ਚੰਡੀਗੜ੍ਹ: 9 ਦਸੰਬਰ ਨੂੰ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਵਿਖੇ ਮੋਰਚਾ ਖਤਮ ਕੀਤੇ ਜਾਣ ਕੀਤੇ ਗਏ ਐਲਾਨ ਤੋਂ ਮੋਰਚੇ ਦਾ ਸਾਥ ਦੇਣ ਵਾਲੀਆਂ ਸਿੱਖ ਸੰਗਤਾਂ ਵਿੱਚ ਨਿਰਾਸ਼ਾ ਵੇਖੀ ਜਾ ਰਹੀ ਹੈ। ਵੱਖ-ਵੱਖ ਸਿੱਖ ਆਗੂਆਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੋਰਚੇ ਦੀ ਸਮਾਪਤੀ ਜਾਂ ਅਗਲੇ ਪੜਾਅ ਵਿੱਚ ਲੈ ਕੇ ਜਾਣ ਦੇ ਫੈਸਲੇ ਬਾਰੇ ਸਾਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ।
ਮੋਰਚੇ ਦੀ ਸਮਾਪਤੀ ਤੋਂ ਇੱਕ ਦਿਨ ਬਾਅਦ 11 ਦਸੰਬਰ ਨੂੰ ਭਾਈ ਧਿਆਨ ਸਿੰਘ ਮੰਡ ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਸਤਨਾਮ ਸਿੰਘ ਮਨਾਵਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਲਵੰਤ ਸਿੰਘ ਗੋਪਾਲਾ ਅਤੇ ਹੋਰਾਂ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚੇ। ਪਰ ਮੋਰਚੇ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਅਤੇ ਭਾਈ ਧਿਆਨ ਸਿੰਘ ਮੰਡ ਦੇ ਸਾਥੀ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਉਹਨਾਂ ਦੇ ਨਾਲ ਨਹੀਂ ਸਨ।
ਬੀਤੇ ਕੱਲ੍ਹ ਦੇਰ ਸ਼ਾਮ ਭਾਈ ਬਲਜੀਤ ਸਿੰਘ ਦਾਦੂਵਾਲ ਵੱਖਰੇ ਤੌਰ ਉੱਤੇ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਅਤੇ ਖਬਰੀ ਅਦਾਰਿਆਂ ਨੂੰ ਇਹ ਬਿਆਨ ਦਿੱਤੇ ਕਿ “ਮੋਰਚੇ ਨੂੰ ਅਗਲੇ ਪੜਾਅ ਵੱਲ੍ਹ ਲੈ ਕੇ ਜਾਣ ਦੇ ਫੈਸਲੇ ਵਿੱਚ ਉਹਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ” ਉਹਨਾਂ ਕਿਹਾ ਕਿ “ਮੋਰਚੇ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਹਨ ਇਸ ਗੱਲ ਤੋਂ ਨਾਂਹ ਨਹੀਂ ਕੀਤੀ ਜਾ ਸਕਦੀ ਪਰ ਇਸਦਾ ਅੰਤ ਇੳਂ ਨਹੀਂ ਸੀ ਕੀਤਾ ਜਾਣਾ ਚਾਹੀਦਾ। ਸਿੱਖ ਸੰਗਤਾਂ ਦੇ ਨਾਲ ਸਾਂਝੇ ਤੌਰ ‘ਤੇ ਕੋਈ ਫੈਸਲਾ ਲਿਆ ਜਾਣਾ ਚਾਹੀਦਾ ਸੀ, ਭਾਈ ਧਿਆਨ ਸਿੰਘ ਮੰਡ ਨੇ ਏਥੇ ਤਾਨਾਸ਼ਾਹੀ ਵਤੀਰਾ ਅਪਣਾਇਆ ਹੈ ਜੇਕਰ ਕੁਝ ਚਿਰ ਹੋਰ ਮੋਰਚਾ ਚਲਾਇਆ ਜਾਂਦਾ ਤਾਂ ਕੀ ਹੋ ਜਾਣਾ ਸੀ?
ਮੈਨੂੰ ਇਸੇ ਗੱਲ ਦੀ ਨਾਰਾਜਗੀ ਹੈ।ਜਿਹੜੀ ਕਾਹਲੀ ਕੀਤੀ ਗਈ ਉਸ ਨਾਲ ਕੌਮ ਦਾ ਮਨੋਬਲ ਟੁੱਟਿਆ ਹੈ।
ਜਿਕਰਯੋਗ ਹੈ ਕੇ ਭਾਈ ਧਿਆਨ ਸਿੰਘ ਮੰਡ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਇਹ ਗੱਲ ਕੀਤੀ ਗਈ ਕਿ “ਜਿਹੜੀਆਂ ਸਿੱਖ ਸਿਆਸੀ ਪਾਰਟੀਆਂ ਨੇ 25 ਨਵੰਬਰ 2018 ਨੂੰ ਕੌਮ ਦੇ ਵਡੇਰੇ ਹਿੱਤਾਂ ਤਹਿਤ ਆਪਣੇ ਢਾਂਚੇ ਭੰਗ ਕੀਤੇ ਸਨ, ਉਨ੍ਹਾਂ ਨੂੰ ਇੱਕਜੁਟ ਕਰਕੇ ਛੇਤੀ ਹੀ ਇੱਕ ਮਜਬੂਤ ਅਕਾਲੀ ਦਲ ਦਾ ਗਠਨ ਕੀਤਾ ਜਾਵੇਗਾ”।