– ਅਵਤਾਰ ਸਿੰਘ ਯੂ. ਕੇ.
ਜਵਾਹਰ ਲਾਲ ਯੂਨੀਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੇ ਨੇਤਾ ਕਨ੍ਹਈਆ ਕੁਮਾਰ ਨੇ ਆਪਣੀ ਜਮਾਨਤ ਅਤੇ ਰਿਹਾਈ ਤੋਂ ਬਾਅਦ ਯੂਨੀਵਰਸਿਟੀ ਕੈਂਪਸ ਵਿੱਚ ਜੁਝਾਰੂ ਕਿਸਮ ਦਾ ਭਾਸ਼ਣ ਕਰਕੇ ਦੇਸ਼ ਭਰ ਵਿੱਚ ਰਾਸ਼ਟਰਵਾਦ ਅਤੇ ਦੇਸ਼-ਧਰੋਹੀ ਬਾਰੇ ਬਹਿਸ ਛੇੜ ਦਿੱਤੀ ਹੈੈ। ਭਾਰਤ ਨੂੰ ਇੱਕ ਕੌਮ ਅਤੇ ਇੱਕ ਕੌਮੀ-ਦੇਸ਼ ਬਣਾਉਣ ਵਾਲਿਆਂ ਦੇ ਸੁਪਨਿਆਂ ਨੂੰ ਬਹੁਤ ਦੇਰ ਬਾਅਦ ਕਿਸੇ ਨੇ ਵਿਚਾਰਧਾਰਕ ਅਤੇ ਸਿਆਸੀ ਚੁਣੌਤੀ ਦਿੱਤੀ ਹੈ। ਇਸ ਮੁਲਕ ਨੂੰ ਵੱਖ ਵੱਖ ਕੌਮਾਂ ਦਾ ਜੇਲ੍ਹਖਾਨਾ ਦੱਸਕੇ ਉਸਨੇ ਮਨੂੰਵਾਦੀਆਂ ਦੀਆਂ ਸਾਜਿਸ਼ਾਂ ਨੂੱੰ ਕਾਮਯਾਬ ਨਾ ਹੋਣ ਦੇਣ ਦਾ ਐਲਾਨ ਵੀ ਕਰ ਦਿੱਤਾ ਹੈੈ।
ਕਨ੍ਹਈਆ ਕੁਮਾਰ ਨੇ ਇਸ ਮੁਲਕ ਵਿੱਚ ਇੱਕ ਅਜਿਹੇ ਵਿਸ਼ੇ ਨੂੰ ਛੇੜ ਲਿਆ ਹੈ ਜਿਸ ਬਾਰੇ ਗੱਲ ਕਰਨੀ ਵੀ ਦੇਸ਼-ਧਰੋਹੀ ਮੰਨੀ ਜਾਂਦੀ ਸੀ। ਭਾਰਤੀ ਸਟੇਟ ਦੀ ਸਮੁੱਚੀ ਮਸ਼ੀਨਰੀ ਸਣੇ ਮੀਡੀਆ ਪਿਛਲੇ 60 ਸਾਲਾਂ ਤੋਂ ਇਸ ਬਹਿਸ ਨੂੰ ਛਿੜਨ ਤੋਂ ਲਗਾਤਾਰ ਰੋਕ ਰਹੇ ਸਨ, ਖਾਸ ਕਰਕੇ ਪੰਜਾਬ ਦੇ ਸੰਦਰਭ ਵਿੱਚ। ਕਨ੍ਹਈਆ ਕੁਮਾਰ ਨੇ ਆਪਣੇ ਭਾਸ਼ਣ ਅਤੇ ਫਿਰ ਵੱਖ-ਵੱਖ ਟੀਵੀ ਚੈਨਲਾਂ ਨੂੰ ਦਿੱਤੇ ਗਏ ਇੰਟਰਵਿਊਜ਼ ਵਿੱਚ ਇਹ ਸਪਸ਼ਟ ਲਕੀਰ ਖਿੱਚੀ ਹੈ ਕਿ ਭਾਰਤ ਇੱਕ ਬਹੁ-ਕੌਮੀ ਦੇਸ਼ ਹੈ ਅਤੇ ਇਸ ਦੀਆਂ ਘੱਟ-ਗਿਣਤੀਆਂ ਉੱਤੇ ਸਟੇਟ ਵੱਲੋਂ ਬਹੁ-ਗਿਣਤੀ ਦਾ ਏਜੰਡਾ, ਸਟੇਟ ਦੀ ਜਾਬਰ ਮਸ਼ੀਨਰੀ ਦੀ ਸਹਾਇਤਾ ਨਾਲ ਥੋਪਿਆ ਜਾ ਰਿਹਾ ਹੈੈ।
ਹੁਣ ਉਸ ਤੋਂ ਬਾਅਦ ਦੇਸ਼ ਦੇ ਮੀਡੀਆ ਵਿੱਚ ਰਾਸ਼ਟਰਵਾਦ ਅਤੇ ਦੇਸ਼ ਧਰੋਹੀ, ਦੇਸ਼ ਭਗਤੀ ਬਾਰੇ ਵਿਸਥਾਰਪੂਰਬਕ ਵਿਚਾਰ ਚਰਚਾ ਚੱਲ ਪਈ ਹੈੈ।ਕਨ੍ਹਈਆ ਕੁਮਾਰ ਨੇ ‘ਅਜ਼ਾਦੀ’ ਅਤੇ ‘ਦੇਸ਼ ਧਰੋਹੁ’ ਨੂੰ ਨਵੀਂ ਵਿਆਖਿਆ ਦੇਣ ਦੀ ਕੋਸ਼ਿਸ ਕੀਤੀ ਹੈ। ਉਸਨੇ ਭਾਰਤ ਵਿੱਚ ਘੱਟ-ਗਿਣਤੀਆਂ ਦੀ ਅਜ਼ਾਦੀ ਦੀ ਆਪਣੀ ਮੰਗ ਨੂੰ ਅਕਾਦਮਿਕ ਤੌਰ ਤੇ ਉਠਾਇਆ ਹੈੈ। ਸਰਕਾਰ ਵਿਰੁੱਧ ਵਿਚਾਰ ਰੱਖਣ ਕਾਰਨ ਦੇਸ਼-ਧਰੋਹ ਦੇ ਮੁਕੱਦਮੇ ਦਰਜ ਨਹੀ ਕੀਤੇ ਜਾ ਸਕਦੇ ਕਿਉਂਕਿ ਇਹ ਦੇਸ਼-ਧਰੋਹ ਨਹੀ ਬਲਕਿ ਕਨ੍ਹਈਆ ਦੇ ਕਹਿਣ ਅਨੁਸਾਰ ‘ਰਾਜ-ਧਰੋਹ’ ਹੈੈ।
ਕਨ੍ਹਈਆ ਕੁਮਾਰ ਨੇ ਜੋ ਸੁਆਲ ਉਠਾਏ ਹਨ ਉਹ ਕਾਫੀ ਗੰਭੀਰ ਵਿਚਾਰ ਵਾਲੇ ਹਨ। ਭਾਰਤ ਦੀਆਂ ਘੱਟ-ਗਿਣਤੀਆਂ ਅਤੇ ਨੇਸ਼ਨ-ਸਟੇਟ ਵੱਲੋਂ ਕੰਧ ਨਾਲ ਲਗਾ ਦਿੱਤੇ ਗਏ ਲੋਕਾਂ ਦਾ ਇਹ ਉਬਾਲ, ਜਮਹੂਰੀਅਤ ਦੇ ਮਕਰ ਅਤੇ ਅਸਫਲਤਾ ਵਿਰੁੱਧ ਰੋਹ ਹੈੈ। ਬੇਸ਼ੱਕ ਪੱਛਮੀ ਮੁਲਕਾਂ ਵਿੱਚ ਵੀ ਇਸ ਕਿਸਮ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਅਤੇ ਅਵਾਜ਼ਾਂ ਉਠਦੀਆਂ ਰਹਿੰਦੀਆਂ ਹਨ ਪਰ ਤੀਜੇ ਸੰਸਾਰ ਦੇ ਦੇਸ਼ਾਂ ਵਿੱਚ ਪੈਦਾ ਹੋ ਰਹੀ ਨਵ-ਰਾਸ਼ਟਰਵਾਦ ਦੀ ਇਹ ਭਾਵਨਾ, ਇਨ੍ਹਾਂ ਮੁਲਕਾਂ ਦੀਆਂ ਘੱਟ-ਗਿਣਤੀਆਂ ਨੂੰ ਯੂਰਪ ਦੀ ਤਰਜ਼ ਦੇ ਨੇਸ਼ਨ-ਸਟੇਟ ਵਿੱਚ ਬੰਨ੍ਹਣ ਦੀ ਹੈ।
ਇਹ ਪੁਰਾਣੀਆਂ ਅਤੇ ਨਵੀਆਂ ਜਮਹੂਰੀਅਤਾਂ ਦੀ ਅਸਫਲਤਾ ਵਿਰੁੱਧ ਰੋਹ ਹੈੈ। ਜਿਹੜੀਆਂ ਘੱਟ ਗਿਣਤੀਆਂ ਜਾਂ ਧਾਰਮਕ ਸਮੂਹ ਇਹ ਮਹਿਸੂਸ ਕਰਦੇ ਹਨ ਕਿ ਬਸਤੀਵਾਦ ਤੋਂ ਅਜ਼ਾਦੀ ਹਾਸਲ ਕਰ ਲੈਣ ਤੋਂ ਬਾਅਦ ਬਹੁ-ਗਿਣਤੀ ਨੇ ਉਨ੍ਹਾਂ ਨੂੰ ਸਿਆਸੀ ਫੈਸਲੇ ਲੈਣ ਦੀ ਪਰਕਿਿਰਆ ਵਿੱਚੋਂ ਬਾਹਰ ਧੱਕ ਦਿੱਤਾ ਹੈ ਉਹ ਬਗਾਵਤ ਤੇ ਉਤਰ ਆਈਆਂ ਹਨ। ਘੱਟ-ਗਿਣਤੀਆਂ ਦਾ ਰੋਹ ਲਮਕਵੀਂ, ਮਕਰ ਅਤੇ ਅਸਫਲ ਜਮਹੂਰੀਅਤ ਦੇ ਖਿਲਾਫ ਹੈੈ।
ਬਸਤੀਵਾਦ ਤੋਂ ਛੁਟਕਾਰਾ ਪਾਉਣ ਵਾਲੇ ਦੇਸ਼ਾਂ ਦੀ ਸੱਤਾ ਤੇ ਕਾਬਜ ਹੋਏ ਲੋਕਾਂ ਨੇ ਇਹ ਮੰਨ ਲਿਆ ਸੀ ਕਿ ਸਮਾਜ ਦੇ ਸਨਅਤੀਕਰਨ, ਜਮਹੂਰੀਅਤ ਅਤੇ ਵੱਡੀ ਵਿਿਦਅਕ ਮਸ਼ੀਨਰੀ ਦੇ ਕਾਰਨ ਧਰਮ, ਕੌਮ ਅਤੇ ਆਪਣੇ ਨਿੱਜੀ ਸੱਭਿਆਚਾਰ ਨਾਲੋਂ ਲੋਕਾਂ ਦੀ ਵਫਾਦਾਰੀ ਖਤਮ ਹੋ ਜਾਵੇਗੀ ਅਤੇ ਉਹ ‘ਅਜ਼ਾਦ’ ਹੋਏ ਦੇਸ਼ ਦੇ ਸ਼ਹਿਰੀ ਬਣ ਜਾਣਗੇ। ਉਨ੍ਹਾਂ ਦਾ ਮੱਤ ਸੀ ਕਿ ਸੰਸਾਰ ਇੱਕ ਦੂਜੇ ਤੇ ਏਨਾ ਨਿਰਭਰ ਹੋ ਜਾਵੇਗਾ ਕਿ, ਧਰਮ, ਬੋਲੀ ਅਤੇ ਆਪਣੀਆਂ ਨਿਆਰੀਆਂ ਰਵਾਇਤਾਂ ਜਾਂ ਸੱਤਾਧਾਰੀਆਂ ਦੀ ਭਾਸ਼ਾ ਵਿੱਚ ‘ਕਬਾਇਲੀ ਸ਼ਾਵਨਵਾਦ’ ਨਾਲ ਵਫਾਦਾਰੀ ਰੱਖਣੀ ਵੈਸੇ ਹੀ ਮਹਿੰਗੀ ਪੈ ਜਾਵੇਗੀ।
ਪਰ ਅਜਿਹਾ ਸੰਭਵ ਨਾ ਹੋਇਆ। ਜਦੋਂ ਆਪਣੀਆਂ ਰਵਾਇਤਾਂ ਅਤੇ ਧਾਰਮਕ ਮਾਨਤਾਵਾਂ ਨਾਲ ਜੁੜੇ ਸਮੂਹਾਂ ਨੇ ਮਹਿਸੂਸ ਕੀਤਾ ਕਿ ‘ਧਰਮ-ਨਿਰਪੱਖ, ਤਰਕਵਾਦੀ, ਵਿਿਗਆਨਿਕ-ਸੱਭਿਆਚਾਰ’ ਉਨ੍ਹਾਂ ਦੇ ਧਾਰਮਕ ਵਿਸ਼ਵਾਸ਼ਾਂ ਅਤੇ ਰਵਾਇਤਾਂ ਨੂੰ ਖੋਰ ਰਿਹਾ ਹੈ ਤਾਂ ਉਨ੍ਹਾਂ ਆਪਣੀਆਂ ਰਵਾਇਤਾਂ ਵੱਲ ਮੋੜਾ ਪਾ ਲਿਆ। ਉਨ੍ਹਾਂ ਵਿੱਚ ਫਿਰ ਇੱਕਦਮ ਉਹ ਭਾਵਨਾ ਪੈਦਾ ਹੋ ਗਈ ਜੋ ਸਦੀਆਂ ਤੋਂ ਕੌਮਵਾਦੀਆਂ ਦਾ ਅਸਲ ਖਜਾਨਾ ਰਿਹਾ ਹੈ।
ਆਪਣੀ ਕੌਮ ਦੀ ਸਮੂਹਕ ਅਜ਼ਾਦੀ, ਸਮੂਹਕ ਇੱਕਜੁਟਤਾ ਅਤੇ ਸਮੂਹਕ ਪਹਿਚਾਣ। ਉਨ੍ਹਾਂ ਵਿੱਚ ਇਹ ਭਾਵਨਾ ਪੈਦਾ ਹੋ ਗਈ ਕਿ ਉਨ੍ਹਾਂ ਨੂੰ ਉਨ੍ਹਾਂ ਦੀ ‘ਆਪਣੀ ਨਿੱਜੀ ਹੋਂਦ’ ਦੇ ਤੌਰ ਤੇ ਪਹਿਚਾਣਿਆ ਜਾਵੇ ਜੋ ਬਹੁ-ਗਿਣਤੀ ਦੀ ਭੀੜ ਤੋਂ ਵੱਖਰੀ ਅਤੇ ਨਿਆਰੀ ਹੋਵੇ। ਉਹ ਜਿੰਦਗੀ ਅਤੇ ਸਮਾਜ ਨੂੰ ਆਪਣੀਆਂ ਰਵਾਇਤਾਂ ਦੀ ਰੌਸ਼ਨੀ ਵਿੱਚ ਆਪਣੇ ਢੰਗ ਨਾਲ ਦੇਖਣ, ਜੋ ਜਿੰਦਗੀ ਲਈ ਆਪਣਾਂ ਵੱਖਰਾ ਰਾਹ ਅਪਨਾਉਣ, ਜੋ ਆਪਣੀਆਂ ਸੋਚਾਂ ਸੋਚ ਸਕਣ ਅਤੇ ਜੋ ਆਪਣੀਆਂ ਯਾਦਾਂ ਨੂੰ ਚਿਤਾਰ ਕੇ ਆਪਣਾਂ ਭਵਿੱਖ ਖੁਦ ਸਿਰਜ ਸਕਣ। ਚੇਤੰਨ ਹੋਈਆਂ ਅਜਿਹੀਆਂ ਕੌਮਾਂ ਆਪਣੇ ਧਾਰਮਕ ਅਤੀਤ ਵਿੱਚੋਂ ਆਪਣਾਂ ਅੰਤਰਮਨ ਖੋਜ ਰਹੀਆਂ ਹਨ।
ਅੰਨ੍ਹੇ ਸਿਆਸੀ ਕੇਂਦਰੀਕਰਨ ਵਿਰੁੱਧ ਬੋਲਦੇ ਹੋਏ ਜਾਹਨ ਔਸਮੌਡ ਨੇ ਆਖਿਆ-
ਕਾਰਪੋਰੇਟ ਸਟੇਟ ਵੱਲ ਜਾਂਦਾ ਰਾਹ ਅੰਨ੍ਹੀ ਗੁਫਾ ਵੱਲ ਜਾਂਦਾ ਹੈ (ਇਸ ਸੰਦਰਭ ਵਿੱਚ) ਇੱਕੋ ਇੱਕ ਬਦਲ ਉਸ ਢਾਂਚੇ ਦੀ ਉਸਾਰੀ ਹੈ ਜੋ ਸਮਾਜ ਅਤੇ ਸਮੂਹ ਨੂੰ ਪਹਿਲ ਤੇ ਤਵੱਜੋ ਦੇਵੇ, ਅਜਿਹੇ ਢਾਂਚੇ ਦੀ ਸਭ ਤੋਂ ਪਹਿਲੀ ਜਰੂਰਤ ਲੋਕਾਂ ਨੂੰ ਅਜਿਹਾ ਮਹੌਲ ਦੇਣਾਂ ਹੈ ਜਿੱਥੇ ਲੋਕ ਆਪਣੇ ਲਈ ਕਿਸੇ ਉਦੇਸ਼ ਅਤੇ ਮਕਸਦ ਦੀ ਭਾਵਨਾ ਤਲਾਸ਼ ਸਕਣ, ਜਿੱਥੇ ਉਨ੍ਹਾਂ ਵਿੱਚ ਜਿੰਮੇਵਾਰੀ ਅਤੇ (ਨਿੱਜੀ) ਪਹਿਚਾਣ ਦੀ ਚੇਤੰਨਤਾ ਪੈਦਾ ਹੋਵੇ।
ਅੰਨ੍ਹੇ ਕੇਂਦਰੀਕਰਨ ਨੇ ਜਿਨ੍ਹਾਂ ਕੌਮਾਂ ਦੀਆਂ ਜੱਦੀ ਰੀਝਾਂ ਅਤੇ ਯੋਗਤਾਵਾਂ ਨੂੰ ਮੋਂਦਾ ਲਗਾ ਦਿੱਤਾ ਹੈ। ਜੋ ਸਮਾਜਕ ਮੁਕਾਬਲੇ ਵਿੱਚੋਂ ਬਾਹਰ ਧੱਕ ਦਿੱਤਾ ਗਏ ਹਨ ਉਹ ਆਪਣੀ ਪਹਿਲੀ ਵਫਾਦਾਰੀ ਪਤਨ ਵੱਲ ਜਾ ਰਹੀ ਅਤੇ ਗਲ-ਸੜ ਰਹੀ ਉਸ ਸਟੇਟ ਨਾਲ ਨਹੀ ਰੱਖ਼ ਸਕਦੇ ਜੋ ਸੱਭਿਆਚਅਰ ਅਤੇ ਆਰਥਕ ਤੌਰ ਤੇ ਹਮੇਸ਼ਾ ਬਹੁ-ਗਿਣਤੀ ਨੂੰ ਤਰਜੀਹ ਦੇਂਦੀ ਹੈ।
ਇੱਕ ਵਿਅਕਤੀ ਜੋ ਸੱਭਿਆਚਾਰਕ ਤੌਰ ਤੇ ਨਿਆਰੇ ਖਿੱਤੇ ਤੋਂ ਆਇਆ ਹੈ ਅਤੇ ਮੌਜੂਦਾ ਰਾਜਸੀ ਢਾਂਚੇ ਨੇ ਉਸਦੀਆਂ ਰਵਾਇਤੀ ਮਾਨਤਾਵਾਂ ਨੂੰ ਤਿਲ੍ਹ ਤਿਲ੍ਹ ਕਰਕੇ ਖਤਮ ਕਰ ਦਿੱਤਾ ਹੈ, ਉਹ ਬਹੁਗਿਣਤੀ ਵਰਗ ਦੇ ਆਪਣੇ ਗੁਆਂਢੀ ਵਾਂਗ ਉਸ ਸਟੇਟ ਨਾਲ ਆਪਣੀ ਪਹਿਚਾਣ ਨਹੀ ਜੋੜ ਸਕਦਾ ਜੋ ਪੈਰ ਪੈਰ ਤੇ ਉਸ ਵਿਰੁੱਧ ਭੁਗਤ ਰਹੀ ਹੈੈ।
ਇਸੇ ਲਈ ਕਨ੍ਹਈਆ ਕੁਮਾਰ ਵਰਗੇ ਲੋਕ ਇਸ ਸਥਿਤੀ ਵਿੱਚ ਫਿਰ ਆਪਣੀਆਂ ਇਤਿਹਾਸਕ ਜੜ੍ਹਾਂ ਅਤੇ ਇਤਿਹਾਸ ਵੱਲ ਮੁੜਦੇ ਹਨ। ਉਹ ਆਪਣੇ ਇਤਿਹਾਸ ਨੂੰ ਆਧੁਨਿਕ ਰੰਗ ਨਾਲ ਨਵੀਂ ਵਿਆਖਿਆ ਦੇਂਦੇ ਹਨ।
ਕਨ੍ਹਈਆ ਕੁਮਾਰ ਨੇ ਹੁਣ ਤੱਕ ਤਾਂ ਸਥਿਤੀ ਨੂੰ ਆਪਣੇ ਹਿਸਾਬ ਨਾਲ ਮੋੜ ਲਿਆ ਹੈੈ। ਪਰ ਇਸ ਵੇਲੇ ਉਹ ਦੋ ਬੇੜੀਆਂ ਵਿੱਚ ਸੁਆਰ ਹੈ। ਉਹ ਮਨੂੰਵਾਦ ਵਿਰੁੱਧ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਕਾਰਲ ਮਾਰਕਸ ਦੇ ਸਿਧਾਂਤਕ ਹਥਿਆਰਾਂ ਨਾਲ ਲੜ ਰਿਹਾ ਹੈੈ। ਬਾਬਾ ਸਾਹਿਬ ਦਾ ਸਿਧਾਂਤਿਕ ਹਥਿਆਰ ਉਸਨੂੰ ਪੂਰੀ ਜਿੰਦਗੀ ਸ਼ਕਤੀ ਦੇਂਦਾ ਰਹੇਗਾ। ਉਹ ਮਨੂੰਵਾਦ ਖਿਲਾਫ ਇਸ ਹਥਿਆਰ ਨਾਲ ਡਟਵੀਂ ਜੰਗ ਲੜ ਸਕਦਾ ਹੈ। ਪਰ ਕਾਰਲ ਮਾਰਕਸ ਉਸਨੂੰ ਅੱਧ ਵਿਚਾਲੇ ਜਾ ਕੇ ਡੋਬੇਗਾ ਕਿਉਂਕਿ ਮਾਰਕਸ ਦਾ ਜਮਾਤੀ ਸੰਘਰਸ਼ ਇੱਕ ਬਿਲਕੁਲ ਹੀ ਨਿਰਜਿੰਦ ਫਲਸਫਾ ਹੈ ਜੋ ਮਨੁੱਖੀ ਸੰਵੇਦਨਾਵਾਂ, ਉਸਦੀ ਆਪਣੇ ਨਿਆਰੇ ਇਤਿਹਾਸ, ਰਵਾਇਤਾਂ ਅਤੇ ਆਪਣੇ ਹੋਂਮਲੈਂਡ ਨਾਲ ਰੁਹਾਨੀ ਸਾਂਝ ਨੂੰ ਖਤਮ ਕਰ ਦੇਂਦਾ ਹੈ।
ਮਾਰਕਸ ਉਸਨੂੰ ਉਹ ਕੁਝ ਨਹੀ ਕਰਨ ਦੇਵੇਗਾ ਜੋ ਉਹ ਮਨ ਵਿੱਚ ਸਮੋਈ ਬੈਠਾ ਹੈ। ਕਿਉਂਕਿ ਉਸ ਲੜੀ ਅਧੀਨ ਉਸਨੂੰ ਬਖਸ਼ਿਸ਼ ਹਾਸਲ ਕਰਨ ਲਈ ਰੂਸ ਜਾਂ ਚੀਨ ਵੱਲ ਦੇਖਣਾਂ ਪਵੇਗਾ ਜੋ ਬਾਬਾ ਸਾਹਿਬ ਦੀ ਧਰਤੀ ਨਾਲ ਬਿਲਕੁਲ ਵੀ ਮੇਲ ਨਹੀ ਖਾਂਦੀ।
ਦੇਖਦੇ ਹਾਂ ਕਨੁਈਆ, ਡਾਕਟਰ ਅੰਬੇਦਕਰ ਦੇ ਫਲਸਫੇ ਨਾਲ ਜੰਗ ਲੜਦਾ ਹੈ ਜਾਂ ਮਾਰਕਸ ਦੇ ਨਾਲ। ਉਸਦੇ ਹਥਿਆਰ ਹੀ ਉਸਦੀ ਵਿਚਾਰਧਾਰਕ ਅਤੇ ਸਿਆਸੀ ਜਿੰਦਗੀ ਦਾ ਫੈਸਲਾ ਕਰਨਗੇ।