ਚੰਡੀਗੜ੍ਹ: ਇੰਡੀਆ ਵੱਲੋਂ ਟਿੱਕਟਾਕ ਸਮੇਤ 59 ਚੀਨੀ ਜੁਗਤਾਂ (ਐਪਾਂ) ਨੂੰ ਰੋਕਣ (ਬਲੌਕ ਕਰਨ) ਦੇ ਐਲਾਨ ਉੱਤੇ ਟਿੱਪਣੀ ਕਰਦਿਆਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪਿ੍ਰਥਵੀਰਾਜ ਚਾਵਨ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ “ਨਮੋ” ਸਿਰਲੇਖ ਵਾਲੀ ਜੁਗਤ (ਐਪ) ਵੀ ਵਰਤੋਂਕਾਰਾਂ ਦੀ ਨਿੱਜਤਾ ਦੀ ਉਲੰਘਣਾ ਕਰਦੀ ਹੈ, ਇਸ ਲਈ ਇਸ ਉੱਤੇ ਵੀ ਰੋਕ ਲੱਗਣੀ ਚਾਹੀਦੀ ਹੈ।
ਜਿਕਰਯੋਗ ਹੈ ਕਿ ਸਰਕਾਰ ਨੇ ਚੀਨੀ ਜੁਗਤਾਂ ਰੋਕਣ ਪਿੱਛੇ ਦੱਸੇ ਕਾਰਨਾਂ ਵਿੱਚ ਇਹ ਗੱਲ ਵੀ ਸ਼ਾਮਿਲ ਕੀਤੀ ਸੀ ਕਿ ਚੀਨੀ ਜੁਗਤਾਂ ਵਰਤੋਂਕਾਰਾਂ ਦੀ ਨਿੱਜਤਾ ਦੀ ਉਲੰਘਣਾ ਕਰਦਿਆਂ ਉਨ੍ਹਾਂ ਦੀ ਜਾਣਕਾਰੀ ਇੰਡੀਆ ਤੋਂ ਬਾਹਰਲੇ ਸਰਵਰਾਂ ਉੱਤੇ ਭੇਜਦੀਆਂ ਸਨ।
ਪਿ੍ਰਥਵੀਰਾਜ ਚਾਵਨ ਨੇ ਕਿਹਾ ਕਿ ਨਮੋ (ਐਪ) ਜੁਗਤ ਵੀ 22 ਸਿਰਲੇਖਾਂ ਹੇਠ ਵਰਤੋਂਕਾਰਾਂ ਦੀ ਨਿੱਜੀ ਜਾਣਕਾਰੀ ਇਕੱਤਰ ਕਰਕੇ ਅਮਰੀਕੀ ਕੰਪਨੀਆਂ ਕੋਲ ਭੇਜਦੀ ਹੈ ਅਤੇ ਇਹ ਜੁਗਤ ਸ਼ੱਕੀ ਤਰੀਕੇ ਨਾਲ ਵਰਤੋਂਕਾਰ ਦੀਆਂ ਨਿੱਜਤਾ ਸੰਬੰਧੀ ‘ਸੈਟਿੰਗਾਂ’ ਨੂੰ ਬਦਲ ਲੈਂਦੀ ਹੈ।