Site icon Sikh Siyasat News

ਤਿੰਨ ਲੋਕਤੰਤਰ ਤੇ ਤਿੰਨ ਦਮਗਜ਼ੇਬਾਜ਼

‘ਤਿੰਨ ਲੋਕਤੰਤਰ ਤੇ ਤਿੰਨ ਦਮਗਜ਼ੇਬਾਜ਼’ ਵਿਸ਼ੇ ਉੱਤੇ ‘ਰਾਮਚੰਦਰ ਗੁਹਾ’ ਦੀ ਇਹ ਲਿਖਤ 1 ਨਵੰਬਰ 2020 ਦੇ ਪੰਜਾਬੀ ਟ੍ਰਿਬਿਊਨ ਵਿੱਚ ਛਪੀ ਹੈ। ‘ਸਿੱਖ ਸਿਆਸਤ’ ਦੇ ਪਾਠਕਾਂ ਦੀ ਸਹੂਲਤ ਲਈ ਅਸੀਂ ਇਸ ਲਿਖਤ ਦਾ ਸੰਖੇਪ ਰੂਪ ਸਾਂਝਾ ਕਰ ਰਹੇ ਹਾਂ – ਸੰਪਾਦਕ।

ਚਾਰ ਸਾਲ ਪਹਿਲਾਂ ਜਦੋਂ ਪਿਛਲੇ ਅਮਰੀਕੀ ਰਾਸ਼ਟਰਪਤੀ ਲਈ ਚੋਣ ਹੋ ਰਹੀ ਸੀ ਤਾਂ ਸਟਰੋਬ ਟਾਲਬਟ ਨੇ ਮੈਨੂੰ ਬੰਗਲੌਰ ਵਿਚ ਇਕ ਗੋਸ਼ਠੀ ਦੀ ਸਦਾਰਤ ਕਰਨ ਲਈ ਕਿਹਾ ਸੀ, ਉਦੋਂ ਤਕ ਰਾਸ਼ਟਰਪਤੀ ਦੀ ਚੋਣ ਮੁੱਕ ਜਾਣੀ ਸੀ। ਇਸ ਦੌਰਾਨ ਹਿਲੇਰੀ ਕਲਿੰਟਨ ਚੋਣ ਹਾਰ ਜਾਂਦੀ ਹੈ। ਗੋਸ਼ਠੀ ਤੋਂ ਪਹਿਲਾਂ ਸ੍ਰੀ ਟਾਲਬਟ ਨੇ ਸਚਾਈ ਨੂੰ ਬਹੁਤ ਹੀ ਕੁਸੈਲੇ ਸ਼ਬਦਾਂ ਵਿਚ ਬਿਆਨਦਿਆਂ ਆਖਿਆ ਕਿ ਇਕ ਸਿਰੇ ਦੇ ਝੂਠੇ ਬੰਦੇ ਨੇ ਅਮਰੀਕੀ ਵੋਟਰਾਂ ਨੂੰ ਬੇਵਕੂਫ਼ ਬਣਾ ਦਿੱਤਾ ਹੈ। ਮੈਂ ਸ੍ਰੀ ਟਾਲਬਟ ਦੀ ਇਸ ਗੱਲ ਦੀ ਹਾਮੀ ਭਰੀ ਕਿ ਡੋਨਲਡ ਟਰੰਪ ਨੇ ਆਪਣੀ ਚੋਣ ਮੁਹਿੰਮ ਦੌਰਾਨ ਰੱਜ ਕੇ ਝੂਠ ਬੋਲਿਆ।

ਡੋਨਾਲਡ ਟਰੰਪ

ਚਾਰ ਸਾਲਾਂ ਬਾਅਦ ਹਾਲਾਤ ਬਦਲ ਗਏ ਹਨ। ਨਕਾਰਾ ਤੇ ਨਾਅਹਿਲ ਤਾਂ ਟਰੰਪ ਹੈ ਸੀ ਪਰ ਹੁਣ ਉਹ ਭ੍ਰਿਸ਼ਟ ਤੇ ਧੋਖੇਬਾਜ਼ ਵੀ ਨਜ਼ਰ ਆ ਰਿਹਾ ਹੈ। ਕਰੋਨਾ ਮਹਾਮਾਰੀ ਨਾਲ ਜਿੰਨੇ ਬੁਰੇ ਤਰੀਕੇ ਨਾਲ ਉਹ ਸਿੱਝਿਆ ਉਸ ਤੋਂ ਉਸ ਦੀਆਂ ਪ੍ਰਸ਼ਾਸਕੀ ਕਮਜ਼ੋਰੀਆਂ ਸਾਹਮਣੇ ਆ ਗਈਆਂ ਹਨ ਤੇ ਜਿਵੇਂ ਉਸ ਨੇ ਆਪਣੀਆਂ ਟੈਕਸ ਰਿਟਰਨਾਂ ਨਸ਼ਰ ਕਰਨ ਤੋਂ ਟਾਲਮਟੋਲ ਕੀਤਾ ਉਸ ਤੋਂ ਉਸ ਦੀ ਦਿਆਨਤਦਾਰੀ ਸੰਦੇਹ ਦੇ ਦਾਇਰੇ ਵਿਚ ਆ ਗਈ ਹੈ। ਉਸ ਦੇ ਗਾਲੀ-ਗਲੋਚ ਤੇ ਔਰਤਾਂ ਪ੍ਰਤੀ ਤਿਰਸਕਾਰ ਦੇ ਤੌਰ ਤਰੀਕਿਆਂ ਨੇ ਵੱਡੀ ਤਾਦਾਦ ਵਿਚ ਔਰਤਾਂ ਵੋਟਰਾਂ ਨੂੰ ਤੋੜ ਲਿਆ ਹੈ ਜਿਨ੍ਹਾਂ 2016 ਵਿਚ ਉਸ ਨੂੰ ਵੋਟਾਂ ਪਾਈਆਂ ਸਨ। ਉਸ ਦੇ ਮੁਕਾਬਲੇ ਜੋਅ ਬਾਇਡਨ ਹੈ ਜੋ ਇਕ ਖਰਾ ਤੇ ਸਪੱਸ਼ਟ ਇਨਸਾਨ ਨਜ਼ਰ ਆ ਰਿਹਾ ਹੈ ਤੇ ਜਨਤਕ ਨੀਤੀ ਦੇ ਮਾਮਲੇ ‘ਚ ਆਪਣਾ ਗਿਆਨ ਵਖਾਲਣ ਦੀ ਥਾਂ ਮਾਹਿਰਾਂ ਦੀ ਗੱਲ ਸੁਣਨਾ ਪਸੰਦ ਕਰਦਾ ਹੈ।

ਡੋਨਲਡ ਟਰੰਪ ਇਕ ਫਾਲਤੂ ਦਮਗਜ਼ੇਬਾਜ਼ (demagogue) ਹੈ ਜਿਸ ਦਾ ਇਕੋ ਇਕ ਮਕਸਦ ਹੈ ਆਪਣੀ ਵਾਹ-ਵਾਹ ਤੇ ਸਵੈ ਸਿੱਧੀ। ਜੇ ਹਾਲੇ ਵੀ ਟਰੰਪ ਆਪਣੀ ਤਾਕਤ ਨਾਲੋਂ ਜ਼ਿਆਦਾ ਨੁਕਸਾਨ ਨਹੀਂ ਕਰ ਪਾਇਆ ਤਾਂ ਇਹ ਮੁੱਖ ਤੌਰ ‘ਤੇ ਅਮਰੀਕੀ ਸੰਸਥਾਵਾਂ ਦੀ ਸਮੱਰਥਾ ਤੇ ਅੰਦਰੂਨੀ ਤਾਕਤ ਕਰ ਕੇ ਹੈ। ਮੀਡੀਆ, ਯੂਨੀਵਰਸਿਟੀਆਂ, ਰੱਖਿਆ ਨਿਜ਼ਾਮ, ਵਿਗਿਆਨਕ ਭਾਈਚਾਰੇ ਨੇ ਕੁੱਲ ਮਿਲਾ ਕੇ ਆਪਣੀ ਦਿਆਨਤਦਾਰੀ ਬਰਕਰਾਰ ਰੱਖੀ ਹੈ। ਰਾਸ਼ਟਰਪਤੀ ਟਰੰਪ ਨੇ ਆਪਣੇ ਜ਼ਾਤੀ ਏਜੰਡੇ ਦੀ ਪੂਰਤੀ ਲਈ ਇਨ੍ਹਾਂ ਅਦਾਰਿਆਂ ‘ਤੇ ਗ਼ਲਬਾ ਪਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਇਨ੍ਹਾਂ ਨੇ ਆਪਣੇ ਪੈਰ ਜਮਾ ਕੇ ਰੱਖੇ, ਹਾਲਾਂਕਿ ਸਫਲਤਾ ਕਿਤੇ ਵੱਧ, ਕਿਤੇ ਘੱਟ ਮਿਲਦੀ ਰਹੀ। ਜੇ ਅਗਲੇ ਹਫ਼ਤੇ ਬਾਇਡਨ ਟਰੰਪ ਨੂੰ ਹਰਾ ਦਿੰਦਾ ਹੈ ਤਾਂ ਅਮਰੀਕਾ ਦੀ ਮੁੜਉਸਾਰੀ ਵਿਚ ਅਤੇ ਅੰਦਰੂਨੀ ਫੱਟਾਂ ਨੂੰ ਭਰਨ ਅਤੇ ਦੁਨੀਆਂ ਭਰ ‘ਚ ਆਪਣੀ ਬਣਦੀ ਭੂਮਿਕਾ ਮੁੜ ਹਾਸਲ ਕਰਨ ਵਿਚ ਇਨ੍ਹਾਂ ਸੰਸਥਾਵਾਂ ਦੀ ਅਹਿਮ ਭੂਮਿਕਾ ਰਹੇਗੀ।

ਬੋਰਿਸ ਜੌਹਨਸਨ

ਦੁਨੀਆਂ ਦੇ ਸਭ ਤੋਂ ਅਮੀਰ ਲੋਕਤੰਤਰ ਦੀ ਤਰ੍ਹਾਂ ਸਭ ਤੋਂ ਪੁਰਾਣੇ ਲੋਕਤੰਤਰ ਭਾਵ ਬਰਤਾਨੀਆ ਵਿਚ ਵੀ ਇਕ ਸਵੈ-ਕੇਂਦਰਤ ਦਮਗਜ਼ੇਬਾਜ਼ ਰਾਜ ਕਰ ਰਿਹਾ ਹੈ। ਬੋਰਿਸ ਜੌਹਨਸਨ ਦਾ ਸੱਤਾ ਵੱਲ ਸਫ਼ਰ ਟਰੰਪ ਨਾਲੋਂ ਜੁਦਾ ਨਹੀਂ ਹੈ। ਡੋਨਲਡ ਟਰੰਪ ਦੇ ਮੁਕਾਬਲੇ ਬੋਰਿਸ ਜੌਹਨਸਨ ਸ਼ਾਇਦ ਦੁਸ਼ਟ ਘੱਟ ਤੇ ਘੁਮੱਕੜ ਜ਼ਿਆਦਾ ਪਰ ਆਪਹੁਦਰਪੁਣੇ ਦੇ ਸ਼ਿਕਾਰ ਕੱਟੜ ਨਸਲਪ੍ਰਸਤ ਟਰੰਪ ਨਾਲੋਂ ਲਾਲਸੀ ਮੌਕਾਪ੍ਰਸਤ ਵਧੇਰੇ ਹੈ। ਟਰੰਪ ਦੀਆਂ ਕਮਜ਼ੋਰੀਆਂ ਉਸ ਦੇ ਰਾਜ ਕਾਲ ਦੇ ਆਖਰੀ ਸਾਲ ਦੌਰਾਨ ਸਾਹਮਣੇ ਆਈਆਂ ਹਨ ਜਦਕਿ ਜੌਹਨਸਨ ਖਿਲਾਫ਼ ਜਨਤਾ ਦਾ ਰੌਂਅ ਹੁਣ ਤੋਂ ਹੀ ਕੁਸੈਲਾ ਹੁੰਦਾ ਜਾ ਰਿਹਾ ਹੈ। ਬਰਤਾਨੀਆ ‘ਚ ਆਮ ਚੋਣਾਂ ਅਜੇ ਸਾਢੇ ਤਿੰਨ ਸਾਲ ਦੂਰ ਹਨ। ਕੀ ਉਸ ਤੋਂ ਪਹਿਲਾਂ ਪਾਰਟੀ ਜੌਹਨਸਨ ਨੂੰ ਸੱਤਾ ਤੋਂ ਚਲਦਾ ਕਰੇਗੀ, ਫ਼ਿਲਹਾਲ ਇਸ ਦੇ ਬਹੁਤੇ ਆਸਾਰ ਨਹੀਂ ਹਨ। ਪਰ ਟਰੰਪ ਵਾਂਗ ਜਦੋਂ ਉਹ ਰੁਖ਼ਸਤ ਹੋਵੇਗਾ ਤਾਂ ਉਸ ਵਲੋਂ ਕੀਤੇ ਨੁਕਸਾਨ ਦੀ ਭਰਪਾਈ ਉਨ੍ਹਾਂ ਸੰਸਥਾਵਾਂ ਨੂੰ ਹੀ ਕਰਨੀ ਪੈਣੀ ਹੈ ਜਿਨ੍ਹਾਂ ਨੂੰ ਉਸ ਨੇ ਨੁਕਸਾਨਿਆ ਜ਼ਰੂਰ ਹੈ ਪਰ ਪੂਰੀ ਤਰ੍ਹਾਂ ਬਰਬਾਦ ਨਹੀਂ ਕਰ ਸਕਿਆ। ਇਹ ਸੰਸਥਾਵਾਂ ਹਨ-ਪਾਰਲੀਮੈਂਟ, ਅਦਾਲਤਾਂ ਤੇ ਮੀਡੀਆ।

ਸੰਨ 2016 ਤੋਂ ਲੈ ਕੇ ਦੁਨੀਆਂ ਦੇ ਸਭ ਤੋਂ ਅਮੀਰ ਲੋਕਤੰਤਰ ਦੀ ਇਕ ਦਮਗਜ਼ੇਬਾਜ਼ ਵਲੋਂ ਘਸਾਈ ਹੋ ਰਹੀ ਹੈ। 2017 ਤੋਂ ਲੈ ਕੇ ਦੁਨੀਆਂ ਦਾ ਸਭ ਤੋਂ ਕਦੀਮ ਲੋਕਤੰਤਰ ਇਕ ਕੁਸ਼ਾਸਕ ਦੀ ਮਾਰ ਝੱਲ ਰਿਹਾ ਹੈ। ਆਖਰ ਵਿਚ ਅਸੀਂ ਆਉਂਦੇ ਹਾਂ, ਦੁਨੀਆਂ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਵੱਧ ਆਬਾਦੀ ਵਾਲੇ ਸਾਡੇ ਆਪਣੇ ਲੋਕਤੰਤਰ ਵੱਲ। ਟਰੰਪ ਤੋਂ ਪੂਰੇ ਢਾਈ ਸਾਲ ਅਤੇ ਜੌਹਨਸਨ ਤੋਂ ਪੰਜ ਸਾਲ ਪਹਿਲਾਂ ਨਰਿੰਦਰ ਮੋਦੀ ਸੱਤਾ ਵਿਚ ਆਉਂਦਾ ਹੈ। ਉਹ ਵੀ ਇਕ ਦਮਗਜ਼ੇਬਾਜ਼ ਹੈ ਤੇ ਅਜਿਹਾ ਸਿਆਸਤਦਾਨ ਹੈ ਜੋ ਖ਼ੁਦ ਨੂੰ ਆਪਣੀ ਪਾਰਟੀ ਤੇ ਆਪਣੀ ਹਕੂਮਤ ਨਾਲੋਂ ਵਡੇਰਾ ਸਮਝਦਾ ਹੈ ਤੇ ਉਸ ਨੂੰ ਆਪਣੀ ਸੱਤਾ ਜਮਾਉਣ ਲਈ ਝੂਠ ਤੇ ਫਰੇਬ ਦਾ ਸਹਾਰਾ ਲੈਣ ‘ਚ ਕੋਈ ਝਿਜਕ ਨਹੀਂ ਹੈ।
ਕੁਝ ਤੌਰ ਤਰੀਕਿਆਂ ਪੱਖੋਂ ਮੋਦੀ ਟਰੰਪ ਤੇ ਜੌਹਨਸਨ ਨਾਲ ਮੇਲ ਖਾਂਦਾ ਹੈ ਪਰ ਕੁਝ ਪੱਖਾਂ ਤੋਂ ਉਹ ਜੁਦਾ ਹੈ। ਪਹਿਲੀ ਗੱਲ ਤਾਂ ਇਹ ਕਿ ਉਹ ਉਨ੍ਹਾਂ ਦੇ ਮੁਕਾਬਲੇ ਇਕ ਕੁੱਲਵਕਤੀ ਸਿਆਸਤਦਾਨ ਹੈ ਜਿਸ ਕੋਲ ਜਨਤਕ ਸੰਸਥਾਵਾਂ ਨੂੰ ਆਪਣੇ ਜ਼ਾਤੀ ਮਨੋਰਥਾਂ ਲਈ ਤੋੜਨ ਮਰੋੜਨ ਦਾ ਲਮੇਰਾ ਤਜਰਬਾ ਹੈ। ਦੂਜਾ, ਉਹ ਟਰੰਪ ਤੇ ਜੌਹਨਸਨ ਦੇ ਨਿਸਬਤਨ ਆਪਣੀ ਵਿਚਾਰਧਾਰਾ ਪ੍ਰਤੀ ਕਿਤੇ ਵੱਧ ਵਚਨਬੱਧ ਹੈ। ਟਰੰਪ ਜਿੰਨਾ ਗੋਰੀ ਨਸਲੀ ਉੱਚਤਾ ਤੇ ਜੌਹਨਸਨ ਜਿੰਨਾ ਮੁਤੱਸਬੀ ਇੰਗਲਿਸ਼ਤਾਨੀ ਜ਼ਹਿਨੀਅਤ ਦਾ ਅਵਤਾਰ ਬਣਦਾ ਹੈ, ਮੋਦੀ ਉਨ੍ਹਾਂ ਨਾਲੋਂ ਕਿਤੇ ਵੱਧ ਸ਼ਾਖਸਾਤ ਰੂਪ ਵਿਚ ਹਿੰਦੂ ਬਹੁਗਿਣਤੀਵਾਦ ਦੇ ਸਾਹੀਂ ਜੀਊਂਦਾ ਹੈ। ਤੀਜਾ, ਮੋਦੀ ਕੋਲ ਆਪਣੇ ਇਸ ਵਿਚਾਰਧਾਰਕ ਸੁਪਨੇ ਨੂੰ ਸਾਕਾਰ ਕਰਨ ਲਈ ਰਾਸ਼ਟਰੀ ਸਵੈਮਸੇਵਕ ਸੰਘ ਦੇ ਰੂਪ ਵਿਚ ਇਕ ਅਜਿਹਾ ਔਜ਼ਾਰ ਹੈ ਜਿਸ ਕੋਲ ਵਸੀਲੇ ਜੁਟਾਉਣ ਦੀ ਤਾਕਤ ਤੇ ਸਮੱਰਥਾ ਅਮਰੀਕਾ ਅਤੇ ਬਰਤਾਨੀਆ ਦੀਆਂ ਸੱਜ ਪਿਛਾਖੜੀ ਜਥੇਬੰਦੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ।

ਟਰੰਪ ਤੇ ਜੌਹਨਸਨ ਹੋਰੀਂ ਜਿੰਨੇ ਆਪੋ ਆਪਣੇ ਮੁਲਕਾਂ ਦੇ ਹਿਤਾਂ ਲਈ ਖ਼ਤਰਨਾਕ ਹਨ, ਮੋਦੀ ਭਾਰਤ ਦੇ ਹਿੱਤਾਂ ਲਈ ਉਨ੍ਹਾਂ ਨਾਲੋਂ ਕਿਤੇ ਵੱਧ ਖ਼ਤਰਨਾਕ ਹੈ ਤੇ ਇਸ ਦਾ ਅੰਤਮ ਕਾਰਨ ਇਹ ਹੈ ਕਿ ਸਾਡੇ ਦੇਸ਼ ਦੀਆਂ ਸੰਸਥਾਵਾਂ ਨਿਸਬਤਨ ਬਹੁਤ ਕਮਜ਼ੋਰ ਹਨ। ਟਰੰਪ ਐਫਬੀਆਈ ਤੋਂ ਆਪਣੇ ਮਨਮਰਜ਼ੀ ਦੇ ਕੰਮ ਨਹੀਂ ਕਢਵਾ ਸਕਦਾ ਪਰ ਮੋਦੀ ਟੈਕਸ ਅਧਿਕਾਰੀਆਂ ਤੇ ਜਾਂਚ ਏਜੰਸੀਆਂ ਤੋਂ ਕੁਝ ਵੀ ਕਰਵਾ ਸਕਦਾ ਹੈ। ਸਾਡੀ ਨਿਆਂਪਾਲਿਕਾ ਦੇ ਇਕ ਹਿੱਸੇ ਦੀ ਜ਼ਮੀਰ ਮਰ ਚੁੱਕੀ ਹੈ ਤੇ ਸਾਡੇ ਮੀਡੀਆ ਦੇ ਵੱਡੇ ਤਬਕੇ ਦੀ ਰੀੜ੍ਹ ਦੀ ਹੱਡੀ ਜਵਾਬ ਦੇ ਚੁੱਕੀ ਹੈ। ਉਹ ਪ੍ਰਧਾਨ ਮੰਤਰੀ ਨੂੰ ਡੱਕਣ, ਉਸ ਨੂੰ ਉਸ ਦੀਆਂ ਕੁਵੱਲੀਆਂ ਤੇ ਵਧੀਕੀਆਂ ਲਈ ਜਵਾਬਦੇਹ ਬਣਾਉਣਾ ਨਹੀਂ ਚਾਹੁੰਦੇ ਜਾਂ ਫਿਰ ਅਜਿਹਾ ਕਰਨ ਦੇ ਯੋਗ ਹੀ ਨਹੀਂ ਹਨ।

ਦਮਗਜ਼ੇਬਾਜ਼ ਕੋਈ ਵੀ ਹੋਵੇ, ਉਹ ਲੋਕਤੰਤਰ ਲਈ ਅਸ਼ੁਭ ਹੀ ਹੁੰਦਾ ਹੈ ਪਰ ਕੁਝ ਦਮਗਜ਼ੇਬਾਜ਼ ਕੁਝ ਹੋਰਨਾਂ ਨਾਲੋਂ ਜ਼ਿਆਦਾ ਹੀ ਮਾੜੇ ਹੁੰਦੇ ਹਨ। ਜੇ ਐਤਕੀਂ ਡੋਨਲਡ ਟਰੰਪ ਹਾਰ ਜਾਂਦਾ ਹੈ ਤਾਂ ਅਮਰੀਕਾ ਉਸ ਦੀਆਂ ਘਾਤਕ ਹਰਕਤਾਂ ਤੋਂ ਜਲਦੀ ਹੀ ਉਭਰ ਸਕਦਾ ਹੈ। ਬਰਤਾਨੀਆ ਬੋਰਿਸ ਜੌਹਨਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਆਪਣੇ ਆਪ ਵਿਚ ਸਿਮਟ ਰਿਹਾ ਹੈ, ਉਸ ਦਾ ਆਪਣੇ ਮੁਲਕ ਦੇ ਇਤਿਹਾਸ ਉਪਰ ਅਸਰ ਨਿਸਬਤਨ ਨਿਗੂਣਾ ਹੀ ਸਾਬਿਤ ਹੋਵੇਗਾ ਪਰ ਜੋ ਘਾਣ ਨਰਿੰਦਰ ਮੋਦੀ ਨੇ ਕੀਤਾ ਹੈ, ਉਹ ਭਾਰਤੀ ਲੋਕਤੰਤਰ ਲਈ ਬਹੁਤ ਜ਼ਿਆਦਾ ਹੈ। ਇਸ ਨੂੰ ਠੀਕ ਕਰਨ ਲਈ ਕਈ ਦਹਾਕੇ ਲੱਗ ਜਾਣਗੇ।

ਮੂਲ ਲਿਖਤ ਇਸ ਤੰਦ ਰਾਹੀਂ ਪੜ੍ਹੀ ਜਾ ਸਕਦੀ ਹੈ : –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version