November 14, 2018 | By ਸਿੱਖ ਸਿਆਸਤ ਬਿਊਰੋ
ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਬਾਰ੍ਹਵੀਂ ਦੀ ਸੰਭਾਵੀ ਇਤਿਹਾਸ ਦੀ ਕਿਤਾਬ ਦੇ ਖਰੜੇ ‘ਤੇ ਕਾਂਗਰਸ ਦੀ ਵਿਰੋਧਤਾ ਕਰਨ ਵਾਲੇ ਬਾਦਲਾਂ ਦੀ ਸਰਕਾਰ ਵਲੋਂ ਮਾਨਤਾ ਪ੍ਰਾਪਤ ਇਤਿਹਾਸ ਦੀ ਕਿਤਾਬ ਵੀ ਗੁਰੂ ਸਾਹਿਬਾਨ ਬਾਰੇ ਕੁਫਰ ਹੀ ਤੋਲ ਰਹੀ ਹੈ।ਪੰਜਾਬ ਸਕੂਲ ਸਿਖਿਆ ਬੋਰਡ ਦੁਆਰਾ ਪ੍ਰਵਾਨਿਤ ਇਤਿਹਾਸ ਦੀ ਇਹ ਕਿਤਾਬ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੁਟੇਰਾ ਦੱਸਦੀ ਹੈ ।ਦਸਮੇਸ਼ ਪਿਤਾ ਵਲੋਂ ਖਾਲਸਾ ਸਿਰਜਣਾ ਦੇ ਮਕਸਦ ਨੂੰ ‘ਜੱਟਾਂ ਦੀ ਤਾਕਤ ਨੂੰ ਇੱਕਠਾ ਕਰਨਾ’ ਦੱਸਣ ਵਾਲੀ ਇਹ ਕਿਤਾਬ ਇਸ ਹੱਦ ਤੀਕ ਕੁਫਰ ਤੋਲਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਨਵੀਂ ਸੰਸਥਾ ਕਾਇਮ ਨਹੀ ਕੀਤੀ। ਨਾ ਹੀ ਪਾਤਸ਼ਾਹ ਨੇ ਜਾਤ ਪਾਤ ਦਾ ਖੰਡਨ ਕੀਤਾ ਤੇ ਨਾ ਹੀ ਕਿਸੇ ਹਿੰਦੂਆਂ ਦੀਆਂ ਸਥਾਪਿਤ ਪ੍ਰੰਪਰਾਵਾਂ ਦਾ ਖੰਡਨ ਕੀਤਾ।
ਕੈਪਟਨ ਸਰਕਾਰ ਵਲੋਂ ਪੰਜਾਬ ਸਕੂਲ ਸਿਖਿਆ ਬੋਰਡ ਦੀ +੨ ਦੀ ਇਤਿਹਾਸ ਦੀ ਕਿਤਾਬ ਦੇ ਖਰੜੇ ਵਿੱਚ ਤਰੁੱਟੀਆਂ ਦਾ ਮੁੱਦਾ ਸਾਹਮਣੇ ਆਉਣ ‘ਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਉਸ ਖਰੜਾ ਕਮੇਟੀ ‘ਚੋਂ ਆਪਣੇ ਮੈਂਬਰ ਹੀ ਵਾਪਿਸ ਸੱਦ ਲਏ ਸਨ।ਉਪਰੰਤ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਸਾਂਝੇ ਤੌਰ ਤੇ ਕੈਪਟਨ ਸਰਕਾਰ ਖਿਲਾਫ ਜਿਹਾਦ ਵਿੱਢ ਦਿੱਤਾ ਸੀ। ਕੈਪਟਨ ਸਰਕਾਰ ਨੇ ਵਿਵਾਦਤ ਖਰੜਾ ਵਾਪਿਸ ਲੈਂਦਿਆਂ ਇਤਿਹਾਸ ਦੀ ਉਹੀ ਕਿਤਾਬ ਦੁਬਾਰਾ ਵਿਦਿਆਰਥੀਆਂ ਨੂੰ ਲਗਵਾ ਦਿੱਤੀ ਜੋ ਬਾਦਲ ਸਰਕਾਰ ਦੇ ਰਾਜਭਾਗ ਦੌਰਾਨ ਸਾਲ ੨੦੦੮-੦੯ ਦੇ ਵਿਦਿਅਕ ਸ਼ੈਸ਼ਨ ਤੋਂ ਨਿਰੰਤਰ ਪੜਾਈ ਜਾ ਰਹੀ ਸੀ।
ਪੰਜਾਬ ਸਕੂਲ ਸਿਖਿਆ ਬੋਰਡ ਦੇ ਮੀਮੌ ਨੰਬਰ:ਪਸਸਬ-ਅਕਾ-੨੦੦੮/੨੪ ਮਿਤੀ ੨-੦੧-੨੦੦੮ ਦੁਆਰਾ ਪ੍ਰਵਾਨ ਕੀਤੀ ਤੇ +੨ ਸਕੂਲੀ ਵਿਦਿਆਰਥੀਆਂ ਨੂੰ ਹੁਣ ਵੀ ਪੜਾਈ ਜਾ ਰਹੀ ‘ਮਾਡਰਨ’ਜ਼ –ਏ.ਬੀ.ਸੀ.ਹਿਸਟਰੀ ਆਫ ਦ ਪੰਜਾਬ’,ਨਾਮੀ ਇਹ ਕਿਤਾਬ ਜਲੰਧਰ ਸਥਿਤ ਮਾਡਰਨ ਪਬਲਿਸ਼ਰਜ ਨਾਮੀ ਪ੍ਰਕਾਸ਼ਕ ਦੁਆਰਾ ਛਾਪੀ ਗਈ ਹੈ।ਕਿਤਾਬ ਦੇ ੨੩ਵੇਂ ਤੋਂ ਲੈਕੇ ੨੯ ਵੇਂ ਐਡੀਸ਼ਨ ਦੀਆਂ ਪੁਸਤਕਾਂ, ਵੱਖ-ਵੱਖ ਕਿਤਾਬ ਵੇਚਣ ਵਾਲੀਆਂ ਦੁਕਾਨਾਂ ਅਤੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਅੱਜ-ਕਲ੍ਹ ਵੇਖੀਆਂ ਜਾ ਸਕਦੀਆਂ ਹਨ। ਸਕੂਲ ਸਿਖਿਆ ਬੋਰਡ ਅਧੀਨ ਆਉਂਦੇ ਸਕੂਲਾਂ ਵਿੱਚ ਇਹ ਪੁਸਤਕ ਲਾਗੂ ਹੋ ਜਾਣ ਦੀ ਤਸਦੀਕ ਵੱਡੀ ਗਿਣਤੀ ਸਕੂਲਾਂ ਦੇ ਮੁਖੀ ਅਤੇ ਇਤਿਹਾਸ ਦੇ ਅਧਿਆਪਕ ਕਰ ਵੀ ਚੁੱਕੇ ਹਨ ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਵਿਦਿਅਕ ਅਦਾਰੇ ਵੀ ਸ਼ਾਮਿਲ ਹਨ ।
ਕਿਤਾਬ ਵਿੱਚ “ਗੁਰੂ ਨਾਨਕ ਦੇਵ ਜੀ ਇੱਕ ਕ੍ਰਾਂਤੀਕਾਰੀ ਸਨ” ਸਿਰਲੇਖ ਹੇਠ ਪੰਨਾ ਨੰਬਰ ੫੨ ਤੇ ਦਰਜ ਹੈ ਕਿ ‘ਗੁਰੂ ਨਾਨਕ ਸਾਹਿਬ ਨੇ ਜਾਤੀ ਪ੍ਰਥਾ ਦਾ ਜੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ।ਗੁਰੂ ਨਾਨਕ ਸਾਹਿਬ ਨੇ ਸੰਗਤ ,ਪੰਗਤ ਅਤੇ ਗੁਰਗੱਦੀ ਨੂੰ ਕਾਇਮ ਕਰਨ ਦੀਆਂ ਨਵੀਂਆਂ ਸੰਸਥਾਵਾਂ ਦੀ ਸਥਾਪਨਾ ਕੀਤੀ’ ।ਪੰਨਾ ਨੰਬਰ ੫੩ ਤੇ “ਗੁਰੂ ਨਾਨਕ ਦੇਵ ਜੀ ਇੱਕ ਸੁਧਾਰਕ ਸਨ”ਸਿਰਲੇਖ ਹੇਠ ਦੱਸਿਆ ਗਿਆ ਹੈ ਕਿ ‘ਗੁਰੂ ਨਾਨਕ ਸਾਹਿਬ ਨੇ ਜਾਤੀ ਪ੍ਰਥਾ ਦਾ ਖੰਡਨ ਨਹੀ ਕੀਤਾ ਸਗੋਂ ਜਾਤੀ ਪ੍ਰਥਾ ਨਾਲ ਪੈਦਾ ਹੋਣ ਵਾਲੀ ਈਰਖਾ ਅਤੇ ਸਮਾਜਿਕ ਵੰਡ ਦੀ ਵਿਰੋਧਤਾ ਕੀਤੀ ਸੀ’।ਇਥੇ ਹੀ ਬੱਸ ਨਹੀ, ਪੰਨਾ ਨੰਬਰ ੫੩ ਉੱਤੇ ਲਿਖਿਆ ਗਿਆ ਹੈ ਕਿ ‘ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਹਿੰਦੂਆਂ ਵਿੱਚ ਪ੍ਰਚਲਿਤ ਪ੍ਰਥਾਵਾਂ ,ਜਿਵੇਂ ਕਿ ਵਰਤ ਰੱਖਣੇ, ਤੀਰਥ ਸਥਾਨਾ ਦੀ ਯਾਤਰਾ ਕਰਨੀ, ਘਰ-ਬਾਰ ਤਿਆਗਣਾ,ਸੂਰਜ ਨੂੰ ਪਾਣੀ ਦੇਣਾ, ਬ੍ਰਾਹਮਣਾ ਨੂੰ ਦਾਨ ਦੇਣਾ ਅਤੇ ਉਨ੍ਹਾਂ ਨੂੰ ਭੋਜ ਕਰਾਉਣਾ ,ਗੰਗਾ ਵਿੱਚ ਇਸ਼ਨਾਨ ਕਰਨਾ ਆਦਿ ਦਾ ਪੂਰਨ ਰੂਪ ਵਿੱਚ ਖੰਡਨ ਨਹੀ ਕੀਤਾ।ਉਨ੍ਹਾਂ ਦਾ ਕਹਿਣਾ ਸੀ ਕਿ ਸੱਚੇ ਮਨ ਨਾਲ ਪਰਮਾਤਮਾ ਦੀ ਭਗਤੀ ਕਰਨ ਨਾਲੋਂ ਇਨ੍ਹਾਂ ਪ੍ਰਥਾਵਾਂ ਦੀ ਮਹੱਤਤਾ ਕਿਤੇ ਘੱਟ ਹੈ’।ਕਿਤਾਬ ਦੇ ਇਸੇ ਹਿੱਸੇ ਵਿੱਚ ਡਾਕਟਰ ਆਈ.ਬੀ.ਬੈਨਰਜੀ ਦੇ ਹਵਾਲੇ ਅਨੁਸਾਰ ਦਰਜ ਹੈ ਕਿ ‘ਗੁਰੂ ਨਾਨਕ ਨੇ ਪੁਰਾਣੀਆਂ ਰਵਾਇਤਾਂ ਦੇ ਨਾਸ਼ ਦਾ ਯਤਨ ਨਹੀ ਕੀਤਾ, ਸਗੋਂ ਵੱਧ ਰਹੀ ਸਮੇਂ ਦੀ ਜਰੂਰਤ ਅਨੁਸਾਰ ਉਨ੍ਹਾਂ ਦਾ ਸੁਧਾਰ ਕੀਤਾ’। ਪੰਨਾ ਨੰਬਰ ੫੪ ‘ਤੇ ਦਰਜ ਹੈ ਕਿ ‘ਗੁਰੂ ਨਾਨਕ ਸਾਹਿਬ ਨੇ ਕਿਸੇ ਵੀਂ ਸੰਸਥਾ ਦੀ ਸਥਾਪਨਾ ਨਹੀ ਕੀਤੀ ।ਗੁਰੂ ਸਾਹਿਬ ਦੁਆਰਾ ਸਥਾਪਿਤ ਸੰਗਤ ਸੰਸਥਾ, ਬੋਧੀਆਂ ਦੇ ਸੰਘ ਵਾਂਗ ਸੀ।ਗੁਰਗੱਦੀ ਨੂੰ ਕਾਇਮ ਕਰਨਾ ਵੀ ਕੋਈ ਨਵੀਂ ਸੰਸਥਾ ਨਹੀ ਸੀ ।ਹਿੰਦੂਆਂ ਦੇ ਬਹੁਤ ਸਾਰੇ ਧਾਰਮਿਕ ਧੜਿਆਂ ਵਿੱਚ ਗੁਰਗੱਦੀ ਕਾਇਮ ਕਰਨ ਦੀ ਪ੍ਰਥਾ ਪ੍ਰਚਲਿਤ ਸੀ।ਗੁਰੂ ਨਾਨਕ ਦੇਵ ਜੀ ਦਾ ਉਦੇਸ਼ ਸਮਾਜਿਕ ਅਤੇ ਧਾਰਮਿਕ ਕ੍ਰਾਂਤੀ ਲਿਆਉਣਾ ਨਹੀ ਸੀ।ਉਨ੍ਹਾਂ ਦਾ ਉਦੇਸ਼ ਸਮਾਜ ਵਿੱਚ ਆਈਆਂ ਕੁਰੀਤੀਆਂ ਨੂੰ ਦੂਰ ਕਰਨਾ ਤੇ ਉਸਨੂੰ ਚੰਗੇਰਾ ਬਣਾਉਣਾ ਸੀ’।
ਕਿਤਾਬ ਦੇ ਪੰਨਾ ਨੰਬਰ ੬੭ ਤੇ ਬਾਦਸ਼ਾਹ ਅਕਬਰ ਦਾ ਗੋਇੰਦਵਾਲ ਸਾਹਿਬ ਆਣ ਦਾ ਜਿਕਰ ਕਰਦਿਆਂ ਦੱਸਿਆ ਗਿਆ ਹੈ ਕਿ ‘ਲੰਗਰ ਪ੍ਰਬੰਧ ਨੂੰ ਚਲਾਉਣ ਲਈ ਉਸਨੇ (ਅਕਬਰ) ਨੂੰ ਕੁਝ ਪਿੰਡਾਂ ਦੀ ਜਾਗੀਰ ਦੀ ਪੇਸ਼ਕਸ਼ ਕੀਤੀ।ਗੁਰੂ ਜੀ ਨੇ ਇਸ ਜਾਗੀਰ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ।—-ਅਕਬਰ ਨੇ ਇਹ ਜਾਗੀਰ ਗੁਰੂ ਸਾਹਿਬ ਦੀ ਸਪੁੱਤਰੀ ਬੀਬੀ ਭਾਨੀ ਜੀ ਦੇ ਨਾਂ ਲਗਾ ਦਿੱਤੀ ।ਬਾਅਦ ਵਿੱਚ ਇਸੇ ਜਮੀਨ ਤੇ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ’।
ਕਿਤਾਬ ਦੇ ਪੰਨਾਂ ਨੰਬਰ ੧੦੫ ਅਤੇ ੧੧੪ ਤੇ ਲੇਖਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦਾਂ ਦੇ ਸਿਰਤਾਜ ਅਤੇ ਹਿੰਦ ਦੀ ਚਾਦਰ ਲਿਖਦਾ ਹੈ।ਜਦੋਂ ਕਿ ਸਮੁੱਚਾ ਸਿੱਖ ਜਗਤ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ ਵਜੋਂ ਵੇਖਦਾ ਤੇ ਸਤਿਕਾਰਦਾ ਹੈ।ਇਸੇ ਕਿਤਾਬ ਦੇ ਪੰਨਾਂ ਨੰਬਰ ੧੧੩ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਰਾਜਸੀ ਕਾਰਣਾਂ ਕਰਕੇ ਹੋਈ ਸ਼ਹੀਦੀ ਦੱਸਦਿਆਂ ਲਿਖਿਆ ਗਿਆ ਹੈ ‘ਮੁਹੰਮਦ ਲਤੀਫ ਦਾ ਕਹਿਣਾ ਹੈ ਕਿ ‘ਬੰਗਾਲ ਦੀ ਯਾਤਰਾ ਤੋਂ ਬਾਅਦ ਗੁਰੂ ਸਾਹਿਬ ਵਿਦਰੋਹੀ ਹੋ ਗਏ ਸਨ।ਉਨ੍ਹਾਂ ਨੇ ਦੇਸ਼ ਵਿੱਚ ਭਾਰੀ ਲੁੱਟ ਮਚਾ ਰੱਖੀ ਸੀ ਅਤੇ ਹਾਂਸੀ ਤੋਂ ਲੈਕੇ ਦਰਿਆ ਸਤਲੁਜ ਵਿਚਾਲੇ ਦਾ ਸਾਰਾ ਪ੍ਰਦੇਸ਼ ਉਜਾੜ ਕੇ ਰੱਖ ਦਿੱਤਾ’।ਗੁਲਾਮ ਹੂਸੈਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ‘ਗੁਰੂ ਜੀ ਨੇ ਆਪਣੇ ਹਜਾਰਾਂ ਹਥਿਆਰਬੰਦ ਪੈਰੋਕਾਰਾਂ ਨਾਲ ਮਿਲ ਕੇ ਲੁੱਟ ਮਾਰ ਸ਼ੁਰੂ ਕਰ ਦਿੱਤੀ’ ।ਇਹ ਵੀ ਲਿਖਿਆ ਗਿਆ ਹੈ ਕਿ ਇਸੇ ਕਰਕੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਭੇਜ ਦਿੱਤਾ ਗਿਆ।ਇਥੇ ਗੁਰੂ ਜੀ ਦੇ ਚਾਰ ਟੁਕੜੇ ਕਰ ਕੇ ਕਿਲ੍ਹੇ ਦੇ ਚਾਰੇ ਦਰਵਾਜਿਆਂ ਤੇ ਲਟਕਾ ਦਿੱਤੇ ਗਏ’। ਡਾ:ਇੰਦੂ ਭੂਸ਼ਣ ਬੈਨਰਜੀ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ‘ਗੁਰੂ ਤੇਗ ਬਹਾਦਰ ਸਾਹਿਬ ਖੁੱਦ ਨੂੰ ਤੇਗ ਬਹਾਦਰ ਦੀ ਥਾਂ ਦੇਗ ਬਹਾਦਰ ਅਖਵਾਉਣਾ ਪਸੰਦ ਕਰਦੇ ਸਨ’।
ਖਾਲਸਾ ਪੰਥ ਦੀ ਸਿਰਜਣਾ ਕਿਉਂ ਕੀਤੀ ਗਈ ਸਿਰਲੇਖ ਤਹਿਤ ਦੱਸਿਆ ਹੈ ਕਿ ‘ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਵੱਡੀ ਗਿਣਤੀ ਵਿੱਚ ਜੱਟ ਸਿੱਖ ਧਰਮ ਵਿੱਚ ਸ਼ਾਮਿਲ ਹੋਣੇ ਸ਼ੁਰੂ ਹੋ ਗਏ ।ਜੱਟ ਸੁਭਾਅ ਤੋਂ ਹੀ ਲੜਾਈ ਪਸੰਦ ਸਨ।—-ਗੁਰੂ ਗੋਬਿੰਦ ਸਿੰਘ ਜੀ ਅਜੇਹੇ ਯੋਧਿਆਂ ਦਾ ਸਹਿਯੋਗ ਪ੍ਰਾਪਤ ਕਰਨਾ ਚਾਹੁੰਦੇ ਸਨ ਜਿਸ ਕਾਰਨ ਉਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਨਾ ਕੀਤੀ’। ਦਸਮੇਸ਼ ਪਿਤਾ ਦਾ ਥਾਪੜਾ ਪ੍ਰਾਪਤ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ ਦਾ ਜਿਕਰ ਕਰਦਿਆਂ ਕਿਤਾਬ ਦੇ ਪੰਨਾਂ ਨੰਬਰ ੧੪੬ ਤੇ ਦਰਜ ਹੈ ਕਿ ‘ਮੁਸਲਿਮ ਇਤਿਹਾਸਕਾਰਾਂ ਜਿਵੇਂ ਕਿ ਗੁਲਾਮ ਮੁਹੱਈਉਦੀਨ ,ਖਾਫੀ ਖਾਂ ਅਤੇ ਸੱਯਦ ਮੁਹੰਮਦ ਲਤੀਫ ਨੇ ਬੰਦਾ ਸਿੰਘ ਬਹਾਦਰ ਨੂੰ ਇੱਕ ਜਾਲਮ ਖੂਨ ਚੂਸਣ ਵਾਲਾ ਰਾਖਸ਼ਸ਼ ਅਤੇ ਨਿਰਦਈ ਹਤਿਆਰਾ ਦੱਸਿਆ ਹੈ —-ਉਸਨੇ ਹਜਾਰਾਂ ਹੀ ਨਿਰਦੋਸ਼ ਮੁਸਲਮਾਨਾਂ ਦਾ ਕਤਲੇਆਮ ਕੀਤਾ ਅਤੇ ਇਸਤਰੀਆਂ ਦੀ ਬੇਪੱਤੀ ਕੀਤੀ’।
ਸਿੱਖ ਇਤਿਹਾਸ ਪ੍ਰਤੀ ਚਿੰਤਤ ਨਜਰ ਆ ਰਹੀ ਸ਼੍ਰੋਮਣੀ ਕਮੇਟੀ ਅਤੇ ਬਾਦਲ ਪਰਿਵਾਰ ਇਸ ਕਿਤਾਬ ਦੇ ਲੇਖਕ aਤੇ ਪ੍ਰਕਾਸ਼ਕ ਖਿਲਾਫ ਕੀ ਕਾਰਵਾਈ ਕਰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਇਹ ਜਰੂਰ ਹੈ ਕਿ ਇੱਸ ਕਿਤਾਬ ਨੂੰ ਮਾਨਤਾ ਦੇਕੇ ਸਕੂਲਾਂ ਵਿੱਚ ਲਗਵਾਉਣ ਦੀ ਸ਼ੁਰੂਆਤ ਸ.ਪ੍ਰਕਾਸ਼ ਸਿੰਘ ਬਾਦਲ ਦੇ ਮੁਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਦੇ ਉਪ ਮੁੱਖ ਮੰਤਰੀ ਰਹਿੰਦਿਆਂ ਹੀ ਹੋਈ ਤੇ ਇਹ ਕਿਤਾਬ ਸਾਲ ੨੦੧੭ ਤੀਕ ਜਾਰੀ ਰਹੀ ।ਜਿਕਰ ਕਰਨਾ ਜਰੂਰੀ ਹੈ ਕਿ ਕਿਤਾਬ ਵਿੱਚ ਕੁਝ ਬਦਲਾਅ ਕਰਨ ਦੀ ਕਾਵਇਦ ਵੀ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ ੨੦੧੪ ਵਿੱਚ ਹੋਈ ਸੀ ਅਪ੍ਰੈਲ ੨੦੧੭ ਵਿੱਚ ਹੀ ਬਾਦਲ ਦਲ ਨੇ ਇਹ ਚੁੱਕਿਆ ਸੀ ਕਿ ਕੈਪਟਨ ਸਰਕਾਰ ਇਤਿਹਾਸ ਦੀ ਕਿਤਾਬ ਦੇ ਕੁਝ ਅਹਿਮ ਚੈਪਟਰ ਬਦਲ ਰਹੀ ਹੈ।ਇਤਿਹਾਸ ਦੀ ਕਿਤਾਬ ਦਾ ਰੌਲਾ ਇਸ ਕਦਰ ਅੱਗੇ ਵਧਾ ਦਿੱਤਾ ਗਿਆ ਕਿ ਕੈਪਟਨ ਸਰਕਾਰ ਨੇ ਇਤਿਹਾਸ ਦੀ ਉਹੀ ਕਿਤਾਬ ਵਾਪਿਸ ਸਕੂਲਾਂ ਵਿੱਚ ਦੁਬਾਰਾ ਲਗਵਾ ਦਿੱਤੀ ਜੋ ਬਾਦਲਾਂ ਦੇ ਰਾਜ ਭਾਗ ਦੌਰਾਨ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਸਾਲ ੨੦੦੮ ਵਿੱਚ ਪ੍ਰਵਾਨਿਤ ਕੀਤੀ ਗਈ ਤੇ ਸਾਲ ੨੦੧੭ ਵਿੱਚ ਬਾਦਲਾਂ ਦਾ ਰਾਜ ਭਾਗ ਜਾਣ ਤੀਕ ਲਾਗੂ ਰਹੀ।
Related Topics: Badal Dal, Congress Government in Punjab 2017-2022, Distortion of Sikh History in PSEB Class 12 Books, Parkash Singh Badal