ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣ ਤੋਂ ਬਾਅਦ 3 ਜੂਨ ਦੀ ਸ਼ਾਮ ਨੂੰ ਫੌਜ, ਬੀ.ਐੱਸ.ਐੱਫ., ਸੀ.ਆਰ.ਪੀ.ਐੱਫ, ਪੰਜਾਬ ਪੁਲਸ ਤੇ ਖੁਫੀਆਂ ਏਜੰਸੀਆਂ ਦੇ ਉਚ ਅਧਿਕਾਰੀਆਂ ਦੀ ਸ੍ਰੀ ਅੰਮ੍ਰਿਤਸਰ ਛਾਉਣੀ ਅੰਦਰ ਉਚੇਚੇ ਤੌਰ ’ਤੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਅੰਦਰ ਇਕ ਅਤਿ ਅਹਿਮ ਮੀਟਿੰਗ ਬੁਲਾਈ ਗਈ। ਵੱਡੇ ਚੌਰਸ ਮੇਜ਼ ਦੇ ਪਿਛੋਕੜ ਵਿਚ ਕੰਧਾਂ ਉਤੇ ਵੱਡੇ ਵੱਡੇ ਨਕਸ਼ੇ ਤੇ ਚਾਰਟ ਲਟਕ ਰਹੇ ਸਨ ਜਿਨ੍ਹਾਂ ’ਚੋਂ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਬਾਰੇ ਹਰ ਚਾਲ ਤੇ ਯੋਜਨਾ ਉਤੇ ਬਾਰੀਕੀ ਵਿਚ ਕੰਮ ਕਰਨ ਦਾ ਪ੍ਰਭਾਵ ਬਣਦਾ ਸੀ। ਮੋਗੇ ਨੇੜਲੇ ਪਿੰਡ ਪੱਤੋ ਹੀਰਾ ਸਿੰਘ ਦਾ ਜੰਮਪਲ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ, ਜਿਸ ਨੂੰ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੀ ਅਗਵਾਈ ਕਰਨ ਦਾ ‘ਉਚੇਚਾ ਮਾਣ’ ਬਖ਼ਸ਼ਿਆ ਗਿਆ ਸੀ, ਕਾਨਫਰੰਸ ਨੂੰ ਗਰਜ਼ਵੇਂ ਅੰਦਾਜ਼ ਵਿਚ ਸੰਬੋਧਨ ਕਰ ਰਿਹਾ ਸੀ। “ਦੇਖੋ, ਅਸੀਂ ਮੁਠੀ ਭਰ ਬਦਮਾਸ਼ਾਂ ਨੂੰ ਇਹ ਆਗਿਆ ਨਹੀਂ ਦੇ ਸਕਦੇ ਕਿ ਉਹ ਭਾਰਤ ਦੀ ਸਰਕਾਰ ਦਾ ਨੱਕ ’ਚ ਦਮ ਕਰ ਦੇਣ।… ਸਾਡਾ ਯਤਨ ਹੋਵੇਗਾ ਕਿ ਉਹ ਬੱਸ ਦੋਆਂ ਘੰਟਿਆਂ ਅੰਦਰ ਹੀ ਗੋਡੇ ਟੇਕ ਦੇਣ…।” ਜਨਰਲ ਬਰਾੜ ਅਜਿਹੇ ਹੀ ਹੋਛੇ ਹੰਕਾਰੀ ਲਹਿਜੇ ਵਿਚ ਸੰਤ ਜਰਨੈਲ ਸਿੰਘ (ਭਿੰਡਰਾਂਵਾਲੇ) ਤੇ ਉਨ੍ਹਾਂ ਦੇ ਜੁਝਾਰੂ ਸਿੰਘਾਂ ਖਿਲਾਫ ਭੜਾਸ ਕੱਢਦਾ ਰਿਹਾ। ਆਪਣਾ ਭਾਸ਼ਣ ਮੁਕਾ ਲੈਣ ਤੋਂ ਬਾਅਦ ਉਸ ਨੇ ਮੀਟਿੰਗ ’ਚ ਹਾਜ਼ਰ ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਗੁਰਦੇਵ ਸਿੰਘ ਨੂੰ ਪੁੱਛਿਆ ਕਿ, “ਸਰਦਾਰ ਸਾਹਿਬ ਤੁਹਾਡਾ ਕੀ ਵਿਚਾਰ ਹੈ?” ਸਰਦਾਰ ਗੁਰਦੇਵ ਸਿੰਘ ਨੇ ਹਲੀਮੀ ਭਰੇ ਪਰ ਦ੍ਰਿੜ੍ਹ ਲਹਿਜੇ ’ਚ ਉਤਰ ਦਿਤਾ ਕਿ ਸੰਤ ਭਿੰਡਰਾਂਵਾਲੇ ਆਤਮ ਸਮਰਪਣ ਨਹੀਂ ਕਰਨਗੇ। ਇੰਨਾ ਸੁਣਦਿਆਂ ਹੀ ਜਰਨਲ ਬਰਾੜ ਨੂੰ ਸੱਤੀਂ ਕੱਪੜੀ ਅੱਗ ਲੱਗ ਉਠੀ। ਉਸ ਨੇ ਸਰਦਾਰ ਗੁਰਦੇਵ ਸਿੰਘ ਨੂੰ ਵਿਚੋਂ ਹੀ ਟੋਕ ਕੇ ਫਿਰ ਚਿੰਘਾੜਨਾ ਸ਼ੁਰੂ ਕਰ ਦਿੱਤਾ: “ਜਦੋਂ ਟੈਂਕ ਗੂੰਜਦੇ ਹਨ, ਜਹਾਜ ਸੂਕਦੇ ਹਨ ਅਤੇ ਜ਼ਮੀਨ ਅੱਗ ਛੱਡਦੀ ਹੈ ਤਾਂ ਕਹਿੰਦੇ ਕਹਾਉਂਦੇ ਜਰਨੈਲਾਂ ਦੀਆਂ ਵੀ ਪੈੋਂਟਾਂ ਅੰਦਰ ਲੱਤਾਂ ਕੰਬਣ ਲੱਗ ਜਾਂਦੀਆਂ ਹਨ। ਦੇਖ ਲੈਣਾ, ਇਹ ਬੰਦਾ ਵੀ ਸਿਰਫ਼ ਦੋ ਘੰਟਿਆਂ ਅੰਦਰ ਹੀ ਗੋਡਿਆਂ ਪਰਨੇ ਹੋ ਜਾਵੇਗਾ।” ਇਸ ਦੇ ਜੁਆਬ ਵਿਚ ਸਰਦਾਰ ਗੁਰਦੇਵ ਸਿੰਘ ਦੇ ਮੂੰਹੋਂ ਸਿਰਫ਼ ਏਨੀ ਗੱਲ ਹੀ ਨਿਕਲ ਸਕੀ ਕਿ “ਜਨਰਲ ਸਾਹਿਬ, ਇਹ ਤੁਹਾਡਾ ਆਪਣਾ ਵਿਚਾਰ ਹੈ। ਤਸਾਂ ਮੇਰਾ ਵਿਚਾਰ ਪੁਛਿਆਂ ਸੀ ਸੋ ਮੈਂ ਦੱਸ ਦਿੱਤਾ ਹੈ।” ਇਸ ਤੋਂ ਬਿਨਾਂ ਉਨ੍ਹਾਂ ਮੀਟਿੰਗ ਅੰਦਰ ਹੋਰ ਕੋਈ ਸ਼ਬਦ ਨਹੀਂ ਬੋਲਿਆ। ਅਸਲ ਵਿਚ ਸਰਦਾਰ ਗੁਰਦੇਵ ਸਿੰਘ ਨੂੰ ਇਸ ਮੀਟਿੰਗ ਅੰਦਰ ਬੱਧਿਆਂ ਰੁਧਿਆਂ ਹੀ ਆਉਣਾ ਪਿਆ ਸੀ।
ਬੀਤੀ ਸਵੇਰ ਜਦ ਉਨ੍ਹਾਂ ਨੂੰ ਮੀਟਿੰਗ ਦਾ ਬੁਲਾਵਾ ਮਿਿਲਆਂ ਸੀ ਤਾਂ ਉਨ੍ਹਾਂ ਫੌਰਨ ਗਵਰਨਰ ਬੀ.ਪੀ. ਪਾਂਡੇ ਨੂੰ ਫੋਨ ਕਰਕੇ ਆਪਣੇ ਮਨ ਦੀ ਗੱਲ ਕਹਿ ਦਿੱਤੀ ਸੀ ਕਿ ਉਸ ਦੀ ਜ਼ਮੀਰ ਉਸ ਨੂੰ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਵਿਚ ਭਾਈਵਾਲ ਬਣਨ ਦੀ ਇਜਾਜ਼ਤ ਨਹੀਂ ਦਿੰਦੀ। ਗਵਰਨਰ ਪਾਂਡੇ ਨੇ ਉਸੇ ਵੇਲੇ ਸਰਦਾਰ ਗੁਰਦੇਵ ਸਿੰਘ ਨੂੰ ਡਿਪਟੀ ਕਮਿਸ਼ਨਰ ਦੀਆਂ ਜ਼ੁੰਮੇਵਾਰੀਆ ਤੋਂ ਸੁਰਖਰੂ ਕਰ ਦਿੱਤਾ ਸੀ ਅਤੇ ਤੁਰੰਤ ਚਾਰ ਮਹੀਨਿਆਂ ਦੀ ਛੁੱਟੀ ’ਤੇ ਦੇਸ਼ੋਂ ਬਾਹਰ ਚਲੇ ਜਾਣ ਅਤੇ ਇਸ ਮਾਮਲੇ ਬਾਰੇ ਕਿਸੇ ਕੋਲ ਭਾਫ਼ ਤਕ ਨਾ ਕੱਢਣ ਦਾ ਆਦੇਸ਼ ਦੇ ਦਿੱਤਾ ਸੀ। ਸ੍ਰੀ ਅੰਮ੍ਰਿਤਸਰ ਤੇ ਦਰਬਾਰ ਸਾਹਿਬ ਦੇ ਹਾਲਾਤ ਬਾਰੇ ਸ. ਗੁਰਦੇਵ ਸਿੰਘ ਦੀ ਵੱਡਮੁਲੀ ਜਾਣਕਾਰੀ ਦਾ ਲਾਭ ਉਠਾਉਣ ਲਈ ਉਸ ਨੂੰ 3 ਜੂਨ ਦੀ ਮੀਟਿੰਗ ਵਿਚ ਜਰੂਰ ਸ਼ਾਮਲ ਹੋਣ ਦੀ ਤਾਕੀਦ ਕੀਤੀ ਗਈ ਸੀ। 3 ਦੀ ਸਵੇਰ ਨੂੰ ਹੀ ਉਸ ਦੀ ਜਗ੍ਹਾ ਸ. ਰਮੇਸ਼ਇੰਦਰ ਸਿੰਘ ਨੇ ਸ੍ਰੀ ਅੰਮ੍ਰਿਤਸਰ ਦੇ ਨਵੇਂ ਡੀ.ਸੀ. ਦਾ ਚਾਰਜ ਸੰਭਾਲ ਲਿਆ ਸੀ ਅਤੇ ਉਹ ਪੂਰਾ ਬਣ ਫੱਬ ਕੇ ਮੀਟਿੰਗ ਅੰਦਰ ਪਹੁੰਚਿਆ ਹੋਇਆ ਸੀ। ਸਪੱਸ਼ਟ ਹੈ ਕਿ ਸ. ਰਮੇਸ਼ਇੰਦਰ ਸਿੰਘ ਦੀ ਜ਼ਮੀਰ ਨੂੰ ਇਸ ਪਾਪ ਵਿਚ ਭਾਈਵਾਲ ਬਣਨ ’ਤੇ ਕੋਈ ਉਜ਼ਰ ਨਹੀਂ ਸੀ। ਜ਼ਮੀਰ ਜ਼ਮੀਰ ਦੇ ਵਿਚ ਫਰਕ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਪਹਿਲਾਂ ਜਨਰਲ ਬਰਾੜ ਦੀ ਥਾਂ ਫੌਜੀ ਹਮਲੇ ਦੀ ਅਗਵਾਈ ਲਈ ਮੇਜਰ ਜਨਰਲ ਜੇ. ਐੱਸ. ਜੰਮਵਾਲ ਨੂੰ ਚੁਣਿਆ ਗਿਆ ਸੀ। ਹਿੰਦੂ ਹਾਕਮਾਂ ਨੇ ਇਹ ਪਾਪ ਕਿਸੇ ਸਿੱਖ ਜਰਨੈਲ ਦੇ ਹੱਥੋਂ ਕਰਵਾਉਣ ਦੀ ਪੱਕੀ ਠਾਣੀ ਹੋਈ ਸੀ। ਜਦ ਜਨਰਲ ਜੰਮਵਾਲ ਨੇ ਆਪਣੇ ਗੁਰੂ ਦੇ ਘਰ ਉਤੇ ਫੌਜੀ ਹਮਲੇ ਦੀ ਅਗਵਾਈ ਕਰਨ ਤੋਂ ਅਸਮਰੱਥਾ ਜਾਹਰ ਕਰ ਦਿੱਤੀ ਤਾਂ ਇਹ ਦੁਸ਼ਟ ਕਾਰਜ ਕੁਲਦੀਪ ਸਿੰਹੁ ਬਰਾੜ ਨਾਂਉ ਦੇ ਸਫਾ ਚੱਟ (ਕਲੀਨ ਸ਼ੇਵਨ) ਸਿੱਖ ਜਨਰਲ ਨੂੰ ਸੌਂਪ ਦਿੱਤਾ ਗਿਆ।
ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਜੁਝਾਰੂ ਸਿੰਘਾਂ ਕੋਲੋਂ ਦੋ ਘੰਟਿਆਂ ਅੰਦਰ ਹੀ ਆਤਮ ਸਮਰਪਣ ਕਰਵਾ ਲੈਣ ਦੀ ਧਾਰਨਾ ’ਕੱਲੇ ਜਨਰਲ ਬਰਾੜ ਦੀ ਨਹੀਂ ਸੀ। ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੀ ਵਿਉਂਤ ਉਲੀਕਣ ਵਾਲੇ ਸਾਰੇ ਉਚ ਅਮਲੇ ਦੀ ੲਹਿ ਸਰਬ ਸਾਂਝੀ ਧਾਰਨਾ ਸੀ। ਇਸ ਧਾਰਨਾ ਦਾ ਅਧਾਰ ਉਹ ਰਵਾਇਤੀ ਫੌਜੀ ਬੁੱਧੀ (ਛੋਨਵੲਨਟੋਿਨੳਲ ਮਲਿਿਟੳਰੇ ਾਸਿਦੋਮ) ਸੀ ਜੋ ਜੰਗ ਅੰਦਰ ਮਨੁੱਖਾਂ ਦੀ ਥਾਂ ਹਥਿਆਰਾਂ ਨੂੰ ਨਿਰਣਾਇਕ ਤੱਤ ਮੰਨ ਕੇ ਚਲਦੀ ਹੈ। ਖੁਫ਼ੀਆਂ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਦਰਬਾਰ ਸਾਹਿਬ ਕੰਪਲੈਕਸ ਅੰਦਰ ਸੰਤਾਂ ਦੇ ਕੱਟੜ ਸਮਰਥਕਾਂ ਦੀ ਗਿਣਤੀ ਡੇਢ ਦੋ ਸੌ ਤੋਂ ਵੱਧ ਨਹੀਂ ਸੀ ਅਤੇ ਉਨ੍ਹਾਂ ਕੋਲ ਕੋਈ ਬਹੁਤ ਜ਼ਿਆਦਾ ਉਤਮ ਹਥਿਆਰ ਨਹੀਂ ਸਨ। ਜ਼ਿਆਦਾ ਕਰਕੇ ਰਵਾਇਤੀ ਕਿਸਮ ਦੀਆਂ ਪੱਕੀਆਂ ਰਾਈਫਲਾਂ ਤੇ ਗਿਣਤੀ ਦੀਆਂ ਲਾਈਟ ਮਸ਼ੀਨ ਗੰਨਾਂ ਸਨ। ਇਕ ਸੀਮਤ ਜਿਹੇ ਖੇਤਰ ਅੰਦਰ ਘਿਰੇ, ਫੌਜੀ ਸਿਖਲਾਈ ਤੇ ਅਭਿਆਸ ਤੋਂ ਕੋਰੇ, ਸਾਧਾਰਨ ਕਿਸਮ ਦੇ ਹਥਿਆਰਾਂ ਨਾਲ ਲੈਸ ਡੇਢ ਦੋ ਸੌ ਵਿਅਕਤੀ, ਅਤਿ ਨਵੀਨ ਕਿਸਮ ਦੇ ਮਾਰੂ ਹਥਿਆਰਾਂ ਨਾਲ ਲੈਸ ਪੇਸ਼ਾਵਰ ਫੌਜੀ ਲਸ਼ਕਰਾਂ ਮੂਹਰੇ ਭਲਾ ਕਿੰਨਾ ਕੁ ਚਿਰ ਅੜੇ ਰਹਿ ਸਕਣਗੇ? ਰਵਾਇਤੀ ਫੌਜੀ ਬੁੱਧੀ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਜੁਝਾਰੂ ਸਮਰਥਕਾਂ ਦੁਆਰਾ ਹਾਸਲ ਹਾਲਤਾਂ ਅੰਦਰ ਹੱਦ ਦੋ ਘੰਟਿਆਂ ਤਕ ਹੀ ਲੜਾਈ ਦੇ ਸਕਣ ਦੀ ਕਲਪਨਾ ਕਰ ਸਕਦੀ ਸੀ। ਇਸ ਕਰਕੇ ਦਰਬਾਰ ਸਾਹਿਬ ਕੰਪਲੈਕਸ ਉਤੇ ਫੌਜੀ ਹਮਲੇ ਲਈ ਰਾਤ ਦਸ ਵਜੇ ਦਾ ਸਮਾਂ ਮਿਿਥਆ ਗਿਆ ਸੀ ਅਤੇ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ, ਇਕੋ ਹੀ ਰਾਤ ਅੰਦਰ ਸਾਰਾ ਉਪਰੇਸ਼ਨ ਮੁਕੰਮਲ ਕਰ ਲੈਣ (ਜਿਸ ਵਿਚ ਪਹਿਲੀ ਹੀ ਝੁੱਟ ਅੰਦਰ ਜੁਝਾਰੂ ਸਿੰਘ ਦੇ ਟਾਕਰੇ ਨੂੰ ਪੂਰੀ ਤਰ੍ਹਾਂ ਬੇਅਸਰ ਕਰ ਦੇਣਾ, ਮੁਰਦਾ ਲਾਸ਼ਾਂ ਨੂੰ ਬਿਲੇ ਲਾਉਣਾ, ਜਿਉਂਦਿਆਂ ਨੂੰ ਗ੍ਰਿਫਤਾਰ ਕਰਨਾ, ਸਾਰੇ ਕੰਪਲੈਕਸ ਦੀ ਮੁਕੰਮਲ ਤਲਾਸ਼ੀ ਕਰਕੇ ਬਚੇ ਖੁਚੇ ਹਥਿਆਰ ਬਰਾਮਦ ਕਰਨਾ ਅਤੇ ਇਮਾਰਤਾਂ ਨੂੰ ਹੋਣ ਵਾਲੇ ਮਾਮੂਲੀ ਨੁਕਸਾਨ ਦੀ ਮੁਰੰਮਤ ਕਰਕੇ ਕਲੀ ਕੂਚੀ ਤਕ ਫੇਰਨਾ ਸ਼ਾਮਲ ਸੀ) ਦੀ ਯੋਜਨਾ ਉਲੀਕੀ ਗਈ ਸੀ।
ਹਮਲੇ ਦੀ ਵਿਉਂਤ ਬਹੁਤ ਚਿਰ ਪਹਿਲਾਂ ਉਲੀਕ ਲਈ ਗਈ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਨਰਲ ਏ. ਐਸ. ਵੈਦਿਆ ਨੂੰ ਕੋਈ ਸਾਢੇ ਪੰਜ ਮਹੀਨੇ ਪਹਿਲਾਂ, 15 ਜਨਵਰੀ ਨੂੰ, ਸੈਨਾ ਦਿਵਸ ਮੌਕੇ ਹਮਲੇ ਦੇ ਫੈਸਲੇ ਤੋਂ ਜਾਣੂੰ ਕਰਵਾ ਦਿੱਤਾ ਸੀ। ਉਸ ਤੋਂ ਝੱਟ ਹੀ ਬਾਅਦ ਪੈਰਾ ਬ੍ਰਿਗੇਡ ਦੀ ਫਸਟ ਬਟਾਲੀਅਨ ਦੇ ਕਮਾਡੋਜ਼ ਨੂੰ ਚਕਰਾਤਾ (ਡੇਹਰਾਦੂਨ ਨੇੜੇ) ਤੇ ਸਰਸਾਵਾਂ (ਸਹਾਰਨਪੁਰ ਨੇੜੇ) ਵਿਖੇ ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਨਾਲ ਮਿਲਦੀ ਜੁਲਦੀ ਨਕਲੀ ਇਮਾਰਤ ਤਿਆਰ ਕਰਕੇ ਇਸ ਉਤੇ ਧਾਵਾ ਬੋਲਣ ਦਾ ਉਚੇਚਾ ਅਭਿਆਸ ਕਰਵਾਇਆ ਗਿਆ ਸੀ। ਹਮਲੇ ਦੀ ਮਿਥੀ ਹੋਈ ਤਰੀਕ ਨੇੜੇ ਢੁਕਦਿਆਂ ਹੀ ਫੌਜ ਦੇ ਮੁਖੀ ਜਨਰਲ ਏ. ਐੱਸ. ਵੈਦਿਆ ਨੂੰ, ਜੋ ਕਿ ਜੇਠ ਮਹੀਨੇ ਦੀ ਗਰਮੀ ਤੋਂ ਬਚਣ ਲਈ ਕਸ਼ਮੀਰ ਅੰਦਰ ਛੁੱਟੀਆਂ ਮਨਾ ਰਿਹਾ ਸੀ, ਫੌਰਨ ਦਿੱਲੀ ਬੁਲਾ ਲਿਆ ਗਿਆ। ਮਈ ਦੇ ਆਖਰੀ ਦਿਨਾਂ ਵਿਚ ਭਾਰਤੀ ਫੌਜ ਦੀਆਂ ਚੋਣਵੀਆਂ ਟੁਕੜੀਆਂ ਨੂੰ ਸ੍ਰੀ ਅੰਮ੍ਰਿਤਸਰ ਵੱਲ ਰਵਾਨਾ ਕਰ ਦਿੱਤਾ ਗਿਆ। ਹੈਦਰਾਬਾਦ ਤੇ ਰਾਂਚੀ ਤੋਂ ਚੋਣਵੇਂ ਫੌਜੀ ਦਸਤੇ ਹਵਾਈ ਜਹਾਜ਼ਾਂ ਦੇ ਜਰ੍ਹੀਏ ਸ੍ਰੀ ਅੰਮ੍ਰਿਤਸਰ ਭੇਜੇ ਗਏ। ਬੰਬਈ ਤੋਂ ਸਮੁੰਦਰੀ ਸੈਨਾ ਦੇ ਆਹਲਾ ਦਰਜੇ ਦੇ ਗੋਤਾਖੋਰ ਹਵਾਈ ਜਹਾਜ਼ ਰਾਹੀਂ ਸ੍ਰੀ ਅੰਮ੍ਰਿਤਸਰ ਪਹੁੰਚਾਏ ਗਏ। ਇਨ੍ਹਾਂ ਨੇ ਸਰੋਵਰ ਅੰਦਰ ਟੁੱਭੀਆਂ ਮਾਰ ਕੇ ਹਰਿਮੰਦਰ ਸਾਹਿਬ ਅੰਦਰ ਦਾਖਲ ਹੋਣਾ ਸੀ। ਫੌਜ ਦੇ ਖਾਸ ਸਿਖਲਾਈ ਪ੍ਰਾਪਤ ਕੁੱਤੇ ਜੌਰਹਟ ਤੋਂ ਹਵਾਈ ਜਹਾਜ਼ ਰਾਹੀਂ ਸ੍ਰੀ ਅੰਮ੍ਰਿਤਸਰ ਢੋਏ ਗਏ। ਭਾਰਤੀ ਫੌਜ ਦੀ ਅਵੱਲ ਦਰਜੇ ਦੀ ਤੋਪਖਾਨਾ ਡਿਵੀਜ਼ਨ ਮੇਰਠ ਤੋਂ ਚੱਲ ਕੇ 30 ਮਈ ਨੂੰ ਸ੍ਰੀ ਅੰਮ੍ਰਿਤਸਰ ਪਹੁੰਚ ਗਈ। ਹਮਲੇ ਨੂੰ ਸੁਯੋਗ ਅਗਵਾਈ ਮੁਹੱਈਆ ਕਰਨ ਲਈ ਚੋਟੀ ਦੇ ਜਰਨੈਲ (ਜਨਰਲ ਕੇ.ਸੁੰਦਰ ਜੀ, ਜਨਰਲ ਟੀ.ਐੱਸ ਉਬਰਾਇ, ਜਨਰਲ ਆਰ.ਐੱਸ ਦਿਆਲ, ਮੇਜਰ ਜਨਰਲ ਕੇ.ਐੱਸ ਬਰਾੜ, ਵਗੈਰਾ ਵਗੈਰਾ) ਸ੍ਰੀ ਅੰਮ੍ਰਿਤਸਰ ਪਹੁੰਚ ਗਏ। ਫੌਜੀ ਟੁਕੜੀਆਂ ਨੂੰ ਇਸ ਹਿਸਾਬ ਨਾਲ ਤਾਇਨਾਤ ਕੀਤਾ ਗਿਆ।
ਬਿਹਾਰ ਰਜਮੈਂਟ ਦੀ ਬਾਰ੍ਹਵੀਂ ਬਟਾਲੀਅਨ (12 ਬਿਹਾਰ) ਨੂੰ ਦਰਬਾਰ ਸਾਹਿਬ ਸਮੂਹ ਦੁਆਲੇ ਘੇਰਾਬੰਦੀ ਕਰਨ ਅਤੇ ਟੈਂਪਲਵਿਊ ਹੋਟਲ, ਬ੍ਰਹਮਬੂਟਾ ਅਖਾੜਾ, ਪਾਣੀ ਵਾਲੀ ਟੈਂਕੀ ਤੇ ਬੁੰਗਿਆਂ ਉਤੇ ਸਿੰਘਾਂ ਦੇ ਮੋਰਚਿਆ ਨੂੰ ਨਸ਼ਟ ਕਰਨ ਦਾ ਕਾਰਜ ਸੌਂਪਿਆ ਗਿਆ। ਕੁਮਾਉਂ ਦੀ ਨੌਵੀਂ ਬਟਾਲੀਅਨ (9 ਕੁਮਾਂਉ) ਨੂੰ ਸਮੁੱਚੇ ਸਰਾਂ ਵਾਲੇ ਪਾਸੇ ਕਾਰਵਾਈ ਕਰਨ ਲਈ ਤਾਇਨਾਤ ਕੀਤਾ ਗਿਆ। ਮਦਰਾਸ ਰਜਮੈਂਟ ਦੀ 26ਵੀਂ ਬਟਾਲੀਅਨ (26 ਮਦਰਾਸ) ਨੇ ਸਰਾਂ ਵਾਲੇ ਪਾਸਿਓਂ ਦਰਬਾਰ ਸਾਹਿਬ ਅੰਦਰ ਦਾਖਲ ਹੋ ਕੇ ਖੱਬੇ ਹੱਥ ਪ੍ਰਕਰਮਾ ਵਿਚ ਦੀ ਹੁੰਦੇ ਹੋਏ ਅਕਾਲ ਤਖਤ ਸਾਹਿਬ ਵੱਲ ਵਧਣਾ ਸੀ। ਗੜ੍ਹਵਾਲ ਰੈਜਮੈਂਟ ਦੀ ਨੌਵੀਂ ਬਟਾਲੀਅਨ (9 ਗੜਵਾਲ) ਨੇ ਦੱਖਣ ਵਾਲੇ ਪਾਸਿਓਂ ਸ਼ਹੀਦਾਂ ਵਾਲੇ ਗੇਟ ਰਾਹੀਂ ਅੰਦਰ ਦਾਖਲ ਹੋ ਕੇ ਪ੍ਰਕਰਮਾ ਅੰਦਰ ਖੱਬੇ ਹੱਥ ਘੁੰਮ ਕੇ ਅਕਾਲ ਤਖਤ ਵੱਲ ਧਾਵਾ ਕਰਨਾ ਸੀ। ਭਾਰਤੀ ਫੌਜ ਦੇ ਅਵੱਲ ਦਰਜੇ ਦੇ ਕਮਾਂਡੋਜ਼ (10 ਗਾਰਡਜ਼) ਨੂੰ ਸਭ ਤੋਂ ਔਖਾ ਤੇ ਜ਼ੋਖਮ ਭਰਿਆ ਕਾਰਜ ਸੌਂਪਿਆ ਗਿਆ ਸੀ। ਉਨ੍ਹਾਂ ਨੇ ਮੁੱਖ ਦੁਆਰ (ਘੰਟਾ ਘਰ) ਵਾਲੇ ਪਾਸੇ ਤੋਂ ਪ੍ਰਕਰਮਾ ਅੰਦਰ ਦਾਖਲ ਹੋ ਕੇ ਅਕਾਲ ਤਖਤ ਤਕ ਪਹੁੰਚਣ ਲਈ ਰਾਹ ਸਾਫ ਕਰਨਾ ਸੀ। ਕੁਮਾਉਂ ਦੀ 15ਵੀਂ ਬਟਾਲੀਅਨ (15 ਕੁਮਾਉਂ) ਨੂੰ ਰਿਜ਼ਰਵ ਫੋਰਸ ਵਜੋਂ ਤਿਆਰ-ਬਰ-ਤਿਆਰ ਰਹਿਣ ਦੇ ਆਦੇਸ਼ ਦਿੱਤੇ ਗਏ ਸਨ। ਪੈਰਾ ਕੰਪਨੀ ਦੇ ਕਮਾਂਡੋਜ਼ ਨੇ ਅਕਾਲ ਤਖਤ ਸਾਹਿਬ ਵਾਲੇ ਪਾਸੇ ’ਤੇ ਪ੍ਰਕਰਮਾ ਦੇ ਉਤਰੀ ਹਿੱਸੇ (ਪਾਣੀ ਦੇ ਪਿਆਓ ਤੋਂ ਲੈ ਕੇ ਅਕਾਲ ਤਖਤ ਸਾਹਮਣੇ ਨਿਸ਼ਾਨ ਸਾਹਿਬ ਤਕ ਦੇ ਖੇਤਰ) ਅੰਦਰ ਰੋਕਾਂ ਭੰਨ ਕੇ ਰਾਹ ਸਾਫ ਕਰਨਾ ਸੀ। ਸਪੈਸ਼ਲ ਫਰੰਟੀਅਰ ਫੋਰਸ ਨੂੰ ਅਕਾਲ ਤਖਤ ਅੰਦਰੋਂ ਅਸਲਾ ਤੇ ਹਥਿਆਰ ਬਰਾਮਦ ਕਰਨ ਅਤੇ ਲੋੜ ਪੈਣ ’ਤੇ ਜੁਝਾਰੂ ਸਿੰਘਾਂ ਦਾ ਸਫਾਇਆ ਕਰਨ ਵਿਚ ਹੱਥ ਵਟਾਉਣ ਦਾ ਜੁੰਮਾ ਸੌਂਪਿਆ ਗਿਆ ਸੀ। ਇਸ ਤੋਂ ਇਲਾਵਾ 16 ਕੈਵਲਰੀ (ਰਸਾਲਾ) ਤੇ 5 ਮਕੈਨੀਕਲ ਨੂੰ ਜਿਥੇ ਤੇ ਜਦੋਂ ਵੀ ਲੋੜ ਪਏ ਸਹਾਇਤਾ ਲਈ ਬਹੁੜਨ ਵਾਸਤੇ ਤਿਆਰ-ਬਰ-ਤਿਆਰ ਰੱਖਿਆ ਗਿਆ ਸੀ।
ਬੀ. ਐੱਸ. ਐੱਫ., ਸੀ.ਆਰ.ਪੀ.ਐੱਫ. ਤੇ ਆਈ. ਟੀ. ਬੀ. ਪੀ. ਨੇ ਕੁਝ ਦਿਨ ਪਹਿਲਾਂ ਹੀ ਦਰਬਾਰ ਸਾਹਿਬ ਕੰਪਲੈਕਸ ਦੇ ਇਰਦ ਗਿਰਦ ਇਮਾਰਤਾਂ ਉਤੇ ਆਪਣੇ ਪੱਕੇ ਮੋਰਚੇ ਬਣਾ ਲਏ ਸਨ। ਉਨ੍ਹਾਂ ਪਹਿਲੀ ਜੂਨ ਨੂੰ ਆਪਣੇ ਮੋਰਚਿਆਂ ’ਚੋਂ ਸਿੰਘਾਂ ਦੇ ਠਿਕਾਣਿਆਂ ਉਤੇ ਭਾਰੀ ਗੋਲੀਬਾਰੀ ਕੀਤੀ। ਦੁਪਹਿਰ ਦੇ ਸਾਢੇ ਬਾਰਾਂ ਵਜੇ ਤੋਂ ਲੈ ਕੇ ਰਾਤ ਦੇ ਸਵਾ ਅੱਠ ਵਜੇ ਤਕ, ਅੱਠ ਘੰਟੇ ਲਗਾਤਾਰ ਦਰਬਾਰ ਸਾਹਿਬ ਕੰਪਲੈਕਸ ਉਤੇ ਗੋਲੀਆਂ ਦੀ ਵਰਖਾ ਹੁੰਦੀ ਰਹੀ। ਇਸ ਗੋਲੀਬਾਰੀ ਦਾ ਇਕ ਉਦੇਸ਼ ਜੁਝਾਰੂ ਸਿੰਘਾਂ ਨੂੰ ਭੈਭੀਤ ਕਰਨਾ ਸੀ। ਦੂਜਾ, ਉਨ੍ਹਾਂ ਨੂੰ ਜੁਆਬੀ ਫਾਇਰਿੰਗ ਲਈ ਉਕਸਾ ਕੇ ਉਨ੍ਹਾਂ ਦੇ ਠਿਕਾਣਿਆਂ ਦੀ ਨਿਸ਼ਾਨਦੇਹੀ ਕਰਨੀ ਤੇ ਉਨ੍ਹਾਂ ਦੀ ਹਕੀਕੀ ਤਾਕਤ ਦਾ ਅੰਦਾਜ਼ਾ ਲਾਉਣਾ ਸੀ। ਪਰ ਸਿੰਘ ਫੌਜੀ ਵਿਿਦਆ ਤੋਂ ਏਨੇ ਕੋਰੇ ਨਹੀਂ ਸਨ ਕਿ ਦੁਸ਼ਮਣ ਦੀ ਇਸ ਚਾਲ ਵਿਚ ਫਸ ਜਾਂਦੇ। ਜਨਰਲ ਸੁਬੇਗ ਸਿੰਘ ਦੇ ਸਿਖਾਏ ਤੇ ਸੰਤ ਜਰਨੈਲ ਸਿੰਘ ਦੇ ਪੜ੍ਹਾਏ ਸਿੰਘਾਂ ਨੇ ਦੁਸ਼ਮਣ ਦੀ ਇਸ ਭੜਕਾਹਟ ਦਾ ਜੁਆਬ ਸੰਜਮ ਤੇ ਜ਼ਬਤ ਵਿਚ ਦਿੱਤਾ। ਦੁਸ਼ਮਣ ਦੀ ਅੱਠ ਘੰਟੇ ਦੀ ਬਦਤਮੀਜ਼ੀ (ਜਿਸ ਨਾਲ ਕੰਪਲੈਕਸ ਅੰਦਰ ਅੱਧੀ ਦਰਜਨ ਤੋਂ ਵੱਧ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸ੍ਰੀ ਹਰਿੰਦਰ ਸਾਹਿਬ ਉਤੇ ਗੋਲੀਆਂ ਦੇ 32 ਚਟਾਖ ਪੈ ਗਏ!) ਸਿੰਘਾਂ ਦਾ ਸਬਰ ਤੇ ਸੈ੍ਵ ਕਾਬੂ ਭੰਗ ਨਾ ਕਰ ਸਕੀ।
3 ਜੂਨ ਦੀ ਸ਼ਾਮ ਨੂੰ ਜਦ ਟਾਈਮਜ਼ ਆਫ਼ ਇੰਡੀਆ ਦਾ ਰਿਪੋਰਟ (ਸੁਭਾਸ਼ ਕਿਰਪੇਕਰ) ਜਨਰਲ ਸੁਬੇਗ ਸਿੰਘ ਨਾਲ ਇੰਟਰਵਿਊ ਕਰ ਰਿਹਾ ਸੀ ਤਾਂ ਬਿਹਾਰ ਰਜਮੈਂਟ ਦੀ ਦਸਵੀਨ ਬਟਾਲੀਅਨ ਦੇ ਜਵਾਨ ਬੀ. ਐੱਸ. ਐੱਫ. ਤੇ ਸੀ. ਆਰ. ਪੀ. ਐੱਫ. ਕੋਲੋਂ ਮੋਰਚੇ ਖਾਲੀ ਕਰਾ ਕੇ ਤੇਜ਼ੀ ਨਾਲ ਆਪਣੀਆਂ ਪੋਜ਼ੀਸ਼ਨਾਂ ਮੱਲ ਰਹੇ ਸਨ। ਦੁਸ਼ਮਣ ਦੀ ਨਕਲੋ ਹਰਕਤ ਉਤੇ ਦੂਰਬੀਨ ਰਾਹੀਂ ਕਰੜੀ ਨਿਗ੍ਹਾ ਰੱਖ ਰਹੇ ਸਿੰਘਾਂ ਨੇ ਜਿਉਂ ਹੀ ਜਰਨਲ ਸੁਬੇਗ ਸਿੰਘ ਨੂੰ ਇਹ ਖਬਰ ਸੁਣਾਈ ਤਾਂ ਉਸ ਵਰਗੇ ਤਜਰਬਾਕਾਰ ਜਨਰਲ ਨੂੰ ਇਸ ਦੇ ਅਰਥ ਸਮਝਣ ਵਿਚ ਰਤੀ ਭਰ ਵੀ ਦੇਰ ਨਾ ਲੱਗੀ। ਜਿਸ ਘੜੀ ਦਾ ਚਿਰਾਂ ਤੋਂ ਇੰਤਜ਼ਾਰ ਹੋ ਰਿਹਾ ਸੀ ਉਹ ਆਖਰ ਨੂੰ ਆਣ ਪਹੁੰਚੀ ਸੀ। ਜਰਨਲ ਸੁਬੇਗ ਸਿੰਘ ਨੇ ਇੰਟਰਵਿਊ ਉੱਥੇ ਹੀ ਖਤਮ ਕਰ ਦਿੱਤੀ ਅਤੇ ਫੁਰਤੀ ਨਾਲ ਆਪਣੇ ਲੜਾਕੂ ਯੋਧਿਆਂ ਨੂੰ ਲੋੜੀਂਦੇ ਨੁਸਖ਼ੇ ਤੇ ਹਦਾਇਤਾਂ ਵਰਤਾਉਣੀਆਂ ਸ਼ੁਰੂ ਕਰ ਦਿੱਤੀਆਂ।
ਚਾਰ ਜੂਨ ਨੂੰ ਤੜਕਸਾਰ ਚਾਰ ਵਜੇ ਦੇ ਕਰੀਬ 10 ਬਿਹਾਰ ਦੇ ਨਿਸ਼ਾਨਚੀਆਂ ਨੇ ਹੋਟਲ ਟੈਂਪਲਵਿਊ, ਬ੍ਰਹਮਬੂਟਾ ਅਖਾੜਾ, ਪਾਣੀ ਵਾਲੀ ਟੈਂਕੀ ਤੇ ਬੁੰਗਿਆਂ ਉਤਲੇ ਮੋਰਚਿਆਂ ’ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿਤੀ। ਮੂਹਰੇ ਟਰੇਸਰ ਬੁਲਟਸ ਤੇ ਪਿਛੇ ਟੈਂਕ ਤੇ ਆਰ. ਸੀ. ਐੱਲ. ਗੰਨ ਦੇ ਗੋਲਿਆਂ ਨੇ ਅਸਮਾਨ ਅੰਦਰ ਲਾਂਬੂ ਲਾ ਦਿੱਤੇ। ਤੋਪ ਦੇ ਗੋਲਿਆਂ ਨਾਲ ਪਾਣੀ ਵਾਲੀ ਟੈਂਕੀ ਵਿਚ ਮਘੋਰਾ ਹੋ ਗਿਆ ਜਿਸ ਨਾਲ ਕੰਪਲੈਕਸ ਅੰਦਰ ਪਾਣੀ ਦੀ ਸਪਲਾਈ ਠੱਪ ਹੋ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਉਸਾਰੇ ਗਏ ਇਤਿਹਾਸਕ ਬੁੰਗਿਆਂ ਦੀਆਂ ਟੀਸੀਆਂ ਤੋਪਾਂ ਦੇ ਗੋਲਿਆਂ ਨੇ ਬੁਰੀ ਤਰ੍ਹਾਂ ਤਬਾਹ ਕਰ ਸੁਟੀਆਂ। ਚਾਰ ਜੂਨ ਨੂੰ ਦਿਨ ਭਰ ਭਾਰੀ ਗੋਲਾਬਾਰੀ ਹੁੰਦੀ ਰਹੀ। ਸਿੱਟੇ ਵਜੋਂ ਉਸ ਦਿਨ ਗੁਰੂ ਅਮਰਦਾਸ ਜੀ ਦਾ ਲੰਗਰ ਤਿਆਰ ਨਾ ਹੋ ਸਕਿਆ। ਬਾਗਵਾਲੀ ਗਲੀ ਦੀਆਂ ਬੀਬੀਆਂ ਨੇ ਘਰਾਂ ਅੰਦਰ ਲੰਗਰ ਤਿਆਰ ਕਰਕੇ ਵਰ੍ਹਦੀਆਂ ਗੋਲੀਆਂ ਵਿਚ ਸੰਗਤਾਂ ਨੂੰ ਵਰਤਾਇਆ। ਉਸ ਦਿਨ ਦੁਪਹਿਰੇ ਸਾਢੇ ਬਾਰਾਂ ਵਜੇ ਦੇ ਕਰੀਬ ਦਰਬਾਰ ਸਾਹਿਬ ਸਮੂਹ ਨੂੰ ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ। ਸ਼੍ਰੋਮਣੀ ਕਮੇਟੀ ਦਾ ਜਨਰੇਟਰ ਵੀ ਅੱਗ ਨਾਲ ਨੁਕਸਾਨਿਆ ਗਿਆ। ਚਾਰ ਪੰਜ ਦੀ ਰਾਤ ਤੇ ਪੰਜ ਦੇ ਦਿਨ ਨੂੰ ਵੀ ਲਗਾਤਾਰ ਗੋਲੀਬਾਰੀ ਚਲਦੀ ਰਹੀ। ਉਸ ਵੇਲੇ ਤਕ ਫੌਜ ਦਾ ਮੁਖ ਜ਼ੋਰ ਕੰਪਲੈਕਸ ਅੰਦਰ ਛੱਤਾਂ ਉਪਰਲੇ ਮੋਰਚਿਆਂ ਨੂੰ ਤਬਾਹ ਕਰਨ ਉਤੇ ਲੱਗਾ ਰਿਹਾ। ਪੰਜ ਜੂਨ ਦੀ ਸ਼ਾਮ ਤਕ ਟੈਂਪਲਵਿਊ ਹੋਟਲ, ਬ੍ਰਹਮਬੂਟਾ ਅਖਾੜਾ, ਘੰਟਾ ਘਰ ਵਾਲੀ ਬਾਹੀ ਉੱਪਰ ਛੱਤਾਂ ਉਤੇ ਬਣਾਏ ਲਗਭਗ ਸਾਰੇ ਮੋਰਚੇ ਨਸ਼ਟ ਹੋ ਗਏ ਸਨ। ਹੁਣ ਕਾਰਵਾਈ ਦਾ ਦੂਜਾ ਪੜਾਅ ਸ਼ੁਰੂ ਹੋਣ ਜਾ ਰਿਹਾ ਸੀ। ਜਿਸ ਵਿਚ ਫੌਜਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਵੜ ਕੇ ਅਕਾਲ ਤਖਤ ਸਾਹਿਬ ਉਤੇ ਧਾਵਾ ਬੋਲਣਾ ਸੀ।
ਪੰਜ ਜੂਨ ਦੀ ਸ਼ਾਮ ਦੇ ਸਵਾ ਕੁ ਪੰਜ ਵਜੇ ਡੀ. ਐੱਸ. ਪੀ. ਬਾਜਵਾ ਨੇ ਲਾਊਡ ਸਪੀਕਰ ਉਤੇ ਜੁਝਾਰੂ ਸਿੰਘਾਂ ਨੂੰ ਫੌਰੀ ਆਤਮ ਸਮਰਪਣ ਕਰ ਦੇਣ ਦਾ ਹੋਕ ਦਿੱਤਾ। ਇਸ ਹੋਕੇ ਦਾ ਜੁਆਬ ਸਿੰਘਾਂ ਨੇ ਕੜਕਵੀਂ ਗੋਲੀਬਾਰੀ ਵਿਚ ਦਿੱਤਾ। ਇਕ ਵੀ ਜੁਝਾਰੀ ਸਿੰਘ ਆਤਮ ਸਮਰਪਣ ਕਰਨ ਲਈ ਅੱਗੇ ਨਾ ਆਇਆ। ਸ਼ਾਮ ਨੂੰ ਸਵਾ ਛੇ ਵਜੇ ਦੇ ਕਰੀਬ 16ਵੀਂ ਕੈਵਲਰੀ ਦੇ ਵਿਜੰਤਾ ਟੈਂਕ ਹਰਿਮੰਦਰ ਸਾਹਿਬ ਵੱਲ ਰਵਾਨਾ ਹੋਏ। ਪੌਣੇ ਸੱਤ ਵਜੇ ਇਨ੍ਹਾਂ ਟੈਂਕਾਂ ਨੇ ਘੰਟਾ ਘਰ ਦੇ ਸਾਹਮਣੇ ਪੋਜੀਸਨਾਂ ਲੈ ਲਈਆਂ ਅਤੇ 7.62 ਮਿ: ਮੀ: ਮਸ਼ੀਨ ਗੰਨਾਂ ਨਾਲ ਦਰਬਾਰ ਸਾਹਿਬ ਸਮੂਹ ਉਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਦੋ ਚੇਤਕ ਹੈਲੀਕਾਪਟਰ ਦਰਬਾਰ ਸਾਹਿਬ ਉਤੇ ਨੀਵੀਆਂ ਉਡਾਰੀਆਂ ਲਾਉਂਦੇ ਰਹੇ। ਇਨ੍ਹਾਂ ਹੈਲੀਕਾਪਟਰਾਂ ਵਿਚ ਸਵਾਰ ਫੌਜੀ ਅਫਸਰ ਕੰਟਰੋਲ ਰੂਮ ਦੇ ਜ਼ਰ੍ਹੀਏ ਆਪਣੇ ਮੋਰਚਿਆਂ ਵਿਚਲੇ ਜਵਾਨਾਂ ਨੂੰ ਸਿੰਘਾਂ ਦੇ ਠਿਕਾਣਿਆਂ ਬਾਰੇ ਜਾਣਕਾਰੀ ਦੇ ਰਹੇ ਸਨ ਅਤੇ ਉਨ੍ਹਾਂ ਦੀ ਠੀਕ ਨਿਸ਼ਾਨਿਆਂ ਉਤੇ ਚੋਟ ਕਰਨ ਵਿਚ ਸਹਾਇਤਾ ਕਰ ਰਹੇ ਸਨ।
ਪੰਜ ਜੂਨ ਦੀ ਰਾਤ ਪਸਰਦਿਆਂ ਹੀ 9 ਕੁਮਾਉਂ ਨੇ ਸਰਾਂ ਵਾਲੇ ਪਾਸੇ ਲੋਹੇ ਦੇ ਗੇਟਾਂ ਲਾਗੇ ਟੈਂਕ ਤੇ ਬਖਤਰਬੰਦ ਗੱਡੀਆਂ ਲਿਆ ਖੜ੍ਹੀਆਂ ਕੀਤੀਆਂ। ਉਧਰ 10 ਗਾਰਡਜ਼ ਨੇ ਵੀ ਮੁੱਖ ਦੁਆਰ (ਘੰਟਾ ਘਰ ਵਾਲਾ ਗੇਟ) ਰਾਹੀਂ ਪ੍ਰਕਰਮਾ ਅੰਦਰ ਦਾਖਲ ਹੋਣ ਦੀਆਂ ਪੂਰੀਆਂ ਤਿਆਰੀਆਂ ਕਸ ਲਈਆਂ। ਦੋਨਾਂ ਪਾਸਿਆਂ ਤੋਂ ਕਾਰਵਾਈ ਰਾਤ ਦੇ ਦਸ ਵਜੇ ਸ਼ੁਰੂ ਹੋਣੀ ਸੀ ਅਤੇ ਇਕ ਵਜੇ ਤੋਂ ਪਹਿਲਾਂ ਉਪਰੇਸ਼ਨ ਦਾ ਪਹਿਲਾ ਪੜਾਅ (ਜੁਝਾਰੂ ਸਿੰਘਾਂ ਦੀ ਲੜਾਕੂ ਸ਼ਕਤੀ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਣ) ਮੁਕੰਮਲ ਕਰ ਲੈਣ ਦੀ ਯੋਜਨਾ ਉਲੀਕੀ ਗਈ ਸੀ। ਉਸ ਤੋਂ ਬਾਅਦ ਰਾਤ ਦੇ ਹਨ੍ਹੇਰੇ ਵਿਚ ਮੁਰਦਾ ਲਾਸ਼ਾਂ ਨੂੰ ਸੰਭਾਲਣ, ਜਿਉਂਦੇ ਜੀਆਂ ਨੂੰ ਗ੍ਰਿਫਤਾਰ ਕਰਨ ਅਤੇ ਸਾਰੇ ਖੇਤਰ ਦੀ ਭਰਵੀਂ ਤਲਾਸ਼ੀ ਕਰਨ ਦਾ ਅਮਲ ਸ਼ੁਰੂ ਹੋਣਾ ਸੀ। ਇਸ ਤਰ੍ਹਾਂ 6 ਜੂਨ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਸਾਰਾ ਉਪਰੇਸ਼ਨ ਮੁਕੰਮਲ ਕਰਕੇ ਭਾਰਤੀ ਫੌਜ ਦੀ ਮਹਾਨ ਜਿੱਤ ਦੇ ਜਸ਼ਨ ਮਨਾਏ ਜਾਣੇ ਸਨ।
ਰਾਤ ਨੂੰ 9 ਵਜੇ ਦੇ ਕਰੀਬ ਜਨਰਲ ਬਰਾੜ ਨੇ ਯੁੱਧ ਦਾ ਬਿਗਲ ਵਜਾਉਣ ਤੋਂ ਪਹਿਲਾਂ ਆਪਣੀਆਂ ਚੋਣਵੀਆਂ ਫੌਜੀ ਟੁਕੜੀਆਂ ਨੂੰ ਮੁੱਖ ਦੁਆਰ ਦੇ ਸਾਹਮਣੇ ਵਾਲੇ ਖੁੱਲ੍ਹੇ ਵਿਹੜੇ ਅੰਦਰ ’ਕੱਠੇ ਕਰ ਲਿਆ ਅਤੇ ਉਨ੍ਹਾਂ ਅੰਦਰ ਜੋਸ਼ ਤੇ ਜਜ਼ਬਾ ਭਰਨ ਲਈ ਸੰਖੇਪ ਬੀਰ ਰਸੀ ਭਾਸ਼ਣ ਦਿੱਤਾ। ਉਨ੍ਹਾਂ ਨੂੰ ਲੜਾਈ ਦੀ ਲੋੜ ਤੇ ਉਦੇਸ਼ ਬਾਰੇ ਦੱਸਿਆ ਗਿਆ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਵਾਸਤੇ ਪਾ ਕੇ ਦੇਸ਼ ਲਈ ਜਾਨਾਂ ਵਾਰਨ ਵਾਸਤੇ ਤਤਪਰ ਹੋਣ ਲਈ ਕਿਹਾ ਗਿਆ। ਉਧਰ ਦਰਬਾਰ ਸਾਹਿਬ ਕੰਪਲੈਕਸ ਅੰਦਰ ਆਪੋ ਆਪਣੇ ਮੋਰਚਿਆਂ ਅੰਦਰ ਡਟੇ ਜੁਝਾਰੂ ਸਿੰਘ ਹਮਲੇ ਦੀ ਪਲ ਪਲ ਉਡੀਕ ਕਰ ਰਹੇ ਸਨ। ਆਪਣੇ ਧਰਮ, ਸਭਿਆਚਾਰ ਤੇ ਵਿਰਸੇ ਦੀ ਰਾਖੀ ਲਈ ਜਾਨਾਂ ਵਾਰਨ ਵਾਸਤੇ ਉਨ੍ਹਾਂ ਨੂੰ ਕਿਸੇ ਮਸਨੂਈ ਭਾਸ਼ਣ ਜਾਂ ਜਜ਼ਬਾਤੀ ਠੁੰਮ੍ਹਣੇ ਦੀ ਲੋੜ ਨਹੀਂ ਸੀ। ਤੱਤੀਆਂ ਤਵੀਆਂ, ਉਬਲਦੀਆਂ ਦੇਗ਼ਾਂ, ਸਿਰਾਂ ’ਤੇ ਚਲਦੇ ਆਰੇ, ਜਿਸਮਾਂ ਨੂੰ ਪਿੰਜਦੀਆਂ ਚਰਖੜੀਆਂ, ਰੰਬੀਆਂ ਨਾਲ ਉਤਾਰੀਆਂ ਜਾਂਦੀਆਂ ਖੋਪਰੀਆਂ, ਟੋਕਿਆਂ ਨਾਲ ਕੱਟੇ ਜਾਂਦੇ ਬੰਦ ਬੰਦ, ਜਮੂਰਾਂ ਨਾਲ ਉਧੇੜੇ ਜਾਂਦੇ ਨਹੁੰ, ਚਮਕੌਰ ਦੀਆਂ ਗੜ੍ਹੀਆਂ, ਸਰਹੰਦ ਦੀਆਂ ਦੀਵਾਰਾਂ, ਖਦਰਾਣੇ ਦੀਆਂ ਢਾਬਾਂ, ਕਾਹਨੂੰਵਾਨ ਦੇ ਛੰਭ, ਕੁੱਪ ਰੋਹੀੜੇ ਦੇ ਖੂਨ ਨਾਲ ਲੱਥ ਪੱਥ ਬੀਆਬਾਨ ਜੰਗਲ ਇਤਿਹਾਸ ਦੇ ਇਹ ਵਾਕਿਆਤ ਉਨ੍ਹਾਂ ਦੀ ਸਿਮਰਤੀ ਅੰਦਰ ਏਨੇ ਡੂੰਘੇ ਤੇ ਏਨੇ ਸਹਿਜ-ਭਾਅ ਵਸੇ ਹੋਏ ਸਨ ਕਿ ਧਰਮ ਹੇਤ ਸੀਸ ਦੇਣ ਦੀ ਪ੍ਰੇਰਨਾ ਤੇ ਜਾਂਚ ਉਨ੍ਹਾਂ ਦੇ ਖੂਨ ਅੰਦਰ ਹੀ ਰਮੀ ਹੋਈ ਸੀ। ਉਨ੍ਹਾਂ ਬੱਸ ਆਪਣੇ ਇਸ ਖੂਨ ਦੀ ਲਾਜ ਹੀ ਪਾਲਣੀ ਸੀ। ਉਹ ਆਪਣੇ ਅਜੀਜ ਰਹਿਬਰ (ਸੰਤ ਭਿੰਡਰਾਂਵਾਲੇ) ਦੁਆਰਾ ਆਪਣੇ ਹੱਥੀਂ ਲੋਡ ਕਰ ਕੇ ਸੌਂਪੀਆਂ ਰਾਈਫਲਾਂ ਨਾਲ ਵੇਲੇ ਦੇ ਹਾਕਮਾਂ ਦੇ ਮਸਤ ਹਾਥੀਆਂ ਦੇ ਮੱਥਿਆਂ ਨੂੰ ਵਿੰਨ੍ਹ ਸੁੱਟਣ ਦੀ ਘੜੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।
ਰਾਤ ਦੇ ਦਸ ਵੱਜੇ ਹੋਣਗੇ ਜਦ ਉਨ੍ਹਾਂ ਦੇ ਇੰਤਜਾਰ ਦੀਆਂ ਘੜੀਆਂ ਖਤਮ ਹੋ ਗਈਆਂ। 9 ਕਮਾਉਂ ਟੈਂਕਾਂ ਨਾਲ ਲੋਹੇ ਦਾ ਗੇਟ ਭੰਨ੍ਹ ਕੇ ਸਰਾਂ ਵਾਲੇ ਖੇਤਰ ਅੰਦਰ ਦਾਖਲ ਹੋ ਗਈ। ਬਖਤਰਬੰਦ ਗੱਡੀਆਂ ਤੇ ਟੈਂਕ ਸਰਾਂ ਮੂਹਰਲੀ ਸੜਕ ਉਤੇ ਖੜ੍ਹੇ ਕਰ ਦਿੱਤੇ ਗਏ ਅਤੇ ਉਨ੍ਹਾਂ ’ਚੋਂ ਹੋ ਰਹੀ ਗੋਲਾਬਾਰੀ ਦੇ ਕਵਰ ਹੇਠ ਫੌਜੀ ਦਸਤੇ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਹੋਏ ਇਮਾਰਤਾਂ ਅੰਦਰ ਘੁਸਣ ਲੱਗੇ। 9 ਕਮਾਉਂ ਦੀ ਏ ਕੰਪਨੀ ਹਮਲੇ ਦੀ ਮੁਹਰੈਲ ਟੁਕੜੀ ਸੀ ਜਿਸ ਦੀ ਅਗਵਾਈ ਮੇਜਰ ਹਤੇਸ਼ ਕੁਮਾਰ ਪਲਟਾ ਕਰ ਰਿਹਾ ਸੀ। ਇਸ ਕੰਪਨੀ ਨੂੰ ਪਹਿਲੇ ਹੱਲੇ ਵਿਚ ਹੀ ਕਿਆਸੋਂ ਬਾਹਰਾ ਜਾਨੀ ਨੁਕਸਾਨ ਝੱਲਣਾ ਪੈ ਗਿਆ। ਡਰੇ ਤੇ ਘਬਰਾਏ ਮੇਜਰ ਪਲਟਾ ਨੇ ਵਾਇਰਲੈਸ ’ਤੇ ਆਪਣੇ ਅਫਸਰਾਂ ਨੂੰ ਛੇਤੀ ਹੋਰ ਕੁਮਕ ਭੇਜਣ ਦੇ ਵਾਸਤੇ ਪਾਏ।
ਉਧਰ ਜਨਰਲ ਬਰਾੜ ਲਈ ਲੜਾਈ ਦਾ ਮਹੂਰਤ ਹੀ ਬਦਸ਼ਗਨੀ ਵਾਲਾ ਹੋ ਗਿਆ। ਮਿਥੀ ਹੋਈ ਯੋਜਨਾ ਅਨੁਸਾਰ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਦੀ ਕਾਰਵਾਈ ਇਕੋ ਸਮੇਂ ਦੋ ਪਾਸਿਆਂ ਤੋਂ ਸ਼ੁਰੂ ਕੀਤੀ ਜਾਣੀ ਸੀ। 10 ਗਾਰਡਜ਼ ਨੇ ਘੰਟਾ ਘਰ ਵਾਲੇ ਮੁਖ ਦੁਆਰਾਂ ਰਾਹੀਂ ਅੰਦਰ ਵੜਨਾ ਸੀ ਜਦ ਕਿ ਉਸੇ ਹੀ ਸਮੇਂ 26 ਮਦਰਾਸ ਨੇ ਮੰਜੀ ਸਾਹਿਬ ਵਾਲੀ ਸਾਈਡ ਤੋਂ ਪ੍ਰਕਰਮਾ ਅੰਦਰ ਦਾਖਲ ਹੋਣਾ ਸੀ। ਜਨਰਲ ਬਰਾੜ ਨੇ 9 ਵਜੇ ਦੇ ਕਰੀਬ ਮਦਰਾਸੀਆਂ ਨੂੰ ਜੋਸ਼ੀਲਾ ਭਾਸ਼ਣ ਦੇ ਕੇ ਵਿਦਾ ਕੀਤਾ ਸੀ ਅਤੇ ਉਨ੍ਹਾਂ ਬਜਾਰ ਮਾਈ ਸੇਵਾ ਵਿਚ ਦੀ ਹੁੰਦੇ ਹੋਏ ਪਿਛਵਾੜੇ ਦੀਆਂ ਗਲੀਆਂ ਰਾਹੀਂ ਬਾਬਾ ਅਟੱਲ ਸਾਹਿਬ ਵਾਲੇ ਪਾਸਿਓਂ ਮੰਜੀ ਸਾਹਿਬ ਤਕ ਪਹੁੰਚਣਾ ਸੀ। ਇਹ ਵੱਧ ਤੋਂ ਵੱਧ ਅੱਧੇ ਘੰਟੇ ਦਾ ਰਸਤਾ ਸੀ। ਜਨਰਲ ਬਰਾੜ 10 ਗਾਰਡਜ਼ ਨੂੰ ਉਦੋਂ ਤਕ ਰੋਕੀ ਬੈਠਾ ਸੀ ਜਦ ਤਕ 26 ਮਦਰਾਸ ਵਲੋਂ ਆਪਣੇ ਟਿਕਾਣੇ ’ਤੇ ਪਹੁੰਚਣ ਅਤੇ ਐਕਸ਼ਨ ਦੀ ਤਿਆਰੀ ਦਾ ਸਿਗਨਲ ਨਹੀਂ ਸੀ ਮਿਲ ਜਾਂਦਾ। ਪਰ ਘੰਟਾ ਭਰ ਬੀਤ ਜਾਣ ’ਤੇ ਵੀ ਮਦਰਾਸੀਆਂ ਵੱਲੋਂ ਕੋਈ ਸਿਗਨਲ ਨਹੀਂ ਸੀ ਪਹੁੰਚਿਆ। ਇਸ ਬਦਸਗਨੀ ਨੇ ਜਨਰਲ ਬਰਾੜ ਨੂੰ ਡਾਢੀ ਚਿੰਤਾ ਤੇ ਘਬਰਾਹਟ ’ਚ ਪਾ ਦਿੱਤਾ। ਜੇਕਰ ਰਾਤ ਦੇ ਇਕ ਵਜੇ ਤਕ ਅਕਾਲ ਤਖਤ ਸਾਹਿਬ ਉਤੇ ਕਬਜ਼ੇ ਦੀ ਕਾਰਵਾਈ ਮੁਕੰਮਲ ਕਰ ਲਈ ਜਾਣੀ ਸੀ ਤਾਂ ਹਮਲੇ ਨੂੰ ਹੋਰ ਵੱਧ ਪਛਾੜਿਆ ਨਹੀਂ ਸੀ ਜਾ ਸਕਦਾ। ਸਾਢੇ ਦਸ ਵਜੇ ਦੇ ਕਰੀਬ ਪੈਰਾ ਬਰਗੇਡ ਦੀ ਫਸਟ ਬਟਾਲੀਅਨ ਦੇ ਕਮਾਂਡੋਜ਼ ਨੂੰ 10 ਗਾਰਡਜ਼ ਦੀ ਮਦੱਦ ਨਾਲ ਮੁੱਖ ਦੁਆਰ ਰਾਹੀਂ ਅੰਦਰ ਦਾਖਲ ਹੋਣ ਦਾ ਹੁਕਮ ਦੇ ਦਿੱਤਾ ਗਿਆ। 90 ਦੇ ਲਗਭਗ ਖੱਬੀ ਖਾਨ ਕਮਾਂਡੋਜ ਨੂੰ ਪਹਿਲੇ ਹੱਲੇ ਲਈ ਚੁਣਿਆ ਗਿਆ ਸੀ। ਇਨ੍ਹਾਂ ਕਮਾਂਡੋਜ਼ ਨੂੰ ਚਾਰ ਕਾਲਮਾਂ ’ਚ ਵੰਡਿਆ ਗਿਆ। ਪਹਿਲੇ ਤੇ ਤੀਜੇ ਕਾਲਮ ਨੇ ਪ੍ਰਕਰਮਾ ਅੰਦਰ ਦਾਖਲ ਹੋ ਕੇ ਪ੍ਰਕਰਮਾ ਦੀ ਖੱਬੀ ਬਾਹੀ (ਅਜਾਇਬ ਘਰ ਤੋਂ ਲੈ ਕੇ ਬ੍ਰਹਮਬੂਟਾ ਅਖਾੜਾ ਤਕ) ’ਚੋਂ ਰੋਕਾਂ ਖਤਮ ਕਰਨੀਆਂ ਸਨ ਜਦ ਕਿ ਦੂਜੇ ਤੇ ਚੌਥੇ ਕਾਲਮ ਨੇ ਸੱਜੀ ਬਾਹੀ ਸਾਫ ਕਰਨੀ ਸੀ। ਗਾਰਡਜ ਦੀ ਅਗਵਾਈ ਲੈਫਟੀਨੈਂਟ ਕਰਨਲ ਇਸਰਾਰ ਰਹੀਮ ਖਾਨ ਨਾਂਉ ਦੇ ਹੋਣਹਾਰ ਮੁਸਲਮਾਨ ਅਫਸਰ ਨੂੰ ਸੌਂਪੀ ਗਈ ਸੀ। ਏ ਕੰਪਨੀ ਦੀ ਅਗਵਾਈ ਮੇਜਰ ਬਲਦੇਵ ਰਾਜ ਭਾਟੀਆ ਕਰ ਰਿਹਾ ਸੀ। ਜਦ ਇਸ ਕੰਪਨੀ ਦੀ ਮੋਹਰੀ ਪਲਟਨ ਨੇ ਰਾਤ ਦੇ ਘੁੱਪ ਹਨੇਰੇ ਵਿਚ ਸੂਟ ਵੱਟਕੇ ਪੋੜੀਆਂ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਸਿੰਘਾਂ ਨੇ ਗੋਲੀਆਂ ਦੀ ਬੁਛਾੜ ਨਾਲ ਇਹ ਪੂਰੀ ਦੀ ਪੂਰੀ ਖੇਪ ਪੌੜੀਆਂ ਉਤੇ ਹੀ ਢੇਰੀ ਕਰ ਦਿੱਤੀ। ਨਾ ਜਨਰਲ ਬਰਾੜ ਤੇ ਨਾ ਇਸਰਾਰ ਖਾਨ ਨੂੰ ਇਸ ਗੱਲ ਦਾ ਪਤਾ ਲੱਗ ਰਿਹਾ ਸੀ ਕਿ ਉਨ੍ਹਾਂ ਦੇ ਬਿਹਤਰੀਨ ਕਮਾਂਡੋਜ ਦੀ ਪਲਾਂ ਅੰਦਰ ਹੀ ਅਲਖ ਮੁਕਾ ਦੇਣ ਵਾਲਾ ਇਹ ਮੌਤ ਦਾ ਝੱਖੜ ਝੁੱਲਿਆ ਕਿਹੜੇ ਪਾਸਿਓਂ? ਖੁਫੀਆਂ ਰਿਪੋਰਟਾਂ ਦੇ ਹਿਸਾਬ ਨਾਲ ਉਨ੍ਹਾਂ ਨੂੰ ਇਸ ਤਰਹਾਂ ਦੀ ‘ਬੋਹਣੀ’ ਦੀ ਉਕਾ ਹੀ ਕੋਈ ਉਮੀਦ ਨਹੀਂ ਸੀ। ਉਨ੍ਹਾਂ ਨੂੰ ਪ੍ਰਕਰਮਾ ਅੰਦਰ ਜਰੂਰ ਵੱਡੇ ਵਿਰੋਧ ਦਾ ਅੰਦੇਸ਼ਾ ਸੀ। ਪਰ ਇਹ ਪੌੜੀਆਂ ਉਤੇ ਕਿਹੜੀ ਬਲਾ ਝਪਟ ਪਈ? ਇਸ ਅੜਾਉਣੀ ਦੀ ਉਨ੍ਹਾਂ ਨੂੰ ਉਕਾ ਹੀ ਸਮਝ ਨਹੀਂ ਸੀ ਆ ਰਹੀ। ਅਸਲ ਵਿਚ ਪੌੜੀਆਂ ਨਾਲ ਲਗਵੇਂ ਕਮਰਿਆਂ ਦੇ ਵੱਡੇ ਰੋਸ਼ਨਦਾਨ ਪੌੜੀਆਂ ਅੰਦਰ ਖੁਲ੍ਹਦੇ ਸਨ। ਸਿੰਘਾਂ ਨੇ ਇਨ੍ਹਾਂ ਰੋਸ਼ਨਦਾਨਾਂ ਦੀ ਇਸ ਤਰ੍ਹਾਂ ਮੋਰਚਾਬੰਦੀ ਕੀਤੀ ਹੋਈ ਸੀ ਕਿ ਹਨ੍ਹੇਰੇ ਵਿਚ ਬੰਦਾ ਤਾਂ ਕੀ ਹਵਾ ਵੀ ਉਨ੍ਹਾਂ ਦੀਆਂ ਗੋਲੀਆਂ ਤੋਂ ਬਚ ਕੇ ਅੰਦਰ ਨਹੀਂ ਸੀ ਜਾ ਸਕਦੀ। ਏ ਕੰਪਨੀ ਦਾ ਐਮ. ਐਮ. ਜੀ. ਸੈਕਸ਼ਨ ਪੂਰੇ ਦਾ ਪੂਰਾ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਲਾਂਸ ਨਾਇਕ ਮੇਜਰ ਸਿੰਘ ਐਲ. ਐਮ. ਜੀ. ਨਾਲ ਇਸ ਪਲਟੂਨ ਨੂੰ ਕਵਰਿੰਗ ਫਾਇਰ ਦੇ ਰਿਹਾ ਸੀ। ਕੁਝ ਕਮਾਂਡੋ ਪੌੜੀਆਂ ਉਤਰ ਕੇ ਪ੍ਰਕਰਮਾ ਅੰਦਰ ਖੱਬੇ ਹੱਥ ਮੋੜਾ ਕੱਟਣ ਵਿਚ ਕਮਾਯਾਬ ਹੋ ਗਏ। ਅੰਨ੍ਹੇਵਾਹ ਗੋਲੀਆਂ ਚਲਾਉਂਦੇ ਤੇ ਗਰਨੇਡਾਂ ਦੀ ਗੜੇਮਾਰ ਕਰਦੇ ਉਹ ਬ੍ਰਹਮਬੂਟਾ ਅਖਾੜੇ ਵੱਲ ਵਧਣ ਲੱਗੇ। ਉਹ ਅੱਠਵੇਂ ਕੁ ਕਮਰੇ ਤਕ ਪਹੁੰਚੇ ਸਨ ਕਿ ਸਾਹਮਣੇ ਮੱਥਿਓਂ ਏਨੀ ਜ਼ੋਰਦਾਰ ਫਾਇਰਿੰਗ ਹੋਈ ਕਿ ਸਾਰੀ ਦੀ ਸਾਰੀ ਪਲਟੂਨ ਨਕਾਰਾ ਹੋ ਗਈ। ਕੁਝ ਮਾਰੇ ਗਏ ਕੁਝ ਜਖਮੀ ਹੋ ਕੇ ਡਿਗ ਪਏ। ਕਵਰਿੰਗ ਫਾਇਰ ਦੇ ਰਿਹਾ ਲਾਂਸ ਨਾਇਕ ਮੇਜਰ ਸਿੰਘ ਤੇ ਉਸ ਦਾ ਸਹਾਇਕ ਵੀ ਜ਼ਖਮੀ ਹੋ ਕੇ ਜ਼ਮੀਨ ਉਤੇ ਢੇਰੀ ਹੋ ਗਏ। ਏ ਤੋਂ ਬਾਅਦ ਬੀ ਤੇ ਸੀ ਕੰਪਨੀ ਦੇ ਐਮ. ਐਮ. ਜੀ. ਤੇ ਐਲ. ਐਮ. ਜੀ. ਸੈਕਸ਼ਨਾਂ ਦਾ ਵੀ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਕੰਪਨੀ ਡੀ ਦਾ ਐਲ. ਐਮ. ਜੀ. ਸੈਕਸ਼ਨ ਮੁੱਖ ਦੁਆਰ ਦੇ ਖੱਬੇ ਹੱਥ ਦੇ ਥਮਲ੍ਹੇ ਦੀ ਓਟ ਲਈ ਖੜ੍ਹਾ ਸੀ ਅਤੇ ਆਪਣੀ ਪਲਟੂਨ ਦੀ ਰਾਖੀ ਕਰ ਰਿਹਾ ਸੀ। ਇਹ ਪਲਟੂਨ ਪ੍ਰਕਰਮਾ ਦੇ ਕਮਰਿਆਂ ਅੰਦਰ ਅੰਨ੍ਹੇਵਾਹ ਗਰਨੇਡ ਸੁਟਦੀ ਹੋਈ ਅਕਾਲ ਤਖਤ ਵਾਲੀ ਸਾਈਡ ਵੱਲ ਵੱਧਣ ਲੱਗੀ। ਪਰ ਐਲ. ਐਮ. ਜੀ ਸੈਕਸ਼ਨ ਦੇ ਲਾਂਸ ਨਾਇਕ ਮਨਰੂਪ ਸਿੰਘ ਸਮੇਤ ਇਸ ਪਲਟੂਨ ਦੇ ਸਾਰੇ ਜਵਾਨ ਚੌਥੇ ਕਮਰੇ ਤਕ ਪਹੁੰਚਦਿਆਂ ਹੀ ਜਾਨਾਂ ਤੋਂ ਹੱਥ ਧੋ ਬੈਠੇ। ਹਵਲਦਾਰ ਸਰਵਨ ਸਿੰਘ ਨੇ ਰੀਂਘ ਕੇ ਅਕਾਲ ਤਖਤ ਵੱਲ ਵਧਣ ਦੀ ਮਾਅਰਕੇਬਾਜ਼ ਕੋਸ਼ਿਸ਼ ਕੀਤੀ। ਪਰ ਉਹ ਕੁਝ ਹੀ ਗਜ਼ ਅੱਗੇ ਵਧ ਸਕਿਆ ਸੀ ਕਿ ਸਾਹਮਣਿਓਂ ਗੋਲੀਆਂ ਦੀ ਬੁਛਾੜ ਨਾਲ ਛਲਣੀ ਛਲਣੀ ਹੋ ਕੇ ਰੱਬ ਨੂੰ ਪਿਆਰਾ ਹੋ ਗਿਆ।
ਦਰਅਸਲ ਜਨਰਲ ਸੁਬੇਗ ਸਿੰਘ ਨੇ ਦੁਸ਼ਮਣ ਦੀ ਹਰ ਸੰਭਵ ਚਾਲ ਦਾ ਅਗਾਊਂ ਇੰਤਜ਼ਾਮ ਕਰ ਰੱਖਿਆ ਹੋਇਆ ਸੀ। ਉਸ ਨੇ ਕੁਝ ਲਾਈਟ ਮਸ਼ੀਨ ਗੰਨਾਂ ਇਸ ਹਿਸਾਬ ਨਾਲ ਬੀੜ ਰੱਖੀਆਂ ਸਨ ਕਿ ਉਨ੍ਹਾਂ ਦੀਆਂ ਗੋਲੀਆਂ ਜ਼ਮੀਨ ਤੋਂ ਗਿੱਠ ਭਰ ਉੱਪਰ ਹਵਾ ਨੂੰ ਚੀਰਦੀਆਂ ਲੰਘ ਜਾਂਦੀਆਂ ਸਨ। ਇਸ ਤਰ੍ਹਾਂ ਜ਼ਮੀਨ ’ਤੇ ਰੀਂਘ ਕੇ ਅਕਾਲ ਤਖਤ ਵੱਲ ਵਧਣ ਦੀ ਹਰ ਕੋਸ਼ਿਸ਼ ਪਛਾੜ ਦਿੱਤੀ ਗਈ। ਫੌਜੀ ਜਵਾਨ ਜਦ ਪ੍ਰਕਰਮਾ ਅੰਦਰ ਭੱਜ ਕੇ ਬਰਾਂਡਿਆਂ ਦੇ ਥਮਲ੍ਹਿਆਂ ਦੀ ਓਟ ਲੈਣ ਦੀ ਕੋਸ਼ਿਸ਼ ਕਰਦੇ ਤਾਂ ਗੋਲੀਆਂ ਦੀ ਬੁਛਾੜ ਨਾਲ ਉਨ੍ਹਾਂ ਦੇ ਗਿਟੇ ਚਕਨਾਚੂਰ ਹੋ ਜਾਂਦੇ। ਇਸ ਵਜ੍ਹਾ ਕਰਕੇ ਵੱਡੀ ਭਾਰੀ ਗਿਣਤੀ ਵਿਚ ਫੌਜੀ ਜਵਾਨ ਲੱਤਾਂ ਤੋਂ ਨਕਾਰਾ ਹੋ ਗਏ। ਜ਼ਖਮੀ ਜਵਾਨਾਂ ਨੂੰ ਅੰਬਾਲਾ ਮਿਲਟਰੀ ਹਸਪਤਾਲ ਢੋਅ ਰਹੇ ਹੈਲੀਕਾਪਟਰਾਂ ਨੂੰ ਸਾਹ ਲੈਣਾ ਨਹੀਂ ਸੀ ਮਿਲ ਰਿਹਾ।
ਇਸ ਤਰ੍ਹਾਂ ਜਦ ਕਮਾਂਡੋਆਂ ਤੇ ਗਾਰਡਾਂ ਨੂੰ ਵਾਰ ਵਾਰ ਭਾਰੀ ਨੁਕਸਾਨ ਉਠਾ ਕੇ ਪਿਛੇ ਮੁੜਨਾ ਪੈਂਦਾ ਰਿਹਾ ਤਾਂ ਉਨ੍ਹਾਂ ਦੇ ਹੌਂਸਲੇ ਬੁਰੀ ਤਰ੍ਹਾਂ ਪਸਤ ਹੋ ਗਏ। ਅੰਦਰ ਗਿਆਂ ਦਾ ਹਸਰ ਦੇਖ ਕੇ ਬਾਹਰਲੇ ਅੰਦਰ ਵੱਲ ਨੱਕ ਨਹੀਂ ਸਨ ਕਰ ਰਹੇ। ਇਕ ਮੌਕੇ ਤਾਂ ਹਤਾਸ਼ਪੁਣੇ ਦਾ ਸ਼ਿਕਾਰ ਹੋਏ ਜਨਰਲ ਬਰਾੜ ਨੂੰ ਅੰਦਰ ਵੜਨ ਤੋਂ ਪੈਰ ਘਸੀਟ ਰਹੇ ਆਪਣੇ ‘ਜਾਬਾਂਜ਼’ ਕਮਾਂਡੋਆਂ ਉਤੇ ਅਤਿ ਦਰਜੇ ਦੀ ਨਿਰਾਸਤ ਤੇ ਖਿਝ ਵਿਚ ਇਸ ਤਰ੍ਹਾਂ ਚੀਕਦਿਆਂ ਸੁਣਿਆ ਗਿਆ: “ਹਰਾਮਜ਼ਾਦਿਓ! ਅੰਦਰ ਕਿਉਂ ਨਹੀਂ ਵੜਦੇ?” ਜਨਰਲ ਬਰਾੜ ਘੰਟਾ ਘਰ ਵਾਲੇ ਪਾਸੇ ਛੱਤ ਉਪਰ ਕਾਬਜ ਹੋਣਾ ਚਾਹੁੰਦਾ ਸੀ। ਪਰੰਤੂ ਸਿੰਘਾਂ ਨੇ ਉਸ ਦੀ ਕੋਈ ਪੇਸ਼ ਨਾ ਜਾਣ ਦਿੱਤੀ। ਪੌੜੀਆਂ ਉਤਰਦਿਆਂ ਹੀ ਅੰਦਰੋਂ ਏਨੀ ਜ਼ੋਰਦਾਰ ਗੋਲੀ ਵਰ੍ਹਦੀ ਸੀ ਕਿ ਪ੍ਰਕਰਮਾ ਅੰਦਰ ਕੁਝ ਕਦਮ ਵੀ ਅੱਗੇ ਵੱਧ ਸਕਣਾ ਮੁਹਾਲ ਹੋ ਗਿਆ ਸੀ। ਉਧਰ ਮਦਰਾਸੀਆਂ ਦੀ ਅਜੇ ਵੀ ਕੋਈ ਉਘ ਸੁਘ ਨਹੀਂ ਸੀ ਮਿਲ ਰਹੀ। ਉਹ ਗਲੀਆਂ ’ਚ ਰੁਲ ਗਏ ਜਾਂ ਮਾਰੇ ਗਏ, ਜਾਂ ਜਾਨ ਲੁਕੋ ਕੇ ਬੈਠ ਗਏ, ਇਸ ਬਾਰੇ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ। ਇਸ ਤਰ੍ਹਾਂ ਬੁਰੀ ਤਰ੍ਹਾਂ ਨਿਰਾਸ਼ ਤੇ ਹਤਾਸ਼ ਹੋਏ ‘ਬਰਾੜ’ ਨੂੰ ਜਨਰਲ ਸੁੰਦਰਜੀ ਕੋਲੋਂ ਫੌਰੀ 15 ਇੰਨਫੈਂਟਰੀ ਡਿਵੀਜ਼ਨ ਦੀ ਮੰਗ ਕੀਤੀ। ਬਰਾੜ ਨੂੰ 9 ਗੜ੍ਹਵਾਲ ਰਾਈਫਲਜ਼ ਦੀ ਕੁਮਕ ਮਿਲ ਗਈ। ਇਸ ਬਟਾਲੀਅਨ ਦੀਆਂ ਦੋ ਕੰਪਨੀਆਂ ਨੂੰ ਦੱਖਣੀ ਪਾਸੇ ਤੋਂ ਸ਼ਹੀਦਾਂ ਵਾਲੇ ਗੇਟ ਰਾਹੀਂ ਅੰਦਰ ਦਾਖਲ ਹੋਣ ਲਈ ਕਿਹਾ ਗਿਆ ਤਾਂ ਜੋ ਮੁਖ ਦੁਆਰ ਰਾਹੀਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਕਮਾਂਡੋਆਂ ਉਤੇ ਹੋ ਰਹੀ ਗੋਲੀਬਾਰੀ ਦਾ ਦਬਾਉ ਕੁਝ ਘਟਾਇਆ ਜਾ ਸਕੇ ਗੜ੍ਹਵਾਲੀਆਂ ਦੀ ਅਗਵਾਈ ਲੈਫਟੀਨੈਂਟ ਕਰਨਲ ਤੇਜਿੰਦਰ ਸਿੰਘ ਹੱਥ ਸੀ। ਉਸ ਨੂੰ ਨਾਲ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਛੱਤ ਉਤੇ ਕਾਬਜ਼ ਹੋਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਪਰ ਗੜ੍ਹਵਾਲੀਆਂ ਦਾ ਵੀ ‘ਗਾਰਡਜ਼’ ਤੇ ‘ਕਮਾਂਡੋਜ਼’ ਵਾਲਾ ਹੀ ਹਸ਼ਰ ਹੋਇਆ। ਉਹ ਜਿਉਂ ਹੀ ਪੌੜੀਆਂ ਉਤਰ ਕੇ ਖੱਬਾ ਮੋੜ ਕਟਦੇ ਤਾਂ ਅੱਗੋਂ ਗੋਲੀਆਂ ਦਾ ਮੀਂਹ ਵਰ੍ਹਨਾ ਸ਼ੁਰੂ ਹੋ ਜਾਂਦਾ ਅਤੇ ਕੁਝ ਹੀ ਪਲਾਂ ਵਿਚ ਉਨ੍ਹਾਂ ’ਚੋਂ ਬਹੁਤੇ ਥਾਏਂ ਹੀ ਮਾਰੇ ਜਾਂਦੇ ਜਾਂ ਜ਼ਖ਼ਮੀ ਹੋ ਕੇ ਪਿਛੇ ਮੁੜ ਜਾਂਦੇ ਰਹੇ। ਹਰੀ ਸਿੰਘ ਨਾਂ ਦੇ ਇਕ ਸਿਰਲੱਥ ਸਿੱਖ ਰਾਈਫਲਮੈਨ ਨੇ ਆਪਣੀ ਜਾਨ ਜੋਖਮ ਵਿਚ ਪਾਕੇ ਬਰਾਂਡੇ ਅੰਦਰ ਹੁਸ਼ਿਆਰੀ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਕਦਮਾਂ ਬਾਅਦ ਹੀ ਉਹ ਭਾਰੀ ਗੋਲੀਬਾਰੀ ਦੀ ਜ਼ਦ ਵਿਚ ਆ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਾ। ਦੱਖਣੀ ਪਾਸੇ ਦੀ ਕਾਰਵਾਈ ਦੀ ਕਮਾਨ ਕਰ ਰਹੇ ਬਿਰਗੇਡੀਅਰ ਏ.ਕੇ ਦਿਵਾਨ ਨੇ ਆਪਣੇ ਜਵਾਨਾਂ ਦੀ ਖਸਤਾ ਹਾਲਤ ਨੂੰ ਦੇਖਦਿਆਂ ਹੋਇਆਂ ਜਨਰਲ ਬਰਾੜ ਨੂੰ ਫੋਰਨ ਹੋਰ ਕੁਮਕ ਭੇਜਣ ਦੀ ਅਪੀਲ ਕੀਤੀ। ਬਰਾੜ ਨੇ 15 ਕਮਾਉਂ ਦੀਆਂ ਦੋ ਕੰਪਨੀਆਂ ਬਿਰਗੇਡੀਅਰ ਦਿਵਾਨ ਦੀ ਸਹਾਇਤਾ ਲਈ ਭੇਜ ਦਿੱਤੀਆਂ। 15 ਕਮਾਉਂ ਦੀ ਏ ਕੰਪਨੀ ਨੇ ਮੇਜਰ ਬੀ. ਕੇ. ਮਿਸ਼ਰਾ ਦੀ ਅਗਵਾਈ ਹੇਠ ਅੱਗੇ ਵਧਣ ਦਾ ਯਤਨ ਕੀਤਾ ਤਾਂ ਉਸ ਦਾ ਭਾਰੀ ਗੋਲੀਬਾਰੀ ਨਾਲ ਸਵਾਗਤ ਹੋਇਆ। ਲਾਂਸ ਨਾਇਕ ਰਾਮਭੋਰ ਸਿੰਘ ਸਮੇਤ ਇਸ ਕੰਪਨੀ ਦੇ ਕਈ ਜਵਾਨ ਥਾਏਂ ਢੇਰੀ ਹੋ ਗਏ। ਬ੍ਰਿਗੇਡੀਅਰ ਦਿਵਾਨ ਨੂੰ ਇਹ ਗੱਲ ਭਾਂਪਣ ਵਿਚ ਬਹੁਤੀ ਦੇਰ ਨਹੀਂ ਲੱਗੀ ਕਿ ਕਾਗਜ਼ ਉਤੇ ਉਲੀਕੀ ਯੋਜਨਾ ਤੇ ਹਕੀਕਤ ਵਿਚ ਬਹੁਤ ਵੱਡਾ ਪਾੜਾ ਹੈ ਅਤੇ ਇਸ ਪਾੜੇ ਨੂੰ ਮੇਟਣ ਦੀ ਹਰ ਕੋਸ਼ਿਸ਼ ਤਬਾਹਕੁੰਨ ਸਾਬਤ ਹੋ ਰਹੀ ਸੀ। ਉਹ ਫਿਰ ਬੇਸਬਰੀ ਨਾਲ ਮਦਰਾਸੀਆਂ ਦੀ ਉਡੀਕ ਕਰਨ ਲੱਗਿਆ। ਪਰ ਮਦਰਾਸੀ ਕਿਤੇ ਪੰਜਾਂ ਘੰਟਿਆਂ ਬਾਅਦ ਸਵੇਰੇ ਤਿੰਨ ਵਜੇ ਜਾ ਕੇ ਪ੍ਰਗਟ ਹੋਏ ਅਤੇ ਉਹ ਵੀ ਬ੍ਰਿਗੇਡੀਅਰ ਦਿਵਾਨ ਲਈ ਰਾਹਤ ਦੀ ਥਾਂ ਉਲਟੀ ਆਫ਼ਤ ਬਣ ਕੇ ਬਹੁੜੇ। ਡਰ ਤੇ ਘਬਰਾਹਟ ਨਾਲ ਬੇਸੁਧ ਹੋਏ ਮਦਰਾਸੀਆਂ ਨੇ ਆਉਂਦਿਆਂ ਹੀ ਗੜ੍ਹਵਾਲੀਆਂ ਉਤੇ ਫਾਇਰਿੰਗ ਖੋਲ੍ਹ ਦਿੱਤੀ। ਜਦ ਨੂੰ ਬ੍ਰਿਗੇਡੀਅਰ ਦਿਵਾਨ ਨੇ ਇਸ ਮੁਸ਼ਕਲ ਉਤੇ ਕਾਬੂ ਪਾਇਆ ਤਾਂ ਉਦੋਂ ਤਕ ਉਸ ਦਾ ਭਾਰੀ ਨੁਕਸਾਨ ਹੋ ਚੁੱਕਾ ਸੀ।
ਉਧਰ ਗਾਰਡਜ ਤੇ ਕਮਾਂਡੋਜ ਦੀ ਪਾਣ ਲੱਥ ਜਾਣ ਤੋਂ ਬਾਅਦ ਜਨਰਲ ਬਰਾੜ ਨੇ ਸਪੈਸ਼ਲ ਫਰੰਟੀਅਰ ਫੋਰਸ ਦੇ ਕਮਾਂਡੋਆਂ ਨੂੰ ਅਜ਼ਮਾਇਆ। ਪਰ ਬਰਾੜ ਦੀ ਇਹ ਪੈਂਤੜਾ ਚਾਲ ਵੀ ਭਾਰੀ ਨੁਕਸਾਨ ਉਠਾਉਣ ਤੋਂ ਬਾਅਦ ਠੁੱਸ ਹੋ ਕੇ ਰਹਿ ਗਈ। ਸਿੰਘਾਂ ਦੇ ਹੌਂਸਲੇ ਪਸਤ ਕਰਨ ਲਈ ਅਕਾਲ ਤਖਤ ਉਤੇ ਸਟੱਨ ਗਰਨੇਡ ਸੁੱਟੇ ਗਏ। ਇਨ੍ਹਾਂ ਗਰਨੇਡਾਂ ਦੀ ਧਮਕ ਏਨੀ ਜ਼ੋਰਦਾਰ ਹੁੰਦੀ ਹੈ ਕਿ ਜ਼ਮੀਨ ਤੇ ਅਸਮਾਨ ਦੋਵੇਂ ਕੰਬਣ ਲੱਗ ਪੈਂਦੇ ਹਨ। ਪਰ ਅਕਾਲ ਤਖਤ ਦੀ ਰਾਖੀ ਲਈ ਡਟੇ ਸਿੰਘਾਂ ਨੇ ਇਨ੍ਹਾਂ ਧਮਾਕਿਆਂ ਨੂੰ ਦਿਵਾਲੀ ਦੇ ਪਟਾਕਿਆਂ ਤੋਂ ਵੱਧ ਨਹੀਂ ਜਾਣਿਆ। ਸਵੇਰੇ ਚਾਰ ਵੱਜ ਕੇ ਦਸ ਮਿੰਟ ’ਤੇ ਇਕ ਬਖਤਰਬੰਦ ਗੱਡੀ (ਸ਼ਖੌਠ ੌਠ 64) ਨੂੰ ਪ੍ਰਕਰਮਾ ਅੰਦਰ ਉਤਾਰਿਆ ਗਿਆ। ਇਸ ਗੱਡੀ ਦਾ ਲਾਂਘਾ ਬਨਾਉਣ ਲਈ ਮੰਜੀ ਸਾਹਿਬ ਵਾਲੇ ਪਾਸੇ ਦੇ ਗੇਟ ਦੀਆਂ ਪੌੜੀਆਂ ਟੈਂਕ ਨਾਲ ਤੋੜੀਆਂ ਗਈਆਂ। ਇਹ ਗੱਡੀ ਅਜੇ ਪ੍ਰਕਰਮਾ ਦੇ ਅੱਧ ਵਿਚ ਹੀ ਪਹੁੰਚੀ ਸੀ ਜਦ ਅਕਾਲ ਤਖਤ ਅੰਦਰੋਂ ਆਏ ਟੈਂਕ ਤੋੜ ਰਾਕਟ ਨੇ ਇਸ ਨੂੰ ਥਾਏਂ ਨਕਾਰਾ ਕਰ ਦਿੱਤਾ ਅਤੇ ਇਸ ਦੇ ਡਰਾਈਵਰ ਸਮੇਤ ਇਸ ਵਿਚ ਸਵਾਰ ਕੈਪਟਨ ਹਰਦੇਵ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਬਖ਼ਤਰਬੰਦ ਗੱਡੀ ਨਸ਼ਟ ਹੋ ਜਾਣ ਤੋਂ ਬਾਅਦ ਜਨਰਲ ਬਰਾੜ ਨੇ ਕਾਹਲ ਤੇ ਘਬਰਾਹਟ ਵਿਚ ਜਨਰਲ ਸੁੰਦਰਜੀ ਕੋਲੋਂ ਟੈਂਕ ਅੰਦਰ ਲਿਜਾਣ ਦੀ ਆਗਿਆ ਮੰਗੀ। ਇਸ ਨੌਬਤ ਦੀ ਕਿਸੇ ਨੇ ਵੀ ਕਲਪਨਾ ਨਹੀਂ ਸੀ ਕੀਤੀ। ਨਾ ਜਨਰਲ ਬਰਾੜ ਨੇ, ਨਾ ਜਨਰਲ ਦਿਆਲ ਜਾਂ ਜਨਰਲ ਸੁੰਦਰਜੀ ਨੇ। ਅਚਾਨਕ ਪੈਦਾ ਹੋਈ ਨਵੀਨ ਸਥਿਤੀ ਨੇ ਸਾਰੀ ਫੌਜੀ ਲੀਡਰਸ਼ਿਪ ਨੂੰ ਸਸ਼ੋਪੰਜ ਤੇ ਘਬਰਾਹਟ ਵਿਚ ਪਾ ਦਿਤਾ। ਜਨਰਲ ਸੁੰਦਰ ਜੀ ਨੇ ਤੁਰੰਤ ਜਨਰਲ ਵੈਦਿਆਂ ਨਾਲ ਸੰਪਰਕ ਕੀਤਾ। ਜਨਰਲ ਵੈਦਿਆਂ ਨੇ ਆਪਣੀ ਪੱਧਰ ’ਤੇ ਏਨਾ ਵੱਡਾ ਫੈਸਲਾ ਲੈਣ ਤੋਂ ਅਸਮਰਥਾ ਜਾਹਰ ਕਰਦੇ ਹੋਏ ਫੌਰਨ ਦਿੱਲੀ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਜਿਥੋਂ ਅਰੁਨ ਸਿੰਘ, ਅਰੁਨ ਨਹਿਰੂ ਤੇ ਪੀ. ਚਿਦੰਬਰਮ ਦੀ ਤਿਕੜੀ ਸਾਰੀ ਕਾਰਵਾਈ ਉਤੇ ਨੇੜਲੀ ਨਿਗ੍ਹਾ ਰੱਖ ਰਹੀ ਸੀ। ਦਿੱਲੀ ਕੰਟਰੋਲ ਰੂਮ ਨੇ ਫੌਰੀ ਇੰਦਰਾ ਗਾਂਧੀ ਕੋਲੋਂ ਇਜਾਜਤ ਲੈ ਕੇ ਸ੍ਰੀ ਅੰਮ੍ਰਿਤਸਰ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ। ਮਿੰਟਾਂ ਅੰਦਰ ਹੀ ਛੇ ਵਿਜੰਤਾ ਟੈਂਕ ਸਰਾਂ ਵਾਲੇ ਪਾਸੇ ਹਾਜਰ ਹੋ ਗਏ। ਪਹਿਲਾਂ ਇਕ ਟੈਂਕ ਅੰਦਰ ਵਾੜਿਆ ਗਿਆ। ਪਰ ਰੱਬ ਸਬੱਬੀ ਬਾਬਾ ਦੀਪ ਸਿੰਘ ਦੀ ਸਮਾਧ ਦੇ ਕੋਲ ਜਾ ਕੇ ਇਹ ਟੈਂਕ ਜ਼ਮੀਨ ਅੰਦਰ ਖੁਭ ਗਿਆ। ਫਿਰ ਇਕ ਹੋਰ ਟੈਂਕ ਲਿਆਂਦਾ ਗਿਆ। ਤੇਜ ਲਿਸ਼ਕੋਰ ਨਾਲ ਸਿੰਘਾਂ ਦੀਆਂ ਅੱਖਾਂ ਨੂੰ ਨਕਾਰਾ ਕਰਨ ਲਈ ਟੈਂਕਾਂ ਦੀਆਂ ਤੇਜ ਸਰਚ ਲਾਈਟਾਂ ਦਾ ਇਸਤੇਮਾਲ ਕੀਤਾ ਗਿਆ। ਅਕਾਲ ਤਖਤ ਉਤੇ ਅੱਥਰੂ ਗੈਸ ਦੇ ਬੇਥਾਹ ਗੋਲੇ ਸੁੱਟੇ ਗਏ। ਪਰ ਹਵਾ ਦਾ ਰੁਖ ਉਲਟਾ ਹੋਣ ਕਰਕੇ ਅੱਥਰੂ ਗੈਸ ਦਾ ਸਿੰਘਾਂ ਨਾਲੋਂ ਵੱਧ ਫੌਜੀਆਂ ਨੂੰ ਹੀ ਸੁਆਦ ਚੱਖਣਾ ਪੈ ਗਿਆ। ਫਿਰ ਇਸਰਾਰ ਖਾਨ ਦੀ ਅਗਵਾਈ ਹੇਠ ਕਮਾਂਡੋਆਂ ਨੇ ਅਕਾਲ ਤਖਤ ਉਤੇ ਜਹਿਰੀਲੀ ਸੀ. ਐਸ. ਗੈਸ ਦੇ ਕਨਿਸਟਰ ਸੁੱਟੇ। ਪਰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਵਰਤਿਆ ਗਿਆ ਰਸਾਇਣਕ ਜੰਗ ਦਾ ਇਹ ਹਥਿਆਰ ਵੀ ਬਹੁਤਾ ਕਾਰਗਰ ਸਾਬਤ ਨਾ ਹੋਇਆ। ਜ਼ਹਿਰੀਲੀ ਹੋਣ ਕਰਕੇ ਸੀ. ਐਸ. ਗੈਸ ਦੀ ਜੰਗ ਅੰਦਰ ਵਰਤੋਂ ਕਾਨੂੰਨੀ ਤੌਰ ’ਤੇ ਵਰਜਿਤ ਹੈ।
ਅਕਾਲ ਤਖਤ ਅੰਦਰੋਂ ਹੋ ਰਹੀ ਕਹਿਰਾਂ ਦੀ ਗੋਲੀਬਾਰੀ ਉਤੇ ਕਾਬੂ ਪਾਉਣ ਦੀ ਕੋਈ ਵੀ ਯੋਜਨਾ ਅਸਰਦਾਰ ਸਾਬਤ ਨਹੀਂ ਸੀ ਹੋ ਰਹੀ। ਅਖੀਰ ਵਿਚ ਟੈਂਕਾਂ ਨੇ ਪ੍ਰਕਰਮਾ ਅੰਦਰ ਅਗਾਂਹ ਵਧ ਕੇ ਅਕਾਲ ਤਖਤ ਅਤੇ ਦਰਸ਼ਨੀ ਡਿਉਢੀ ਉਤੇ ਪਹਿਲਾਂ ਅਜ਼ਮਾਇਸ਼ ਦੇ ਤੌਰ ’ਤੇ ਛੋਟੀ ਤੋਪ (ਹੌਵਿਟਜ਼ਰ ਗੰਨ) ਦੇ ਗੋਲੇ ਦਾਗ਼ਣੇ ਸ਼ੁਰੂ ਕੀਤੇ। ਪਰ ਜਦ ਏਨੇ ਕੁਝ ਦੇ ਬਾਅਦ ਵੀ ਅਕਾਲ ਤਖਤ ਦੇ ਅੰਦਰੋਂ ਸਿੰਘਾਂ ਦੀਆਂ ਗੋਲੀਆਂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਮੌਤ ਦਾ ਪ੍ਰਸ਼ਾਦ ਵਰਤਾਉਣਾ ਜਾਰੀ ਰੱਖਿਆ ਤਾਂ ਟੈਂਕ ਦੀ ਮੁਖ ਤੋਪ (105 ਐਮ.ਐਮ.) ’ਚੋਂ ਅਤਿ ਸ਼ਕਤੀਸ਼ਾਲੀ ਗੋਲਿਆਂ ਦੀ ਅੱਗ ਵਰ੍ਹਨੀ ਸ਼ੁਰੂ ਹੋ ਗਈ। ਇਹ ਗੋਲੇ ਸਨ ਜਿਨ੍ਹਾਂ ਨੇ ਅਕਾਲ ਤਖਤ ਤੇ ਦਰਸ਼ਨੀ ਡਿਉਢੀ ਦੇ ਢਾਂਚਿਆਂ ਅੰਦਰ ਵੱਡੇ ਵੱਡੇ ਮਘੋਰੇ ਖੋਲ੍ਹ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ। ਇਸ ਦੇ ਬਾਵਜੂਦ ਅਕਾਲ ਤਖਤ ਅੰਦਰ ਡਟੇ ਸਿੰਘਾਂ ਵਲੋਂ ਭਾਰਤੀ ਫੌਜ ਦਾ ਜੋਰਦਾਰ ਮੁਕਾਬਲਾ ਜਾਰੀ ਰਿਹਾ। ਕਮਾਂਡੋਆਂ ਨੇ ਪ੍ਰਕਰਮਾ ਦੀਆਂ ਉਤਰੀ ਤੇ ਦੱਖਣੀ, ਦੋਨੋਂ ਵੱਖੀਆਂ ਤੋਂ ਅਕਾਲ ਤਖਤ ਸਾਹਿਬ ਵੱਲ ਵਧਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰੀ ਅਕਾਲ ਤਖਤ ਤੇ ਦਰਸ਼ਨੀ ਡਿਉਢੀ ਦੇ ਵਿਚਕਾਰਲਾ ਵਿਹੜਾ ਉਨ੍ਹਾਂ ਲਈ ਮੌਤ ਦਾ ਮੈਦਾਨ ਬਣਦਾ ਰਿਹਾ। ਬਾਅਦ ਵਿਚ ਜਨਰਲ ਬਰਾੜ ਨੇ ਇਹ ਗੱਲ ਖੁਦ ਮੰਨੀ ਕਿ ਇਹ ਵਿਹੜਾ ਉਨ੍ਹਾਂ ਲਈ “ਮੁਖ ਕਤਲਗਾਹ” ਸਾਬਤ ਹੋਇਆ। ਉਦੋਂ ਵੀ ਜਦ ਅਕਾਲ ਤਖਤ ਵਿਚ ਹੋਏ ਵੱਡੇ ਵੱਡੇ ਮਘੋਰਿਆਂ ਰਾਹੀਂ ਭਾਰਤੀ ਫੌਜ ਮਣਾਂਮੂੰਹੀ ਬਰੂਦ ਅੰਦਰ ਸੁਟ ਰਹੀ ਸੀ ਤੇ ਅਕਾਲ ਤਖਤ ਦੀਆਂ ਉਪਰਲੀਆਂ ਮੰਜ਼ਲਾਂ ਅੱਗ ਤੇ ਧੂੰਏ ਦੀ ਲਪੇਟ ਵਿਚ ਆਈਆਂ ਹੋਈਆਂ ਸਨ, ਅਕਾਲ ਤਖਤ ਦੀ ਪਹਿਲੀ ਮੰਜ਼ਲ ’ਚੋਂ ਗੋਲੀਆਂ ਦੀ ਲਗਾਤਾਰ ਸ਼ੂਕਰ ਪੈਂਦੀ ਰਹੀ ਅਤੇ ਸਾਹਮਣੇ ਵਿਹੜੇ ਅੰਦਰ ਫੌਜੀ ਜਵਾਨਾਂ ਦੀਆਂ ਲਾਸ਼ਾਂ ਦੇ ਸੱਥਰ ਲਗਦੇ ਰਹੇ। 6 ਜੂਨ ਦੀ ਦੁਪਹਿਰ ਤਕ ਟੈਂਕਾਂ ਦੀਆਂ ਤੋਪਾਂ ਅਕਾਲ ਤਖਤ ਉਤੇ ਲਗਾਤਰ ਅੱਗ ਵਰ੍ਹਾਉਂਦੀਆਂ ਰਹੀਆਂ। ਪਰੰਤੂ ਘਾਇਲ ਹੋਏ ਅਕਾਲ ਤਖਤ ਅੰਦਰੋਂ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਗਿਣਤੀ ਦੇ ਲੜਾਕੂ ਯੋਧੇ ਸਿੱਖੀ ਦੇ ਗੌਰਵਸ਼ਾਲੀ ਵਿਰਸੇ ਦੀ ਲਾਜ ਰਖਦੇ ਹੋਏ ਪੂਰੀ ਸਿਦਕਦਿਲੀ ’ਤੇ ਵੀਰਤਾ ਨਾਲ ਮੁਕਾਬਲੇ ਤੇ ਡਟੇ ਰਹੇ। ਜਨਰਲ ਬਰਾੜ ਦੀ ਸੰਤ ਭਿੰਡਰਾਂਵਾਲੇ ਕੋਲੋਂ ਦੇ ਘੰਟਿਆਂ ਦੇ ਅੰਦਰ ਅੰਦਰ ਆਤਮ ਸਮਰਪਣ ਕਰਵਾ ਲੈਣ ਦੀ ਫੜ੍ਹ ਉਸ ਲਈ ਅੰਤਾਂ ਦੀ ਨਮੋਸ਼ੀ ਤੇ ਸ਼ਰਮਿੰਦਗੀ ਦਾ ਕਾਰਨ ਬਣ ਰਹੀ ਸੀ। ਗਿਣਤੀ ਦੇ ਸਿੰਘਾਂ ਨੂੰ ਫੌਜ ਦੇ ਭਾਰੀ ਲਸ਼ਕਰ ਨਾਲ ਮੁਕਾਬਲਾ ਕਰਦਿਆਂ 50 ਘੰਟੇ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਸੀ। ਟੈਂਕਾਂ ਦੇ ਗੋਲਿਆਂ ਨੇ ਅਕਾਲ ਤਖਤ ਸਾਹਿਬ ਨੂੰ ਲਗਭਗ ਥੇਹ ਬਣਾ ਦਿਤਾ ਸੀ। ਬਹੁਤੇ ਸਿੰਘ ਦਰਬਾਰ ਸਾਹਿਬ ਦੀ ਅਜਮਤ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਚੁੱਕੇ ਸਨ। 6 ਜੂਨ ਦੀ ਸਵੇਰ ਨੂੰ ਸੰਤ ਜਰਨੈਲ ਸਿੰਘ ਨੇ ਆਪਣੇ ਗਿਣਤੀ ਦੇ ਬਚੇ ਹੋਏ ਯੋਧਿਆਂ ਨੂੰ ਅਕਾਲ ਤਖਤ ਸਾਹਿਬ ਦੇ ਭੋਰੇ ਅੰਦਰ ਇਕੱਠਿਆਂ ਕਰਕੇ ਸਾਰੇ ਹਾਲਾਤ, ਜੋ ਸਾਰਿਆਂ ਨੂੰ ਸਪੱਸ਼ਟ ਸਨ, ਤੋਂ ਜਾਣੂ ਕਰਵਾਇਆ ਅਤੇ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੀ ਸੂਰਤ ਵਿਚ ਫੌਜ ਨੂੰ ਲੋਹੇ ਦੇ ਚਣੇ ਚਬਾਉਣ ਦੇ ਆਪਣੇ ਪ੍ਰਣ ਉਤੇ ਸੰਤੁਸ਼ਟੀ ਜਾਹਰ ਕਰਦਿਆਂ ਹੋਇਆਂ ਗੁਰੂ ਦੇ ਚਰਨਾਂ ਵਿਚ ਸ਼ਹਾਦਤ ਦਾ ਜਾਮ ਪੀਣ ਦੀ ਸੁਲੱਖਣੀ ਘੜੀ ਦੇ ਆਣ ਪਹੁੰਚਣ ਦਾ ਐਲਾਨ ਕੀਤਾ। ਕੁਝ ਸਿੰਘਾਂ ਨੇ ਸੰਤਾਂ ਨੂੰ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਨੂੰ ਯੋਗ ਅਗਵਾਈ ਦੇਣ ਲਈ ਦੁਸ਼ਮਣ ਦੇ ਘੇਰੇ ’ਚੋਂ ਬਚ ਕੇ ਨਿਕਲ ਜਾਣ ਦੀ ਬੇਨਤੀ ਕੀਤੀ। ਘੇਰੇ ’ਚੋਂ ਬਚ ਕੇ ਨਿਕਲ ਜਾਣ ਦੇ ਰਾਹ ਭਾਵੇਂ ਖੁੱਲ੍ਹੇ ਸਨ, (ਕਿਹਾ ਜਾਂਦਾ ਹੈ ਕਿ ਕੁਝ ਸਿੰਘ ਸਾਂਝੀ ਰਜ਼ਾ ਨਾਲ ਘੇਰੇ ਚੋਂ ਨਿਕਲ ਵੀ ਗਏ ਸਨ) ਪਰੰਤੂ ਸੰਤ ਜਰਨੈਲ ਸਿੰਘ ਨੇ ਸਿੰਘਾਂ ਦੀ ਇਸ ਬੇਨਤੀ ਨੂੰ ਪਿਆਰ ਪਰ ਦ੍ਰਿੜਤਾ ਨਾਲ ਠੁਕਰਾਅ ਦਿੱਤਾ ਅਤੇ ਗੁਰੂ ਦੇ ਚਰਨਾਂ ਵਿਚ ਸੀਸ ਵਾਰਨ ਦੀ ਆਪਣੀ ਅਡੋਲ ਇੱਛਾ ਨੂੰ ਉਨ੍ਹਾਂ ਦੇ ਅੰਤਮ ਫੈਸਲੇ ਵਜੋਂ ਪਰਵਾਨ ਕਰਨ ਲਈ ਕਿਹਾ। ਇਸ ਤੋਂ ਬਾਅਦ ਸਿੰਘਾਂ ਨੇ ਇਹੋ ਬੇਨਤੀ ਭਾਈ ਅਮਰੀਕ ਸਿੰਘ ਅੱਗੇ ਦੁਹਰਾਈ ਪਰ ਭਾਈ ਸਾਹਿਬ ਹੁਰਾਂ ਸੱਚਖੰਡ ਤਕ ਸੰਤਾਂ ਦਾ ਸਾਥ ਨਿਭਾਉਣ ਦੀ ਆਪਣੀ ਤੀਬਰ ਇੱਛਾ ਅਤੇ ਪ੍ਰਣ ਤੋਂ ਕਿਸੇ ਵੀ ਸੂਰਤ ਪਿਛਾਂਹ ਨਾ ਹਟਣ ਦਾ ਦ੍ਰਿੜ੍ਹ ਫੈਸਲਾ ਸੁਣਾਉਂਦਿਆਂ ਹੋਇਆਂ ਸ਼ਹੀਦੀ ਕਮਰਕੱਸੇ ਕਰਨੇ ਸ਼ੁਰੂ ਕਰ ਦਿੱਤੇ। ਸੰਤ ਜਰਨੈਲ ਸਿੰਘ ਅਤੇ ਅਕਾਲ ਤਖਤ ਦੇ ਭੋਰੇ ਅੰਦਰ ਦੋ ਦਰਜ਼ਨ ਦੇ ਕਰੀਬ ਧਰਮੀ ਯੋਧਿਆਂ ਦੇ ਹੱਥ ਅਰਦਾਸ ਲਈ ਜੁੜੇ। ਅਰਦਾਸ ਹੋਈ ਅਤੇ ਜੈਕਾਰਾ ਛੱਡਣ ਤੋਂ ਬਾਅਦ ਉਹੀ ਹੱਥ ਮੁੜ ਬੰਦੂਕਾਂ ਤੋਂ ਕਾਰਬਾਈਨਾਂ ਦੇ ਮੁਠਿਆਂ ਨੂੰ ਜਾ ਜੁੜੇ। ਅੱਗੇ ਸੰਤ ਤੇ ਪਿਛੇ ਉਨ੍ਹਾਂ ਦੇ ਸਿਦਕੀ ਸਿੰਘ ਜੈਕਾਰੇ ਗੁੰਜਾਉਂਦੇ ਤੇ ਦੁਸ਼ਮਣ ਨੂੰ ਲਲਕਾਰਦੇ ਸਾਹਮਣੇ ਵਿਹੜੇ ਵਿਚ ਨਿਕਲ ਆਏ। ਇਸ ਕੌਤਕ ਨੂੰ ਦੇਖਕੇ ਇਕ ਵਾਰ ਤਾਂ ਦੁਸ਼ਮਣ ਦੇ ਕਾਲਜੇ ਕੰਬ ਗਏ। ਕੁਝ ਹੀ ਪਲਾਂ ਬਾਅਦ ਚੁਫੇਰਿਓਂ ਗੋਲੀਆਂ ਤੇ ਗਰਨੇਡਾਂ ਦੀ ਜੋਰਦਾਰ ਬੁਛਾੜ ਆਈ ਅਤੇ ਮਰਦ ਅਗੰਮੜੇ ਸ਼ੇਰ ਦਿਲ ਸੂਰਮੇ ਜਰਨੈਲ ਸਿੰਘ ਸਿੱਖ ਵਿਰਸੇ ਦੀ ਲਾਜ ਪਾਲਦੇ ਤੇ ਆਪਣਾ ਵਚਨ ਨਿਭਾਉਂਦੇ ਹੋਏ ਨਿਸ਼ਾਨ ਸਾਹਿਬਾਨ ਤੋਂ ਕੁਝ ਫੁੱਟ ਦੀ ਦੂਰੀ ਉਤੇ ਸ਼ਹੀਦ ਹੋ ਗਏ। ਮਗਰੇ ਹੀ ਭਾਈ ਅਮਰੀਕ ਸਿੰਘ ਤੇ ਹੋਰ ਸਿੰਘ ਵੀ ਗੁਰੂ ਘਰ ਦੀ ਰੱਖਿਆ ਕਰਦੇ ਹੋਏ ਗੁਰੂ ਨੂੰ ਪਿਆਰੇ ਹੋ ਗਏ। ਸੁਬੇਗ ਸਿੰਘ ਦੀ ਮੁਰਦਾ ਦੇਹ ਅਕਾਲ ਤਖਤ ਸਾਹਿਬ ਦੇ ਭੋਰੇ ਚੋਂ ਬਰਾਮਦ ਹੋਈ ਦੱਸੀ ਗਈ। ਕੁਝ ਪੱਤਰਕਾਰਾਂ ਦੀਆਂ ਰਿਪੋਰਟਾਂ ਮੁਤਾਬਕ ਜਨਰਲ ਸੁਬੇਗ ਸਿੰਘ ਦੇ ਗੁੱਟਾਂ ਉਤੇ ਰੱਸੇ ਦੇ ਨਿਸ਼ਾਨ ਸਨ। ਸਮਝਿਆ ਜਾਂਦਾ ਹੈ ਕਿ ਫੌਜ ਦੇ ਵੱਡੇ ਭਾਰੀ ਜਾਨੀ ਨੁਕਸਾਨ ਸਦਕਾ ਕਰੋਧ ਵਿਚ ਆਏ ਬੁਜ਼ਦਿਲ ਜਰਨੈਲਾਂ ਨੇ ਆਪਣੀ ਵਿਹੁ ਲਾਹੁਣ ਲਈ ਸ਼ੇਰ-ਦਿਲ ਜਰਨੈਲ ਸੁਬੇਗ ਸਿੰਘ ਨੂੰ ਸਖਤ ਜ਼ਖਮੀ ਹਾਲਤ ਵਿਚ ਰੱਸਿਆਂ ਨਾਲ ਬੰਨ੍ਹ ਕੇ ਘੜੀਸਿਆ ਅਤੇ ਫਿਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
-0-
*ਉਪਰੋਕਤ ਲਿਖਤ ਪਹਿਲਾਂ 6 ਜੂਨ 2016 ਨੂੰ ਛਾਪੀ ਗਈ ਸੀ