ਸੰਗਰੂਰ/ ਚੰਡਗੜ੍ਹ: ਖ਼ਤਰੇ ਦੇ ਨਿਸ਼ਾਨ ‘ਤੇ ਵਹਿ ਰਹੀ ਘੱਗਰ ਦੇ ਬੰਨ੍ਹਾਂ ਅਤੇ ਪਿੰਡਾਂ ਦਾ ਦੌਰਾ ਕਰ ਰਹੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਗਾਇਆ ਕਿ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਦੇ ਦਰਜਨਾਂ ਪਿੰਡ ਅਤੇ ਲੱਖਾਂ ਏਕੜ ਫ਼ਸਲ ਕੈਪਟਨ ਸਰਕਾਰ ਨੇ ਰੱਬ ਆਸਰੇ ਛੱਡ ਰੱਖੀ ਹੈ, ਪ੍ਰਸ਼ਾਸਨ ਬਿਲਕੁਲ ਸੁੱਤਾ ਪਿਆ ਸੀ, ਅੱਜ ਜਾ ਕੇ ਪ੍ਰਸ਼ਾਸਨ ਹਰਕਤ ‘ਚ ਆਇਆ ਪਰ ਬਿਲਕੁਲ ਖ਼ਾਲੀ ਹੱਥ, ਇੱਥੋਂ ਤੱਕ ਕਿ ਪ੍ਰਸ਼ਾਸਨ ਨੇ ਫ਼ੰਡਾਂ ਦੀ ਘਾਟ ਦੱਸਦਿਆਂ ਲੋੜੀਂਦੀ ਗਿਣਤੀ ‘ਚ ਖ਼ਾਲੀ ਬੋਰੀਆਂ ਦਾ ਪ੍ਰਬੰਧ ਕਰਨ ਤੋਂ ਵੀ ਬੇਵਸੀ ਪ੍ਰਗਟਾਈ।
ਇਸ ਮੌਕੇ ਭਗਵੰਤ ਮਾਨ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਲਹਿਰਾਗਾਗਾ ਹਲਕਾ ਦੇ ਪਾਰਟੀ ਪ੍ਰਧਾਨ ਜਸਵੀਰ ਸਿੰਘ ਕੁਦਨੀ ਅਤੇ ‘ਆਪ’ ਦੀ ਸਥਾਨਕ ਟੀਮ ਮੌਜੂਦ ਸੀ।
ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਪਟਿਆਲਾ ਜ਼ਿਿਲਆਂ ਦੀ ਹੱਦ ‘ਤੇ ਸਥਿਤ ਖਾਨੇਵਾਲ ਬੰਨ੍ਹ, ਚਾਂਦੂ ਨਾਲਾ, ਮਕਰੋੜ ਸਾਹਿਬ, ਹਾਂਡਾ, ਕੁਦਨੀ (ਮੂਨਕ) ਆਦਿ ਘੱਗਰ ਕੰਢੇ ਪੈਂਦੇ ਪਿੰਡਾਂ ਦਾ ਦੌਰਾ ਕੀਤਾ।
ਭਗਵੰਤ ਮਾਨ ਨੇ ਦੱਸਿਆ ਬੇਸ਼ੱਕ ਮੀਂਹ ਰੁਕ ਗਿਆ ਹੈ, ਪਰ ਘੱਗਰ ਦੇ ਆਰ-ਪਾਰ ਪੈਂਦੇ 90 ਦੇ ਕਰੀਬ ਪਿੰਡ ਭਾਰੀ ਖ਼ਤਰੇ ਥੱਲੇ ਹਨ, ਜਿੰਨਾ ‘ਚ ਖਨੌਰੀ ਤੋਂ ਮੂਨਕ ਇਲਾਕੇ ਦੇ 26 ਪਿੰਡਾਂ ‘ਤੇ ਘੱਗਰ ਟੁੱਟਣ ਦੀ ਸਿੱਧੀ ਤਲਵਾਰ ਲਟਕ ਰਹੀ ਹੈ, ਕਿਉਂਕਿ ਘੱਗਰ ਖ਼ਤਰੇ ਦੇ ਨਿਸ਼ਾਨ ਤੋਂ ਵੀ ਉੱਤੇ ਵਹਿ ਰਹੀ ਹੈ, ਅਜੇ ਤੱਕ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ ਹੈ।
ਭਗਵੰਤ ਮਾਨ ਨੇ ਦੱਸਿਆ ਕਿ ਖਾਨੇਵਾਲ ਬੰਨ੍ਹ ਅਤੇ ਚਾਂਦੂੰ ਬੰਨ੍ਹਾਂ ‘ਤੇ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਖ਼ਤਰੇ ‘ਚ ਹੈ। ਪ੍ਰਸ਼ਾਸਨ ਦੀ ਢਿੱਲ ਮੱਠ ਕਾਰਨ ਲੋਕਾਂ ਨੇ ਖਾਨੇਵਾਲ ਬੰਨ੍ਹ ਦੇ ਗੇਟਾਂ ‘ਤੇ ਆਪਣਾ ਕਬਜ਼ਾ ਕਰ ਰੱਖਿਆ ਹੈ। ਭਗਵੰਤ ਮਾਨ ਨੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਐਮ.ਪੀ ਲੈਂਡ ਫ਼ੰਡ ‘ਚ ਤੁਰਤ ਜੇਸੀਬੀ ਮਸ਼ੀਨਾਂ ਕਿਰਾਏ ‘ਤੇ ਕਰਨ ਦਾ ਐਲਾਨ ਕੀਤਾ।
ਮਾਨ ਨੇ ਦੋਸ਼ ਲਗਾਇਆ ਕਿ ਇੰਨੇ ਨਾਜ਼ੁਕ ਹਾਲਾਤ ਦੇ ਬਾਵਜੂਦ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨਾਂ ਦਾ ਆਪਸ ਵਿਚ ਕੋਈ ਤਾਲਮੇਲ ਨਹੀਂ।
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਹਾਕਿਆਂ ਤੋਂ ਹਰ ਸਾਲ ਮੋਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਿਲਆਂ ਦਾ ਭਾਰੀ ਨੁਕਸਾਨ ਕਰਦੀ ਆ ਰਹੀ ਘੱਗਰ ‘ਤੇ ਅਕਾਲੀਆਂ ਅਤੇ ਕਾਂਗਰਸੀਆਂ ਨੇ ਹਰ ਚੋਣ ਮੌਕੇ ਰਾਜਨੀਤੀ ਤਾਂ ਬਹੁਤ ਕੀਤੀ ਪਰ ਘੱਗਰ ਦੇ ਮਸਲੇ ਦਾ ਹੱਲ ਨਹੀਂ ਕੀਤਾ। ਘੱਗਰ ਚੈਨ ਲਾਇਨਜ਼ ਪ੍ਰੋਜੈਕਟ ਨੂੰ ਨਾ ਪਹਿਲਾਂ ਬਾਦਲ ਸਰਕਾਰ ਅਤੇ ਨਾ ਹੀ ਕੈਪਟਨ ਸਰਕਾਰ ਨੇ ਸਿਰੇ ਚੜ੍ਹਾਉਣ ਦੀ ਪੈਰਵੀ ਕੀਤੀ। ਜਦਕਿ 25 ਸਾਲ ਤੋਂ ਰਾਜਿੰਦਰ ਕੌਰ ਭੱਠਲ ਅਤੇ ਫਿਰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਇਸ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਹਨ। ਪਰ ਸੰਕਟ ਦੇ ਅਜਿਹੇ ਮੌਕਿਆਂ ‘ਤੇ ਇਹ ਆਗੂ ਹਲਕੇ ਦਾ ਦੌਰਾ ਕਰਨਾ ਵੀ ਜ਼ਰੂਰੀ ਨਹੀਂ ਸਮਝਦੇ।