ਚੰਡੀਗੜ੍ਹ/ਪਟਿਆਲਾ (21 ਅਕਤੂਬਰ, 2010): ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬੇਅੰਤ ਸਿੰਘ ਕਤਲ ਕੇਸ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਇਹ ਖੁਲਾਸਾ ਕੀਤਾ ਸੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਸਿੱਖਾਂ ਉੱਤੇ ਹੋਏ ਜੁਲਮਾਂ ਦੀ ਪ੍ਰਤੀ ਕਿਰਿਆ ਸੀ।ਇਹ ਗੱਲ ਦੱਸਣਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਦੇ ਸੈਸ਼ਨ ਜੱਜ ਨੇ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਦੀ ਪੁਸ਼ਟੀ ਦੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਾਰੀ ਸੁਣਵਾਈ ਦੌਰਾਨ ਭਾਈ ਬਲਵੰਤ ਸਿੰਘ ਰਾਜੋਆਣਾ ਨੇ 1 ਅਕਤੂਬਰ 2010 ਨੂੰ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਜਸਟਿਸ ਅਰਵਿੰਦ ਕੁਮਾਰ ਨੂੰ ਲਿਖੀ ਚਿੱਠੀ ਵਿੱਚ ਉਕਤ ਦਾਅਵਾ ਕੀਤਾ। ‘ਪੰਜਾਬ ਨਿਊਜ਼ ਨੈਟਵਰਕ’ ਵੱਲੋਂ ਜਨਤਕ ਕੀਤੀ ਗਈ ਇਸ ਚਿੱਠੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕਰਨ ਦੇ ਕਾਰਨਾਂ ਦਾ ਬੜੇ ਵਿਸਤਾਰ ਵਿੱਚ ਜ਼ਿਕਰ ਕੀਤਾ ਗਿਆ ਹੈ। ਭਾਈ ਰਾਜੋਆਣਾ ਨੇ ਲਿਖਿਆ ਹੈ ਕਿ: ‘ਦਿੱਲੀ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੀਆਂ ਰਾਜਨੀਤਕ ਪਾਰਟੀਆਂ ਵੱਲੋਂ ਲਗਾਏ ਗਏ “ਧਰਮ ਯੁੱਧ ਮੋਰਚੇ” ਦੌਰਾਨ ਸਿੱਖਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਜੂਨ 1984 ਅਤੇ ਨਵੰਬਰ 1984 ਨੂੰ ਸਿੱਖ ਕੌਮ ਨਾਲ ਜੋ ਕੀਤਾ, ਜੋ ਜੁਲਮ ਢਾਹੇ, ਇਨ੍ਹਾਂ ਨੂੰ ਵਾਰ ਵਾਰ ਲਿਖਣ ਦੀ ਜਰੂਰਤ ਨਹੀਂ ਹੈ। ਫਿਰ ਇਸੇ ਹੀ ਦਿੱਲੀ ਦੀ ਕਾਂਗਰਸ ਸਰਕਾਰ ਪੰਜਾਬ ਵਿੱਚ ਧੱਕੇ ਨਾਲ ਹੀ ਕਾਂਗਰਸ ਦੀ ਸਰਕਾਰ ਬਣਾਈ ਅਤੇ ਲੋਕਰਾਜੀ ਕਦਰਾਂ, ਕੀਮਤਾਂ ਦਾ ਕਤਲ ਕਰਕੇ ਬੇਅੰਤ ਸਿੰਘ ਨੂੰ ਧੱਕੇ ਨਾਲ ਹੀ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਫਿਰ ਇਸੇ ਰਾਹੀਂ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖੁਨ ਨਾਲ ਰੰਗਿਆ। ਉਸ ਸਮੇਂ ਪੰਜਾਬ ਦੀ ਧਰਤੀ ਤੇ ਕਿਸੇ ਦੂਸਰੀ ਸਿਆਸੀ ਪਾਰਟੀ ਨੂੰ ਕੋਈ ਰੈਲੀ, ਧਰਨਾ ਜਾਂ ਕੋਈ ਸਿਆਸੀ ਸਮਾਗਮ ਕਰਨ ਦੀ ਇਜਾਜਤ ਨਹੀਂ ਸੀ। ਪੰਜਾਬ ਦੀ ਧਰਤੀ ਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਉਨਾਂ ਦੇ ਘਰਾਂ ਤੋਂ ਚੁੱਕ ਕੇ ਉਨਾਂ ਨੂੰ ਕਤਲ ਕਰਕੇ, ਉਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ, ਜਿਨਾਂ ਦੀ ਸ਼ਨਾਖਤ ਹੋਣੀ ਅਜੇ ਬਾਕੀ ਹੈ। ਹਿੰਦੋਸਤਾਨੀ ਹਕੂਮਤ ਨੇ ਬੇਅੰਤ ਸਿੰਘ ਰਾਹੀਂ ਸਿੱਖਾਂ ਦੀ ਨਸਲਕੁਸ਼ੀ ਕੀਤੀ। ਅਜਿਹਾ ਕਰਨ ਤੋਂ ਬਾਅਦ ਬੇਅੰਤ ਸਿੰਘ ਆਪਣੇ ਆਪ ਨੂੰ “ਰਾਮ ਅਵਤਾਰ” ਅਤੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਅਵਤਾਰ ਅਖਵਾਉਣ ਲੱਗ ਪਿਆ’।
ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਜਸਟਿਸ ਅਰਵਿੰਦ ਕੁਮਾਰ ਨੂੰ ਸੰਬੋਧਨ ਕਰਦਿਆਂ ਇਸ ਚਿੱਠੀ ਵਿੱਚ ਅੱਗੇ ਕਿਹਾ ਗਿਆ ਹੈ ਕਿ: ‘ਜੱਜ ਸਾਹਿਬ, ਇਹ ਸਭ ਦਿੱਲੀ ਦੀ ਕਾਂਗਰਸ ਸਰਕਾਰ ਵੱਲੋਂ ਅਤੇ ਹਿੰਦੋਸਤਾਨੀ ਖੁਫ਼ੀਆ ਏੁਜੰਸੀਆਂ ਵੱਲੋਂ ਸਿੱਖਾਂ ਤੇ ਕੀਤੇ ਗਏ ਸਿੱਧੇ ਹਮਲੇ (ਐਕਸ਼ਨ) ਸਨ। ਸਾਡੇ ਵੱਲੋਂ ਕੀਤਾ ਗਿਆ ਕਾਂਗਰਸ ਦੇ ਮੁੱਖ ਮੰਤਰੀ ਦਾ ਕਤਲ ਇਨਾਂ ਹੀ ਹਮਲਿਆਂ ਅਤੇ ਵਧੀਕੀਆਂ ਦੀ ਪ੍ਰਤੀਕ੍ਰਿਆ (ਰੀਐਕਸ਼ਨ) ਸੀ’।
ਇਸ ਚਿੱਠੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਭਾਈ ਬਲਵੰਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਸੀ. ਬੀ. ਆਈ ਦੀ ਉਸ ਦਲੀਲ ਦਾ ਵਿਰੋਧ ਕੀਤਾ ਸੀ ਜਿਸ ਰਾਹੀਂ ਸੀ. ਬੀ. ਆਈ ਖਾੜਕੂਆਂ ਨੂੰ ਨਿਰਦੋਸ਼ਾਂ ਦੇ ਕਾਤਲ ਸਾਬਿਤ ਕਰਨਾ ਚਾਹੁੰਦੀ ਸੀ। ਸੀ. ਬੀ. ਆਈ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਖਾੜਕੂਆਂ ਵੱਲੋਂ ਬੇਅੰਤ ਸਿੰਘ ਨੂੰ ਮਾਰਨ ਲਈ ਸ਼ਾਮ 5 ਵਜੇ ਦਾ ਸਮਾਂ ਚੁਣਿਆ ਗਿਆ ਸੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਨਿਸ਼ਾਨਾਂ ਬਣਾਇਆ ਜਾ ਸਕੇ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ: ‘ਸੀ. ਬੀ. ਆਈ ਦਾ ਇਹ ਕਹਿਣਾ ਗਲਤ ਹੈ ਕਿ 31 ਅਗਸਤ 1995 ਨੂੰ ਅਸੀਂ ਸ਼ਾਮ ਦੇ ਪੰਜ ਵਜੇ ਦਾ ਸਮਾਂ ਚੁਣਿਆ, ਤਾਂ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦਾ ਕਤਲੇਆਮ ਕਰ ਸਕੀਏ। ਅਜਿਹਾ ਕਹਿ ਕੇ ਸੀ.ਬੀ.ਆਈ ਸਾਨੂੰ ਨਿਰਦੋਸ਼ਾਂ ਦੇ ਕਾਤਲ ਠਹਿਰਾਉਣ ਦਾ ਯਤਨ ਕਰ ਰਹੀ ਹੈ। ਜਦ ਕਿ ਸੱਚ ਇਹ ਹੈ ਕਿ ਅਸੀਂ ਦੁਪਹਿਰ ਦੋ ਵਜੇ ਤੋਂ ਹੀ ਕਾਂਗਰਸ ਦੇ ਕਾਤਲ ਮੁੱਖ ਮੰਤਰੀ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੇ ਸੀ। ਸਾਡਾ ਨਿਸ਼ਾਨਾ ਆਮ ਲੋਕ ਨਹੀਂ ਸਨ, ਨਾ ਹੀ ਸਾਡਾ ਮਕਸਦ ਨਿਰਦੋਸ਼ ਲੋਕਾਂ ਦਾ ਕਤਲੇਆਮ ਕਰਨਾ ਸੀ। ਸਗੋਂ ਸਾਡਾ ਮਕਸਦ ਤਾਂ ਨਿਰਦੋਸ਼ ਲੋਕਾਂ ਦੇ ਕਾਤਲ ਨੂੰ ਮਾਰਨਾ ਸੀ। ਸਮਾਂ ਵੀ ਉਸ ਨੇ ਬਾਹਰ ਆਉਣ ਦਾ ਖੁਦ ਹੀ ਨਿਸ਼ਚਿਤ ਕਰਨਾ ਸੀ’।
ਇਸ ਪੱਤਰ ਵਿੱਚ ਸੀ. ਬੀ. ਆਈ ਉੱਤੇ ਦੋਹਰੇ ਮਾਪ-ਦੰਡ ਅਪਨਾਉਣ ਦਾ ਦੋਸ਼ ਲਾਉਂਦਿਆਂ ਇਸ ਦੀ ਕਰੜੀ ਨਿਖੇਧੀ ਕੀਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ: ‘ਸੀ.ਬੀ.ਆਈ. ਦੇ ਦੋਹਰੇ ਮਾਪਦੰਡਾਂ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਇਨਾਂ ਨੂੰ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਾਤਲ ਬੇਅੰਤ ਸਿੰਘ ਦੇਸ਼ ਭਗਤ ਲੱਗਦਾ ਹੈ। ਇਨ੍ਹਾਂ ਨੂੰ ਜੂਨ 1984 ਦਾ ਕਹਿਰ ਵਰਤਾਉਣ ਵਾਲੇ ਲੋਕ ਅਤੇ ਨਵੰਬਰ 1984 ਨੂੰ ਕੀਤੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਰਾਜੀਵ ਗਾਂਧੀ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲਨਾਥ ਵਰਗੇ ਕਾਤਲ ਲੋਕ ਦੇਸ਼ ਭਗਤ ਲੱਗਦੇ ਹਨ। ਉਨਾਂ ਦੇ ਖਿਲਾਫ ਕੇਸ ਵਾਪਿਸ ਕਰਵਾਉਣ ਜਾਂ ਕੇਸਾਂ ਨੂੰ ਕਮਜ਼ੋਰ ਕਰਨ ਦੀਆਂ ਹਰ ਸੰਭਵ ਅਤੇ ਅਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੇ ਹੁਕਮਰਾਨ ਅਤੇ ਏਜੰਸੀਆਂ ਇਨਾਂ ਨੂੰ ਜੇਲ ਭੇਜਣ ਦੀ ਥਾਂ ਸੁਰੱਖਿਆ ਪ੍ਰਦਾਨ ਕਰਦੀਆਂ ਹਨ। ਇਨਾਂ ਲੋਕਾਂ ਨੂੰ “ਭੋਪਾਲ ਗੈਸ ਕਾਂਡ” ਦੇ ਦੋਸ਼ੀ 25,000 ਮਾਸੂਮ ਲੋਕਾਂ ਦੀ ਮੌਤ ਲਈ ਜਿੰਮੇਵਾਰ ਯੂਨੀਅਨ ਕਰਬਾਈਡ ਦੇ ਮੁਖੀ ਐਡਰਸਨ ਵਰਗੇ ਲੋਕ ਦੇਸ਼ ਭਗਤ ਲੱਗਦੇ ਹਨ। ਉਨਾਂ ਨੂੰ ਜੇਲ੍ਹ ਭੇਜ ਕੇ ਮੁਕਦਮੇ ਚਲਾਉਣ ਦੀ ਥਾਂ ਦੇਸ਼ ਦੇ ਹੁਕਮਰਾਨ ਉਨਾਂ ਲਈ ਹਵਾਈ ਜਹਾਜਾਂ ਦੇ ਇੰਤਜਾਮ ਕਰਦੇ ਹਨ, ਤਾਂ ਕਿ ਉਹ ਬਚ ਕੇ ਨਿਕਲ ਸਕਣ। ਦੇਸ਼ ਦੀਆਂ ਇਹ ਮਖੌਟਾ ਧਾਰੀ ਏਜੰਸੀਆਂ ਹਜਾਰਾਂ ਨਿਰਦੋਸ਼ ਲੋਕਾਂ ਦੇ ਕਾਤਲਾਂ ਦੀ ਹਿਫਾਜਤ ਕਰਦੀਆਂ ਹਨ ਅਤੇ ਅਜਿਹੇ ਕਿਸੇ ਕਾਤਲ ਨੂੰ ਮਾਰਨ ਵਾਲਿਆਂ ਨੂੰ ਵੱਧ ਤੋਂ ਵੱਧ ਸਜਾ ਦਿਵਾਉਣ ਲਈ ਜੀ-ਤੋੜ ਕੋਸਿਸ਼ ਕਰਦੀਆਂ ਹਨ’।
ਭਾਈ ਬਲਵੰਤ ਸਿੰਘ ਨੇ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਖਤਮ ਕਰਨ ਵਾਲੇ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਸਿੱਖ ਕੌਮ ਦੀ ਅਜਾਦੀ ਦੇ ਸੰਘਰਸ਼ ਦਾ ਸੂਰਜ ਹਨ ਜਿਸ ਦੀ ਕੁਰਬਾਨੀ ਤੋਂ ਮੁਨਕਰ ਹੋਣਾ ਇਸ ਸੂਰਜ ਨੂੰ ਗ੍ਰਹਿਣ ਲਾਉਣ ਦੇ ਤੁਲ ਹੈ। ਭਾਈ ਦਿਲਾਵਰ ਸਿੰਘ ਨੂੰ ਇਸ ਕਾਰਜ ਲਈ ਪ੍ਰੇਰਿਤ ਕਰਨ ਬਾਰੇ ਦਿੱਤੀ ਸੀ. ਬੀ. ਆਈ ਦੀ ਦਲੀਲ ਨੂੰ ਕੱਟਦਿਆਂ ਭਾਈ ਰਾਜੋਆਣਾ ਨੇ ਲਿਖਿਆ ਹੈ ਕਿ ‘ਭਾਈ ਦਿਲਾਵਰ ਸਿੰਘ ਨੂੰ ਉਸ ਦੇ ਅੰਦਰ ਕੁੱਟ-ਕੁੱਟ ਕੇ ਭਰੇ ਕੌਮੀ ਜਜ਼ਬੇ ਨੇ, ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗੀ ਪੰਜ ਦਰਿਆਵਾਂ ਦੀ ਸਹਿਕਦੀ ਧਰਤੀ ਮਾਂ ਨੇ, ਸਿੱਖ ਕੌਮ ਤੇ ਹੋਏ ਬੇਹਿਸਾਬ ਜੁਲਮ ਨੇ, ਹਿੰਦੋਸਤਾਨੀ ਹਾਕਮਾਂ ਵੱਲੋਂ ਸਿੱਖਾਂ ਖਿਲਾਫ ਚਲਾਈਆਂ ਕੋਝੀਆਂ ਚਾਲਾਂ ਨੇ ਇਸ ਕਾਰਜ ਲਈ ਪ੍ਰੇਰਿਤ ਕੀਤਾ ਸੀ। ਚਿੱਠੀ ਵਿੱਚ ਕਿਹਾ ਗਿਆ ਹੈ ਕਿ ‘ਜਦੋਂ ਇੱਕ ਗੈਰਤਮੰਦ ਇਨਸਾਨ ਦੀ ਆਤਮਾ ਜਾਲਮ ਹੁਕਮਰਾਨਾਂ ਦੀ ਈਨ ਮੰਨਣ ਤੋਂ ਇਨਕਾਰ ਕਰਦੀ ਹੈ ਤੇ ਜਦੋਂ ਉਹ ਇਨਾਂ ਜਾਲਮ ਤਾਕਤਾਂ ਨਾਲ ਟਕਰਾ ਜਾਣਾ ਚਾਹੁੰਦੀ ਹੈ ਤਾਂ ਅਜਿਹੀਆਂ ਭਾਵਾਨਾਂ ਹੀ ਇਕ ਮਨੁੱਖ ਨੂੰ ਮਨੁੱਖੀ ਬੰਬ ਬਣਨ ਲਈ ਪ੍ਰੇਰਿਤ ਕਰਦੀਆਂ ਹਨ, ਨਾ ਕਿ ਕੋਈ ਵਿਅਕਤੀ’।