ਬਠਿੰਡਾ: ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਵਲੋਂ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਹੇ ਗਏ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਬਠਿੰਡਾ ਵਿਖੇ ਕੀਤੀ ਗਈ ਰੈਲੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।
ਜਿੱਥੇ ਸੁਖਪਾਲ ਸਿੰਘ ਖਹਿਰਾ ਦੀ ਹਮਾਇਤ ਵਿਚ ਬਠਿੰਡਾ ਰੈਲੀ ਵਿਚ 6 ਵਿਧਾਇਕ ਕੰਵਰ ਸੰਧੂ, ਨਿਰਮਲ ਸਿੰਘ ਮਾਨਸਾਹੀਆ, ਹੱਗਾ ਹਿਸੋਵਾਲ, ਪਿਰਮਲ ਸਿੰਘ, ਜੇ ਕਮਾਲੂ ਅਤੇ ਮਾਸਟਰ ਬਲਦੇਵ ਪਹੁੰਚੇ, ਉੱਥੇ ਆਪ ਦੇ 11 ਵਿਧਾਇਕ ਖਹਿਰਾ ਦੇ ਵਿਰੁੱਧ ਆਪ ਮੁਖੀ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰਨ ਦਿੱਲੀ ਚਲੇ ਗਏ।
ਇਕ ਮਤੇ ਰਾਹੀਂ ਖਹਿਰਾ ਨੂੰ ਗੈਰਸੰਵਿਧਾਨਕ ਤਰੀਕੇ ਨਾਲ ਅਹੁਦੇ ਤੋਂ ਹਟਾਉਣ ਦੀ ਨਿਖੇਧੀ ਕੀਤੀ ਗਈ ਅਤੇ ਹਰਪਾਲ ਸਿੰਘ ਚੀਮਾ ਦੀ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਵਜੋਂ ਨਿਯੁਕਤੀ ਨੂੰ ਰੱਦ ਕਰਦਿਆਂ ਅਗਲੇ ਆਗੂ ਦੀ ਨਿਯੁਕਤੀ ਲਈ ਆਪ ਵਿਧਾਇਕਾਂ ਦੀ ਇਕ ਹਫਤੇ ਵਿਚ ਮੀਟਿੰਗ ਬੁਲਾ ਕੇ ਫੈਂਸਲਾ ਕਰਨ ਲਈ ਕਿਹਾ ਗਿਆ।
ਇਕ ਹੋਰ ਮਤੇ ਰਾਹੀਂ 12 ਅਗਸਤ ਤੋਂ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਉਲੀਕਣ ਦਾ ਐਲਾਨ ਕੀਤਾ ਗਿਆ।
ਆਪ ਕਾਰਕੁੰਨਾਂ ਨੂੰ ਪਿੰਡਾਂ ਸ਼ਹਿਰਾਂ ਵਿਚ ਹਿੰਸਕ ਕਾਰਵਾਈ ਨਾ ਕਰਕੇ ਦਲੀਲ ਨਾਲ ਜਵਾਬ ਦੇਣ ਲਈ ਕਿਹਾ ਗਿਆ।
ਇਸ ਤੋਂ ਪਹਿਲਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਆਪ ਕਾਰਕੁੰਨਾਂ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਮੁਕਤ ਕਰਨ ਲਈ ਇਕ ਸੋਚ ਵਾਲੀਆਂ ਧਿਰਾਂ ਨਾਲ ਸਮਝੌਤਾ ਕਰਕੇ ਤੀਜੀ ਧਿਰ ਬਣਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਉਹ ਇਸ ਮੁਹਿੰਮ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਰਦਾਸ ਕਰਕੇ ਕਰਨਗੇ।
ਉਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਹਾਰ ਲਈ ਪਾਰਟੀ ਦੇ ਦਿੱਲੀ ਬੈਠੇ ਚੌਧਰੀਆਂ ਨੂੰ ਜ਼ਿੰਮੇਵਾਰ ਦੱਸਿਆ।
ਉਨ੍ਹਾਂ ਕਿਹਾ ਕਿ ਦਿੱਲੀ ਤੋਂ ਉਨ੍ਹਾਂ ਪੰਜਾਬ ਵਿਚ ਆਪਣੇ ਦੋ ਆਗੂਆਂ ਨੂੰ ਭੇਜਿਆ ਸੀ ਜਿਹਨਾਂ ਆਪਣੇ ਹੰਕਾਰ ਲਈ ਪੰਜਾਬ ਦੇ ਭਵਿੱਖ ਨੂੰ ਦਾਅ ‘ਤੇ ਲਾ ਦਿੱਤਾ, ਜਿਸ ਦਾ ਨਤੀਜਾ ਨਿਕਲਿਆ ਕਿ ਪਾਰਟੀ ਨੂੰ ਵਿਰੋਧੀ ਧਿਰ ਵਿਚ ਬੈਠਣਾ ਪਿਆ।
ਕੰਵਰ ਸੰਧੂ ਨੇ ਕਿਹਾ ਕਿ 2017 ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀਆਂ ਟਿਕਟਾਂ ਵੇਚੀਆਂ ਗਈਆਂ, ਜਿਸ ਕਾਰਨ ਗਲਤ ਉਮੀਦਵਾਰਾਂ ਨੂੰ ਟਿਕਟਾਂ ਮਿਲੀਆਂ ਤੇ ਪਾਰਟੀ ਦੀ ਹਾਰ ਹੋਈ। ਉਨ੍ਹਾਂ ਕਿਹਾ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਸ ਵਿਚ ਕੌਣ ਕੌਣ ਸ਼ਾਮਿਲ ਸੀ।