Site icon Sikh Siyasat News

ਸਿੱਖ ਸਿਆਸਤ ਐਪ ਤੇ ਨਵੀਂ ਬੋਲਦੀ ਕਿਤਾਬ ‘ਸ਼ਬਦ ਜੰਗ’ ਜਾਰੀ

ਚੰਡੀਗੜ੍ਹ –  ਸਿੱਖ ਸਿਆਸਤ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਬੋਲਦੀਆਂ ਕਿਤਾਬਾਂ ਤਹਿਤ ਡਾ. ਸੇਵਕ ਸਿੰਘ ਦੁਆਰਾ ਲਿਖੀ ਕਿਤਾਬ ‘ਸ਼ਬਦ ਜੰਗ’ ਦਾ ਬੋਲਦਾ ਰੂਪ ਸਿੱਖ ਸਿਆਸਤ ਐਪ ਤੇ ਜਾਰੀ ਕਰ ਦਿੱਤਾ ਗਿਆ ਹੈ।

ਡਾ. ਸੇਵਕ ਸਿੰਘ ਦੀ ਲਿਖੀ ਕਿਤਾਬ “ਸ਼ਬਦ ਜੰਗ” ਪੰਜ ਭਾਗਾਂ ਵਿਚ ਵੰਡੀ ਹੋਈ ਹੈ। ਇਹ ਪੰਜ ਭਾਗ ਹਨ- ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ। ਕਿਤਾਬ ਦੇ ਪੰਜ ਭਾਗਾਂ ਵਿਚ ਕੁੱਲ ਛੱਤੀ ਪਾਠ ਹਨ।

ਜਿਸ ਦੌਰ ਵਿੱਚ ਅਸੀਂ ਜਿਓਂ ਰਹੇ ਹਾਂ ਓਥੇ ਸ਼ਬਦ ਜੰਗ ਵਿਸ਼ੇ ਦੀ ਬੇਹੱਦ ਸਾਰਥਕਤਾ ਹੈ। ਵਿਸ਼ੇ, ਮੁਹਾਵਰੇ, ਸ਼ੈਲੀ ਅਤੇ ਪਹੁੰਚ ਵਜੋਂ ਇਹ ਆਪਣੀ ਤਰ੍ਹਾਂ ਦੀ ਨਵੇਕਲੀ ਕਿਤਾਬ ਹੈ। ਸਾਡੀ ਨਜ਼ਰੇ ਸਥਾਪਿਤ ਸੱਤਾ ਅਤੇ ਤਾਕਤਾਂ ਨਾਲ ਲੜਨ ਵਾਲੀਆਂ ਧਿਰਾਂ ਲਈ ਇਹ ਰਾਹਤ ਦੇਣ ਵਾਲੀ ਹੈ ਅਤੇ ਸੱਤਾਧਾਰੀ ਅਤੇ ਝੂਠੀਆਂ ਧਿਰਾਂ ਲਈ ਸਿਰਦਰਦੀ ਖੜ੍ਹੀ ਕਰਨ ਵਾਲੀ ਵੀ ਹੋ ਸਕਦੀ ਹੈ। ਸੱਤਾ ਸਦਾ ਹੀ ਲੜਨ ਵਾਲੀਆਂ ਧਿਰਾਂ ਨੂੰ ਬਹੁਭਾਂਤ ਦੇ ਸਿੱਧੇ-ਅਸਿੱਧੇ, ਹੋਛੇ ਅਤੇ ਉਲਝਾਊ ਸਵਾਲਾਂ ਨਾਲ ਘੇਰਦੀ ਹੈ। ਇਹ ਕਿਤਾਬ ਇਸ ਵਰਤਾਰੇ ਨੂੰ ਸਮਝਣ-ਸਮਝਾਉਣ ਦੇ ਰਾਹ ਤੋਰਨ ਵਾਲੀ ਹੈ।

ਲੜਨ ਵਾਲੀਆਂ ਧਿਰਾਂ (ਜਿਹਨਾਂ ਨੂੰ ਕਿਤਾਬ ਵਿੱਚ ਜੰਗਜੂ ਕਿਹਾ ਗਿਆ ਹੈ), ਹਥਿਆਰਬੰਦ ਸੰਘਰਸ਼ ਵਿਚ ਪਛੜ ਜਾਣ ਤੋਂ ਬਾਅਦ ਸਦਾ ਹੀ ਅੰਦਰਲੇ ਵਿਰੋਧਾਂ ਅਤੇ ਬਾਹਰਲੇ ਹਮਲਿਆਂ ਦਾ ਦੁਵੱਲਾ ਸ਼ਿਕਾਰ ਹੋ ਜਾਂਦੀਆਂ ਹਨ। ਉਹਨਾਂ ਵਿਰੋਧਾਂ ਦੇ ਕਿਹੜੇ ਕਾਰਨ ਹੁੰਦੇ ਹਨ ਅਤੇ ਉਹਨਾਂ ਦੇ ਕਿਹੜੇ ਰੂਪ ਹੁੰਦੇ ਨੇ ਅਤੇ ਉਹ ਵਿਰੋਧ ਕਿਹੜੇ ਕਿਹੜੇ ਥਾਵਾਂ ਤੋਂ ਉੱਠਦੇ ਹਨ ਅਤੇ ਉਹਨਾਂ ਨੂੰ ਤੂਲ ਦੇਣ ਵਾਲੇ ਕਿਹੜੇ ਲੋਕ ਹੁੰਦੇ ਹਨ। ਇਸ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਵਿੱਚ ਇਹ ਕਿਤਾਬ ਬੰਦੇ ਨੂੰ ਕੁਝ ਰਸਤੇ ਦਿੰਦੀ ਹੈ।

ਲੇਖਕ ਡਾ. ਸੇਵਕ ਸਿੰਘ

ਜੰਗਜੂ ਧਿਰਾਂ ਦੇ ਬਿਜਲ-ਸੱਥੀ ਸੰਸਾਰ ਵਿੱਚ ਦਾਖਲ ਹੋ ਜਾਣ ਤੋਂ ਬਾਅਦ ਸ਼ਬਦ ਜੰਗ ਦੀ ਅਹਿਮੀਅਤ ਨੂੰ ਜਾਣਨਾ ਬੇਹੱਦ ਜਰੂਰੀ ਹੋ ਗਿਆ। ਇਸ ਕਿਤਾਬ ਦਾ ਦਾਅਵਾ ਹੈ ਕਿ ਸ਼ਬਦ ਜੰਗ ਹਥਿਆਰਬੰਦ ਜੰਗ ਨਾਲੋਂ ਵੱਡੀ ਹੁੰਦੀ ਹੈ, ਸਗੋਂ ਹਥਿਆਰਬੰਦ ਜੰਗ ਸ਼ਬਦ ਜੰਗ ਦਾ ਇੱਕ ਛੋਟਾ ਹਿੱਸਾ ਹੈ। ਹੁਣ ਜੰਗਜੂ ਧਿਰਾਂ ਸ਼ਬਦ ਜੰਗ ਤੋਂ ਕਿਨਾਰਾ ਨਹੀਂ ਕਰ ਸਕਦੀਆਂ ਬਲਕਿ ਇੱਕੋ ਇੱਕ ਰਾਹ ਇਸ ਨੂੰ ਸਮਝਣ ਦਾ ਹੈ। ਇਹ ਕਿਤਾਬ ਇਸੇ ਤਰ੍ਹਾਂ ਦੀ ਸਮਝ ਬਣਾਉਣ ਦੀ ਸਿਧਾਂਤਕਾਰੀ ਹੈ।

ਅਦਾਰਾ ਸਿੱਖ ਸਿਆਸਤ ਨੇ ਇਸ ਕਿਤਾਬ ਨੂੰ ਬੋਲਦਾ ਰੂਪ ਦਿੱਤਾ ਹੈ। ਸਰੋਤੇ ਇਸ ਕਿਤਾਬ ਦੇ ਕੁੱਝ ਹਿੱਸੇ ਬਿਨਾਂ ਕਿਸੇ ਭੇਟਾ ਤਾਰੇ ਸੁਣ ਸਕਦੇ ਹਨ। ਅਜਿਹੀਆਂ ਹੋਰਨਾਂ ਬੋਲਦੀਆਂ ਕਿਤਾਬਾਂ ਸੁਣਨ ਦੇ ਲਈ ਸਿੱਖ ਸਿਆਸਤ ਦੀਆਂ ਖਾਸ ਸੇਵਾਵਾਂ ਸ਼ੁਰੂ ਕਰਵਾ ਕੇ ਹੋਰਨਾਂ ਕਿਤਾਬਾਂ ਸੁਣ ਸਕਦੇ ਹਨ।

ਸਿੱਖ ਸਿਆਸਤ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਾਸਿਲ ਕੀਤੀ ਜਾ ਸਕਦੀ ਹੈ। ਸਿੱਖ ਸਿਆਸਤ ਐਪ ਹਾਸਿਲ ਕਰੋ

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version