Site icon Sikh Siyasat News

“ਬਰਗਾੜੀ ਮੋਰਚੇ” ਵਲੋਂ ਬਾਦਲਾਂ ਵਿਰੁਧ ‘ਰੋਸ ਮਾਰਚ’; ਬਾਦਲਾਂ ਦੇ ਬੂਹੇ ਤੇ ਦਾਦੂਵਾਲ ਤੇ ਖੋਸਾ ਚ ਝੜਪ

ਬਠਿੰਡਾ: ਲੰਘੇ ਦਿਨ (8 ਮਈ ਨੂੰ) ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ “ਬਰਗਾੜੀ ਮੋਰਚੇ” ਦੇ ਨਾਂ ਹੇਠ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁਧ ‘ਰੋਸ ਮਾਰਚ’ ਕੀਤਾ ਗਿਆ। ਇਸ ਦੌਰਾਨ ਜਿੱਥੇ ਆਪਸੀ ਮਤਭੇਦਾਂ ਦੇ ਬਾਵਜੂਦ ਭਾਈ ਧਿਆਨ ਸਿੰਘ ਮੰਡ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇਕੱਠਿਆਂ ਸ਼ਮੂਲੀਅਤ ਕੀਤੀ ਉਥੇ ਬਿਲਕੁਲ ਬਾਦਲਾਂ ਦੇ ਬੂਹੇ ਤੇ ਜਾ ਕੇ ਸਪੀਕਰ ਉੱਤੇ ਬੋਲਣ ਨੂੰ ਲੈ ਕੇ ਬਲਜੀਤ ਸਿੰਘ ਦਾਦੂਵਾਲ ਅਤੇ ਸੁਖਜੀਤ ਸਿੰਘ ਖੋਸਾ ਦਰਮਿਆਨ ਟਕਰਾਅ ਹੋ ਗਿਆ। ਇਸ ਮੌਕੇ ਦੋਵੇਂ ਧਿਰਾਂ ਦੇ ਹਿਮਾਇਤੀ ਅਪਾਸ ਵਿਚ ਉਲਝ ਗਏ ਤੇ ਗੱਲ ਗੱਲੀ-ਬਾਤੀਂ ਤਕਰਾਰ ਤੋਂ ਵਧ ਕੇ ਹੱਥੋ-ਪਾਈ ਤੱਕ ਪਹੁੰਚ ਗਈ।

ਬਲਜੀਤ ਸਿੰਘ ਦਾਦੂਵਾਲ ਅਤੇ ਸੁਖਜੀਤ ਸਿੰਘ ਖੋਸਾ ਦੇ ਹਿਮਾਇਤੀਆਂ ਵਿਚ ਹੋਈ ਝੜਪ ਦਾ ਇਕ ਦ੍ਰਿਸ਼

ਬੇਅਦਬੀ ਦਾ ਦੋਸ਼ ਬਾਦਲਾਂ ਸਿਰ ਧਰ ਕੇ ਇਨ੍ਹਾਂ ਧਿਰਾਂ ਵਲੋਂ ਕੀਤੇ ਜਾ ਰਹੇ ਰੋਸ ਮਾਰਚ ਕਾਰਨ ਜਿਥੇ ਇਕ ਵਾਰ ਬਾਦਲ ਦਲ ਲਈ ਕਸੂਤੀ ਹਾਲਤ ਬਣ ਰਹੀ ਸੀ ਓਥੇ ਆਪਸੀ ਟਕਰਾਅ ਤੋਂ ਬਾਅਦ ਹਾਲਾਤ ਪਲਟ ਗਏ। ਬਾਦਲਾਂ ਤੇ ਉਨ੍ਹਾਂ ਦੇ ਹਿਮਾਇਤੀਆਂ ਲਈ ਨਮੋਸ਼ੀ ਤੇ ਪਰੇਸ਼ਾਨੀ ਦਾ ਸਬੱਬ ਬਣ ਰਿਹਾ ਰੋਸ ਮਾਰਚ ਆਪਸੀ ਕਲੇਸ਼ ਤੋਂ ਬਾਅਦ ਹਾਸੋਹੀਣਤਾ ਦਾ ਪਾਤਰ ਬਣ ਗਿਆ।

ਬਰਗਾੜੀ ਤੋਂ ਬਾਦਲ ਪਿੰਡ ਤੱਕ ਮਾਰਚ ਚ ਕਈ ਜਥੇਬੰਦੀਆਂ ਦੇ ਕਾਰਕੁੰਨ ਸ਼ਾਮਲ ਹੋਏ

ਮਾਰਚ ਦਾ ਇਕ ਦ੍ਰਿਸ਼ (8 ਮਈ, 2019)

ਸਿੱਖ ਜਥੇਬੰਦੀਆਂ ਵਲੋਂ “ਬਾਦਲ ਭਜਾਓ, ਪੰਜਾਬ ਬਚਾਓ” ਦੇ ਨਾਅਰੇ ਹੇਠ ਬਰਗਾੜੀ ਤੋਂ ਬਾਦਲ ਤੱਕ ਕੀਤੇ ਗਏ ਮਾਰਚ ਚ ਯੁਨਾਇਟਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ), ਦਲ ਖਾਲਸਾ, ਪੰਥਕ ਸੇਵਾ ਲਹਿਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾਵਾਂ, ਏਕਨੂਰ ਖਾਲਸਾ ਫੌਜ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੁਝ ਧੜੇ, ਸੁਤੰਤਰ ਅਕਾਲੀ ਦਲ, ਅਕਾਲੀ ਦਲ 1920, ਦਸਤਾਰ ਸਭਾਵਾਂ ਅਤੇ ਭਾਈ ਜਗਤਾਰ ਸਿੰਘ ਹਵਾਰਾਂ ਵਲੋਂ ਬਣਾਈ ਗਈ 21 ਮੈਂਬਰੀ ਕਮੇਟੀ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version