ਫ਼ਤਿਹਗੜ੍ਹ ਸਾਹਿਬ (5 ਜੂਨ, 2011): ਰਾਮਦੇਵ ਦੇ ਕਥਿਤ ਮਰਨ ਵਰਤ ਦੀ ਪੋਲ ਖੁੱਲ੍ਹ ਜਾਣ ਅਤੇ ਉਸਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲਏ ਜਾਣ ਸਮੇਂ ਰਾਮ ਲੀਲਾ ਗਰਾਊਂਡ ਵਿੱਚ ਮੌਜ਼ੂਦ ਲੋਕਾਂ ਨਾਲ ਪੁਲਿਸ ਦੀ ਹੋਈ ਝੜਪ ਨੂੰ ਭਾਜਪਾ ਤੇ ਉਸਦੇ ਸਹਿਯੋਗੀ ਹਿੰਦੂ ਕੱਟੜਵਾਦੀਆ ਵਲੋਂ ਇਤਿਹਾਸ ਦਾ ਸਭ ਤੋਂ ਵੱਡਾ ‘ਅਤਿਆਚਾਰ’ ਪ੍ਰਚਾਰਣ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਅਤੇ ਯੂਥ ਆਗੂ ਸੰਦੀਪ ਸਿੰਘ ਕੈਨੇਡੀਅਨ ਨੇ ਕਿਹਾ ਕਿ ਪਥਰਾਓ ਕਰ ਰਹੇ ਲੋਕਾਂ ਤੋਂ ਬਚਣ ਲਈ ਪੁਲਿਸ ਵਲੋਂ ਕੀਤੀ ਗਏ ਮਾਮੂਲੀ ਲਾਠੀਚਾਰਜ਼ ਨੂੰ ਭਾਜਪਾ ‘ਦੁਨੀਆਂ ਦਾ ਸਭ ਤੋਂ ਵੱਡਾ ਅਤਿਆਚਾਰ’ ਬਣਾ ਕੇ ਪੇਸ਼ ਕਰ ਰਹੀ ਹੈ ਜਦ ਕਿ ਸਾਕਾ ਨੀਲਾ ਤਾਰਾ ਦੌਰਾਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਲਈ ਇਕੱਤਰ ਹੋਈਆਂ ਨਿਰਦੋਸ਼ ਸੰਗਤਾਂ, ਜਿਨ੍ਹਾਂ ਵਿੱਚ ਛੋਟੇ ਬੱਚੇ ਵੀ ਸ਼ਾਮਿਲ ਸਨ, ਦੇ ਭਾਰਤੀ ਫੌਜ ਵਲੋਂ ਕੀਤੇ ਵਹਿਸ਼ੀ ਕਤਲੇਆਮ ਨੂੰ ਇਹ ਭਾਜਪਾ ਸ਼ੁਰੂ ਤੋਂ ਜ਼ਾਇਜ ਠਹਿਰਾਉਂਦੀ ਆ ਰਹੀ ਹੈ। ਉਕਤ ਆਗੂਆਂ ਨੇ ਕਿਹਾ ਕਿ ਭਾਜਪਾ ਇਸ ਗੱਲ ’ਤੇ ਵੀ ਰੋਸ ਪ੍ਰਗਟਾ ਰਹੀ ਹੈ ਕਿ ਲੋਕਤੰਤਰੀ ਢੰਗ ਨਾਲ ਬੈਠੇ ਲੋਕਾਂ ਨੂੰ ਵੀ ਕਥਿਤ ‘ਮਰਨ ਵਰਤ’ ’ਤੇ ਨਹੀਂ ਬੈਠਣ ਦਿੱਤਾ ਗਿਆ। ਜਦ ਕਿ ਇਸੇ ਭਾਜਪਾ ਨੇ ਪੰਜਾਬ ਸਰਕਾਰ ਵਿੱਚ ਹੁੰਦਿਆਂ ਕਦੇ ਵੀ ਸਿੱਖਾਂ ਨੂੰ ਲੋਕਤੰਤਰੀ ਢੰਗ ਨਾਲ ਇੱਕਠੇ ਨਹੀਂ ਹੋਣ ਦਿੱਤਾ। ਪਿਛਲੇ ਸਾਲ ਸਿੱਖ ਕੌਮ ਵਲੋਂ ਸਾਕਾ ਨੀਲਾ ਤਾਰਾ ਨੂੰ ਸਮਰਪਿਤ ਕੱਢੇ ਜਾਣ ਵਾਲੇ ਸਾਂਤਮਈ ਮਾਰਚ ਨੂੰ ਰੋਕਣ ਲਈ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਵਾਉਣ ਵਿੱਚ ਭਾਜਪਾ ਨੇ ਹੀ ਭੂਮਿਕਾ ਨਿਭਾਈ ਸੀ। ਉਕਤ ਆਗੂਆਂ ਨੇ ਪੁੱਛਿਆ ਕਿ ਕੀ ਇਹ ਲੋਕਤੰਤਰ ਦਾ ਕਤਲ ਨਹੀਂ। ਪੁਲਿਸ ਵਲੋਂ ਮਜ਼ਬੂਰੀ ਵਿੱਚ ਕੀਤੇ ਗਏ ਮਾਮੂਲੀ ਲਾਠੀਚਾਰਜ਼ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਅਤਿਆਚਾਰ ਦੱਸਣ ਵਾਲਿਆਂ ਨੂੰ ਸਿੱਖਾਂ, ਮੁਸਲਮਾਨਾਂ, ਤੇ ਇਸਾਈਆਂ ਦੇ ਕਤਲੇਆਮਾਂ ਵਿੱਚ ਕਿਉਂ ਕਦੇ ਅਤਿਆਚਾਰ ਨਜ਼ਰ ਨਹੀਂ ਆਇਆ ਸਗੋਂ ਸਮੇਂ-ਸਮੇਂ ਤੇ ਉਨ੍ਹਾਂ ਨੇ ਇਨ੍ਹਾਂ ਕਤਲੇਆਮਾਂ ਨੂੰ ਜ਼ਇਜ ਠਹਿਰਾ ਕੇ ਫ਼ਿਰਕੂ ਕਾਤਲਾਂ ਦੀ ਪਿੱਠ ਹੀ ਥਾਪੜੀ ਹੈ। ਉਕਤ ਆਗੂਆਂ ਨੇ ਕਿਹਾ ਕਿ ਫ਼ਿਰਕੂ ਹਿੰਦੂ ਜਮਾਤਾਂ ਵਲੋਂ ਰਾਮਦੇਵ ਦੇ ਅਖੌਤੀ ‘ਮਰਨ ਵਰਤ’ ਨੂੰ ਸਮਰਥਨ ਤੋਂ ਰਾਮਦੇਵ ਦੇ ਮਨਸ਼ੇ ਪ੍ਰੱਤਖ ਉਜਾਗਰ ਹੋ ਜਾਂਦੇ ਹਨ ਤੇ ਹੋਰ ਕੁਝ ਵੀ ਕਹਿਣਾ ਬਾਕੀ ਨਹੀਂ ਬਚਦਾ।