ਪਟਨਾ: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਕੱਲ੍ਹ (10 ਨਵੰਬਰ, 2017) ਨੋਟਬੰਦੀ ਅਤੇ ਜੀ. ਐਸ. ਟੀ. ਨੂੰ ਪੂਰੀ ਤਰ੍ਹਾਂ ਅਸਫਲ ਦੱਸਦੇ ਹੋਏ ਕਿਹਾ ਕਿ ਵਿਤ ਮੰਤਰੀ ਅਰੁਣ ਜੇਤਲੀ ਨੇ ਜੀ. ਐਸ. ਟੀ. ਲਾਗੂ ਕਰਨ ਵਿਚ ਆਪਣੇ ਦਿਮਾਗ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨੋਟਬੰਦੀ ਪਿੱਛੋਂ 20 ਲੱਖ ਲੋਕਾਂ ਦੀਆਂ ਨੌਕਰੀਆਂ ਛੁੱਟ ਗਈਆਂ। ਹੁਣ ਸਰਕਾਰ ਨੋਟਬੰਦੀ ਨੂੰ ਸਫਲ ਦੱਸਣ ਲਈ ਝੂਠ ਦਾ ਸਹਾਰਾ ਲੈ ਰਹੀ ਹੈ।
ਪਟਨਾ ਵਿਚ ਇਕ ਸਮਾਗਮ ‘ਚ ਹਿੱਸਾ ਲੈ ਰਹੇ ਸਿਨਹਾ ਨੇ ਕਿਹਾ ਕਿ ਨੋਟਬੰਦੀ ਦਾ ਉਦੇਸ਼ ਪੂਰਾ ਨਹੀਂ ਹੋਇਆ ਅਤੇ ਕਾਲਾ ਧਨ ਵੀ ਵਾਪਸ ਨਹੀਂ ਆਇਆ ਸਗੋਂ 99 ਫ਼ੀਸਦੀ ਕਰੰਸੀ ਵਾਪਸ ਆ ਗਈ ਹੈ। ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਵਿਤ ਮੰਤਰੀ ਰਹੇ ਸਿਨਹਾ ਨੇ ਜੀ. ਐਸ. ਟੀ. ਨੂੰ ਲੈ ਕੇ ਵੀ ਮੋਦੀ ਸਰਕਾਰ ਨੂੰ ਪੂਰੀ ਤਰ੍ਹਾਂ ਅਸਫਲ ਦੱਸਦੇ ਹੋਏ ਕਿਹਾ ਕਿ ਜੇਕਰ ਜੀ. ਐਸ. ਟੀ. ਸਹੀ ਹੁੰਦਾ ਤਾਂ ਇਸ ਵਿਚ ਲਗਾਤਾਰ ਤਬਦੀਲੀਆਂ ਦੀ ਲੋੜ ਕਿਉਂ ਪੈਂਦੀ।