Site icon Sikh Siyasat News

ਭਾਈ ਰਣਜੀਤ ਸਿੰਘ ਤੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਬਣਾਈ ਨਵੀਂ ਪਾਰਟੀ ਪੰਥਕ ਅਕਾਲੀ ਲਹਿਰ

ਚੰਡੀਗੜ੍ਹ: ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸੰਤ ਸਮਾਜ ਦੇ ਮੁਖੀ ਰਹੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਅੱਜ ਧਾਰਮਿਕ ਪਾਰਟੀ ‘ਪੰਥਕ ਅਕਾਲੀ ਲਹਿਰ’ ਬਣਾਉਣ ਦਾ ਐਲਾਨ ਕਰਕੇ ਬਾਦਲਾਂ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।

ਇਨ੍ਹਾਂ ਦੋਵਾਂ ਆਗੂਆਂ ਨੇ ਅੱਜ ਕਈ ਧਾਰਮਿਕ ਧਿਰਾਂ ਦੇ ਪ੍ਰਤੀਨਿਧਾਂ ਸਮੇਤ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਗੁਰੂਆਂ ਵੱਲੋਂ ਆਪਣੇ ਪਰਿਵਾਰ ਕੁਰਬਾਨ ਕਰਕੇ ਸਿਰਜੀ ਸਿੱਖ ਕੌਮ ਨੂੰ ਅੱਜ ਬਾਦਲ ਪਰਿਵਾਰ ਆਪਣੇ ਹਿੱਤਾਂ ਲਈ ਚਲਾ ਰਿਹਾ ਹੈ। ਇਸ ਕਾਰਨ ਧਰਮ ਉਪਰ ਰਾਜਨੀਤੀ ਭਾਰੂ ਹੋ ਗਈ ਹੈ ਅਤੇ ਸਿੱਖੀ ਦਾ ਵਜੂਦ ਖ਼ਤਰੇ ਵਿੱਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲ ਤਖਤ ਦੇ ਜਥੇਦਾਰ ਨੇ ਸਿਆਸੀ ਦਬਾਅ ਹੇਠ ਪਹਿਲਾਂ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਅਤੇ ਫਿਰ ਸਿੱਖ ਸੰਗਤ ਦੇ ਰੋਹ ਤੋਂ ਬਾਅਦ ਵਾਪਸ ਲੈ ਲਿਆ। ਇਸੇ ਤਰ੍ਹਾਂ ਫਿਲਮ ‘ਨਾਨਕ ਸ਼ਾਹ ਫਕੀਰ’ ਨੂੰ ਪਹਿਲਾਂ ਮਾਨਤਾ ਦਿੱਤੀ ਜਾਂਦੀ ਹੈ ਅਤੇ ਹੁਣ ਫਿਲਮ ਉਪਰ ਰੋਕ ਲਾ ਦਿੱਤੀ ਹੈ। ਜਥੇਦਾਰਾਂ ਦੀਆਂ ਅਜਿਹੀਆਂ ਕੋਤਾਹੀਆਂ ਨੇ ਅਕਾਲ ਤਖਤ ਦੀ ਹੋਂਦ ਨੂੰ ਖੋਰਾ ਲਾ ਕੇ ਸਿੱਖ ਕੌਮ ਨੂੰ ਸ਼ਰਮਸਾਰ ਕੀਤਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਦੇ ਆਗੂਆਂ ਕਾਰਨ ਨੌਜਵਾਨੀ ਜਾਂ ਤਾਂ ਪਤਿਤਪੁਣੇ ਤੇ ਨਸ਼ਿਆਂ ਵਿੱਚ ਧੱਸਦੀ ਜਾ ਰਹੀ ਹੈ ਅਤੇ ਜਾਂ ਫਿਰ ਰੋਟੀ-ਰੋਜ਼ੀ ਦੇ ਜੁਗਾੜ ਲਈ ਵਿਦੇਸ਼ਾਂ ਵਿੱਚ ਜਾ ਕੇ ਪਰਵਾਸ ਦੇ ਹੇਰਵੇ ਸਹਿਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦਾ ਕੰਮ ਗੁਰਦੁਆਰਿਆਂ ਦੀ ਸਾਂਭ-ਸੰਭਾਲ ਕਰਨਾ ਸੀ ਪਰ ਸਿਆਸਤ ਦੀ ਗੁਲਾਮ ਇਹ ਸੰਸਥਾ ਸਿੱਖ ਸਿਧਾਂਤਾਂ ਉਪਰ ਹੀ ਭਾਰੂ ਪੈ ਗਈ ਹੈ। ਇਸ ਕਾਰਨ ਸਿੱਖ ਨਿਰਾਸ਼ ਅਤੇ ਆਪਣੇ-ਆਪ ਨੂੰ ਬੇਸਹਾਰਾ ਸਮਝ ਰਹੇ ਹਨ।

ਭਾਈ ਰਣਜੀਤ ਸਿੰਘ ਅਤੇ ਬਾਬਾ ਸਰਬਜੋਤ ਸਿੰਘ ਬੇਦੀ ਨੇ ਐਲਾਨ ਕੀਤਾ ਕਿ ਪੰਥਕ ਅਕਾਲੀ ਲਹਿਰ ਦੇ ਬੈਨਰ ਹੇਠ ਐੱਸਜੀਪੀਸੀ ਚੋਣਾਂ ਲੜ ਕੇ ਇਸ ਸੰਸਥਾ ਨੂੰ ਬਾਦਲ ਘਰਾਣੇ ਤੋਂ ਆਜ਼ਾਦ ਕਰਵਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸੰਸਥਾ ਨਿਰੋਲ ਧਾਰਮਿਕ ਰਹੇਗੀ ਅਤੇ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਂਝ ਨਹੀਂ ਪਾਈ ਜਾਵੇਗੀ। ਦੋਵਾਂ ਆਗੂਆਂ ਨੇ ਕਿਹਾ ਕਿ ਬਾਦਲਾਂ ਵੱਲੋਂ ਹੀ ਉਨ੍ਹਾਂ ਉਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮਿਲੇ ਹੋਣ ਦਾ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਥਕ ਅਕਾਲੀ ਲਹਿਰ ਵੱਲੋਂ ਪਿੰਡ-ਪਿੰਡ ਜਾ ਕੇ ਮੈਂਬਰਸ਼ਿਪ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਵਾਰ ਚੰਡੀਗੜ੍ਹ ਬੈਠ ਕੇ ਟਿਕਟਾਂ ਵੰਡਣ ਦੀ ਥਾਂ ਜ਼ਮੀਨੀ ਹਕੀਕਤਾਂ ਦੇਖ ਕੇ ਉਮੀਦਵਾਰ ਬਣਾਏ ਜਾਣਗੇ। ਨਵੀਂ ਬਣਾਈ ਪਾਰਟੀ ‘ਪੰਥਕ ਅਕਾਲੀ ਲਹਿਰ’ ਲਈ ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਅਤੇ ਬਾਬਾ ਬੇਦੀ ਨੂੰ ਸਰਪ੍ਰਸਤ ਬਣਾਇਆ ਗਿਆ। ਜਸਬੀਰ ਸਿੰਘ ਧਾਲੀਵਾਲ ਨੂੰ ਮੀਤ ਪ੍ਰਧਾਨ, ਜਸਜੀਤ ਸਿੰਘ ਸਮੁੰਦਰੀ ਨੂੰ ਸਕੱਤਰ, ਅੰਮ੍ਰਿਤ ਸਿੰਘ ਰਤਨਗੜ੍ਹ ਨੂੰ ਜੁਆਇੰਟ ਸਕੱਤਰ ਅਤੇ ਅਵਤਾਰ ਸਿੰਘ ਨੂੰ ਖ਼ਜ਼ਾਨਚੀ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version