ਬਾਦਲਕਿਆਂ ਵੱਲੋਂ ਬਾਰ-ਬਾਰ ਇਹ ਫੋਕੀ ਦਲੀਲ ਦਿੱਤੀ ਜਾਂਦੀ ਹੈ ਕਿ ਰਣਜੀਤ ਸਿੰਘ ਰਪਟ ਵਿੱਚ ਬਾਦਲ ਦਾ ਨਾਂ ਨਹੀਂ ਆਇਆ, ਏਸ ਲਈ ਉਹ ਬੇਅਦਬੀ ਲਈ ਦੋਸ਼ੀ ਨਹੀਂ। ਬਾਕੀ ਸੰਸਾਰ ਨੂੰ ਬਾਦਲ ਦਾ ਨਾਂਅ ਏਸ ਰਪਟ ਦੇ ਹਰ ਅੱਖਰ ਉਹਲੇ ਘੁੰਡ ਕੱਢ ਕੇ ਖੜ੍ਹਾ ਨਜ਼ਰ ਆਉਂਦਾ ਹੈ। ਆਖ਼ਰੀ ਰਪਟ ਵਿੱਚ ਤਾਂ ਸਪਸ਼ਟ ਵੀ ਹੈ।
ਬਾਦਲੀਆਂ ਦਾ ਭਾਜਪਾ ਅਤੇ ਆਰ. ਐਸ. ਐਸ. ਨਾਲ ‘ਨਹੁੰ ਮਾਸ ਦਾ, ਪਤੀ-ਪਤਨੀ ਦਾ’ ਰਿਸ਼ਤਾ ਇਹ ਆਪ ਹੀ ਪ੍ਰਚਾਰਦੇ ਆਏ ਹਨ। ਦੋਵੇਂ ਜਮਾਤਾਂ ਨੇ ਕਦੇ ਲੁਕ-ਲੁਕਾ ਨਹੀਂ ਰੱਖਿਆ ਕਿ ਉਹ ਸਿੱਖੀ ਅਤੇ ਸਿੱਖਾਂ ਨੂੰ ਖ਼ਤਮ ਹੋਇਆ ਵੇਖਣਾ ਚਾਹੁੰਦੇ ਹਨ। ਉਹ ਸਿੱਖੀ ਦੀ ਸੁਤੰਤਰ ਹੋਂਦ ਤੋਂ ਇਨਕਾਰੀ ਹਨ, ‘ਦੇਹਧਾਰੀ ਗੁਰੂਆਂ’ ਦੇ ਪੱਕੇ ਸਮਰਥਕ; ਪੰਜਾਬੀ ਬੋਲੀ, ਸਿੱਖ ਪਹਿਚਾਣ ਦੇ ਦੁਸ਼ਮਣ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਕਈ ਵਾਰ ਅਮਲ ਵਿੱਚ ਲਿਆ ਚੁੱਕੇ ਹਨ ― ਭੈੜੇ-ਭੈੜੇ ਯਾਰ ਸਾਡੀ ਫੱਤੋ ਦੇ!
ਪਿਛਲੇ ਸਮਿਆਂ ਵਿੱਚ ਇਹ ਸੱਚ ਸਾਹਮਣੇ ਆਇਆ ਹੈ ਕਿ ਬਾਦਲਕੇ ਜੇ ਓਸ ਦੇ ਚੇਲੇ ਨਹੀਂ, ਤਾਂ ਵੀ ਸਿਰਸੇ ਵਾਲੇ ਬਲਾਤਕਾਰੀ ਸਾਧ ਦੇ ਨੇੜੇ ਦੇ ਮਿੱਤਰ ਜ਼ਰੂਰ ਹਨ। ਏਸ ਸਾਧ ਦਾ ਸਾਰਾ ‘ਧਾਰਮਿਕ’ ਕੰਮ ਕੇਵਲ ਸਿੱਖ ਵਿਰੋਧੀ ਜਜ਼ਬੇ ਨੂੰ ਬਲ ਦੇਣ ਅਤੇ ਸਿੱਖ-ਵਿਰੋਧੀ ਅਨਸਰ ਨੂੰ ਉਤੇਜਿਤ ਕਰ ਕੇ ਸਿੱਖੀ ਰਹਿਤ ਅਤੇ ਸਿੱਖਾਂ ਦੀ ਗੁਰੂ ਪ੍ਰਤੀ ਸ਼ਰਧਾ ਨੂੰ ਖ਼ਤਮ ਕਰਨ ਉੱਤੇ ਕੇਂਦਰਿਤ ਰਿਹਾ ਹੈ। ਏਸ ਕਰਮ ਦੇ ਕਈ ਰੂਪ ਏਸ ਮਹਿਲ (ਆਸ਼ਰਮ) ਅਤੇ ਬਠਿੰਡੇ, ਪੰਚਕੂਲੇ ਆਦਿ ਦੀਆਂ ਸੜਕਾਂ ਉੱਤੇ ਅਸੀਂ ਵੇਖ ਚੁੱਕੇ ਹਾਂ। ਇਹ ਹਿੰਦੂਤਵੀਆਂ ਦਾ ਵੀ ਚਹੇਤਾ ਹੈ। ਉਹਨਾਂ ਦੇ ਪ੍ਰਮੁੱਖ ਮੈਂਬਰ (ਸਾਕਸ਼ੀ ਮਹਾਰਾਜ) ਨੇ ਸੌਦਾ ਸਾਧ ਪ੍ਰਤੀ ਸਾਖਸ਼ੀ ਭਰੀ ਸੀ, “ਇਹ ਤਾਂ ਧਰਤੀ ਉੱਤੇ ਸ਼ਾਖ਼ਸਾਤ ਪ੍ਰਮਾਤਮਾ ਹੈ।” ਏਸੇ ਤਰਾਂ ਨਿਰੰਕਾਰੀ, ਨੂਰ-ਮਹਿਲੀਏ ਆਦਿ ਨਾਲ ਬਾਦਲ ਕੇ ਡੂੰਘੇ ਸੰਬੰਧ ਹਨ। ਗੁਰੂ-ਡੰਮ੍ਹ ਉੱਤੇ ਟੇਕ ਰੱਖਣ ਵਾਲੇ “ਸੰਤ ਸਮਾਜ” ਨਾਲ ਵੀ ਬਾਦਲ ਘਿਉ-ਖਿਚੜੀ ਹਨ। ਇਹਨਾਂ ਤੱਥਾਂ ਦੇ ਸਨਮੁੱਖ ਬਾਦਲਕਿਆਂ ਨੂੰ ਕਿਵੇਂ ਸਿੱਖ-ਹਿਤੈਸ਼ੀ ਸਮਝਿਆ ਜਾਵੇ?
ਆਪਣੇ “ਰਾਜ ਭੋਗ” ਦੌਰਾਨ ਬਾਦਲਾਂ ਦੀ ਪੰਥਕ ਅਤੇ ਸਰਕਾਰੀ ਇੰਤਜ਼ਾਮੀਆ ਸੰਸਥਾਵਾਂ ਦੇ ਘਾਣ ਦੀ ਕਥਾ ਵੀ ਲੰਮੀ ਬਾਤ ਹੈ। ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ, ਮੰਜੀ ਸਾਹਿਬ ਦੀਵਾਨ, ਨਿਸ਼ਾਨ ਸਾਹਿਬਾਂ ਦੇ ਰੰਗ, ਨਾਨਕਸ਼ਾਹੀ ਕਲੰਡਰ, ਗੁਰਦਵਾਰਾ-ਗੋਲਕਾਂ, ਗੁਰੂ ਕੇ ਲੰਗਰ, ਸਿਰੋਪਿਆਂ ਦਾ ਭਗਵਾਂਕਰਨ, ਪੰਥ ਵਿੱਚੋਂ ਛੇਕਣ ਦਾ ਸਿਧਾਂਤ ― ਗੱਲ ਕੀ ਜਿਸ ਪਾਸੇ ਵੀ ‘ਸੱਜਣਾਂ’ ਦੇ “ਚਰਨ” ਪਏ ਹਨ, ਆਹਣ ਵਾਂਗੂ ਸਰਵਨਾਸ ਹੀ ਕਰਦੇ ਗਏ ਹਨ। ਧਰਮ-ਪ੍ਰਚਾਰ ਕਮੇਟੀ ਨੂੰ ਤਾਂ ਇਹਨਾਂ ਸਿੱਖ-ਧਰਮ-ਵਿਰੋਧੀ ਆਰ. ਐਸ. ਐਸ. ਦਾ ਅੱਡਾ ਹੀ ਬਣਾ ਦਿੱਤਾ। ਪੰਜਾਬ ਦੇ ਸਰਮਾਏ ਨਾਲ ਪਣਪ ਰਹੀਆਂ ਯੂਨੀਵਰਸਿਟੀਆਂ ਵਿੱਚ ਇਹਨਾਂ ਨਾਲਾਇਕ ਉੱਪ-ਕੁਲਪਤੀ ਲਗਾ ਕੇ ਸਿੱਖ ਧਰਮ ਦਾ ਵੱਡਾ ਨੁਕਸਾਨ ਕਰਵਾਇਆ। ਗੁਰੂ-ਗ੍ਰੰਥ-ਬੇਅਦਬੀ ਦਾ ਸਿਲਸਿਲਾ ਇਹਨਾਂ ਸੱਤਾ ਵਿੱਚ ਆਉਂਦੇ ਸਾਰ ਗੁਰੂ- ਦਰਬਾਰ ਵਿੱਚ ਮੰਜੀ ਸਾਹਿਬ ਉੱਤੇ ਇੱਕ ਖ਼ਰੂਦੀ, ਜਨੂੰਨੀ ਹਿੰਦੂਤਵੀ ਛੋਕਰੇ ਨੂੰ ਬਿਠਾ ਕੇ ਆਰੰਭ ਕਰਵਾਇਆ ਸੀ। ਫੇਰ ਦੇਹਧਾਰੀਆਂ ਦੇ ਪੈਰਾਂ ਵਿੱਚ ਬੈਠ ਕੇ ਅਤੇ ਗੁਰੂ ਗ੍ਰੰਥ ਦੇ ਬਰਾਬਰ ਕੁਰਸੀਆਂ ਡਾਹ ਕੇ ਜੋ ਸੁਨੇਹੇ ਇਹਨਾਂ ਦਿੱਤੇ ਕਿਸੇ ਨੂੰ ਕਦੇ ਨਹੀਂ ਭੁੱਲਣੇ। 2004 ਵਿੱਚ ਗੁਰੂ ਗ੍ਰੰਥ ਦੇ ਰੱਥ ਉੱਤੇ ਆਪਣੀ ਮੰਦਭਾਵਨਾ ਭਰੀ ਦੇਹ ਲੱਦ ਕੇ ਇਹਨਾਂ ਰੱਥ ਦਾ ਪਹੀਆ ਹੀ ਨਹੀਂ, ਕਈ ਸ਼ਰਧਾਵਾਨਾਂ ਦੇ ਦਿਲ ਵੀ ਤੋੜੇ ਸਨ ਜੋ ਇਹਨਾਂ ਨੂੰ ਚਿੱਤ-ਚੇਤੇ ਵੀ ਨਹੀਂ। ਅਜੇਹੇ ਗੁਨਾਹਾਂ ਦੀ ਸੂਚੀ ਹੋਰ ਵੀ ਲੰਮੀ ਹੈ ― ਹਨੂੰਮਾਨ ਦੀ ਪੂਛ ਤੋਂ ਵੀ। ਅਜਿਹੇ ਲੋਕਾਂ ਦੇ “ਰਾਜ ਭੋਗ” ਦੇ ਦੌਰਾਨ ਹੋਈ ਬੇਅਦਬੀ ਲਈ ਕੇਵਲ ਇਹਨਾਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਬੁਰਜ ਜਵਾਹਰ ਸਿੰਘ ਵਿੱਚੋਂ ਗੁਰੂ ਗ੍ਰੰਥ ਦੀ ਚੋਰੀ 1 ਜੂਨ 2015 ਨੂੰ ਹੋਈ। 12ਅਕਤੂਬਰ 2015 ਤੱਕ ਮੁੱਖ ਮੰਤਰੀ ਬਾਦਲ ਜਾਂ ਗ੍ਰਹਿ ਮੰਤਰੀ ਬਾਦਲ ਨੇ ਰਸਮੀ ਕਾਰਵਾਈ ਤੋਂ ਵਧ ਕੇ ਕੱਖ ਨਹੀਂ ਕੀਤਾ। ਮੁਆਮਲੇ ਨੂੰ ਰਫ਼ਾ-ਦਫ਼ਾ ਕਰਨ ਲਈ, ਸਿੱਖ ਸੰਗਤ ਨੂੰ ਗੁੰਮਰਾਹ ਕਰਨ ਲਈ ਸਭ ਕੁਝ ਕੀਤਾ। ਸਿੱਖ ਧਰਮ ਅਤੇ ਸਿੱਖ ਵਿਰੋਧੀ ਲਾਏ, ਗਾਲੀ-ਗਲੋਚ ਵਾਲੇ, ਇਸ਼ਤਿਹਾਰਾਂ ਦੀ ਬੋਲੀ ਨੂੰ ਇਹ ਸ਼ੀਰੇ ਮਾਦਰ ਸਮਝ ਕੇ ਡਕਾਰ ਗਏ। ਪੁਲਸ ਦੀਆਂ ਤਿੰਨ ਪੜਤਾਲੀਆ ਟੀਮਾਂ ਬਣੀਆਂ ਪਰ ਇੱਕ ਦਾ ਹੀ ਇੱਕੋ ਵਾਰ ਇਕੱਠ ਹੋਇਆ ― ਬਾਕੀ ਦੋ ਆਪਸ ਵਿੱਚ ਬੈਠ ਨਾ ਸਕੀਆਂ। ਇਹਨੀਂ ਦਿਨੀਂ ਬਾਦਲਾਂ ਨੇ ਆਈ.ਐਸ.ਆਈ., ਪਾਕਿਸਤਾਨ ਅਤੇ ਹੋਰ ਬਹਿਰੂਨੀ ਤਾਕਤਾਂ ਨੂੰ ਜ਼ਿੰਮੇਵਾਰ ਦੱਸ ਕੇ ਪੁਲਸ ਨੂੰ ਕੁਰਾਹੇ ਪਾਇਆ ਤਾਂ ਕਿ ਸਹੀ ਪੜਤਾਲ ਨਾ ਹੋ ਸਕੇ। ਇਹਨਾਂ ਦੇ ਸਥਾਨਕ ਆਗੂ ― ਸਰਪੰਚ, ਗੁਰਦਵਾਰਾ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ― ਵੀ ਮੌਕੇ ਅਨੁਸਾਰ ਪਰਦਾਪੋਸ਼ੀ ਕਰਨ ਵਿੱਚ ਆਪਣਾ ਹਿੱਸਾ ਪਾਉਂਦੇ ਰਹੇ। ਉਹਨਾਂ ਮੌਕੇ ਦੇ ਗਵਾਹ ਗੁਰਦੇਵ ਕੋਲੋਂ ਪੁੱਛ ਗਿੱਛ ਨਾ ਹੋਣ ਦਿੱਤੀ; ਬੀੜ ਲੱਭਣ ਲਈ ਤਲਾਸ਼ੀਆਂ ਨਾ ਹੋਣ ਦਿੱਤੀਆਂ; ਸਬੂਤ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ; ਡੇਰਾ ਪ੍ਰੇਮੀਆਂ ਵੱਲ ਪੜਤਾਲ ਦਾ ਮੂੰਹ ਨਾ ਹੋਣ ਦਿੱਤਾ; ਗੁਰਦਵਾਰੇ ਤੋਂ ਪ੍ਰਾਪਤ ਚੋਰੀ ਕਰਨ ਵਾਲਿਆਂ ਦੀਆਂ ਤਸਵੀਰਾਂ ਤੋਂ ਵੀ ਸ਼ਨਾਖ਼ਤ ਕਰਨ ਲਈ ਕੋਈ ਪੁਖਤਾ ਕਾਰਵਾਈ ਨਾ ਕੀਤੀ; ਗਾਲੀ-ਗਲੋਚ ਵਾਲੇ ਲਾਏ ਇਸ਼ਤਿਹਾਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਡੇਰੇ ਦੇ ਚੇਲਿਆਂ ਦੀ ਪੜਤਾਲ ਨਾ ਹੋਣ ਦਿੱਤੀ। ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਐਲਾਨੀ ਪੜਤਾਲ ਵਿੱਚ ਕੁਈ ਦਿਲਚਸਪੀ ਨਾ ਲਈ ― ਨਾ ਹੀ ਵੱਡੇ ਅਫ਼ਸਰਾਂ ਨੇ।
ਅਸਲ ਦੋਸ਼ੀ ਡੇਰੇਦਾਰਾਂ ਬਾਰੇ ਉਪਰੋਕਤ ਸਾਰਿਆਂ ਦੀ ਪਹੁੰਚ ਮੁਆਫ਼ੀ ਦੇਣ ਅਤੇ ਏਸ ਨੂੰ ਜਾਇਜ਼ ਦੱਸਣ ਲਈ ਇੱਕ ਕਰੋੜ ਦੇ ਇਸ਼ਤਿਹਾਰ ਜਾਰੀ ਕਰਨ ਤੋਂ ਸਪਸ਼ਟ ਹੋ ਜਾਂਦੀ ਹੈ। ਇਹ ਸਾਰੇ ਤਾਂ “ਰਾਜ ਨਹੀਂ (ਹਿੱਕ ਦੇ ਧੱਕੇ ਨਾਲ ਡੇਰੇ ਦੀ) ਸੇਵਾ” ਕਰ ਰਹੇ ਸਨ। ਕੇਵਲ ਏਸ ਕਰਤੂਤ ਤੋਂ ਬਾਦਲਾਂ ਦੀ ਡੇਰੇਦਾਰ ਨਾਲ ਮਿਲ ਕੇ ਸਿੱਖ ਸੰਸਥਾਵਾਂ ਅਤੇ ਆਖ਼ਰ ਸਿੱਖ ਧਰਮ ਨੂੰ ਸਫ਼ਾ-ਏ-ਹਸਤੀ ਤੋਂ ਮਿਟਾ ਦੇਣ ਦੀ ਭਾਵਨਾ ਚਿੱਟੇ ਦਿਨ ਵਾਂਗ ਸਾਫ਼ ਨਜ਼ਰ ਆ ਜਾਂਦੀ ਹੈ। ਜੇ ਸਿੱਧਰੇ ਲੋਕਾਂ ਨੂੰ ਅਜੇ ਵੀ ਸਮਝ ਨਾ ਆਈ ਹੋਵੇ ਤਾਂ ਇੱਕ ਹੋਰ ਦ੍ਰਿਸ਼ਟਾਂਤ ਹੈ ਜੋ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿਣ ਦੇਵੇਗਾ।
ਬੇਅਦਬੀ ਘਟਨਾ ਤੋਂ ਤੁਰੰਤ ਬਾਅਦ ਸ਼੍ਰੋਮਣੀ ਕਮੇਟੀ ਮੈਂਬਰ ਨੇ ਨੌਜਵਾਨਾਂ ਵੱਲੋਂ ਇਕੱਠੇ ਕੀਤੇ ਪੱਤਰਿਆਂ ਦਾ ਸਸਕਾਰ ਕਰਨ ਲਈ ਬਹੁਤ ਜ਼ੋਰ ਪਾਇਆ। ਜਦੋਂ ਉਹਨਾਂ ਸਬੂਤ ਖ਼ਤਮ ਕਰਨ ਤੋਂ ਇਨਕਾਰ ਕੀਤਾ ਤਾਂ ਅੰਮ੍ਰਿਤਧਾਰੀ ਰੁਪਿੰਦਰ ਸਿੰਘ ਅਤੇ ਓਸ ਦੇ ਜ਼ਿਮੀਦਾਰ ਭਰਾ ਨੂੰ ਪੁਲਸ ਕੋਲੋਂ ਗ੍ਰਿਫ਼ਤਾਰ ਕਰਵਾ ਦਿੱਤਾ। ਪੁਲਸ ਨੇ 10 ਦਿਨਾਂ ਦਾ (16 ਅਕਤੂਬਰ ਤੋਂ 26 ਅਕਤੂਬਰ 2015 ਤੱਕ) ਰਿਮਾਂਡ ਲੈ ਲਿਆ। ਇਹ ਵੀ ਪੁਲਸ ਮੁਖੀ, ਮੁੱਖ ਮੰਤਰੀ ਦੀ ਮਰਜ਼ੀ ਤੋਂ ਬਿਨਾ ਨਹੀਂ ਸੀ ਹੋ ਸਕਦਾ। ਇਹਨਾਂ ਨਿਰਦੋਸ਼ ਬੱਚਿਆਂ ਉੱਤੇ ਪੁਲਸ ਹਿਰਾਸਤ ਵਿੱਚ ਅਕਹਿ ਜ਼ੁਲਮ ਅਤੇ ਤਸ਼ੱਦਦ ਕੀਤਾ ਗਿਆ। ਤਸੀਹਿਆਂ ਤੋਂ ਇਲਾਵਾ ਉਹਨਾਂ ਦੇ ਮੂੰਹ ਵਿੱਚ ਜਗਤ-ਜੂਠ ਤਮਾਕੂ ਦਾ ਪਾਇਆ ਜਾਣਾ ਦੱਸਦਾ ਹੈ ਕਿ ਪ੍ਰਸ਼ਾਸਨ ਜੁਰਮ ਦਾ ਝੂਠਾ ਇਕਬਾਲ ਕਰਵਾ ਕੇ ਅਸਲ ਦੋਸ਼ੀ ਡੇਰੇ ਵਾਲਿਆਂ ਨੂੰ ਬਚਾਉਣ ਲਈ ਕਿਵੇਂ ਪੱਬਾਂ ਭਾਰ ਹੋਇਆ ਹੋਇਆ ਸੀ। ਉਹਨਾਂ ਨੂੰ ਇੱਕ ਕਰੋੜ ਰੁਪੈ ਤੱਕ ਦਾ ਲਾਲਚ ਦਿੱਤਾ ਗਿਆ। ਉਹਨਾਂ ਕੋਲੋਂ ਤਵੱਕੋਂ ਕੀਤੀ ਗਈ ਕਿ ਉਹ ਭਾਈ ਪੰਥਪ੍ਰੀਤ ਸਿੰਘ ਅਤੇ ਢੱਡਰੀਆਂ ਵਾਲੇ ਦਾ ਨਾਂ ਲੈਣ। ਫ਼ੇਰ ਉਪਰੋਕਤ ਤਸੀਹੇ ਸਾਡੇ ਸਤਿਕਾਰਯੋਗ ਪ੍ਰਚਾਰਕਾਂ ਨੂੰ ਦਿੱਤੇ ਜਾਣੇ ਸਨ ਅਤੇ ਸਾਰੇ ਸੰਸਾਰ ਉੱਤੇ ਸਿੱਖ ਧਰਮ ਦਾ ਚੰਗਾ ਗੁੱਡਾ ਬੰਨ੍ਹਿਆ ਜਾਣਾ ਸੀ। ਇਹਨਾਂ ਦਿਨਾਂ ਵਿੱਚ ਪੰਜ ਗਰਾਈਂ ਖ਼ੁਰਦ ਦੀ ਪੰਚਾਇਤ ਮਹੇਸ਼ਇੰਦਰ ਸਿੰਘ ਐਮ.ਐਲ.ਏ. ਨੂੰ ਮਿਲੀ ਅਤੇ ਬੇਨਤੀ ਕੀਤੀ ਕਿ ਗ੍ਰਿਫ਼ਤਾਰ ਕੀਤੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨਿਰਦੋਸ਼ ਹਨ; ਇਹਨਾਂ ਨੂੰ ਰਿਹਾਅ ਕੀਤਾ ਜਾਵੇ। ਏਸ ਮਿਲਣੀ ਬਾਰੇ ਸੋਸ਼ਲ ਮੀਡੀਆ ਉੱਤੇ ਬਲਦੇਵ ਸਿੰਘ ਸਰਪੰਚ ਦੇ ਬੇਟੇ ਗੁਰਮਿੰਦਰ ਸਿੰਘ ਅਤੇ ਇੱਕ ਪੰਚ ਦੇ ਬੇਟੇ ਹਰਮੇਲ ਸਿੰਘ ਨੇ ਜੋ ਬਿਆਨ ਦਿੱਤਾ ਹੈ ਉਹ ਡੂੰਘੀ ਅਤੇ ਬਾਦਲ ਦਲ ਦੇ ਅਹਿਮ ਕਰਤਾ-ਧਰਤਾਵਾਂ ਦੀ ਮੁਕੰਮਲ ਸ਼ਮੂਲੀਅਤ ਵਾਲੀ ਸਾਜ਼ਿਸ਼ ਤੋਂ ਇੱਕ ਦਮ ਪਰਦਾ ਚੁੱਕ ਦਿੰਦਾ ਹੈ । ਇਹਨਾਂ ਦੋਨਾਂ ਅਨੁਸਾਰ ਮਹੇਸ਼ਇੰਦਰ ਸਿੰਘ ਨੇ ਆਖਿਆ, ‘ਤੁਸੀਂ ਏਸ ਮਸਲੇ ਤੋਂ ਦੂਰ ਹੀ ਰਹੋ ਤਾਂ ਚੰਗਾ ਹੈ। ਤੁਹਾਡੇ ਪਿੰਡ ਨੂੰ ਇੱਕ ਕਰੋੜ ਰੁਪੈ ਦੀ ਗ੍ਰਾਂਟ ਵੀ ਲੈ ਦਿਆਂਗੇ ਅਤੇ ਮੇਰਾ ਵੀ ਕੁਝ ਫ਼ਾਇਦਾ ਹੋ ਜਾਵੇਗਾ।’ ਏਸ ਸਬੂਤ ਤੋਂ ਬਾਅਦ ਤਾਂ ਕੋਈ ਸਉਣ ਦਾ ਅੰਨ੍ਹਾ ਹੀ ਸਭ ਹਰਾ-ਹਰਾ ਵੇਖ ਸਕਦਾ ਹੈ !
ਸਬੂਤ ਪੱਖੋਂ ਸੋਨੇ ਉੱਤੇ ਸੁਹਾਗੇ ਸਮਾਨ ਹੈ ਐਸ. ਪੀ. ਗੁਰਪਿਆਰ ਸਿੰਘ ਦੀ ਕੁਚੇਸ਼ਟਾ। ਉਹ ਪੰਜਗਰਾਈਂ ਖ਼ੁਰਦ ਦੇ ਸੁਰਜੀਤ ਸਿੰਘ ਨੂੰ ਸਰਪੰਚ ਦੱਸ ਕੇ ਧਰਨੇ ਉੱਤੇ ਬੈਠੇ ਇਕੱਠ ਨੂੰ ਉਸ ਵੱਲੋਂ ਸੰਬੋਧਨ ਕਰਵਾ ਕੇ ਅਖਵਾਉਂਦਾ ਹੈ ਕਿ ਰੁਪਿੰਦਰ ਸਿੰਘ-ਜਸਵਿੰਦਰ ਸਿੰਘ ਹੀ ਬੇਅਦਬੀ ਲਈ ਜ਼ਿੰਮੇਵਾਰ ਹਨ।
ਏਸ ਘਟਨਾ ਦਾ ਸੰਕੇਤ ਹੈ ਕਿ ਬਾਦਲਾਂ ਦਾ ਸਾਰਾ ਪ੍ਰਸ਼ਾਸਨ ਸਿੱਖੀ ਨੂੰ ਖ਼ਤਮ ਕਰਨ ਦੇ ਰਾਹ ਤੁਰਿਆ ਹੋਇਆ ਸੀ ― ਏਸੇ ਪ੍ਰਯੋਜਨ ਤਹਿਤ ਬੇਅਦਬੀ ਹੋਈ, ਮੁਆਫ਼ੀ ਹੋਈ ਅਤੇ ਪੁਲਸ ਵੱਲੋਂ ਨਿਹੱਥਿਆਂ ਦੇ ਕਤਲ ਕੀਤੇ ਗਏ; ਕਈ ਜ਼ਖ਼ਮੀ ਕੀਤੇ ਗਏ। ਏਸ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਇਹ ਸਭ ਕੁਝ ਅਕਾਲੀ-ਭਾਜਪਾ ਸਰਕਾਰ ਦੀ ਡੇਰਾ ਸੱਚਾ ਸੌਦਾ ਦੇ ਮੁਖੀ ਨਾਲ ਮਿਲੀਭੁਗਤ ਕਾਰਣ ਵਾਪਰਿਆ।
13-14 ਅਕਤੂਬਰ 2015 ਦੀ ਰਾਤ ਨੂੰ ਢਾਈ ਵਜੇ ਗਗਨਦੀਪ ਸਿੰਘ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਆਦੇਸ਼ ਮੰਗੇ। ਗੁਰਵਾਕ, “ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ” ਨੂੰ ਨਜ਼ਰਅੰਦਾਜ ਕਰ ਕੇ ਨਿਆਂ ਮੰਗਦੇ, ਸ਼ਾਂਤ, ਨਿਹੱਥੇ ਮੁੱਠੀ ਭਰ ਲੋਕਾਂ ਉੱਤੇ ਬੇਕਿਰਕ ਗੰਦਾ ਪਾਣੀ ਸੁੱਟਣ; ਲਾਠੀਆਂ, ਗੋਲ਼ੀਆਂ ਵਰ੍ਹਾਉਣ ਦੇ ਹੁਕਮ ਦਿੱਤੇ ਗਏ। ਤਿੰਨ ਵਜੇ ਪ੍ਰਸ਼ਾਸਨ ਨੇ ਸਥਾਨਕ ਹਸਪਤਾਲ ਨੂੰ ਖਾਲੀ ਕਰਵਾਇਆ ਅਤੇ ਡੌਕਟਰਾਂ ਨੂੰ ਜ਼ਖ਼ਮੀਆਂ ਦੀ ਉਡੀਕ ਕਰਨ ਲਈ ਆਖਿਆ ਗਿਆ। ਗੋਲ਼ੀ 6 ਵਜੇ ਚੱਲੀ। ਕੀ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਜ਼ੁਲਮ-ਤਸ਼ੱਦਦ ਦੇ ਹੁਕਮ ਕਿਸ ਨੇ ਦਿੱਤੇ। ਅਰਜਣ ਨੇ ਸ਼ਿਖੰਡੀ ਦਾ ਉਹਲਾ ਲੈ ਕੇ ਹੀ ਤੀਰ ਮਾਰੇ ਸਨ। ਸ਼ਿਖੰਡੀ ਦਾ ਉਹਲਾ ਓਦੋਂ ਵੀ ਅਸਲੀਅਤ ਉੱਤੇ ਪਰਦਾ ਨਹੀਂ ਸੀ ਪਾ ਸਕਿਆ, ਨਾ ਹੀ ਅੱਜ ਪਾ ਸਕਦਾ ਹੈ। ਜੇ ਹੁਕਮ ਮੁੱਖ ਮੰਤਰੀ ਦੇ ਨਾ ਹੁੰਦੇ ਤਾਂ ਸਾਢੇ ਦਸ ਵਜੇ ਬਹਿਬਲ ਕਲਾਂ ਵਿੱਚ ਕੇਵਲ 40 ਕੁ ਲੋਕਾਂ ਉੱਤੇ 400 ਪੁਲਸ ਵਾਲੇ ਕਦੇ ਗੋਲ਼ੀ ਨਾ ਚਲਾਉਂਦੇ। ਜੇ ਹੁਕਮ ਮੁੱਖ ਮੰਤਰੀ ਦੇ ਨਾ ਹੁੰਦੇ ਤਾਂ ਉਹ 14 ਅਕਤੂਬਰ 2015 ਤੋਂ ਲੈ ਕੇ ਜਨਵਰੀ 2017 ਤੱਕ ਜਾਣਨ ਦੀ ਕੋਸ਼ਿਸ਼ ਕਰਦਾ ਕਿ ਕਿਸੇ ਨੇ ਕਿਵੇਂ ਗੋਲ਼ੀ ਚਲਾਈ! ਜ਼ੋਰਾ ਸਿੰਘ ਕਮਿਸ਼ਨ ਦਾ ਪਹਿਲਾ ਮਕਸਦ ਇਹ ਲੱਭਣਾ ਹੋਣਾ ਸੀ ਕਿ ਗੋਲ਼ੀ ਕਿਸ ਦੇ ਹੁਕਮ ਨਾਲ ਚੱਲੀ? ਇਹ ਸਵਾਲ ਕਮਿਸ਼ਨ ਨੂੰ ਨਹੀਂ ਪੁੱਛਿਆ ਗਿਆ। ਬਿਲਕੁਲ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਬੇਅਦਬੀ ਦੀ ਘਟਨਾ ਚਿਰਾਂ ਤੋਂ ਬਾਦਲ ਵੱਲੋਂ ਸਿੱਖ ਧਰਮ ਨੂੰ ਖ਼ਤਮ ਕਰਨ ਦੀ ਚਲਾਈ ਜਾ ਰਹੀ ਮੁਹਿੰਮ ਦੀ ਕੜੀ ਸੀ। ਰਣਜੀਤ ਸਿੰਘ ਕਮਿਸ਼ਨ ਦਾ ਵੱਡਾ ਯੋਗਦਾਨ ਇਹ ਹੈ ਕਿ ਏਸ ਨੇ ਬਾਦਲ ਦੇ ਸਿਆਸੀ ਕਿਰਦਾਰ ਅਤੇ ਅਧਾਰਮਿਕ ਕਾਲ਼ੀਆਂ ਕਰਤੂਤਾਂ ਨੂੰ ਸਮਝਣ ਦੀ ਕੁੰਜੀ ਪੰਜਾਬ ਨੂੰ ਦਿੱਤੀ ਹੈ। ਹੁਣ ਕਲਮਾਂ ਵਾਲੇ ਦੁਬਾਰੇ ਕਲਮਾਂ ਚੁੱਕਣ ਅਤੇ 1966 ਤੋਂ ਚੱਲੇ ਆਉਂਦੇ ਏਸ ਕੁਕਰਮ ਬਾਰੇ ਬੇਬਾਕ ਹੋ ਕੇ ਲਿਖਣ।
ਸੱਚੇ ਸਾਹਿਬ ਦਾ ਜੁਗੋ ਜੁਗ ਅਟੱਲ ਫ਼ੁਰਮਾਨ ਹੈ:
“ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ”॥ ੮॥ ੩॥
(ਰਾਗ ਸੋਰਠ ਮਹਲਾ ੧॥ ਗੁ. ਗ੍ਰ. ਪੰਨਾ ੬੩੬)
* ਸ. ਗੁਰਤੇਜ ਸਿੰਘ ਉੱਘੇ ਸਿੱਖ ਵਿਦਵਾਨ ਅਤੇ ਸਾਬਕਾ ਆਈ.ਏ.ਐਸ. ਅਫਸਰ ਹਨ।
** ਉਕਤ ਲਿਖਤ ਮੂਲ ਰੂਪ ਵਿੱਚ ਸ. ਗੁਰਤੇਜ ਸਿੰਘ ਵੱਲੋਂ ਆਪਣੇ ਫੇਸਬੁੱਕ ਪੰਨੇ ਉੱਤੇ ਛਾਪੀ ਗਈ ਸੀ ਜਿੱਥੋਂ ਲੈ ਕੇ ਇਹ ਲਿਖਤ ਸਿੱਖ ਸਿਆਸਤ ਵੱਲੋਂ ਆਪਣੇ ਪਾਠਕਾਂ ਦੀ ਜਾਣਕਾਰੀ ਲਈ ਮੁੜ ਛਾਪੀ ਗਈ ਹੈ।