ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਅੱਜ (12 ਦਸੰਬਰ, 2017) ਪੰਜਾਬ ਵਿੱਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਪੇਸ਼ ਹੋਕੇ ਉਪਰੋਕਤ ਘਟਨਾਵਾਂ ਲਈ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਸੱਤਾ ਭੁੱਖ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸੁਝਾਅ ਦਿੱਤਾ ਹੈ ਕਿ ਮਾਮਲੇ ਦੀ ਤਹਿ ਤੀਕ ਜਾਣ ਲਈ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਵਿਚਲੇ ਤਿੰਨਾਂ ਤਖਤਾਂ ਦੇ ਜਥੇਦਾਰਾਂ ਦੇ ਨਾਰਕੋ ਟੈਸਟ ਕਰਵਾਏ ਜਾਣ।
ਕਮਿਸ਼ਨ ਨੂੰ ਸੌਂਪੇ 6 ਪੰਨਿਆਂ ਦੇ ਦਸਤਾਵੇਜ਼ ਵਿੱਚ ਹਿੰਮਤ ਸਿੰਘ ਨੇ ਦੱਸਿਆ ਹੈ ਕਿ ਵਿਵਾਦਤ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫੀ ਦਿੱਤੇ ਜਾਣ ਦੀ ਪ੍ਰਕਿਰਿਆ 16 ਸਤੰਬਰ 2015 ਨੂੰ ਸ਼ੁਰੂ ਹੋਈ ਜਦੋਂ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ, ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਥਿਤ ਸਬ ਆਫਿਸ ਵਿਖੇ ਸ਼ਾਮ 6.00 ਵਜੇ ਪੁਜੇ ਅਤੇ ਉਥੋਂ ਗਿਆਨੀ ਗੁਰਬਚਨ ਸਿੰਘ ਦੀ ਸਰਕਾਰੀ ਗੱਡੀ (ਸ਼੍ਰੋਮਣੀ ਕਮੇਟੀ ਵਲੋਂ ਦਿੱਤੀ ਹੋਈ ਇਨੌਵਾ) ਪੀ.ਬੀ-02 ਸੀ.ਬੀ. 9513 ਵਿੱਚ ਬੈਠ ਕੇ ਇਹ ਤਿੰਨੋਂ ਜਥੇਦਾਰ ਉਸ ਵੇਲੇ ਦੇ ਮੁੱਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਪੁੱਜੇ ਜਿਥੇ ਉਸ ਵੇਲੇ ਦੇ ਮੰਤਰੀ ਪੰਜਾਬ ਡਾ: ਦਲਜੀਤ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਦੇਰ ਰਾਤ ਤੀਕ ਮੀਟਿੰਗ ਹੋਈ।
ਸਬੰਧਤ ਖ਼ਬਰ:
ਸਾਬਕਾ ਜਥੇਦਾਰ ਭਾਈ ਗੁਰਮੁਖ ਸਿੰਘ ਨੂੰ ਮਿਲਿਆ ਧਮਕੀ ਪੱਤਰ, ਭਾਈ ਮੰਡ ਵਲੋਂ ਡਰਾਮੇਬਾਜ਼ੀ ਕਰਾਰ …
ਹਿੰਮਤ ਸਿੰਘ ਨੇ ਕਮਿਸ਼ਨ ਨੂੰ ਦੱਸਿਆ ਹੈ ਕਿ ਬਾਦਲ ਤੇ ਜਥੇਦਾਰਾਂ ਦਰਮਿਆਨ ਹੋਈ ਮੀਟਿੰਗ ਦੌਰਾਨ ਡੇਰਾ ਸਿਰਸਾ ਮੁਖੀ ਵਲੋਂ ਭੇਜਿਆ ਹਿੰਦੀ ਵਿੱਚ ਮੁਆਫੀਨਾਮਾ ਪੜ੍ਹਕੇ ਸੁਣਾਇਆ ਗਿਆ ਸੀ। ਜਿਸ ਬਾਰੇ ਬਾਦਲ ਨੇ ਜਥੇਦਾਰਾਂ ਨੂੰ ਡੇਰਾ ਮੁਖੀ ਨੂੰ ਮੁਆਫ ਕਰਨ ਦਾ ਹੁਕਮ ਸੁਣਾਇਆ ਸੀ। ਹਿੰਮਤ ਸਿੰਘ ਨੇ ਦੱਸਿਆ ਹੈ ਕਿ 24 ਸਤੰਬਰ 2015 ਦੀ ਜਥੇਦਾਰਾਂ ਦੀ ਇੱਕਤਰਤਾ ਵਿੱਚ ਡੇਰਾ ਮੁਖੀ ਦਾ ਜੋ ਮੁਆਫੀਨਾਮਾ ਪੇਸ਼ ਕੀਤਾ ਗਿਆ ਉਹ ਪੰਜਾਬੀ ਵਿੱਚ ਸੀ। ਉਨ੍ਹਾਂ ਕਮਿਸ਼ਨ ਪਾਸੋਂ ਮੰਗ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਦੇ ਇਸ ਪੰਜਾਬੀ ਭਾਸ਼ਾ ਵਾਲੇ ਮੁਆਫੀਨਾਮੇ ਉਪਰ ਡੇਰਾ ਮੁਖੀ ਦੇ ਕੀਤੇ ਦਸਤਖਤਾਂ, ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਮੌਜੂਦ ਗੇਟ ਰਜਿਸਟਰ ਦੀ ਚੈਕਿੰਗ ਦੇ ਨਾਲ-ਨਾਲ ਬਾਦਲ ਪਿਉ ਪੁਤਰ ਅਤੇ ਜਥੇਦਾਰਾਂ ਦਾ ਨਾਰਕੋ ਟੈਸਟ ਕਰਵਾਇਆ ਜਾਵੇ।
ਹਿੰਮਤ ਸਿੰਘ ਨੇ ਸਾਫ ਲਿਖਿਆ ਹੈ ਕਿ ਡੇਰਾ ਮੁਖੀ ਨੂੰ ਮੁਆਫ ਕਰਨ ਦੇ ਜਥੇਦਾਰਾਂ ਦੇ ਫੈਸਲੇ ਬਾਅਦ ਹੀ ਸਿੱਖਾਂ ਅੰਦਰ ਰੋਹ ਤੇ ਰੋਸ ਜਾਗਿਆ ਤੇ ਡੇਰੇ ਵਾਲਿਆਂ ਨੇ ਪ੍ਰਤੀਕਰਮ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਸ਼ਰੀਫ ਦੇ ਨਿਰਾਦਰ ਦਾ ਰਾਹ ਅਪਣਾਇਆ ਪਰ ਬਾਦਲ ਸਰਕਾਰ ਇਸ ਪ੍ਰਤੀ ਖਾਮੋਸ਼ ਰਹੀ। ਹਿੰਮਤ ਸਿੰਘ ਨੇ ਕਮਿਸ਼ਨ ਨੂੰ ਇਹ ਵੀ ਸੁਝਾਅ ਦਿੱਤੇ ਹਨ ਕਿ ਮਾਮਲੇ ਦੀ ਤਹਿ ਤੀਕ ਜਾਣ ਲਈ ਬਾਦਲਾਂ ਦੇ ਨੇੜਲੇ ਨਿੱਜੀ ਸਹਾਇਕਾਂ ਤੇ ਜਥੇਦਾਰਾਂ ਦੇ ਮੋਬਾਇਲ ਫੋਨਾਂ ਦਾ ਡਾਟਾ ਰਿਕਾਰਡ ਚੈਕ ਕੀਤਾ ਜਾਵੇ। ਉਨ੍ਹਾਂ ਨੇ ਜਥੇਦਾਰ ਗੁਰਬਚਨ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਵਲੋਂ ਬਣਾਈਆਂ ਜਾਇਦਾਦਾਂ ਦੀ ਜਾਂਚ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ।
ਸਬੰਧਤ ਖ਼ਬਰ:
ਨਾ ਮੈਂ ‘ਜਥੇਦਾਰਾਂ’ ਨੂੰ ਘਰ ਸੱਦਿਆ ਨਾ ਕਦੇ ਸ਼੍ਰੋਮਣੀ ਕਮੇਟੀ ਦੇ ਕੰਮ ‘ਚ ਦਖਲਅੰਦਾਜ਼ੀ ਕੀਤੀ: ਬਾਦਲ …
ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਮੁਆਫੀ ਮਾਮਲੇ ਵਿੱਚ ਮੁਆਫੀ ਪੱਤਰ ਬਾਰੇ ਸਵਾਲ ਚੁੱਕਣ ‘ਤੇ ਸ਼੍ਰੋਮਣੀ ਕਮੇਟੀ ਨੇ ਗਿਆਨੀ ਗੁਰਮੁਖ ਸਿੰਘ ਪਾਸੋਂ ਤਖਤ ਦਮਦਮਾ ਸਾਹਿਬ ਦੀ ਜਥੇਦਾਰੀ ਖੋਹ ਲਈ ਸੀ ਤੇ ਉਨ੍ਹਾਂ ਨੂੰ ਹਰਿਆਣਾ ਸਥਿਤ ਗੁਰਦੁਆਰਾ ਧਮਤਾਨ ਸਾਹਿਬ ਤਬਦੀਲ ਕਰ ਦਿੱਤਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਗਿਆਨੀ ਗੁਰਮੁਖ ਸਿੰਘ ‘ਤੇ ਦਬਾਅ ਵਧਾਉਣ ਲਈ ਸ਼੍ਰੋਮਣੀ ਕਮੇਟੀ ਨੇ ਗਿਆਨੀ ਗੁਰਮੁਖ ਸਿੰਘ ਦੇ ਭਰਾਤਾ ਹਿੰਮਤ ਸਿੰਘ ਦੀ ਵੀ ਤਬਦੀਲੀ ਧਮਤਾਨ ਸਾਹਿਬ ਹੀ ਕਰ ਦਿੱਤੀ ਤਾਂ ਉਸਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ।