਿਲੌਰ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਆਪਣਾ ਸਟੈਂਡ ਸਪੱਸ਼ਟ ਕਰਨ ਅਤੇ ਇਸੇ ਕੇਸ ਨਾਲ ਜੁੜੇ ਚਰਚਿਤ ਸਾਬਕਾ ਬਾਦਲ ਦਲ ਦੇ ਮੰਤਰੀ ਬਿਕਰਮ ਮਜੀਠੀਆ ਅਤੇ ਜਲੰਧਰ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਵਿਰੁੱਧ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ।

ਆਮ ਆਦਮੀ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਉਪ ਆਗੂ ਸਰਬਜੀਤ ਕੌਰ ਮਾਣੂਕੇ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਰੁਪਿੰਦਰ ਕੌਰ ਰੂਬੀ ਵਲੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਆਗੂਆਂ ਨੇ ਕਿਹਾ ਹੈ ਕਿ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਵਿਚੋਂ ਇਕ ਮਹੀਨੇ ਵਿਚ ਨਸ਼ੇ ਖਤਮ ਕਰਨ ਦਾ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਲਈ ਇਹ ਸਮਾਂ ਪਰਖ ਦੀ ਘੜੀ ਹੈ ਕਿ ਉਹ ਕਰੋੜਾਂ ਰੁਪਏ ਦੇ ਡਰੱਗ ਕਾਰੋਬਾਰ ਵਿਚ ਸ਼ਾਮਲ ਹਰ ਛੋਟੇ-ਵੱਡੇ ਦੋਸ਼ੀ ਨੂੰ ਸਜਾ ਦਿਵਾਉਂਦੇ ਹਨ ਜਾਂ ਨਹੀਂ? ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਸੀਬੀਆਈ ਅਦਾਲਤ ਵਿਚ ਸਰਵਣ ਸਿੰਘ ਫਿਲੌਰ ਅਤੇ ਸਾਬਕਾ ਅਕਾਲੀ ਵਿਧਾਇਕ ਅਵਿਨਾਸ਼ ਚੰਦਰ ਸਮੇਤ 10 ਦੋਸ਼ੀਆਂ ਵਿਰੁੱਧ ਪੇਸ਼ ਕੀਤੇ ਤਾਜ਼ਾ ਚਲਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਇਸ ਕਾਲੇ ਕਾਰੋਬਾਰ ਵਿਚ ਬਾਦਲ ਦਲ ਅਤੇ ਕਾਂਗਰਸੀ ਆਗੂ ਕਿਸ ਹੱਦ ਤੱਕ ਸ਼ਾਮਲ ਸਨ।

ਆਪ ਆਗੂ ਅਮਨ ਅਰੋੜਾ, ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਆਪ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਈਡੀ ਵਲੋਂ ਬਿਕਰਮ ਸਿੰਘ ਮਜੀਠੀਆ ਅਤੇ ਚੌਧਰੀ ਸੰਤੋਖ ਸਿੰਘ ਨੂੰ ਵੀ ਸੰਮਨ ਕਰਕੇ ਪੁਛਗਿੱਛ ਕੀਤੀ ਜਾਂਦੀ ਰਹੀ ਹੈ। ਉਸ ਸਮੇਂ ਜਦ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂਆਂ ਵਲੋਂ ਬਿਕਰਮ ਮਜੀਠੀਆ ਵਿਰੁੱਧ ਸੀਬੀਆਈ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਉਲਟ ਜਾ ਕੇ ਮਜੀਠੀਆ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਸੂਬਾ ਅਤੇ ਕੇਂਦਰ ਦੀਆਂ ਵੱਖ-ਵੱਖ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ, ਇਸ ਲਈ ਸੀਬੀਆਈ ਜਾਂਚ ਦੀ ਜ਼ਰੂਰਤ ਨਹੀਂ।

ਆਪ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਉਦੋਂ ਮਜੀਠੀਏ ਦਾ ਬਚਾਅ ਨਾ ਕਰਦੇ ਤਾਂ ਮਜੀਠੀਆ ਸੀਬੀਆਈ ਜਾਂਚ ਦਾ ਸਾਹਮਣਾ ਕਰ ਰਿਹਾ ਹੁੰਦਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਆਪਣੇ ਉੁਪਰ ਬਿਕਰਮ ਮਜੀਠੀਆ ਨੂੰ ਬਚਾਉਣ ਲਈ ਲੱਗੇ ਦਾਗ ਨੂੰ ਧੋਣ ਦਾ ਹੁਣ ਬਿਹਤਰੀਨ ਸਮਾਂ ਹੈ, ਕਿਉਂਕਿ ਪੰਜਾਬ ਦੀਆਂ ਸਾਰੀਆਂ ਜਾਂਚ ਏਜੰਸੀਆਂ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਹਨ, ਜੇਕਰ ਕੈਪਟਨ ਅਮਰਿੰਦਰ ਸਿੰਘ ਚਾਹੁਣ ਤਾਂ ਉਹ ਕਰੋੜਾਂ ਰੁਪਏ ਦੇ ਨਸ਼ਿਆਂ ਦੇ ਕਾਲੇ ਕਾਰੋਬਾਰ ਵਿਚ ਸ਼ਾਮਲ ਹਰੇਕ ਦੋਸ਼ੀ ਦੀ ਨਿਰਪੱਖ ਜਾਂਚ ਕਰਵਾ ਸਕਦੇ ਹਨ ਤਾਂਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਜਨਤਾ ਦੇ ਸਾਹਮਣੇ ਆ ਸਕੇ, ਕਿਉਂਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਜਗਦੀਸ਼ ਭੋਲਾ ਵਲੋਂ ਬਿਕਰਮ ਮਜੀਠੀਆ ਉਪਰ ਡਰੱਗ ਰੈਕੇਟ ਵਿਚ ਸ਼ਾਮਲ ਹੋਣ ਦੇ ਪਹਿਲਾਂ ਹੀ ਗੰਭੀਰ ਦੋਸ਼ ਲਗਾਏ ਜਾ ਚੁੱਕੇ ਹਨ ਅਤੇ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਅਤੇ ਹੋਰ ਕਾਂਗਰਸੀ ਮੰਤਰੀ ਅਤੇ ਵਿਧਾਇਕ ਵਿਧਾਨ ਸਭਾ ਸੈਸ਼ਨ ਵਿਚ ਚੀਕ-ਚੀਕ ਕੇ ਕਹਿ ਰਹੇ ਸਨ ਕਿ ਬਿਕਰਮ ਮਜੀਠੀਆ ਅਤੇ ਹੋਰ ਬਾਦਲ ਦਲ ਦੇ ਆਗੂ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹਨ, ਪਰ ਕੈਪਟਨ ਅਮਰਿੰਦਰ ਸਿੰਘ ਵਲੋਂ ਜਿਸ ਤਰੀਕੇ ਨਾਲ ਆਪਣੇ ਹੀ ਮੰਤਰੀਆਂ ਅਤੇ ਵਿਧਾਇਕਾਂ ਦੇ ਦੋਸ਼ਾਂ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ ਉਸ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਕਿਰਦਾਰ ਸਵਾਲਾਂ ਦੇ ਘੇਰੇ ਵਿਚ ਆਉਂਦਾ ਹੈ।

ਸਬੰਧਤ ਖ਼ਬਰ:

ਬਹੁਚਰਚਿਤ ਨਸ਼ਾ ਤਸਕਰੀ ਕੇਸ: ਬਾਦਲ ਦਲ ਦੇ ਸਾਬਕਾ ਮੰਤਰੀ ਫਿਲੌਰ ਅਤੇ ਪੁੱਤਰ ਸਮੇਤ 12 ਖ਼ਿਲਾਫ਼ ਚਲਾਨ ਪੇਸ਼ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version