Site icon Sikh Siyasat News

ਦਿੱਲੀ ਗੁਰਦੁਆਰਾ ਚੋਣਾਂ ’ਚ ਬਾਦਲ ਦਲ ਦਾ ਕਬਜ਼ਾ ਬਰਕਰਾਰ; ਸਰਨਾ ਦੀ ਲਗਾਤਾਰ ਦੂਜੀ ਹਾਰ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਬਾਦਲ ਦਲ ਦਾ ਕਬਜ਼ਾ ਮੁੜ ਕਾਇਮ ਰਿਹਾ ਹੈ। ਬਾਦਲ ਦਲ ਨੇ ਕੁੱਲ 46 ਵਿੱਚੋਂ 35 ਵਾਰਡ ਜਿੱਤ ਲਏ ਹਨ। ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ 7 ਸੀਟਾਂ ਨਾਲ ਸਬਰ ਕਰਨਾ ਪਿਆ ਹੈ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਸਰਪ੍ਰਸਤੀ ਵਾਲੀ ਅਕਾਲ ਸਹਾਇ ਵੈੱਲਫੇਅਰ ਸੁਸਾਇਟੀ ਨੂੰ ਦੋ ਅਤੇ ਦੋ ਆਜ਼ਾਦ ਉਮੀਦਵਾਰ ਜਿੱਤੇ ਹਨ। ਬਾਕੀ ਕਿਸੇ ਹੋਰ ਦਲ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਆਜ਼ਾਦ ਉਮੀਦਵਾਰਾਂ ਵਜੋਂ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰਾਂ ਗੁਰਮੀਤ ਸਿੰਘ ਸ਼ੰਟੀ ਤੇ ਕਾਂਗਰਸੀ ਆਗੂ ਤਰਵਿੰਦਰ ਸਿੰਘ ਮਰਵਾਹ ਨੇ ਜਿੱਤ ਹਾਸਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਹਾਰ ਦੇ ਕਾਰਨਾਂ ਦੀ ਪੜਚੋਲ ਕਰਾਂਗੇ।

ਜਿੱਤ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.

ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਇਹ ਲਗਾਤਾਰ ਦੂਜੀ ਹਾਰ ਹੈ। 2013 ’ਚ 8 ਸੀਟਾਂ ਜਿੱਤਣ ਵਾਲੇ ਇਸ ਦਲ ਦੇ ਇਸ ਵਾਰ 7 ਉਮੀਦਵਾਰ ਹੀ ਜਿੱਤੇ ਹਨ। ਇਸ ਧੜੇ ਦੇ ਮੁੱਖ ਆਗੂ ਹਾਰ ਗਏ ਹਨ, ਜਿਨ੍ਹਾਂ ਵਿੱਚ ਪਰਮਜੀਤ ਸਿੰਘ ਸਰਨਾ, ਭਜਨ ਸਿੰਘ ਵਾਲੀਆ, ਤਰਸੇਮ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਹੈੱਡਮਾਸਟਰ ਸੁੱਚਾ ਸਿੰਘ, ਗੁਰਚਰਨ ਸਿੰਘ ਗੱਤਕਾ ਮਾਸਟਰ, ਪ੍ਰਭਜੀਤ ਸਿੰਘ ਜੀਤੀ ਤੇ ਹਰਜਿੰਦਰ ਸਿੰਘ ਖੰਨਾ ਸ਼ਾਮਲ ਹਨ।

ਦਿੱਲੀ ਦੀ ਸਿੱਖ ਸਿਆਸਤ ’ਚ ਤੀਜੀ ਧਿਰ ਵਜੋਂ ਉਭਰਨ ਦੀ ਕੋਸ਼ਿਸ਼ ਕਰਨ ਵਾਲੇ ਪੰਥਕ ਸੇਵਾ ਦਲ ਦੇ ਉਮੀਦਵਾਰਾਂ ਗੁਰਦੇਵ ਸਿੰਘ (ਰਮੇਸ਼ ਨਗਰ ਵਾਰਡ), ਕੋ-ਕਨਵੀਨਰ ਸੰਗਤ ਸਿੰਘ (ਕਾਲਕਾਜੀ ਵਾਰਡ), ਹਰਪਾਲ ਸਿੰਘ (ਜੰਗਪੁਰਾ ਵਾਰਡ), ਖੁਰੇਜੀ ਖਾਸ ਵਾਰਡ ਤੋਂ ਜਗਤਾਰ ਸਿੰਘ ਤੇ ਪ੍ਰੀਤ ਵਿਹਾਰ ਤੋਂ ਚਰਨ ਸਿੰਘ ਉਹ ਉਮੀਦਵਾਰ ਹਨ ਜੋ ਦੂਜੇ ਸਥਾਨ ‘ਤੇ ਆਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version