-ਬੀਰ ਦਵਿੰਦਰ ਸਿੰਘ*
28 ਅਗਸਤ 2018 ਦਾ ਦਿਨ ਪੰਜਾਬ ਵਿਧਾਨ ਸਭਾ ਦੇ ਇਤਿਹਾਸ ਦਾ ਇੱਕ ਅਹਿਮ ਦਿਨ ਸੀ। ਸਾਰੀਆਂ ਦਰਸ਼ਕ ਗੈਲਰੀਆਂ ਖਚਾ-ਖਚ ਭਰੀਆਂ ਹੋਈਆਂ ਸਨ।ਲੋਕਾਂ ਦੀ ਗੂੜ੍ਹੀ ਦਿਲਚਸਪੀ ਦੀ ਅਵਸਥਾ ਇਹ ਸੀ ਕਿ ਦਰਸ਼ਕ ਗੈਲਰੀਆਂ ਵਿੱਚ ਜੋ ਵਿਅਕਤੀ ਇੱਕ ਬਾਰ ਬੈਠ ਗਿਆ, ਉਹ ਸਦਨ ਦੇ ਅਣਮਿੱਥੇ ਸਮੇਂ ਲਈ ਉਠਾਏ ਜਾਣ ਤੀਕਰ ਆਪਣੀ ਸੀਟ ਤੇ ਡਟਿਆ ਰਿਹਾ। ਸਭਨਾ ਦੀ ਦਿਲਚਸਪੀ ਦਾ ਮਰਕਜ਼ ਕੇਵਲ ਇੱਕ ਹੀ ਸੀ; ਪੰਜਾਬ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਤੇ ਹੋਣ ਵਾਲੀ ਬਹਿਸ ਦਾ ਤਰਕ-ਵਿਤਰਕ ਕੀ ਰਹੇਗਾ ਅਤੇ ਇਸ ਬਹਿਸ ਦਾ ਨਿਰਨਾਇਕ ਪਰਿਣਾਮ ਕੀ ਹੋਵੇਗਾ। ਸੱਤ ਘੰਟੇ ਲੰਮੀ ਅਵਧੀ ਦੀ ਬਹਿਸ ਨੂੰ ਸਮੇਟਣ ਵੇਲੇ ਸਦਨ ਦੇ ਨੇਤਾ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਦਨ ਵਿੱਚ ਕੀ ਮੁਤਲਿਕ ਐਲਾਨ ਕਰਨਗੇ।ਇਹ ਐਲਾਨ ਹੀ ਦੇਸ਼-ਵਿਦੇਸ਼ ਵਿੱਚ ਵੱਸਦੇ, ਸਮੁੱਚੇ ਸਿੱਖ-ਜਗਤ ਦੀ ਉਤਸੁਕਤਾ ਤੇ ਆਕਰਸ਼ਨ ਦਾ ਕੇਂਦਰ ਬਿੰਦੂ ਸੀ।
ਦੂਜੀ ਲੋਕ ਮਨਾ ਦੀ ਗੰਭੀਰ ਉਤਸੁਕਤਾ ਇਹ ਵੀ ਸੀ, ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਚੋਰੀ ਅਤੇ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਖਿੱਲਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗਾਂ ਦੀ ਘੋਰ ਬੇਅਦਬੀ, 14 ਅਕਤੂਬਰ 2015 ਨੂੰ, ਬੇਹਬਲ ਕਲਾਂ ਵਿੱਚ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ਉੱਤੇ ਪੁਲਿਸ ਦਾ ਅੰਨ੍ਹੇਵਾਹ ਲਾਠੀ ਚਾਰਜ ਅਤੇ ਬਿਨਾਂ ਕਿਸੇ ਭੜਕਾਹਟ ਦੇ ਸਤਿਨਾਮ ਵਾਹਿਗੁਰੂ ਜਪਦੀ ਸਿੱਖ ਸੰਗਤ ਤੇ ਗੋਲੀ ਚਲਾ ਕੇ ਦੋ ਸਿੱਖ ਨੌਂਜਵਾਨਾਂ ਦੇ ਕਤਲ ਦੇ ਸਮੁੱਚੇ ਮਾਮਲੇ ਉੱਤੇ, ਸਦਨ ਵਿੱਚ ਨੁਮਾਇੰਦਾ, ਰਾਜਨੀਤਕ ਪਾਰਟੀਆਂ ਦਾ ਤਰਕ ਕੀ ਹੋਵੇਗਾ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਇਸ ਸਾਰੇ ਘਟਨਾਕਰਮ ਵੇਲੇ ਪੰਜਾਬ ਦੇ ਗਹ੍ਰਿ ਮੰਤਰੀ ਸਨ ਅਤੇ ਸਾਰੀਆਂ ਘਟਨਾਵਾਂ ਦੀਆਂ ਸੂਖਮ ਤੰਦਾਂ ਤੋਂ ਭਲੀ ਭਾਂਤ ਜਾਣੂ ਸਨ, ਉਹ ਆਪਣੀ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੀ ਭੂਮਿਕਾ ਦਾ ਬਚਾਓ, ਕਿਸ ਤਰਕ ਤੇ ਦਲੀਲ ਨਾਲ ਕਰਦੇ ਹਨ, ਲੋਕਾਂ ਦਾ ਰੁਚੀ ਇਸ ਗੱਲ ਤੇ ਵੀ ਕੇਂਦਰਿਤ ਸੀ।
ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਤੇ, ਸਦਨ ਵਿੱਚ ਹੋਈ ਬਹਿਸ ਦੀ ਪਹਿਲੀ ਪਾਰੀ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਉਦੋਂ ਹੀ ਹਾਰ ਗਿਆਂ ਜਦੋਂ ਉਹ ਬਹਿਸ ਵਿੱਚ ਹਿੱਸਾ ਲੈਣ ਤੋਂ ਭੱਜ ਗਏ।ਬਹਾਨਾ ਮਹਿਜ਼ ਇਹ ਬਣਾ ਲਿਆ ਕਿ ਅਕਾਲੀ ਦਲ ਦੇ ਮੈਂਬਰਾਂ ਲਈ ਬੋਲਣ ਦਾ ਸਮਾਂ ਘੱਟ ਰੱਖਿਆ ਗਿਆ ਸੀ।ਬਾਵਜੂਦ ਇਸ ਸੱਚ ਦੇ ਕਿ ਮਾਨ ਯੋਗ ਸਪੀਕਰ ਰਾਣਾ ਕੇ.ਪੀ ਸਿੰਘ, ਬਾਰ ਬਾਰ ਇਹ ਕਹਿੰਦੇ ਸੁਣਾਈ ਦੇ ਰਹੇ ਸਨ ਕਿ “ਭਾਵੇਂ ਅਕਾਲੀ ਦਲ ਦੇ ਮੈਂਬਰਾਂ ਦੀ ਗਿਣਤੀ ਅਨੁਸਾਰ, ਸਮੇਂ ਦੀ ਵੰਡ ਕਰਦਿਆਂ, ਤੁਹਾਡੇ ਕੇਵਲ 14 ਮਿੰਟ ਹੀ ਬਣਦੇ ਹਨ, ਪਰ ਮੈਂ ਤੁਹਾਨੂੰ ਗੱਲ ਕਹਿਣ ਲਈ ਖੁਲ੍ਹਾ ਸਮਾਂ ਦੇਵਾਂਗਾ, ਭਾਵੇ ਸਦਨ ਦੀ ਬੈਠਕ ਸਾਰੀ ਰਾਤ ਚਲਦੀ ਰਹੇ”। ਪਰ ਸਪੀਕਰ ਦੇ ਇਸ ਭਰੋਸੇ ਨੂੰ ਦਰਕਿਨਾਰ ਕਰਦੇ ਹੋਏ, ਉਹ ਪਹਿਲੋਂ ਹੀ ਮਿਥੀ ਕਾਰਜਨੀਤੀ ਅਨੁਸਾਰ, ਇੱਕ ਅਤੀ ਸੰਵੇਦਨਸ਼ੀਲ ਮੁੱਦੇ ਤੇ ਸਦਨ ਵਿੱਚ ਹੋਣ ਵਾਲੀ ਬਹਿਸ ਤੋਂ ਤੋੜ-ਵਿਛੋੜਾ ਕਰਕੇ, ਸਦਨ ਤੋਂ ਬਾਹਰ ਚਲੇ ਗਏ ਅਤੇ ਸਦਨ ਤੋਂ ਬਾਹਰ ਆਪਣਾ ਵੱਖਰਾ ਗ਼ੈਰਸੰਜੀਦਾ ਮਜਮਾ ਲਗਾਊਂਣ ਨੂੰ ਤਰਜੀਹ ਦਿੱਤੀ। ਜਿਸ ਦਾ ਸਿੱਧਾ ਮੁਤਵਾਜ਼ੀ ਪ੍ਰਸਾਰਣ, ਬਾਦਲ ਪਰਿਵਾਰ ਦੇ ਇੱਕ ਨਿੱਜੀ ਟੀਵੀ ਚੈਨਲ ਤੇ ਲਗਾਤਾਰ ਦਿਖਾਇਆ ਜਾ ਰਿਹਾ ਸੀ।
ਸਦਨ ਵਿੱਚ ਹੋਈ ਇਸ ਬਹਿਸ ਦਾ ਇੱਕ ਨਿਵੇਕਲਾ ਪਹਿਲੂ ਇਹ ਵੀ ਰਿਹਾ ਕਿ ਮਾਨ ਯੋਗ ਸਪੀਕਰ ਨੇ ਸਾਰੇ ਮੈਂਬਰਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਸਮਾਂ ਦਿੱਤਾ। ਸਾਰੇ ਦੇ ਸਾਰੇ ਬਿਰਤਾਂਤ ਦੀ ਰਚਨਾ ਤੇ ਕਥਾਤਮਿਕ ਕਿੱਸਿਆਂ ਵਿੱਚ ਬਾਦਲ ਸਰਕਾਰ ਦੀਆਂ ਅਣਗਹਿਲੀਆਂ , ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸਿੱਖ ਤਖਤਾਂ ਦੇ ਜੱਥੇਦਾਰ ਤੇ ਉਨ੍ਹਾਂ ਦੀ ਨਕਾਰਾਤਮਿਕ ਭੂਮਿਕਾ, ਡੇਰਾ ਸਿਰਸਾ ਦੇ ਮੁਖੀ ਨਾਲ ਬਾਦਲ ਪਰਿਵਾਰ ਦੀਆਂ ਅੱਖਮਚੋਲੀਆਂ, ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਅਤੇ ਸਿੱਖਾਂ ਦੀਆਂ ਸਰਵਉੱਚਤਮ ਧਾਰਮਿਕ ਸੰਸਥਾਵਾਂ ’ਚ ਆਈ ਗਿਰਾਵਟ, ਇਸ ਸਮੁੱਚੇ ਨਿਘਾਰ ਵਿੱਚ ਬਾਦਲ ਪਰਿਵਾਰ ਦੀ ਭੂਮਿਕਾ ਅਤੇ ਬਾਦਲਾਂ ਦੇ ਰਾਜ ਸਮੇਂ ਦਾ ਪੁਲਿਸ ਪ੍ਰਸਾਸ਼ਨ, ਇਹ ਸਾਰੇ ਪ੍ਰਕਰਨ ਬਹਿਸ ਦੇ ਮਜ਼ਮੂਨਾਂ ਦਾ ਕੇਂਦਰੀ ਬਿੰਦੂ ਬਣੇ ਰਹੇ।ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੈਂਬਰਾਂ ਦੀ ਗ਼ੈਰ ਹਾਜ਼ਰੀ ਕਾਰਨ ਸਾਰੀ ਬਹਿਸ ਇੱਕ ਪਾਸੜ ਰਹੀ। ਸਾਰੀ ਬਹਿਸ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸੇਵਾ ਮੁਕਤ ਡੀ.ਜੀ.ਪੀ ਸ਼੍ਰੀ ਸੁਮੇਧ ਸਿੰਘ ਸੈਣੀ, ਡੇਰਾ ਸਿਰਸਾ ਤੇ ਮੁਖੀ ਅਤੇ ਡੇਰਾ ਪ੍ਰੇਮੀ ਬਹਿਸ ਦੇ ਹਮਲਿਆਂ ਦਾ ਮਰਕਜ਼ ਬਣੇ ਰਹੇ।
ਇਹ ਪਹਿਲੀ ਵਾਰੀ ਦੇਖਣ ਵਿੱਚ ਆਇਆ ਹੈ ਕਿ ਕਾਂਗਰਸ ਪਾਰਟੀ ਵੱਲੋਂ ਜੋ ਮੰਤਰੀ ਅਤੇ ਵਿਧਾਨਕਾਰ ਇਸ ਬਹਿਸ ਵਿੱਚ ਹਿੱਸਾ ਲੈਣ ਲਈ ਚੁਣੇ ਗਏ, ਉਨ੍ਹਾਂ ਨੇ ਜਿੱਥੇ ਤਰਕ ਤੇ ਦਲੀਲ ਦਾ ਪ੍ਰਯੋਗ ਕੀਤਾ, ਨਾਲ ਹੀ ਢੁਕਵੇਂ ਇਤਿਹਾਸਿਕ ਹਵਾਲੇ ਤੇ ਧਾਰਮਿਕ ਪ੍ਰਸੰਗ ਵੀ ਬੜੇ ਭਾਵਪੂਰਤ ਢੰਗ ਨਾਲ ਪੇਸ਼ ਕੀਤੇ । ਬਹਿਸ ਦਾ ਆਰੰਭ ਪੱਟੀ ਤੋਂ ਵਿਧਾਇਕ ਸਰਦਾਰ ਹਰਮਿੰਦਰ ਸਿੰਘ ਗਿੱਲ ਨੇ ਬੜੇ ਸੂਖਮ ਲਹਿਜ਼ੇ ਨਾਲ ਸ਼ੁਰੂ ਕੀਤਾ, ਹੌਲ਼ੀ-ਹੌਲ਼ੀ ਦਲੀਲਾਂ ਤੇ ਇਤਿਹਾਸਕ ਹਵਾਲਿਆਂ ਨਾਲ, ਇੱਕ ਪ੍ਰਭਾਵਸ਼ਾਲੀ ਸਿਖਰ ਤੱਕ ਲੈ ਗਏ, ਜਿਸ ਨਾਲ ਸਦਨ ਵਿੱਚ ਕਮਿਸ਼ਨ ਦੀ ਰਿਪੋਰਟ ਤੇ ਹੋਣ ਵਾਲੀ ਬਹਿਸ ਵਿੱਚ, ਬਾਦਲ ਪਰਿਵਾਰ ਦੀ ਸਿਅਸਤ ਦੀ ਤਿੱਖੀ ਅਲੋਚਨਾ ਦਾ, ਇੱਕ ਪਾਸੜ ਤੇ ਉਲਾਰੂ ਮਾਹੌਲ ਸਿਰਜਿਆ ਗਿਆ। ਬਸ ਉਸ ਤੋਂ ਪਿੱਛੋ ਜਿੰਨੇ ਵੀ ਸਦਨ ਦੇ ਮੈਂਬਰ ਜਾਂ ਵਜ਼ੀਰ ਇਸ ਵਿਸ਼ੇ ਤੇ ਬੋਲੇ ਉਹ ਸਭ, ਇਸੇ ਧੁਨ ਤੇ ਪਹਿਰਾ ਦਿੰਦੇ ਗਏ।ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਅਤੇ ਮਨਪ੍ਰੀਤ ਸਿੰਘ ਬਾਦਲ, ਇਨ੍ਹਾਂ ਸਾਰੇ ਵਜ਼ੀਰਾਂ ਨੇ ਮੌਜੂਦਾ ਹਾਲਾਤ ਦੇ ਕੁੱਝ ਬੜੇ ਹੀ ਮਹੱਤਵਪੂਰਨ ਤੇ ਅਤੀਤਦਰਸ਼ੀ ਪਹਿਲੂ ਵੀ ਉਘਾੜ ਕੇ ਪੇਸ਼ ਕੀਤੇ। ਪਰ ਸਭ ਤੋਂ ਵੱਧ ਉਦਰੇਵਿਆਂ ਭਰਪੂਰ ਤੇ ਸੰਜੀਦਾ ਕਥਾਸਾਰ, ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀਆਂ ਭਾਵਪੂਰਤ ਦਲੀਲਾਂ ਵਿੱਚ ਸੀ , ਜਿਸ ਦੇ ਨਿਰੰਤਰ ਵਹਿਣ ਨੇ ਹਰ ਸੁਨਣ ਵਾਲੇ ਦੀ ਰੂਹ ਨੂੰ ਜਾ ਟੁੰਬਿਆ।
ਸਰਕਾਰੀ ਧਿਰ ਅਤੇ ਵਿਰੋਧੀ ਧਿਰ ਦੇ ਹਰ ਬੁਲਾਰੇ ਦੀ ਮਨ ਦੀ ਵੇਦਨਾ ਵਿੱਚ ਇੱਕ ਵਿਚਾਰਨ ਯੋਗ ਸ਼ਿਕਵਾ ਤੇ ਸਵਾਲ ਜਰੂਰ ਸੀ ਕਿ ਆਖਿਰ ਕਿਸ ਵਜ੍ਹਾ ਕਾਰਨ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਦੀ ਪਹਿਲੀ ਰਿਪੋਰਟ ਜੋ 30 ਜੂਨ 2018 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕੀਤੀ ਗਈ ਅਤੇ ਇਸ ਰਿਪੋਰਟ ਦੇ ਸਬੰਧ ਵਿੱਚ, ਪੂਰੇ ਇੱਕ ਮਹੀਨੇ ਪਿੱਛੋਂ, 30 ਜੁਲਈ ਨੂੰ, ਪੰਜਾਬ ਦੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵਿਚਾਰੇ ਜਾਣ ਤੋਂ ਬਿਨਾਂ ਹੀ, ਕੈਪਟਨ ਅਮਰਿੰਦਰ ਸਿੰਘ ਨੇ ਬੇਹਬਲ ਕਲਾਂ ਗੋਲੀ ਕਾਂਡ ਦੀ ਜਾਂਚ, ਭਾਰਤ ਸਰਕਾਰ ਦੀ ਪੜਤਾਲੀਆਂ ਏਜੰਸੀ, ਸੀ.ਬੀ.ਆਈ ਦੇ ਹਵਾਲੇ ਕਰਨ ਦਾ ਆਪਹੁਦਰਾ ਐਲਾਨ, ਇੱਕ ਖਚਾਖਚ ਭਰੇ ਪੱਤ੍ਰਕਾਰ ਸੰਮੇਲਨ ਵਿੱਚ ਕਰ ਦਿੱਤਾ ।ਹੁਣ ਸਵਾਲ ਹੈ ਕਿ ਇਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੈਬਨਿਟ ਨੂੰ ਹਨੇਰੇ੍ਹ ਵਿੱਚ ਰੱਖ ਕੇ, ਕਿਊਂ ਤੇ ਕਿਵੇਂ ਲਿਆ ? ਇਸ ਸਵਾਲ ਦਾ ਜਵਾਬ ਆਪਣੇ ਆਪ ਵਿੱਚ, ਬੜੇ ਗੁੱਝੇ ਭੇਦ ਛੁਪਾਈਂ ਬੈਠਾ ਹੈ। ਆਖਿਰ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਦੀ ਪਹਿਲੀ ਰਿਪੋਰਟ, ਲਗਪਗ 30 ਦਿਨਾਂ ਤੱਕ ਕਿੱਥੇ-ਕਿੱਥੇ ਘੁੰੰਮਦੀ ਰਹੀ ? ਸਰਗੋਸ਼ੀਆਂ ਤਾਂ ਇਹ ਵੀ ਹਨ ਕਿ ਇਹ ਰਿਪੋਰਟ ਇੱਕ ਵਿਸ਼ੇਸ਼ ਦੂਤ ਰਾਹੀਂ ਬਾਦਲ ਪਰਿਵਾਰ ਨੂੰ, ਅਧਿਅਨ ਅਤੇ ਵਿਚਾਰ ਲਈ ਭੇਜੀ ਗਈ ਸੀ ਅਤੇ ਉਨ੍ਹਾਂ ਨਾਲ ਖੁਫ਼ੀਆ ਵਿਚਾਰ-ਚਰਚਾ ਕਰਨ ਤੋਂ ਪਿੱਛੋਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਗਿਣੀ ਮਿਥੀ ਸਾਜਿਸ਼ ਅਧੀਨ 14/15 ਅਗਸਤ 2018 ਨੂੰ ਇੱਕ ਸਰਕਾਰੀ ਨੋਟੀਫ਼ਿਕੇਸ਼ਨ ਰਾਹੀਂ, ਬੇਹਬਲ ਕਲਾਂ ਗੋਲੀ ਕਾਂਡ ਦੀ ਜਾਂਚ ਭਾਰਤ ਸਰਕਾਰ ਦੀ ਪੜਤਾਲੀਆਂ ਏਜੰਸੀ, ਸੀ.ਬੀ.ਆਈ ਦੇ ਹਵਾਲੇ ਕਰ ਦਿੱਤੀ। ਇੰਝ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਜੋ ਬਾਦਲ ਸਰਕਾਰ ਵੱਲੋਂ ਉਨ੍ਹਾਂ ਵਿਰੱਧ ਅਦਾਲਤਾਂ ਵਿੱਚ ਚੱਲ ਰਹੇ ਭ੍ਰਿਸ਼ਟਾਚਾਰ ਦੇ, ਦੋ ਵੱਡੇ ਮੁਕੱਦਮੇ ਵਾਪਿਸ ਲੈਣ ਦੀ ਪਹਿਲ ਕਰਕੇ, ਕੈਪਟਨ ਨੂੰ ਜੋ ਵੱਡਾ ਲਾਭ ਪਹੁੰਚਾਇਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਵੀ ਉਸਦਾ ਇਖਲਾਕੀ ਰਿਣ ਉਤਾਰਨ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਅਤੇ ਬੇਹਬਲ ਕਲਾਂ ਗੋਲੀ ਕਾਂਡ ਦਾ ਸਮੁੱਚਾ ਮਾਮਲਾ ਸੀ.ਬੀ.ਆਈ ਦੇ ਸਰਦਖਾਨੇ ਵਿੱਚ ਸੁੱਟ ਕੇ, ਬਾਦਲਾਂ ਦਾ ਉਸਦੇ ਸਿਰ ਚੜ੍ਹਿਆ ਇਖਲਾਕੀ ਕਰਜ਼ਾ, ਸਮੇਤ ਸੂਦ ਵਾਪਿਸ ਕਰ ਦਿੱਤਾ । ਇਸੇ ਕਾਰਨ ਪੰਜਾਬ ਵਿਧਾਨ ਸਭਾ ਵਿੱਚ ਹੋਈ ਬਹਿਸ ਵਿੱਚ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ, ਇਸ ਸਮੁੱਚੇ ਮਾਮਲੇ ਵਿੱਚ ਅਲੱਗ-ਥਲੱਗ ਤੇ ਇਕੱਲੇ ਖੜ੍ਹੇ ਨਜ਼ਰ ਆ ਰਹੇ ਸਨ।ਸ਼ਾਇਦ ਇਸੇ ਲਈ ਮੰਤਰੀ ਮੰਡਲ ਦੇ ਸਾਰੇ ਸਹਿਯੋਗੀ ਮੰਤਰੀਆਂ ਨੇ ਯਕਜ਼ੁਬਾਨ ਹੋ ਕੇ ਅਤੇ ਸਦਨ ਵਿੱਚ ਇਹ ਮੰਗ ਬਾਰ-ਬਾਰ ਬੜੇ ਜ਼ੋਰ ਨਾਲ ਉਠਾਈ ਕਿ ਸੀ.ਬੀ.ਆਈ ਦੇ ਹਵਾਲੇ ਕੀਤੀ ਜਾਂਚ ਵਾਪਿਸ ਲਈ ਜਾਵੇ ਤੇ ਪੰਜਾਬ ਸਰਕਾਰ ਦੀ ਦੇਖ-ਰੇਖ ਵਿੱਚ, ਪੰਜਾਬ ਪੁਲਿਸ ਦੀ ਹੀ, ਇੱਕ ਵਿਸ਼ੇਸ਼ ਜਾਂਚ ਟੀਮ ਨਿਸ਼ਚਿੱਤ ਸਮਾਂ ਸੀਮਾਂ ਅੰਦਰ ਇਸਦੀ ਬਣਦੀ ਤਫ਼ਤੀਸ਼ ਕਰੇ ।ਮੁੱਖ ਵਿਰੋਧੀ ਧਿਰ ਵੱਜੋਂ ਵਿਚਰ ਰਹੀ ਆਮ ਆਦਮੀ ਪਾਰਟੀ ਅਤੇ ਉਨ੍ਹਾਂ ਦੇ ਨਾਰਾਜ਼ ਧੜੇ ਨੇ ਵੀ ਇਹ ਮੰਗ ਸਦਨ ਵਿੱਚ ਪੂਰੇ ਜ਼ੋਰ ਨਾਲ ਉਠਾਈ। ਇਹ ਮੰਗ ਹਰ ਪਾਸਿਓਂ ਏਨਾਂ ਜ਼ੋਰ ਫੜ ਗਈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪ੍ਰਬਲ ਲੋਕ ਆਵਾਜ਼ ਦਾ ਸਨਮਾਨ ਕਰਦੇ ਹੋਏ ਓੜਕ ਆਪਣਾ ਫੈਸਲਾ ਬਦਲਨਾ ਪਿਆ। ਜਿਸ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਸਰਵ ਸੰਮਤੀ ਨਾਲ ਇੱਕ ਪ੍ਰਸ਼ਤਾਵ ਪਾਸ ਕਰ ਦਿੱਤਾ ਗਿਆ ਕਿ ਜਾਂਚ ਤੁਰਤ ਪ੍ਰਭਾਵ ਨਾਲ ਸੀ.ਬੀ.ਆਈ ਤੋਂ ਵਾਪਿਸ ਮੰਗਵਾ ਲਈ ਜਾਵੇ।
ਇਹ ਜ਼ਮੀਨੀ ਹਕੀਕਤ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਅੱਜ ਉਪਰੋਕਤ ਘਟਨਾਵਾਂ ਕਾਰਨ ਭਾਰੀ ਨਮੋਸ਼ੀ ਅਤੇ ਬਿਖਮਤਾ ਦੇ ਆਲਮ ਵਿੱਚ, ਸਿੱਖ ਸੰਗਤਾਂ ਦੇ ਹਕਾਰਤ ਭਰੇ ਰੋਹ ਦਾ ਸਾਹਮਣਾ ਕਰ ਰਿਹਾ ਹੈ।ਬਾਦਲ ਪਰਿਵਾਰ ਆਪਣਾ ਬਚਾਓ ਕਰਨ ਦੇ ਮਨਸ਼ੇ ਨਾਲ, ਹੋਰ ਵੀ ਵੱਡੀਆਂ ਬੱਜਰ ਗ਼ਲਤੀਆਂ ਲਗਾਤਾਰ ਕਰੀਂ ਜਾ ਰਹੇ ਹਨ, ਜਿਸ ਨਾਲ ਸਿੱਖ ਸੰਗਤਾਂ ਦਾ ਇਹ ਰੋਹ ਹੋਰ ਵੀ ਪ੍ਰਚੰਡ ਹੋ ਰਿਹਾ ਹੈ। ਧਾਰਮਿਕ ਰਵਾਇਤਾਂ, ਧਾਰਮਿਕ ਸੰਸਥਾਵਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਗੁਰੂ ਕੀ ਗੋਲਕ ਦਾ ਦੁਰਉਪਯੋਗ ਕਰਕੇ, ਆਪਣਾ ਬਚਾਅ ਕਰਨ ਲਈ, ਵਰਤ ਜਾ ਰਹੇ ਸਾਰੇ ਹੀ ਹੱਥਕੰਡੇ ਸਿੱਖ ਸੰਗਤਾਂ ਦੀ ਦੀਰਘ ਦ੍ਰਿਸ਼ਟੀ ਵਿੱਚ ਹਨ।ਜਦੋਂ ਕੋਈ ਵਿਅਕਤੀ ਜਾਂ ਸੰਸਥਾ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਜਾਵੇ ਤਾਂ ਉਸਦਾ ਪੁਨਰ ਉਭਾਰ, ਛੇਤੀ ਕੀਤੇ ਸੰਭਵ ਨਹੀਂ ਹੁੰਦਾ। ਨਜ਼ਰਾਂ ਤੋਂ ਡਿੱਗਿਆਂ ਨੂੰ ਤਾਂ ਦਾਨਿਸ਼ਵਰ ਲੋਕ, ਕਈ ਵਾਰੀ ਆਖਰੀ ਸਮੇਂ, ਮੋਢਾ ਵੀ ਨਹੀਂ ਦਿੰਦੇ ।
ਭਾਵੇਂ ਕਾਂਗਰਸ ਵਿਧਾਨਕਾਰ ਪਾਰਟੀ ਅਤੇ ਮੰਤਰੀ ਮੰਡਲ ਦੇ ਸੁਹਿਰਦ ਵਜ਼ੀਰਾਂ ਦੇ ਸਿੱਧੇ ਦਬਾਓ ਕਾਰਨ , ਸਦਨ ਵਿੱਚ ਲਏ ਗਏ ਫੈਸਲਿਆਂ ਦੀ ਚਾਰੇ ਪਾਸਿਓਂ ਸਰਾਹਨਾ ਹੋ ਰਹੀ ਹੈ, ਜਿਸ ਨਾਲ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਇਨਸਾਫ਼ ਦੇ ਕਟਿਹਰੇ ਵਿੱਚ ਖੜ੍ਹਾ ਕਰਨ ਅਤੇ ਸਖ਼ਤ ਤੋਂ ਸਖ਼ਤ ਸਜਾਵਾਂ ਦਿਵਾਊਂਣ ਦੀ ਇੱਕ ਆਸ ਤਾਂ ਜ਼ਰੂਰ ਬੱਝ ਗਈ ਹੈ ਪਰ ਇਹ ਕੰਮ ਏਨਾਂ ਆਸਾਨ ਵੀ ਨਹੀਂ, ਜਿਵੇਂ ਇਸ ਨੂੰ ਵੇਖਿਆਂ ਜਾ ਰਿਹਾ ਹੈ। ਇਸ ਸਮੁੱਚੇ ਮਾਮਲੇ ਦੀਆਂ ਹਾਲੇ ਵੀ ਅਣਗਿਣਤ ਪਰਤਾਂ ਹਨ ਜਿਨ੍ਹਾਂ ਤੇ ਆਊਂਣ ਵਾਲੇ ਦਿਨਾਂ ਵਿੱਚ ਸਾਜਸ਼ੀ ਰਾਜਨੀਤੀ ਹੋਵੇਗੀ। ਇਸ ਸਾਰੇ ਮਾਮਲੇ ਨੂੰ ਸੀ.ਬੀ.ਆਈ ਦੇ ਠੰਡੇ ਬਸਤਿਆਂ ਦੀਆਂ ਸਰਦ ਤੈਹਾਂ ਵਿੱਚੋਂ, ਬਾਹਰ ਕੱਢ ਲੈਣਾ ਵੀ ਏਨਾਂ ਆਸਾਨ ਕਾਰਜ ਨਹੀਂ ਹੈ।ਜਿਨ੍ਹਾਂ ਸਾਜਿਸ਼ੀ ਦਿਮਾਗਾਂ ਦੀ ਮਿਲੀ ਭੁਗਤ ਨਾਲ, ਇਹ ਮਾਮਲੇ ਸੀ.ਬੀ.ਆਈ ਦੇ ਠੰਡੇ ਬਸਤਿਆਂ ਵਿੱਚ ਪਾਏ ਗਏ ਹਨ, ਉਹ ਸਾਜਿਸ਼ੀ ਦਿਮਾਗ ਅੱਜ ਵੀ ਬੜੀ ਚਤਰਾਈ ਨਾਲ ਸਰਗਰਮ ਹਨ। ਇਸ ਲਈ ਮੈਨੂੰ ਗੰਭੀਰ ਤੌਖਲਾ ਹੈ ਕਿ;
“ਐਨ ਮੁਮਕਿਨ ਨਹੀਂ ਹਾਲਾਤ ਕੀ ਗੁੱਥੀ ਸੁਲਝੇ,
ਅਹਿਲ-ਏ-ਦਾਨਿਸ਼ ਨੇ ਖ਼ੂਬ ਸੋਚ ਕੇ ਉਲਝਾਇਆ ਹੈ”
*ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ
ਸੰਪਰਕ : 9814033362