Site icon Sikh Siyasat News

ਦਾਸਤਾਨ ਏ ਮੀਰੀ-ਪੀਰੀ ‘ਤੇ ਰੋਕ ਜਾਂ ਇਸ ਨੂੰ ਜਾਰੀ ਕਰਨ ਦਾ ਰਾਹ ਖੋਲ੍ਹਿਐ? – ਗਿ: ਹਰਪ੍ਰੀਤ ਸਿੰਘ ਦੇ ਬਿਆਨ ਦੀ ਪੜਚੋਲ

ਅੰਮ੍ਰਿਤਸਰ ਸਾਹਿਬ/ ਚੰਡੀਗੜ੍ਹ: ਅੱਜ ਮਿਤੀ 01 ਜੂਨ 2019 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਗਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਬਿਆਨ ਰਾਹੀਂ ਕਿਹਾ ਹੈ ਕਿ “ਦਾਸਤਾਨ-ਏ-ਮੀਰੀ-ਪੀਰੀ ਫਿਲਮ” ਪ੍ਰਬੰਧਕਾਂ ਨੂੰ “ਆਦੇਸ਼” ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਿਲਮ ਸਮੀਖਿਆ ਕਮੇਟੀ ਦੀ ਫਿਲਮ ਸਬੰਧੀ ਮੁਕੰਮਲ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਨਹੀਂ ਪੁੱਜੀ ਇਸ ਲਈ ਜਿਨ੍ਹਾਂ ਚਿਰ ਰਿਪੋਰਟ ਨਹੀਂ ਆਉਂਦੀ ਓਨਾ ਚਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫਿਲਮ “ਦਾਸਤਾਨ ਏ ਮੀਰੀ ਪੀਰੀ” ਉੱਪਰ ਰੋਕ ਲਗਾਈ ਗਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ “ਫਿਲਮ ਪ੍ਰਬੰਧਕ ਫਿਲਮ ਨੂੰ ਜਾਰੀ ਨਾ ਕਰਨ ਅਤੇ ਜੇਕਰ ਉਹ ਜਾਰੀ ਕਰਦੇ ਹਨ ਤਾਂ ਇਸ ਦੇ ਉਹ ਖੁਦ ਜਿੰਮੇਵਾਰ ਹੋਣਗੇ”।

ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਹੈ ਕਿ ‘ਸ਼੍ਰੋ.ਗੁ.ਪ੍ਰ.ਕ. ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਪਹਿਲਾਂ ਹੀ ਕੀਤੇ ਮਤਿਆਂ ਰਾਹੀਂ ਗੁਰੂ ਸਾਹਿਬਾਨ ਦਾ ਕਿਸੇ ਵਿਸ਼ੇਸ਼ ਵਿਅਕਤੀ ਵੱਲੋਂ ਕਿਸੇ ਫਿਲਮ ਜਾਂ ਨਾਟਕ ਵਿਚ ਰੋਲ ਕਰਨਾ ਸਿੱਖ ਸਿਧਾਂਤਾਂ ਦੇ ਵਿਰੁੱਧ ਦਸਿਆ ਹੈ ਅਤੇ ਇਸ ਤੇ ਰੋਕ ਲਗਾਈ ਹੈ। ਇਸ ਲਈ ਗੁਰੂ ਸਾਹਿਬਾਨ ਦੇ ਰੋਲ ਵਾਲੀਆਂ ਫਿਲਮਾਂ ਜਾਂ ਗੁਰੂ ਸਾਹਿਬਾਨ ਦੇ ਚਲੰਤ ਐਨੀਮੇਸ਼ਨ ਬਣਾਉਣ ਦੀ ਇਜ਼ਾਜ਼ਤ ਕਿਸੇ ਕੀਮਤ ਉੱਤੇ ਨਹੀਂ ਦਿੱਤੀ ਜਾ ਸਕਦੀ ਪ੍ਰੰਤੂ ਸਿੱਖ ਇਤਿਹਾਸ ਦੇ ਸੂਰਬੀਰ ਯੋਧਿਆਂ ਜਾਂ ਬੰਦਗੀ ਵਾਲੀਆਂ ਰੂਹਾਂ ਉੱਪਰ ਚਲੰਤ ਐਨੀਮੇਸ਼ਨ ਬਣਾਉਣ ਜਾਂ ਨਾ ਬਣਾਉਣ ਬਾਰੇ ਗੁਰੂ ਪੰਥ ਦੀਆਂ ਪੰਥਕ ਸੰਸਥਾਵਾਂ, ਸੰਪ੍ਰਦਾਵਾਂ ਉਚੇਚ ਕਰਕੇ ਸਿੱਖ ਬੁੱਧੀਜੀਵੀਆਂ, ਚਿੰਤਕਾਂ ਦੀਆਂ ਰਾਵਾਂ ਲੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਭੇਜਣ ਤਾਂ ਜੋ ਇਸ ਸਬੰਧੀ ਭਵਿੱਖ ਵਿਚ ਠੋਸ ਫੈਸਲਾ ਲਿਆ ਜਾ ਸਕੇ’।

ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਭਵਿੱਖ ਵਿਚ ਪੰਥਕ ਮੁੱਦਿਆ ਉੱਪਰ ਸੰਵਾਦ ਰਚਾਉਣ ਦੀ ਵੱਡੀ ਲੋੜ ਹੈ। ਇਸ ਲਈ ਸਿੱਖ ਬੁੱਧੀ ਜੀਵੀ ਯੂਨੀਵਰਸਿਟੀਆਂ, ਕਾਲਜਾਂ ਵਿਚ ਪੜਦੇ ਸਿੱਖ ਨੌਜਵਾਨ ਅੱਗੇ ਆਉਣ ਤਾਂ ਜੋ ਆਪਸੀ ਟਕਰਾਅ ਤੋਂ ਬਚਿਆ ਜਾ ਸਕੇ ਅਤੇ ਮੁਦਿਆ ਦਾ ਹੱਲ ਵੀ ਨਿਕਲੇ।ਗੁਰੂ ਪੰਥ ਬਹੁਤ ਨਾਜੁਕ ਦੌਰ ਵਿਚੋਂ ਗੁਜ਼ਰ ਰਿਹਾ ਹੈ।ਸਿੱਖ ਪ੍ਰੰਪਰਾ ਮਰਿਯਾਦਾਵਾਂ ਅਤੇ ਸਿਧਾਂਤਾ ਨੂੰ ਸੁਰੱਖਿਅਤ ਰੱਖਣ ਲਈ ਪੰਥਕ ਸੰਸਥਾਵਾਂ ਨੂੰ ਮਜਬੂਤ ਕਰਨ ਦੀ ਵੱਡੀ ਲੋੜ ਹੈ।ਇਸ ਲਈ ਕੌਮ ਇੱਕਜੁਟ ਹੋਵੇ।

ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਵਿਚੋਂ 1934 ਅਤੇ 1940 ਦੇ ਮਤਿਆਂ ਦੀਆਂ ਅਹਿਮ ਮੱਦਾਂ ਦਾ ਹਵਾਲਾ ਗਾਇਬ:

ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਿਹਾ ਹੈ ਕਿ “ਗੁਰੂ ਸਾਹਿਬਾਨ ਦੇ ਰੋਲ ਵਾਲੀਆਂ ਫਿਲਮਾਂ ਜਾਂ ਗੁਰੂ ਸਾਹਿਬਾਨ ਦੇ ਚਲੰਤ ਐਨੀਮੇਸ਼ਨ ਬਣਾਉਣ ਦੀ ਇਜ਼ਾਜ਼ਤ ਕਿਸੇ ਕੀਮਤ ਉੱਤੇ ਨਹੀਂ ਦਿੱਤੀ ਜਾ ਸਕਦੀ” ਪਰ ਉਨ੍ਹਾਂ ਨਾਲ ਹੀ ਇਹ ਕਹਿ ਦਿੱਤਾ ਹੈ ਕਿ “ਸਿੱਖ ਇਤਿਹਾਸ ਦੇ ਸੂਰਬੀਰ ਯੋਧਿਆਂ ਜਾਂ ਬੰਦਗੀ ਵਾਲੀਆਂ ਰੂਹਾਂ ਉੱਪਰ ਚਲੰਤ ਐਨੀਮੇਸ਼ਨ ਬਣਾਉਣ ਜਾਂ ਨਾ ਬਣਾਉਣ ਬਾਰੇ ਗੁਰੂ ਪੰਥ ਦੀਆਂ ਪੰਥਕ ਸੰਸਥਾਵਾਂ, ਸੰਪ੍ਰਦਾਵਾਂ ਉਚੇਚ ਕਰਕੇ ਸਿੱਖ ਬੁੱਧੀਜੀਵੀਆਂ, ਚਿੰਤਕਾਂ ਦੀਆਂ ਰਾਵਾਂ ਲੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਭੇਜਣ ਤਾਂ ਜੋ ਇਸ ਸਬੰਧੀ ਭਵਿੱਖ ਵਿਚ ਠੋਸ ਫੈਸਲਾ ਲਿਆ ਜਾ ਸਕੇ”।

ਪਰ ਵਿਚਾਰਨ ਵਾਲੀ ਗੱਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ 1934 ਵਿਚ ਪੰਥ ਦੀਆਂ ਦਾਨਿਸ਼ਵਰ ਸਖਸ਼ੀਅਤਾਂ ਪ੍ਰੋ. ਜੋਧ ਸਿੰਘ, ਪ੍ਰੋ. ਤੇਜਾ ਸਿੰਘ, ਭਾਈ ਧਰਮਾਨੰਤ ਸਿੰਘ, ਜਥੇਦਾਰ ਮੋਹਨ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ ਅਧਾਰਤ ਧਾਰਮਕ ਸਲਾਹਕਾਰ ਕਮੇਟੀ ਵਲੋਂ ਕੀਤੇ ਗਏ 20 ਫਰਵਰੀ 1934 ਵਾਲੇ ਅਤੇ ਮੁੜ ਇਸੇ ਕਮੇਟੀ ਵਲੋਂ 7 ਅਗਸਤ 1940 ਨੂੰ ਕੀਤੇ ਗਏ ਮਤਿਆਂ ਵਿਚਲੀ ਸਿਰਫ ਪਹਿਲੀ ਮਦ “ਗੁਰੂ ਸਾਹਿਬਾਨ” ਦਾ ਜ਼ਿਕਰ ਕੀਤਾ ਗਿਆ ਹੈ ਜਦਕਿ ਬਾਕੀ ਮੱਦਾਂ – ‘ਗੁਰੂ ਪਰਵਾਰ, ਸਿੱਖ ਸ਼ਹੀਦ, ਮਹਾਂਪੁਰਖਾਂ ਅਤੇ ਸਿੱਖ ਸਰੋਕਾਰਾਂ’ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ ਗਿਆ।

ਇਹ ਬਿਆਨ ਚਲੰਤ ਤੇ ਸਥਿਰ ਐਨੀਮੇਸ਼ਨ ਵਿਚ ਫਰਕ ਕਰਕੇ ਬਿਜਲਈ ਬੁੱਤਾਂ ਲਈ ਰਾਹ ਖੋਲ੍ਹ ਰਿਹਾ ਹੈ:

ਦੂਜਾ ਇਸ ਵਿਚ ਗੁਰੂ ਸਾਹਿਬ ਦੀ “ਚਲੰਤ ਐਨੀਮੇਸ਼ਨ” ਦੀ ਮਨਾਹੀ ਕੀਤੀ ਗਈ ਹੈ ਜਿਸ ਨਾਲ ਚਾਰ ਸਾਹਿਬਜ਼ਾਦੇ ਤੇ ਦਾਸਤਾਨ ਏ ਮੀਰੀ ਪੀਰੀ ਵਰਗੀਆਂ ਫਿਲਮਾਂ ਲਈ ਰਾਹ ਖੁੱਲ੍ਹਦਾ ਹੈ ਕਿਉਂਕਿ ਇਨ੍ਹਾਂ ਨੂੰ ਬਣਾਉਣ ਵਾਲੇ ਇਹੀ ਤਰਕ ਤਾਂ ਦਿੰਦੇ ਹਨ ਕਿ ਗੁਰੂ ਸਾਹਿਬ ਦੀ ਇਨ੍ਹਾਂ ਫਿਲਮਾਂ ਵਿਚ ਬਣਾਈ ਗਈ ਐਨੀਮੇਸ਼ਨ ਸਥਿਰ ਹੈ, ਚਲੰਤ ਨਹੀਂ।

ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੀ ਵਿਸਤਾਰਤ ਪੜਚੋਲਇਥੇ ਸਾਂਝੀ ਕਰ ਰਹੇ ਹਾਂ ਕਿ ਕਿਵੇਂ ਗਿਆਨੀ ਹਰਪ੍ਰੀਤ ਸਿੰਘ ਇਸ ਬਿਆਨ ਰਾਹੀਂ ਨਾ ਸਿਰਫ ਚਾਰ ਸਾਹਿਬਜ਼ਾਦੇ ਫਿਲਮ ਨੂੰ ਸ਼੍ਰੋ.ਗੁ.ਪ੍ਰ.ਕ. ਵਲੋਂ ਦਿੱਤੀ ਗਈ ਪ੍ਰਵਾਣਗੀ ਨੂੰ ਬਚਾਉਣ ਦਾ ਯਤਨ ਕਰ ਰਹੇ ਹਨ ਸਗੋਂ ਦਾਸਤਾਨ ਏ ਮੀਰੀ ਪੀਰੀ ਫਿਲਮ ਜਾਰੀ ਕਰਨ ਲਈ ਵੀ ਰਾਹ ਖੋਲ੍ਹਦੇ ਨਜ਼ਰ ਆ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version