ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹਾਲ ਹੀ ਵਿੱਚ ਪਾਰਟੀ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰਨ ਤੋਂ ਬਾਅਦ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਬਾਦਲ ਦਲ ਦੇ ਰਾਜਸੀ ਫ਼ੈਸਲੇ ਲੈਣ ਵਾਲੀ ਇਸ ਕਮੇਟੀ ਦੀ ਮੀਟਿੰਗ ਵਿਧਾਨ ਸਭਾ ਚੋਣਾਂ ਤੋਂ ਫ਼ੌਰੀ ਬਾਅਦ ਇਕ ਵਾਰ ਹੋਈ ਸੀ ਤੇ ਉਸ ਦੌਰਾਨ ਵੀ ਪਾਰਟੀ ਆਗੂਆਂ ਦਰਮਿਆਨ ਵਿਧਾਨ ਸਭਾ ਚੋਣਾਂ ਵਿੱਚ ਨਮੋਸ਼ੀ ਭਰੀ ਹਾਰ ਨੂੰ ਲੈ ਕੇ ਤਿੱਖੇ ਮੱਤਭੇਦ ਉਭਰੇ ਸਨ। ਸੂਬੇ ਵਿੱਚ ਕਾਂਗਰਸ ਸਰਕਾਰ ਦੇ ਬਣਨ ਤੋਂ ਬਾਅਦ ਜਥੇਬੰਦਕ ਢਾਂਚਾ ਭੰਗ ਕਰਨ ਕਰ ਕੇ ਬਾਦਲ ਦਲ ਦੀਆਂ ਸਿਆਸੀ ਸਰਗਰਮੀਆਂ ਲਗਭਗ ਠੱਪ ਪਈਆਂ ਹਨ। ਪਾਰਟੀ ਵੱਲੋਂ ਜ਼ਰੂਰੀ ਸਰਗਰਮੀਆਂ ਲਈ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ’ਚ ਮਿਲੀ ਨਮੋਸ਼ੀਜਨਕ ਹਾਰ ਕਰ ਕੇ ਪਾਰਟੀ ਦੇ ਸੀਨੀਅਰ ਆਗੂ ਨਿਰਾਸ਼ਾ ਹਨ। ਸੂਬੇ ਦੇ ਚਾਰ ਵੱਡੇ ਸ਼ਹਿਰਾਂ ’ਚ ਨਗਰ ਨਿਗਮ ਦੀਆਂ ਚੋਣਾਂ ਵੀ ਸਿਰ ’ਤੇ ਹਨ।
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਨਵੀਂ ਕਮੇਟੀ ਵਿੱਚ ਚਾਰ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਪਾਰਟੀ ਪ੍ਰਧਾਨ ਦੇ ਸਾਲੇ ਬਿਕਰਮ ਸਿੰਘ ਮਜੀਠੀਆ, ਬਰਨਾਲਾ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਬਲਦੇਵ ਸਿੰਘ ਮਾਨ, ਸ਼ਰਨਜੀਤ ਸਿੰਘ ਢਿੱਲੋਂ ਅਤੇ ਸੁਰਜੀਤ ਸਿੰਘ ਰੱਖੜਾ ਦੇ ਨਾਮ ਸ਼ਾਮਲ ਹਨ। ਕਮੇਟੀ ਦੇ ਬਾਕੀ ਮੈਂਬਰਾਂ ਵਿੱਚ ਪਹਿਲਾਂ ਵਾਲੇ ਆਗੂ ਹੀ ਸ਼ਾਮਲ ਹਨ।
ਇਨ੍ਹਾਂ ਵਿੱਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਤੋਤਾ ਸਿੰਘ, ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬਲਵਿੰਦਰ ਸਿੰਘ ਭੂੰਦੜ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਲੰਗਾਹ, ਜਥੇਦਾਰ ਅਜੀਤ ਸਿੰਘ ਕੋਹਾੜ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਸੇਵਾ ਸਿੰਘ ਸੇਖਵਾਂ, ਬੀਬੀ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ, ਗੁਲਜ਼ਾਰ ਸਿੰਘ ਰਣੀਕੇ, ਹਰੀ ਸਿੰਘ ਜ਼ੀਰਾ ਤੇ ਅਵਤਾਰ ਸਿੰਘ ਹਿੱਤ ਦੇ ਨਾਮ ਸ਼ਾਮਲ ਹਨ। ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵਾਂਗ ਪਾਰਟੀ ਦੀ ਕੋਰ ਕਮੇਟੀ ਦੀ ਸਰਪ੍ਰਸਤੀ ਕਰਦੇ ਰਹਿਣਗੇ। ਨਵੀਂ ਬਣੀ ਕੋਰ ਕਮੇਟੀ ਦੀ ਪਹਿਲੀ ਮੀਟਿੰਗ 3 ਜੂਨ ਨੂੰ ਜਲੰਧਰ ਵਿੱਚ ਹੋਵੇਗੀ। ਇਸੇ ਦਿਨ ਬਾਦਲ ਦਲ ਅਤੇ ਭਾਜਪਾ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਵੀ ਹੋਵੇਗੀ।