ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚੋਂ ਸ਼੍ਰੋਮਣੀ ਅਕਾਲੀ ਦਲ-ਬਾਦਲ (ਸ਼੍ਰੋ.ਅ.ਦ.-ਬ) ਨੂੰ ਚਾਹ ਵਿਚੋਂ ਮੱਖੀ ਵਾਙ ਕੱਢ ਕੇ ਬਾਹਰ ਮਾਰਿਆ ਹੈ। ਭਾਵੇਂ ਕਿ ਬਾਦਲਾਂ ਲਈ ਇਹ ਹੋਣੀ ਕੋਈ ਅਣਕਿਆਸੀ ਤਾਂ ਨਹੀਂ ਹੋਵੇਗੀ ਪਰ ਜਿਸ ਢੰਗ ਨਾਲ ਇਹ ਵਾਪਰੀ ਹੈ ਉਸ ਨਾਲ ਸੁਖਬੀਰ ਬਾਦਲ ਦੀ ਸਲਤਨਤ ’ਚ ਭੁਚਾਲ ਜਿਹੇ ਝਟਕੇ ਤਾਂ ਜਰੂਰ ਮਹਿਸੂਸ ਹੋਏ ਹੋਣਗੇ।
ਅਜੇ ਤਾਂ ਸੁਖਬੀਰ ਬਾਦਲ ਦੇ ਦਿੱਲੀ ਵਿਚ ਭੇਜੇ ਸੈਨਾਪਤੀ ਬਲਵਿੰਦਰ ਭੂੰਦੜ ਦਾ ਬਿਆਨ ਵੀ ਚੰਗੀ ਤਰ੍ਹਾਂ ਨਸ਼ਰ ਨਹੀਂ ਸੀ ਹੋਇਆ ਕਿ ਆਪਣੇ ਉਮੀਦਵਾਰਾਂ ਨੂੰ ਸ਼੍ਰੋ.ਅ.ਦ. (ਬ) ਦੇ ਚੋਣ ਨਿਸ਼ਾਨ ਉੱਤੇ ਚੋਣ ਲੜਾਉਣ ਬਾਰੇ ਉਹਨਾਂ ਦੀ ਭਾਜਪਾ ਨਾਲ ਗੱਲ ਚੱਲ ਰਹੀ ਹੈ ਕਿ ਭਾਜਪਾ ਆਗੂ ਮਨੋਜ ਤਿਵਾੜੀ ਨੇ ਪੱਤਰਕਾਰ ਮਿਲਣੀ ਕਰਕੇ ਐਲਾਨ ਕਰ ਦਿੱਤਾ ਕਿ ਭਾਜਪਾ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਜਨਤਾ ਦਲ (ਯੁਨਾਇਟਡ) ਅਤੇ ਲੋਕ ਜਨਸ਼ਕਤੀ ਪਾਰਟੀ ਨਾਲ ਗਠਜੋੜ ਕਰਕੇ ਲੜ ਰਹੀ ਹੈ।
ਜਦੋਂ ਭਾਜਪਾ ਨੇ ਗਠਜੋੜ ਵਿਚ ਬਾਦਲਾਂ ਦੇ ਦਲ ਦਾ ਜ਼ਿਕਰ ਕਰਨਾ ਵੀ ਜਰੂਰੀ ਨਾ ਸਮਝਿਆ ਤਾਂ ਮਨਜਿੰਦਰ ਸਿੰਘ ਸਿਰਸਾ ਨੇ ਕਾਹਲੀ ਵਿਚ ਪੱਤਰਕਾਰ ਮਿਲਣੀ ਬੁਲਾ ਕੇ ਐਲਾਨ ਕਰ ਦਿੱਤਾ ਕਿ ਸ਼੍ਰੋ.ਅ.ਦ. (ਬ) ਚੋਣ ਨਹੀਂ ਲੜੇਗਾ। ਕਾਰਨ ਇਹ ਦੱਸਿਆ ਕਿ ਅਖੇ ਸਾਂਝੀਵਾਲਤਾ ਦਾ ਹਾਮੀ ਹੋਣ ਕਰਕੇ ਬਾਦਲਾਂ ਦਾ ਦਲ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਰਾਹੀਂ ਮੁਸਲਮਾਨਾਂ ਨਾਲ ਕੀਤੇ ਵਿਤਕਰੇ ਦਾ ਵਿਰੋਧ ਕਰਦਾ ਹੈ ਇਸ ਲਈ ਦਿੱਲੀ ਦੀਆਂ ਚੋਣਾਂ ਨਹੀਂ ਲੜਾਂਗੇ। ਹਾਥ ਨਾ ਪਹੁੰਚੇ, ਥੂ ਕੌੜੀ।
ਬਾਦਲਾਂ ਨਾਲ ਇੰਨੀ ਬੁਰੀ ਕਿਉਂ ਹੋ ਰਹੀ ਹੈ?
ਅਸਲ ਵਿਚ ਦਿੱਲੀ ਸਲਤਨਤ (ਇੰਡੀਅਨ ਸੇਟਟ) ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਪੰਜਾਬ ਵਿਚ ਸਿੱਖ ਚਿਰਹੇ-ਮੁਹਰੇ ਵਾਲੀ ਅਜਿਹੀ ਧਿਰ ਲਿਆਂਦੀ ਜਾਵੇ ਜਿਸ ਦੀ ਸਿੱਖਾਂ ਵਿਚ ਸਾਖ ਅਤੇ ਭਰੋਸੇਯੋਗਤਾ ਹੋਵੇ ਪਰ ਉਹ ਧਿਰ ਪੰਜਾਬ ਜਾਂ ਸਿੱਖਾਂ ਦੇ ਹਿਤਾਂ ਦੀ ਗੱਲ ਕਰਨ ਦੀ ਬਜਾਏ ਦਿੱਲੀ ਸਲਤਨਤ ਦੇ ਪੱਖ ਵਿੱਚ ਭੁਗਤੇ।
ਲੰਘੇ ਦਹਾਕਿਆਂ ਦੌਰਾਨ, ਖਾਸ ਕਰਕੇ ਮੱਧ-1990ਵਿਆਂ ਤੋਂ ਬਾਅਦ ਬਾਦਲਾਂ ਦੀ ਅਗਵਾਈ ਵਾਲਾ ਅਕਾਲੀ ਦਲ ਦਿੱਲੀ ਸਲਤਨਤ ਦਾ ਇਹ ਮਕਸਦ ਪੂਰਾ ਕਰਦਾ ਰਿਹਾ ਹੈ। ਪਰ 2007-2017 ਤੱਕ ਦਸ ਸਾਲ ਦੇ ਰਾਜ ਦੌਰਾਨ ਅਤੇ ਖਾਸ ਕਰ 2015 ਵਿਚ ਪੰਜਾਬ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਾਨਵਾਂ ਤੋਂ ਬਾਅਦ ਸ਼੍ਰੋ.ਅ.ਦ. (ਬ) ਸਿੱਖਾਂ ਦੇ ਵੱਡੇ ਹਿੱਸੇ ਵਿਚ ਆਪਣੀ ਸਾਖ ਗਵਾ ਬੈਠਾ ਹੈ। ਇਹ ਹੀ ਨਹੀਂ, ਸਗੋਂ ਸਿੱਖਾਂ ਦੇ ਵੱਡੇ ਹਿੱਸੇ ਵਿਚ ਬਾਦਲਾਂ ਦੀ ਸਾਖ ਹੁਣ ਨਾਂਹ-ਮੁਖੀ ਹੈ, ਭਾਵ ਕਿ ਬਹੁਤੇ ਸਿੱਖ ਇਹਨਾਂ ਉੱਤੇ ਭਰੋਸਾ ਕਰਨਾ ਤਾਂ ਦੂਰ ਰਿਹਾ ਇਹਨਾਂ ਨੂੰ ਵੇਖਣਾ-ਸੁਣਨਾ ਵੀ ਪਸੰਦ ਨਹੀਂ ਕਰਦੇ।
ਸੋ, ਭਾਵੇਂ ਕਿ ਬਾਦਲ ਕਿਸੇ ਵੀ ਹਾਲ ਦਿੱਲੀ ਸਲਤਨਤ ਦੇ ਦਾਇਰੇ ਤੋਂ ਬਾਹਰ ਨਹੀਂ ਜਾਣਗੇ ਅਤੇ ਇਹਦੇ ਵਫਾਦਾਰ ਵੀ ਰਹਿਣਗੇ, ਪਰ ਉਹ ਹੁਣ ਸਿੱਖਾਂ ਵਿਚ ਸਾਖ ਗਵਾ ਲੈਣ ਕਾਰਨ ਦਿੱਲੀ ਸਲਤਨਤ ਦੇ ਕੰਮ ਦੇ ਨਹੀਂ ਰਹੇ।
ਭਾਜਪਾ ਆਪਣੇ ਭਾਈਵਾਲ ਨਾਲ ਇੰਝ ਕਿਉਂ ਕਰ ਰਹੀ ਹੈ?
ਵੇਖੋ, ਪਾਰਟੀਆਂ ਤੇ ਸਰਕਾਰਾਂ ਭਾਵੇਂ ਬਦਲਦੀਆਂ ਰਹਿੰਦੀਆਂ ਹਨ ਤੇ ‘ਸਟੇਟ’ ਹਮੇਸ਼ਾਂ ਕਾਇਮ ਰਹਿੰਦੀ ਹੈ ਪਰ ਫਿਰ ਵੀ ਪਾਰਟੀਆਂ ਤੇ ਸਰਕਾਰਾਂ ਦੇ ਵੀ ਤਾਂ ਅਪਾਣੇ ਸਰੋਕਾਰ ਹੁੰਦੇ ਹਨ ਜੋ ਕਿ ਜਰੂਰੀ ਨਹੀਂ ਕਿ ‘ਸਟੇਟ’ ਦੀ ਨੀਤੀ ਨਾਲ ਪੂਰਾ-ਪੂਰਾ ਮੇਲ ਖਾਂਦੇ ਹੋਣ।
ਦਿੱਲੀ ਸਲਤਨਤ ਲਈ ਤਾਂ ਬਾਦਲ ਕੰਮ ਦੇ ਨਹੀਂ ਰਹੇ ਪਰ ਭਾਜਪਾ ਦੇ ਤਾਂ ਭਾਈਵਾਲ ਹੀ ਹਨ, ਤੇ ਉਹ ਵੀ ਬਿਨਾ ਸ਼ਰਤ ਹਿਮਾਇਤ ਦੇਣ ਵਾਲੇ। ਸੋ, ਸਵਾਲ ਇਹ ਹੈ ਕਿ ਭਾਜਪਾ ‘ਪਤੀ-ਪਤਨੀ’ ਦੇ ਰਿਸ਼ਤੇ ਵਾਲੇ ਭਾਈਵਾਲ ਨੂੰ ਕਿਉਂ ਦਰੁਕਾਰ ਰਹੀ ਹੈ?
ਅਸਲ ਵਿਚ ਬਾਦਲ ਹੁਣ ਭਾਜਪਾ ਦੇ ਵੀ ਕੰਮ ਦੇ ਨਹੀਂ ਰਹੇ। ਭਾਜਪਾ ਦੇ ਆਗੂ ਇਹ ਮਹਿਸੂਸ ਕਰ ਰਹੇ ਹਨ ਕਿ ਬਾਦਲਾਂ ਦੀ ਸਾਖ ਇੰਨੀ ਨਾਕਾਰਾਤਮਿਕ ਹੋ ਗਈ ਹੈ ਕਿ ਇਹਨਾਂ ਦੇ ਭਾਈਵਾਲ ਹੋਣ ਕਰਕੇ ਭਾਜਪਾ ਨੂੰ ਵੀ ਪੰਜਾਬ ਵਿਚ ਨੁਕਸਾਨ ਝੱਲਣਾ ਪਿਆ ਹੈ। ਹੋਰ ਤਾਂ ਹੋਰ ਚਰਚਾ ਤਾਂ ਇਸ ਗੱਲ ਦੀ ਵੀ ਹੈ ਕਿ ਭਾਜਪਾ ਨੂੰ ਲੱਗਦਾ ਸੀ ਕਿ ਜੇ ਬਾਦਲਾਂ ਨਾਲ ਸਾਂਝ-ਭਿਆਲੀ ਰੱਖੀ ਤਾਂ ਇਹ ਗੱਲ ਦਿੱਲੀ ਵਿਚ ਵੀ ਉਹਨਾਂ ਲਈ ਨੁਕਸਾਨਦੇਹ ਹੋਵੇਗੀ।
ਦੂਜਾ, ਭਾਜਪਾ ਦੀ ਚਿਰਾਂ ਦੀ ਇੱਛਾ ਹੈ ਕਿ ਪੰਜਾਬ ਦੇ ਰਾਜ-ਭਾਗ ਉੱਤੇ ਉਨ੍ਹਾਂ ਦਾ ਸਿੱਧਾ ਕਬਜਾ ਹੋਵੇ ਜੋ ਕਿ ਪਹਿਲਾਂ ਬਾਦਲਾਂ ਨਾਲ ਮਿਲ ਕੇ ਸਰਕਾਰ ਬਣਾਉਣ ਵੇਲੇ ਬਾਦਲਾਂ ਦੇ ਵੱਡੀ ਧਿਰ ਹੋਣ ਕਰਕੇ ਪੂਰਾ ਨਹੀਂ ਸੀ ਹੋ ਸਕਿਆ ਤੇ ਹੁਣ ਤਾਂ ਹਾਲਾਤ ਇਹ ਹਨ ਕਿ ਭਾਜਪਾ ਨੂੰ ਬਾਦਲਾਂ ਨਾਲ ਰਹਿ ਕੇ ਪੰਜਾਬ ਵਿਚ ਸਰਕਾਰ ਬਣਾ ਸਕਣ ਬਾਰੇ ਸੋਚਣਾ ਵੀ ਬੇਵਕੂਫੀ ਲੱਗਦਾ ਹੋਵੇਗਾ।
ਸੋ, ਇਸ ਵੇਲੇ ਦਿੱਲੀ ਸਲਤਨਤ (ਸਟੇਟ) ਅਤੇ ਸੱਤਾਧਾਰੀ ਧਿਰ (ਭਾਵ ਭਾਜਪਾ) ਦੋਵਾਂ ਦੇ ਹਿਤਾਂ ਦਾ ਅਜਿਹਾ ਮੇਲ ਹੋਇਆ ਹੈ ਕਿ ਇਹਨਾਂ ਦੀ ਪੂਰਤੀ ਲਈ ਬਾਦਲਾਂ ਨੂੰ ਰੋਲਣਾਂ ਲਾਜਮੀ ਹੋ ਗਿਆ ਲੱਗਦਾ ਹੈ।
ਬਾਦਲਾਂ ਤੋਂ ਬਾਅਦ ਕੀ?
ਵੇਖੋ, ਬਾਦਲਾਂ ਦੀ ਸਾਖ ਕੋਈ ਅੱਜ ਹੀ ਤਾਂ ਨਾਕਾਰਤਮਿਕ ਹੋਈ ਨਹੀਂ। ਦਿੱਲੀ ਸਲਤਨਤ ਨੇ ਇਹ ਗੱਲ ਕਰੀਬ ਦਹਾਕਾ ਕੁ ਪਹਿਲਾਂ ਭਾਪ ਲਈ ਸੀ ਤੇ ਉਸ ਵੇਲੇ ਤੋਂ ਹੀ ਉਸ ਨੇ ਇਹ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ ਕਿ ਬਾਦਲਾਂ ਦੀ ਥਾਂ ਕੋਈ ਸਿੱਖ ਚਿਹਰੇ-ਮੁਹਰੇ ਵਾਲਾ ਬਦਲ ਖੜ੍ਹਾ ਕਰ ਲਿਆ ਜਾਵੇ। ਮਨਪ੍ਰੀਤ ਬਾਦਲ ਵਾਲੀ ਕੋਸ਼ਿਸ਼ ਤੁਹਾਨੂੰ ਜਰੂਰ ਯਾਦ ਹੋਵੇਗੀ। ਬਾਅਦ ਵਿਚ ਵੀ ਕਈ ਕੋਸ਼ਿਸ਼ਾਂ ਹੋਈਆਂ- ਸਿੱਧੂ-ਪਰਗਟ ਸਿੰਘ-ਬੈਂਸ ਭਾਰਵਾਂ ਦਾ ਇਕੱਠਾ ਹੋਣਾ, ਆਪ, ਆਦਿ। ਪਰ ਗੱਲ ਸਿਰੇ ਨਾ ਚੜ੍ਹ ਸਕੀ। ਸਿੱਖ ਧਿਰਾਂ ਵਿਚੋਂ ਵੀ ਕਈਆਂ ਪਰ ਤੋਲੇ ਸਨ ਪਰ ਉਹਨਾਂ ਨੂੰ ਅਗਲਿਆਂ ਚੋਗਾ ਪਾਉਣਯੋਗ ਵੀ ਨਾ ਸਮਝਿਆ।
ਹੁਣ ਵੀ ਕਈ ਦਾਅਵੇਦਾਰ ਕਤਾਰ ਵਿਚ ਹਨ।
ਸੋ ਬਾਦਲਾਂ ਤੋਂ ਬਾਅਦ ਕੀ ਹੋਵੇਗਾ, ਇਹਦੇ ਬਾਰੇ ਦਿੱਲੀ ਸਲਤਨਤ ਅਤੇ ਭਾਜਪਾ ਦੋਵੇਂ ਦੀ ਕੋਸ਼ਿਸ਼ਾਂ ਕਰਨਗੇ, ਤੇ ਜਰੂਰੀ ਨਹੀਂ ਹੈ ਕਿ ਇਸ ਮਾਮਲੇ ਵਿਚ ਦੋਵਾਂ ਦੇ ਹਿਤ ਇੰਨ-ਬਿੰਨ ਇਕ ਹੋਣ ਜਿਵੇਂ ਕਿ ਬਾਦਲਾਂ ਨੂੰ ਰੋਲਣ ਵਿਚ ਇਕ-ਮਿਕ ਹੋਏ ਹਨ।
ਦਿੱਲੀ ਸਲਤਨਤ ਦੀ ਇਹ ਕੋਸ਼ਿਸ਼ ਰਹੇਗੀ ਕਿ ਕੋਈ ਅਜਿਹੀ ਧਿਰ ਲਿਆਂਦੀ ਜਾਵੇ ਜਿਹੜੀ ਸਿੱਖਾਂ ਵਿਚ ਆਪਣਾ ਭਰੋਸਾ ਕਾਇਮ ਕਰ ਸਕੇ ਅਤੇ ਉਸੇ ਵੇਲੇ ਦਿੱਲੀ ਸਲਤਨਤ ਦੇ ਮਿੱਥੇ ਦਾਇਰਿਆਂ ਦੀ ਪਾਬੰਦ ਰਹੇ।
ਜਿਥੋਂ ਤੱਕ ਭਾਜਪਾ ਦੀ ਗੱਲ ਹੈ ਉਹ ਪੰਜਾਬ ਉੱਤੇ ਸਿੱਧੇ ਤੌਰ ਉੱਤੇ ਰਾਜ ਕਰਨ ਦਾ ਆਪਣਾ ਚਿਰਾਂ ਦਾ ਸੁਪਨਾ ਪੂਰਾ ਕਰਨ ਦੀਆਂ ਕੋਸ਼ਿਸ਼ਾਂ ਕਰਨ ਵੱਲ ਵੱਧ ਰੁਚਿਤ ਹੋ ਸਕਦੀ ਹੈ।