ਚੰਡੀਗੜ੍ਹ: ਸਿੱਖ ਸਿਆਸੀ ਕੈਦੀ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਪਟਿਆਲਾ ਜੇਲ੍ਹ ਵਿੱਚ ਹੋਈ ਮੌਤ ਨੂੰ ਉਨ੍ਹਾਂ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ‘ਸਟੇਟ ਦੀ ਸਿੱਧੀ ਸਾਜਿਸ਼’ ਕਰਾਰ ਦਿੱਤਾ ਹੈ।
ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵੱਲੋਂ ਇਸ ਸਬੰਧੀ ਲਿਖਤੀ ਰੂਪ ਵਿੱਚ ਜਾਰੀ ਕੀਤਾ ਗਿਆ ਬਿਆਨ ਪਾਠਕਾਂ ਦੀ ਜਾਣਕਾਰੀ ਹਿੱਤ ਹੇਠਾਂ ਸਾਂਝਾ ਕੀਤਾ ਜਾ ਰਿਹਾ ਹੈ:
18 ਅਪਰੈਲ 2018
ਅੱਜ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਕੇਂਦਰੀ ਜੇਲ੍ਹ, ਪਟਿਆਲਾ ਵਿਚ ਮੌਤ ਦੀ ਖਬਰ ਆਈ ਤਾਂ ਹਿਰਦਾ ਵਲੂੰਧਰਿਆ ਗਿਆ। ਕੈਨੇਡਾ ਆਉਂਣ ਤੋਂ ਪਹਿਲਾਂ ਜਦੋਂ 9 ਅਪਰੈਲ 2018 ਦਿਨ ਸੋਮਵਾਰ ਨੂੰ ਉਹਨਾਂ ਦੀ ਮੁਲਾਕਾਤ ਕਰਨ ਕੇਂਦਰੀ ਜੇਲ੍ਹ ਪਟਿਆਲਾ ਗਿਆ ਸੀ ਤਾਂ ਉਹ ਹਮੇਸ਼ਾ ਦੀ ਤਰ੍ਹਾਂ ਚੜ੍ਹਦੀ ਕਲਾ ਵਿਚ ਮੁਸਕਰਾਉਂਦੇ ਹੋਏ ਚਿਹਰੇ ਨਾਲ ਮਿਲੇ ਪਰ ਸਿਹਤ ਪੱਖ ਤੋਂ ਢਿੱਲੇ ਨਜ਼ਰ ਆ ਰਹੇ ਸਨ। ਉਹਨਾਂ ਨੂੰ ਮੇਰੇ ਕੈਨੇਡਾ ਜਾਣ ਦੀ ਖੁਸ਼ੀ ਸੀ ਅਤੇ ਉਹਨਾਂ ਖਾਸ ਕਰਕੇ ਕਿਹਾ ਕਿ ਮੰਝਪੁਰ ਤੂੰ ਕਿਸੇ ਨਾਲ ਵੀ ਕਾਨੂੰਨ ਤੋਂ ਬਾਹਰ ਦੀ ਗੱਲ ਨਹੀਂ ਕਰਨੀ ਅਤੇ ਵਕਾਲਤ ਦੀਆਂ ਹੱਦਾਂ ਵਿਚ ਰਹਿ ਕੇ ਸਭ ਨਾਲ ਮਿਲਵਰਤਨ ਰੱਖਣਾ ਹੈ ਕਿਉਂਕਿ ਸਿੰਘਾਂ ਦੇ ਕੇਸਾਂ ਦੀ ਸੁਚੱਜੀ ਪੈਰਵਾਈ ਦੀ ਲੋੜ ਹੈ।ਪਤਾ ਨਹੀਂ ਸੀ ਕਿ ਉਹਨਾਂ ਮੈਨੂੰ ਕੈਨੇਡਾ ਭੇਜ ਕੇ ਆਪ ਖੁੱਦ ਅਕਾਲ ਚਲਾਣਾ ਕਰ ਜਾਣਾ ਹੈ।ਉਹਨਾਂ ਦੱਸਿਆ ਸੀ ਕਿ ਜੇਲ੍ਹ ਡਾਕਟਰ ਨੇ ਚੈੱਕਅੱਪ ਕਰਕੇ ਉਹਨਾਂ ਦੀ ਪੀ.ਜੀ.ਆਈ ਚੰਡੀਗੜ੍ਹ ਤੋਂ ਜਾਂਚ ਕਰਵਾਉਂਣ ਲਈ ਜੇਲ੍ਹ ਸੁਪਰਡੈਂਟ ਨੂੰ ਕਈ ਵਾਰ ਲਿਖਿਆ ਹੈ ਪਰ ਜੇਲ੍ਹ ਸੁਪਰਡੈਂਟ ਰਾਜਨ ਕਪੂਰ ਦੇ ਕੰਨ ‘ਤੇ ਜੂੰ ਨਹੀਂ ਸਰਕ ਰਹੀਂ ਅਤੇ ਅੱਜ ਵੀ ਮੁਲਾਕਾਤ ਤੋਂ ਬਾਅਦ ਉਸਨੂੰ ਮਿਲਣਾ ਹੈ।
ਮੈਡੀਕਲ ਹਿਸਟਰੀ:
ਭਾਈ ਹਰਮਿੰਦਰ ਸਿੰਘ ਮਿੰਟੂ ਦੀ ਹਾਰਟ ਸਰਜਰੀ 2010 ਵਿਚ ਵਿਦੇਸ਼ੀ ਧਰਤੀ ਉਪਰ ਹੋਈ ਸੀ ਅਤੇ ਸਟੰਟ ਪਏ ਹੋਏ ਸਨ। ਉਹਨਾਂ ਦੀ 2014 ਵਿਚ ਗ੍ਰਿਫਤਾਰੀ ਤੋਂ ਬਾਅਦ ਵੀ ਸਮੇਂ-ਸਮੇਂ ‘ਤੇ ਅਦਾਲਤਾਂ ਦੇ ਧਿਆਨ ਵਿਚ ਇਸ ਸਬੰਧੀ ਲਿਆਂਦਾ ਗਿਆ ਅਤੇ ਅਦਾਲਤਾਂ ਨੇ ਇਸ ਸਬੰਧੀ ਪੁਲਿਸ ਤੇ ਜੇਲ੍ਹ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਅਤੇ ਉਹਨਾਂ ਨੂੰ ਇਸ ਸਬੰਧੀ ਰਜਿੰਦਰਾ ਹਸਪਤਾਲ ਪਟਿਆਲਾ ਤੇ ਪੀ.ਜੀ.ਆਈ ਚੰਡੀਗੜ੍ਹ ਕਈ ਵਾਰ ਜਾਂਚ ਲਈ ਲਿਜਾਇਆ ਗਿਆ ਸੀ ਪਰ ਨਾਭਾ ਜੇਲ੍ਹ ਬਰੇਕ ਕੇਸ 2016 ਅਤੇ ਅਖੌਤੀ ਟਾਰਗੇਟ ਕਿਲਿੰਗ ਕੇਸਾਂ ਵਿਚ ਗ੍ਰਿਫਤਾਰੀ ਤੋਂ ਬਾਅਦ ਭਾਈ ਹਰਮਿੰਦਰ ਸਿੰਘ ਮਿੰਟੂ ਉਪਰ ਜੇਲ੍ਹ ਵਿਚ ਸਖਤੀ ਕੀਤੀ ਜਾਣ ਲੱਗੀ ਅਤੇ ਉਹਨਾਂ ਨੂੰ ਹਾਰਟ ਮਰੀਜ਼ ਵਜੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਕੇਂਦਰੀ ਜੇਲ੍ਹ ਪਟਿਆਲਾ ਦੇ ਬੰਦ ਅਹਾਤੇ ਵਿਚ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਤੇ ਆਮ ਵਿਅਕਤੀ ਤੋਂ ਵੀ ਨੀਵੇਂ ਪੱਧਰ ਦੀਆਂ ਹਲਾਤਾਂ ਵਿਚ ਰੱਖਿਆ ਜਾਣ ਲੱਗਾ ਜਿਸ ਬਾਰੇ ਪਤਾ ਲੱਗਣ ਪਰ ਮੇਰੇ ਵਲੋਂ ਲੁਧਿਆਣਾ ਦੇ ਇਕ ਕੇਸ ਵਿਚ ਵੀਡਿਓ ਕਾਨਫਰੰਸਿੰਗ ਰਾਹੀਂ ਪੇਸ਼ੀ ਰਾਹੀਂ ਜੇਲ਼ ਦੇ ਡਿਪਟੀ ਸੁਪਰਡੈਂਟ ਨੂੰ ਇਸ ਸਬੰਧੀ ਕਿਹਾ ਗਿਆ ਤਾਂ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਅਗਲੇ ਦਿਨ ਹੀ ਬੰਦ ਅਹਾਤੇ ਤੋਂ ਆਮ ਬੰਦੀਆਂ ਵਿਚ ਤਬਦੀਲ ਕਰ ਦਿੱਤਾ ਗਿਆ ਤੇ ਕੁਝ ਮੈਡੀਕਲ ਸਹੂਲਤਾਂ ਵੀ ਬਹਾਲ ਕਰ ਦਿੱਤੀਆਂ ਗਈਆਂ ਪਰ ਫਿਰ ਵੀ ਜਿਹੜੀਆਂ ਹਾਲਤਾਂ ਵਿਚ ਇਕ ਹਾਰਟ ਮਰੀਜ਼ ਨੂੰ ਰੱਖਣਾ ਚਾਹੀਦਾ ਸੀ ਉਹ ਕਦੇ ਬਹਾਲ ਨਹੀਂ ਹੋਈਆਂ ਖਾਸ ਕਰ ਜੇਲ੍ਹ ਡਾਕਟਰ ਵਲੋਂ ਉਹਨਾਂ ਨੂੰ ਬਾਰ-ਬਾਰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਨਹੀਂ ਲਿਜਾਇਆ ਗਿਆ ਜੋ ਕਿ ਉਹਨਾਂ ਦੀ ਮੌਤ ਦਾ ਤਤਕਾਲੀ ਕਾਰਨ ਬਣਿਆ।
ਸਰਕਾਰੀ ਸਾਜ਼ਿਸ਼:
ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਨੂੰ ਦਿਲ ਦੇ ਦੌਰੇ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਓਪਰੀ ਨਜ਼ਰੋਂ ਦੇਖਿਆਂ ਸਹੀ ਲੱਗਦਾ ਹੈ ਪਰ ਸਹੀ ਗੱਲ ਇਹ ਹੈ ਕਿ ਦਿਲ ਦਾ ਦੌਰਾ ਪੈਣ ਲਈ ਹਲਾਤ ਪਿਛਲੇ ਸਮੇਂ ਤੋਂ ਬਣਾਏ ਜਾ ਰਹੇ ਸਨ ਕਿਉਂਕਿ ਸਭ ਨੂੰ ਪਤਾ ਸੀ ਕਿ ਭਾਈ ਹਰਮਿੰਦਰ ਸਿੰਘ ਮਿੰਟੂ ਹਾਰਟ ਦੀ ਮਰੀਜ਼ ਸੀ ਅਤੇ ਉਸਨੂੰ ਖਾਸ ਦਵਾਈਆਂ ਤੇ ਡਾਈਟ ਮੁਹੱਈਆ ਕਰਵਾਉਂਣੀ ਅਤੇ ਹਾਰਟ ਸਪੈਸ਼ਲਿਸਟ ਮਾਹਰ ਡਾਕਟਰਾਂ ਤੋਂ ਲਗਾਤਾਰ ਜਾਂਚ ਕਰਵਾਉਂਣੀ ਲਾਜ਼ਮੀ ਹੈ ਜਿਸ ਬਾਰੇ ਜੇਲ੍ਹ ਡਾਕਟਰ ਬਾਰ-ਬਾਰ ਕਹਿ ਰਿਹਾ ਸੀ ਅਤੇ ਉਸ ਵਲੋਂ ਕੀਤੀਆਂ ਜਾ ਰਹੀਆਂ ਸਿਫਾਰਸ਼ਾਂ ਨੂੰ ਜਾਣ-ਬੁੱਝ ਕੇ ਸਾਜ਼ਿਸ਼ ਤਹਿਤ ਅੱਖੋਂ ਓਹਲੇ ਕੀਤਾ ਜਾ ਰਿਹਾ ਸੀ। ਕਾਨੂੰਨੀ ਪਰਕਿਰਿਆ ਇਹ ਬਣਦੀ ਹੈ ਕਿ ਜੇਕਰ ਜੇਲ੍ਹ ਡਾਕਟਰ ਵਲੋਂ ਕਿਸੇ ਬੰਦੀ ਦਾ ਕਿਸੇ ਮਾਹਰ ਡਾਕਟਰ ਕੋਲੋਂ ਇਲਾਜ਼ ਦੀ ਸਿਫਾਰਸ਼ ਕੀਤੀ ਜਾਂਦੀ ਹੈ ਤਾਂ ਜੇਲ੍ਹ ਸੁਪਰਡੈਂਟ ਉਸ ਸਿਫਾਰਸ਼ ਦੇ ਆਧਾਰ ‘ਤੇ ਆਮ ਹਾਲਤਾਂ ਵਿਚ ਸਬੰਧ ਜਿਲ੍ਹਾ ਪੁਲਿਸ ਲਾਈਨ ਤੋਂ ਗਾਰਦ ਮੰਗਦਾ ਹੈ ਅਤੇ ਐਮਰਜੈਂਸੀ ਹਾਲਤਾਂ ਵਿਚ ਜੇਲ੍ਹ ਵਿਚ ਤਾਇਨਾਤ ਗਾਰਦ ਦੀ ਡਿਊਟੀ ਲਗਾ ਸਕਦਾ ਹੈ ਪਰ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਕੇਸ ਵਿਚ ਕਿਸੇ ਵੀ ਕਿਸਮ ਦੀ ਗਾਰਦ ਮੁਹੱਈਆ ਨਹੀਂ ਕਰਵਾਈ ਗਈ ਜਿਸ ਲਈ ਸਿੱਧੇ ਤੌਰ ‘ਤੇ ਜੇਲ੍ਹ ਸੁਪਰਡੈਂਟ ਤੇ ਜਿਲ੍ਹਾ ਪੁਲਿਸ ਮੁਖੀ ਜਿੰਮੇਵਾਰ ਹਨ।
ਦੂਜੇ ਪਾਸੇ ਜੇ ਦੇਖੀਏ ਤਾਂ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਕੇਸਾਂ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਨੂੰ ਹਾਈ ਪਰੋਫਾਈਲ ਬੰਦੀ ਐਲਾਨਿਆ ਗਿਆ ਸੀ ਤੇ ਅਖੌਤੀ ਟਾਰਗੇਟ ਕਿਲਿੰਗ ਕੇਸਾਂ ਵਿਚ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਦੀ ਇਹਨਾਂ ਕੇਸਾਂ ਵਿਚ ਪਰਮੁੱਖ ਜਿੰਮੇਵਾਰੀ ਨਾਮਜ਼ਦ ਕਰਕੇ ਉਹਨਾਂ ਨੂੰ ਪੰਜਾਬ ਸਰਕਾਰ, ਪੁਲਿਸ ਤੇ ਏਜੰਸੀਆਂ ਉਹਨਾਂ ਨੂੰ ਹਰ ਪੱਖ ਤੋਂ ਖਤਮ ਕਰਨ ਲਈ ਸਾਜ਼ਿਸ਼ ਰਚ ਰਹੀਆਂ ਸਨ ਅਤੇ ਉਹਨਾਂ ਦੀ ਹਾਰਟ ਪਰੋਬਲਮ ਨੂੰ ਠੀਕ ਕਰਨ ਦੀ ਬਜਾਇ ਹੋਰ ਖਰਾਬ ਹੋਣ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਸਾਨੂੰ ਇਸ ਦੁਖਦ ਘੜ੍ਹੀ ਦਾ ਸਾਹਮਣਾ ਕਰਨਾ ਪੈ ਰਿਹਾ। ਜਿਕਰਯੋਗ ਹੈ ਕਿ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ ਅਤੇ ਇਹਨਾਂ ਸਿਆਸੀ ਕਤਲਾਂ ਲਈ ਜਿੰੰਮੇਵਾਰ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਦਰਸਾਇਆ ਗਿਆ ਸੀ ਜਿਸ ਤਹਿਤ ਸਰਕਾਰਾਂ, ਏਜੰਸੀਆਂ ਤੇ ਪੁਲਿਸ ਨੂੰ ਬੜੇ ਲੰਮੇ ਸਮੇਂ ਬਾਅਦ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਮੁਲਕ ਦੀਆਂ ਕੇਂਦਰੀ ਤੇ ਸੂਬਾਈ ਏਜੰਸੀਆਂ ਦੀ ਫਿਕਰਾਂ ਦਾ ਡਾਢਾ ਵੱਡਾ ਕਾਰਨ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮੰਨਿਆ ਜਾ ਰਿਹਾ ਸੀ ਅਤੇ ਲੰਮੇ ਸਮੇਂ ਤੋਂ ਖਾੜਕੂ ਸੰਘਰਸ਼ ਵਿਚ ਆਈ ਖੜੋਤ ਨੂੰ ਤੋੜਣ ਦਾ ਜਿੰਮੇਵਾਰ ਵੀ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਮੰਨਦਿਆਂ ਉਹਨਾਂ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਲੱਗਦੀ ਹੈ।ਸਾਜ਼ਿਸ ਤੌਰ ‘ਤੇ ਪੰਜਾਬ ਪੁਲਿਸ ਮੁਖੀ ਤੇ ਗ੍ਰਹਿ ਮੰਤਰੀ/ਮੁੱਖ ਮੰਤਰੀ ਪੰਜਾਬ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਕਤਲ ਕਰਨ ਦੀ ਸਾਜ਼ਿਸ ਦੇ ਦੋਸ਼ੀ ਹਨ।
ਦਰਜ਼ ਕੇਸ:
ਭਾਈ ਹਰਮਿੰਦਰ ਸਿੰਘ ਮਿੰਟੂ ਉਪਰ 2014ਤੋਂ ਹੁਣ ਤੱਕ 19 ਕੇਸ ਦਰਜ਼ ਕੀਤੇ ਜਾ ਚੁੱਕੇ ਸਨ ਅਤੇ ਹੋਰ ਵੀ ਕਈ ਨਵੇਂ ਕੇਸ ਪਾਉਂਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਦਰਜ਼ ਕੀਤੇ 19ਕੇਸਾਂ ਵਿਚੋਂ 5 ਕੇਸ ਬਰੀ, 1 ਕੇਸ ਕੱਟੀ-ਕਟਾਈ ਸਜ਼ਾ ਨਾਲ ਖਤਮ, 4 ਕੇਸ ਜਮਾਨਤਾਂ ਉਪਰ ਅਦਾਲਤਾਂ ਵਿਚ ਵਿਚਾਰਅਧੀਨ, 3 ਕੇਸ ਜਮਾਨਤਾਂ ਤੋਂ ਬਿਨਾਂ ਅਦਾਲਤਾਂ ਵਿਚ ਵਿਚਾਰਅਧੀਨ ਅਤੇ 6 ਕੇਸਾਂ ਵਿਚ ਗ੍ਰਿਫਤਾਰੀ ਤੋਂ ਬਾਅਦ ਚਲਾਨ ਪੇਸ਼ ਨਹੀਂ ਸੀ ਕੀਤਾ ਗਿਆ ਸੀ। ਚੱਲ ਰਹੇ ਕੇਸਾਂ ਵਿਚ ਨਾਭਾ ਜੇਲ ਬਰੇਕ ਕੇਸ ਪਰਮੁੱਖ ਸੀ।
ਭਾਵੇਂ ਕਿ ਸਰਕਾਰ ਵਲੋਂ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਲਈ ਨਿਆਂਇਕ ਜਾਂਚ ਕਰਵਾਉਂਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਭਾਰਤ ਵਿਚ ਅਜਿਹੇ ਕਮਿਸ਼ਨਾਂ ਦੇ ਹਸ਼ਰ ਤੇ ਕਾਰਵਾਈ ਬਾਰੇ ਭੇਤ ਕਿਸੇ ਕੋਲੋਂ ਗੁੱਝਾ ਨਹੀਂ ਹੈ। ਸਭ ਨੂੰ ਪਤਾ ਹੈ ਕਿ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਸਾਜ਼ਿਸ਼ ਤਹਿ ਮੌਤ ਵੱਲ਼ ਧੱਕਿਆ ਗਿਆ ਹੈ। ਸਮੁੱਚੇ ਪੰਥ ਤੇ ਖਾਸ ਕਰ ਨੌਜਵਾਨਾਂ ਨੂੰ ਸਰਕਾਰ, ਪੁਲਿਸ ਤੇ ਏਜੰਸੀਆਂ ਵਲੋਂ ਜੁਝਾਰੂਆਂ ਨੂੰ ਖਤਮ ਕਰਨ ਲਈ ਅਪਣਾਈ ਜਾ ਰਹੀ ਨਵੀਂ ਨੀਤੀ ਨੂੰ ਸਮਝ ਕੇ ਅਗਲੇਰੇ ਰਾਹ ਅਪਣਾਉਂਣ ਦੀ ਲੋੜ ਹੈ। ਦੂਜੇ ਪਾਸੇ ਸਰਕਾਰਾਂ, ਪੁਲਿਸ ਤੇ ਏਜੰਸੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਕਾਨੂੰਨ ਤੇ ਅਦਾਲਤਾਂ ਤੋਂ ਬਾਹਰ ਜਾ ਕੇ ਕੀਤੀਆਂ ਜਾ ਰਹੀਆਂ ਕਿਰਿਆਵਾਂ ਦੀਆਂ ਪ੍ਰਤੀਕਿਰਿਆਵਾਂ ਵੀ ਸੁਭਾਵਕ ਹੋ ਸਕਦੀਆਂ ਹਨ ਕਿਉਂਕਿ ਅਖਾਣ ਹੈ ਕਿ ਜਦ ਤੱਕ ਇੰਨਸਾਫ ਨਹੀਂ ਮਿਲਦਾ ਤਾਂ ਸ਼ਾਂਤੀ ਕਾਇਮ ਨਹੀਂ ਹੋ ਸਕਦੀ।
– ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜਿਲ੍ਹਾ ਕਚਹਿਰੀਆਂ, ਲੁਧਿਆਣਾ।
ਹਾਲ ਵਾਸੀ ਸਰੀ, ਕੈਨੇਡਾ।
0091-98554-01843