ਚੰਡੀਗੜ੍ਹ (ਤਰਲੋਚਨ ਸਿੰਘ): ਵਿੱਤੀ ਸੰਕਟ ਵਿਚ ਡੁੱਬੀ ਪੰਜਾਬ ਸਰਕਾਰ ਜਿੱਥੇ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਤੋਂ ਅਸਮਰੱਥ ਹੈ, ਉੱਥੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਨੂੰ ਆਪਣੇ ਡੈਪੂਟੇਸ਼ਨ ਕੋਟੇ ਦੇ ਬਣਦੇ 800 ਇੰਜਨੀਅਰਾਂ ਤੇ ਮੁਲਾਜ਼ਮਾਂ ਨੂੰ ਭੇਜੇ ਬਿਨਾਂ ਹੀ ਆਪਣੇ ਹਿੱਸੇ ਦੀ ਰਕਮ ਮੁਹੱਈਆ ਕਰ ਰਹੀ ਹੈ ਭਾਵੇਂ ਹੁਣ ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਬੀਬੀਐਮਬੀ ਲਈ 800 ਇੰਜਨੀਅਰਾਂ ਤੇ ਮੁਲਾਜ਼ਮਾਂ ਦੀ ਵਿਸ਼ੇਸ਼ ਭਰਤੀ ਕਰਨ ਦਾ ਫ਼ੈਸਲਾ ਲਿਆ ਹੈ, ਪਰ ਸੂਬਾ ਸਰਕਾਰ ਪਿਛਲੇ ਲੰਮੇ ਸਮੇਂ ਤੋਂ 800 ਮੁਲਾਜ਼ਮ ਡੈਪੂਟੇਸ਼ਨ ’ਤੇ ਭੇਜੇ ਬਿਨਾਂ ਹੀ ਆਪਣੇ ਹਿੱਸੇ ਦੀ ਰਕਮ ਤਾਰਦੀ ਆ ਰਹੀ ਹੈ।
ਪ੍ਰਾਪਤ ਅੰਕੜਿਆਂ ਅਨੁਸਾਰ ਬੀਬੀਐਮਬੀ ਵਿੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਕੁੱਲ ਨਫਰੀ 8300 ਦੇ ਕਰੀਬ ਹੈ। ਇਨ੍ਹਾਂ ਵਿੱਚੋਂ ਪੰਜਾਬ ਦੇ ਡੈਪੂਟੇਸ਼ਨ ਕੋਟੇ ਦੀਆਂ 3000 ਦੇ ਕਰੀਬ ਆਸਾਮੀਆਂ ਬਣਦੀਆਂ ਹਨ। ਫਿਲਹਾਲ 2200 ਦੇ ਕਰੀਬ ਪੰਜਾਬ ਦੇ ਇੰਜਨੀਅਰ ਅਤੇ ਮੁਲਾਜ਼ਮ ਬੀਬੀਐਮਬੀ ’ਚ ਤਾਇਨਾਤ ਹਨ ਅਤੇ ਪੰਜਾਬ ਦੇ ਕੋਟੇ ਦੀਆਂ ਇੰਜਨੀਅਰਾਂ ਅਤੇ ਮੁਲਾਜ਼ਮਾਂ ਦੀਆਂ 800 ਦੇ ਲਗਭਗ ਅਸਾਮੀਆਂ ਖਾਲੀ ਹਨ। ਸੂਤਰਾਂ ਅਨੁਸਾਰ ਇਨ੍ਹਾਂ ਖਾਲੀ ਅਸਾਮੀਆਂ ਵਿੱਚੋਂ 300 ਦੇ ਕਰੀਬ ਅਸਾਮੀਆਂ ਉਪਰ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਕੇਂਦਰ ਸਰਕਾਰ ਦੇ ਇੰਜਨੀਅਰ ਤੇ ਮੁਲਾਜ਼ਮ ਤਾਇਨਾਤ ਕੀਤੇ ਜਾ ਚੁੱਕੇ ਹਨ ਅਤੇ ਜੇਕਰ ਪੰਜਾਬ ਨੇ ਜਲਦੀ ਆਪਣੇ ਮੁਲਾਜ਼ਮ ਡੈਪੂਟੇਸ਼ਨ ’ਤੇ ਨਾ ਭੇਜੇ ਤਾਂ ਸਾਰੀਆਂ ਆਸਾਮੀਆਂ ਉਪਰ ਹੋਰ ਰਾਜਾਂ ਦਾ ਕਬਜ਼ਾ ਹੋਣ ਦੇ ਆਸਾਰ ਹਨ। ਸਮੇਂ-ਸਮੇਂ ’ਤੇ ਬੀਬੀਐਮਬੀ ਵੱਲੋਂ ਵੱਡੀ ਗਿਣਤੀ ’ਚ ਮੁਲਾਜ਼ਮਾਂ ਦੀ ਘਾਟ ਕਾਰਨ ਅਦਾਰੇ ਦੀ ਕਾਰਗੁਜ਼ਾਰੀ ਉਪਰ ਪੈ ਰਹੇ ਮਾਰੂ ਅਸਰ ਨੂੰ ਆਧਾਰ ਬਣਾ ਕੇ ਪੰਜਾਬ ਸਰਕਾਰ ਕੋਲੋਂ ਸਮਾਂਬੱਧ ਢੰਗ ਨਾਲ ਆਪਣੇ ਹਿੱਸੇ ਦੇ ਇੰਜਨੀਅਰ ਅਤੇ ਮੁਲਾਜ਼ਮ ਭੇਜਣ ਲਈ ਕਿਹਾ ਜਾ ਰਿਹਾ ਹੈ, ਪਰ ਜਦੋਂ ਨਿਰਧਾਰਿਤ ਹੱਦ ਤੱਕ ਪੰਜਾਬ ਸਰਕਾਰ ਆਪਣੇ ਇੰਜਨੀਅਰ ਤੇ ਮੁਲਾਜ਼ਮ ਭੇਜਣ ਤੋਂ ਅਸਮਰੱਥ ਰਹਿੰਦੀ ਹੈ ਤਾਂ ਇਸ ਆੜ ਹੇਠ ਬੀਬੀਐਮਬੀ ਪ੍ਰਸ਼ਾਸਨ ਹੋਰ ਰਾਜਾਂ ਦੇ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਵਿੱਚ ਦੇਰ ਨਹੀਂ ਲਾਉਂਦਾ। ਪਿਛਲੇ ਸਮੇਂ ਤਾਂ ਬੀਬੀਐਮਬੀ ਨੇ ਪੰਜਾਬ ਦੇ ਕੋਟੇ ਦੀਆਂ ਖਾਲੀ ਆਸਾਮੀਆਂ ਉਪਰ ਖ਼ੁਦ ਹੀ ਠੇਕੇ ’ਤੇ ਭਰਤੀ ਵੀ ਕਰ ਲਈ।
ਸੂਤਰਾਂ ਅਨੁਸਾਰ ਬੀਬੀਐਮਬੀ ਵੱਲੋਂ ਬਿਆਸ ਸਤਲੁਜ ਲਿੰਕ ਪ੍ਰਾਜੈਕਟ (ਬੀਐਸਐਲ) ਸੁੰਦਰਨਗਰ ਸਮੇਤ ਹੋਰ ਵਿੰਗਾਂ ਲਈ ਪੰਜਾਬ ਕੋਲੋਂ ਨਿਰਧਾਰਿਤ ਕੋਟੇ ਅਨੁਸਾਰ 60 ਦਿਨਾਂ ਵਿੱਚ ਅਧਿਆਪਕ ਭੇਜਣ ਲਈ ਕਿਹਾ ਗਿਆ ਸੀ, ਪਰ ਸਿੱਖਿਆ ਵਿਭਾਗ ਅਧਿਆਪਕ ਭੇਜਣ ਤੋਂ ਅਸਮਰੱਥ ਰਿਹਾ, ਜਿਸ ਕਾਰਨ ਹਿਮਾਚਲ ਪ੍ਰਦੇਸ਼ ਕੇਡਰ ਦੀ ਭਰਤੀ ਕੀਤੀ ਜਾ ਰਹੀ ਹੈ। ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਮਹਿਜ਼ ਇੱਕ ਸਾਲ ਲਈ ਅਧਿਆਪਕਾਂ ਨੂੰ ਡੈਪੂਟੇਸ਼ਨ ’ਤੇ ਭੇਜਣ ਕਾਰਨ ਵੀ ਅਕਸਰ ਬੀਬੀਐਮਬੀ ਵਿੱਚ ਆਸਾਮੀਆਂ ਖਾਲੀ ਰਹਿਣ ਦਾ ਲਾਭ ਹੋਰ ਰਾਜ ਉਠਾ ਰਹੇ ਹਨ।
ਬੀਬੀਐਮਬੀ ਵਿੱਚ ਪੰਜਾਬ ਕੋਟੇ ਦੀਆਂ ਡਾਕਟਰ ਦੀਆਂ 12, ਐਸਡੀਓ ਦੀਆਂ 6, ਜੂਨੀਅਰ ਇੰਜਨੀਅਰ ਦੀਆਂ 106, ਐਸਓ (ਐਸਏਐਸ) ਦੀਆਂ 11, ਯੂਡੀਸੀ ਦੀਆਂ 29, ਸਟੈਨੋਟਾਈਪਿਸਟ ਦੀਆਂ 12, ਜੇਡੀਐਮ ਦੀਆਂ 16, ਸਵੀਪਰ ਦੀਆਂ 86, ਕੈਸ਼ੀਅਰ ਦੀਆਂ 27 ਅਤੇ ਗੇਟ ਕੀਪਰ ਦੀਆਂ 17 ਅਸਾਮੀਆਂ ਖਾਲ੍ਹੀ ਪਈਆਂ ਹਨ।
(ਧੰਨਵਾਦ ਸਹਿਤ: ਪੰਜਾਬੀ ਟ੍ਰਿਬਿਊਨ)