ਬੁਢਲਾਡਾ: ਅੱਜ ਦੇ ਕੁਝ ਅਖਬਾਰਾਂ ਵਿੱਚ ਛਪੀਆਂ ਖਬਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਬੰਦਿਆਂ ਨੇ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਨਹੀਂ। ਇਹ ਗੱਲ ਵੱਡੇ ਬਾਦਲ ਨੇ ਬੀਤੇ ਕੱਲ ਬੁਢਲਾਡਾ ਨੇੜੇ ਬਾਦਲ ਦਲ ਦੇ ਆਗੂ ਬਲਮ ਸਿੰਘ ਤੇ ਹਰਮੇਲ ਸਿੰਘ ਕਲੀਪੁਰੀਆਂ ਦੇ ਘਰ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਅਖਬਾਰੀ ਖਬਰਾਂ ਮੁਤਾਬਕ ਬਾਦਲ ਨੇ ਇਹ ਵੀ ਕਿਹਾ ਕਿ ਬੇਅਦਬੀ ਦਾ ਦੁੱਖ ਸਾਰਿਆਂ ਨੂੰ ਹੈ, ਪਰ ਸਭ ਤੋਂ ਵੱਡਾ ਦੁੱਖ ਉਸ ਨੂੰ ਹੈ।
ਸਾਬਕਾ ਮੁੱਖ ਮੰਤਰੀ ਨੇ ਇਸ ਮੌਕੇ ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਕਾਲ ਤਖ਼ਤ ’ਤੇ ਇੰਦਰਾ ਗਾਂਧੀ ਨੇ ਟੈਂਕ ਖ਼ੁਦ ਚੜ੍ਹਵਾਏ ਸਨ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਸਥਾਨ ਇਕੱਲੇ ਸਿੱਖਾਂ ਦਾ ਨਹੀਂ, ਬਲਕਿ ਪੂਰੀ ਦੁਨੀਆਂ ਦਾ ਹੈ, ਜਿਸ ਦੀ ਨੀਂਹ ਮੀਆਂ ਮੀਰ ਨੇ ਰੱਖੀ ਸੀ। ਇਸ ਹਵਾਲੇ ਨੂੰ ਵਰਤ ਕੇ ਆਪਣੇ ਆਪ ਨੂੰ ਬੇਅਦਬੀ ਮਾਮਲਿਆਂ ਦੇ ਦੋਸ਼ ਤੋਂ ਬਰੀ ਕਰਨ ਲਈ ਅਤੇ ਇਹ ਜਚਾਉਣ ਲਈ ਕਿ ਬੇਅਦਬੀ ਮਾਮਲੇ ਸਿਰਫ ਕਾਂਗਰਸ ਵੱਲੋਂ ਹੀ ਚੁੱਕੇ ਜਾ ਰਹੇ ਹਨ, ਬਾਦਲ ਨੇ ਕਿਹਾ ਕਿ ਪਵਿੱਤਰ ਸਥਾਨ ’ਤੇ ਫ਼ੌਜੀ ਹਮਲਾ ਕਰਨ ਵਾਲੇ ਅਤੇ ਟੈਂਕ ਚੜ੍ਹਾਉਣ ਵਾਲੇ ਹੀ ਅੱਜ ਬੇਅਦਬੀ ਦੀਆਂ ਗੱਲਾਂ ਕਰ ਰਹੇ ਹਨ।
ੳਸਨੇ ਕਿਹਾ ਕਿ ਪੰਜਾਬ ਵਿੱਚ ਜਿੱਥੇ ਵੀ ਬੇਅਦਬੀ ਹੋਈ ਹੈ, ਉਹ ਬੰਦਿਆਂ ਨੇ ਕੀਤੀ ਸੀ ਅਤੇ ਉਸ ਦੀ ਜਾਂਚ ਲਈ ਉਹਦੀ ਸਰਕਾਰ ਨੇ ‘ਸਿਟ’ ਕਾਇਮ ਕੀਤੀ ਸੀ, ਉਹੀ ‘ਸਿਟ’ ਹੁਣ ਕਾਂਗਰਸ ਨੇ ਬਣਾਈ ਹੈ।
ਪੰਜਾਬੀ ਟ੍ਰਿਿਬਊਨ ਵਿੱਚ ਲੱਗੀ ਇਕ ਖਬਰ ਨੇ ਤਾਂ ਇਹ ਵੀ ਦੱਸਿਆ ਹੈ ਕਿ ਇਸ ਮੌਕੇ ਬਾਦਲ ਨੇ ਇਹ ਵੀ ਦਾਅਵਾ ਕਰ ਦਿੱਤਾ ਕਿ ਉਸ ਨੇ “ਸਾਰੀ ਜ਼ਿੰਦਗੀ ਪੰਜਾਬ ਦੇ ਹਿੱਤਾਂ ਲਈ ਜੇਲ੍ਹਾਂ ਕੱਟਦਿਆਂ ਲੰਘਾਈ ਹੈ”।
ਬਾਦਲ ਦਲ ਦੇ ਆਗੂ ਰਹੇ ਰਣਜੀਤ ਸਿੰਘ ਬ੍ਰਹਮਪੁਰਾ ਵੱਲੋੋਂ ਸੁਖਬੀਰ ਸਿਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਤਿੱਖੇ ਸ਼ਬਦੀ ਹਮਲੇ ਕਰਨ ਬਾਰੇ ਕਿਹਾ ਕਿ “ਗਿਲੇ ਸ਼ਿਕਵੇ ਤਾਂ ਹੁੰਦੇ ਹਨ, ਪਰ ਆਗੂਆਂ ਨੂੰ ਜ਼ੁਬਾਨ ਸੰਭਾਲ ਕੇ ਬੋਲਣਾ ਚਾਹੀਦਾ ਹੈ”।
ਜ਼ਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਵੱਲੋਂ ਬੇਅਦਬੀ ਮਾਮਲਿਆਂ ਅਤੇ ਸਾਕਾ ਬਹਿਬਲ ਕਲਾਂ ਬਾਰੇ ਕੀਤੀ ਗਈ ਜਾਂਚ ਦਾ ਲੇਖਾ ਜਨਤਕ ਹੋਣ ਤੋਂ ਬਾਅਦ ਇਹਨਾਂ ਮਾਮਲਿਆਂ ਪਿੱਛੇ ਬਾਦਲਾਂ ਦਾ ਹੱਥ ਸਿੱਧ ਹੋਇਆ ਹੈ। ਭਾਵੇਂ ਕਿ ਬਾਦਲ ਮੌਜੂਦਾ ਸਰਕਾਰ ਦੇ ਮੁਖੀ ਅਮਰਿੰਦਰ ਸਿੰਘ ਨਾਲ ਆਪਣੇ ‘ਗੁਪਤ’ ਸਮਝੌਤੇ ਤਹਿਤ ਕਾਰਵਾਈ ਤੋਂ ਬਚਦੇ ਆ ਰਹੇ ਹਨ ਪਰ ਲੋਕ ਸੱਥ ਵਿੱਚ ਉਹ ਇਸ ਵੇਲੇ ਨਕਾਰੇ ਤੇ ਦੁਰਕਾਰੇ ਜਾ ਰਹੇ ਹਨ।