ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਖਾਤਰ ਡੇਰਾ ਸਿਰਸਾ ਜਾਣ ਵਾਲੇ ਸਿਆਸੀ ਆਗੂਆਂ ਬਾਰੇ ਫੈਸਲਾ 8 ਮਈ ਨੂੰ ਲਏ ਜਾਣ ਦੀ ਗੱਲ ਕਰਦਿਆਂ ਕਾਰਜਕਾਰੀ ਜਥੇਦਾਰਾਂ ਨੇ ਕਿਹਾ ਹੈ ਕਿ ਅਜੇ ਤੀਕ ਉਨ੍ਹਾਂ ਨਾਲ ਕਿਸੇ ਵੀ ਸਬੰਧਤ ਸਿਆਸੀ ਆਗੂ ਨੇ ਸੰਪਰਕ ਨਹੀਂ ਕੀਤਾ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਗਦੀਸ਼ ਸਿੰਘ ਝੀਂਡਾ ਵਲੋਂ ਦਿੱਤੀ ਦਰਖਾਸਤ ਅਤੇ ਸਪਸ਼ੱਟੀਕਰਨ ‘ਤੇ ਵਿਚਾਰ ਕਰਦਿਆਂ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵਲੋਂ ਜਾਰੀ 16 ਜੁਲਾਈ 2014 ਦਾ ਉਹ ਹੁਕਮਨਾਮਾ ਰੱਦ ਕਰ ਦਿੱਤਾ ਹੈ ਜਿਸ ਤਹਿਤ ਜਗਦੀਸ਼ ਸਿੰਘ ਝੀਂਡਾ, ਹਰਮੋਹਿੰਦਰ ਸਿੰਘ ਚੱਠਾ ਅਤੇ ਦੀਦਾਰ ਸਿੰਘ ਨਲਵੀ ਨੂੰ ਪੰਥ ‘ਚੋਂ ਛੇਕ ਦਿੱਤਾ ਗਿਆ ਸੀ।
ਵੀਰਵਾਰ ਨੂੰ ਅਕਾਲ ਤਖਤ ਸਾਹਿਬ ਵਿਖੇ ਵਿਚਾਰ ਕਰਨ ਲਈ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਜਗਮੀਤ ਸਿੰਘ ਅਤੇ ਭਾਈ ਮੇਜਰ ਸਿੰਘ ਇੱਕਤਰ ਹੋਏ ਸਨ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਦੱਸਿਆ ਕਿ ਜਗਦੀਸ਼ ਸਿੰਘ ਝੀਂਡਾ ਇਕ ਲੰਬੇ ਸਮੇਂ ਤੋਂ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਜੱਦੋਜਹਿਦ ਕਰ ਰਹੇ ਸਨ ਪਰ ਬਾਦਲਾਂ ਦੇ ਇਸ਼ਾਰਿਆਂ ਤੇ ਝੀਂਡਾ ਤੇ ਬਾਕੀ ਦੋ ਆਗੂਆਂ ਨੂੰ ਸਿਆਸੀ ਅਤੇ ਨਿੱਜੀ ਰੰਜਿਸ਼ ਤਹਿਤ ਪੰਥ ‘ਚੋਂ ਹੀ “ਛੇਕ” ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਝੀਂਡਾ ਨੇ 15 ਅਪ੍ਰੈਲ ਨੂੰ ਬਕਾਇਦਾ ਦਰਖਾਸਤ ਦੇਕੇ ਇਨਸਾਫ ਦੀ ਮੰਗ ਕੀਤੀ ਸੀ ਜਿਸਤੇ ਵਿਚਾਰ ਕਰਦਿਆਂ ਭਾਈ ਮੰਡ ਅਤੇ ਸਾਥੀ ਸਿੰਘਾਂ ਵਲੋਂ 16 ਜੁਲਾਈ 2014 ਦਾ ਹੁਕਮਨਾਮਾ ਰੱਦ ਕਰ ਦਿੱਤਾ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਭਾਈ ਮੰਡ ਨੇ ਕਿਹਾ ਕਿ ਤਖਤ ਸਾਹਿਬਾਨ ਦੇ ਜਥੇਦਾਰ ਤਾ ਗੁਰੂ ਦੀ ਭੈਅ ਭਾਵਨੀ ਵਾਲੇ ਹੋਣੇ ਚਾਹੀਦੇ ਹਨ ਕਿਸੇ ਵਿਅਕਤੀ ਦਾ ਡਰ ਰੱਖਣ ਵਾਲੇ ਨਹੀਂ। ਡੇਰਾ ਸਿਰਸਾ ਦੀ ਸ਼ਰਣ ਜਾਣ ਵਾਲੇ ਸਿਆਸੀ ਆਗੂਆਂ ਦੀ ਗੱਲ ਕਰਦਿਆਂ ਭਾਈ ਮੰਡ ਅਤੇ ਭਾਈ ਦਾਦੂਵਾਲ ਨੇ ਕਿਹਾ ਕਿ ਜੋ ਵੀ ਫੈਸਲਾ ਲਿਆ ਜਾਏਗਾ ਉਹ ਸਮੁੱਚੇ ਸਿੱਖ ਪੰਥ ਦੀ ਸਹਿਮਤੀ ਤੇ ਸੁਝਾਅ ਲੈਣ ਉਪਰੰਤ ਹੋਏਗਾ, ਕਾਫੀ ਸੁਝਾਅ ਆ ਵੀ ਗਏ ਹਨ ਇਸ ਲਈ 8 ਮਈ ਦੀ ਤਾਰੀਖ ਨਿਸ਼ਚਿਤ ਕੀਤੀ ਗਈ ਹੈ। ਡੇਰੇ ਜਾਣ ਵਾਲੇ ਆਗੂਆਂ ਵਿੱਚ ਪਤਿਤਾਂ ਦੀ ਸ਼ਮੂਲੀਅਤ ਤੇ ਲਏ ਜਾਣ ਵਾਲੇ ਫੈਸਲੇ ਦੀ ਗੱਲ ਕਰਦਿਆਂ ਭਾਈ ਮੰਡ ਅਤੇ ਸਾਥੀ ਸਿੰਘਾਂ ਨੇ ਕਿਹਾ ਕਿ ਫੈਸਲਾ ਧਾਰਮਿਕ ਰਵਾਇਤਾਂ ਅਨੁਸਾਰ ਲਿਆ ਜਾਵੇਗਾ। ਜਦੋਂ ਇਹ ਪੁਛਿਆ ਗਿਆ ਕਿ ਅਕਾਲ ਤਖਤ ਸਾਹਿਬ ‘ਤੇ ਕਿਸੇ ਪਤਿਤ ਦੀ ਅਰਦਾਸ ਨਹੀਂ ਹੁੰਦੀ ਤਾਂ ਉਨ੍ਹਾਂ ਤਨਜ ਨਾਲ ਕਿਹਾ ਕਿ ਅਕਾਲ ਤਖਤ ਸਾਹਿਬ ‘ਤੇ ਅਰਦਾਸ ਤਾਂ ਹਰਸਿਮਰਤ ਕੌਰ ਬਾਦਲ ਦੀ ਵੀ ਹੁੰਦੀ ਰਹੀ ਹੈ ਤੇ ਉਹ ਪਤਿਤ ਹੈ। ਇਸ ਮੌਕੇ ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ ਅਤੇ ਜਗਦੀਪ ਸਿੰਘ ਭੁੱਲਰ ਵੀ ਹਾਜ਼ਰ ਸਨ।
ਸਬੰਧਤ ਖ਼ਬਰ:
ਗੈਰਰਵਾਇਤੀ ਢੰਗ ਨਾਲ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥ ‘ਚੋ ਛੇਕਿਆ …