ਗੁਰੂ ਪਾਤਸ਼ਾਹ ਨੇ ਸਾਨੂੰ ਖੁਦ ਇਨਸਾਫ ਕਰਨ ਦੇ ਸਮਰੱਥ ਬਣਾਇਆ ਹੈ। ਸੱਚ ਅਤੇ ਝੂਠ ਦੇ ਨਿਤਾਰੇ ਲਈ ਗੁਰੂ ਖਾਲਸਾ ਪੰਥ ‘ਸਵਾ ਲੱਖ’ ਵੀ ਨਿਆਂ ਕਰਨ ਦੇ ਸਮਰੱਥ ਹੈ। ਇਹੀ ਨਿਆਂ ਅੱਜ ਤੋਂ ਤਕਰੀਬਨ 312 ਸਾਲ ਪਹਿਲਾਂ ਗੁਰੂ ਪਾਤਿਸਾਹ ਜੀ ਦੇ ਥਾਪੜੇ ਨਾਲ ਚੱਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਹਿ ਕਰ ਕੇ ਕੀਤਾ ਸੀ। ਪ੍ਰੋ. ਪੂਰਨ ਸਿੰਘ ਲਿਖਦੇ ਹਨ ਕਿ “ਉਹ ਸੂਰਮਾ ਕੀ ਜੋ ਟੀਨ ਦੇ ਭਾਂਡੇ ਵਾਂਗ ਪਲ ਵਿਚ ਗਰਮ ਤੇ ਪਲ ਵਿਚ ਠੰਡਾ ਹੋ ਜਾਵੇ। ਸਦੀਆਂ ਅੱਗ ਉਸ ਦੇ ਹੇਠ ਬਲਦੀ ਰਹੇ ਤਾਂ ਸ਼ਾਇਦ ਕਿਤੇ ਵੀਰ ਪੁਰਖ ਤੱਤਾ ਹੋ ਸਕੇ ਤੇ ਹਜ਼ਾਰਾਂ ਵਰ੍ਹੇ ਬਰਫ ਉਸ ’ਤੇ ਜੰਮਦੀ ਰਹੇ ਤਾਂ ਵੀ ਕੀ ਮਜਾਲ ਉਸ ਦੀ ਬਾਣੀ ਤਕ ਠੰਡੀ ਹੋ ਸਕੇ। ਉਸ ਨੂੰ ਆਪ ਠੰਡੇ ਤੱਤੇ ਹੋਣ ਨਾਲ ਕੀ ਮਤਲਬ?” ਪ੍ਰੋ. ਹਰਪਾਲ ਸਿੰਘ ਪੰਨੂ ਬਾਬਾ ਬੰਦਾ ਸਿੰਘ ਬਹਾਦਰ ਬਾਬਤ ਲਿਖਦੇ ਹਨ ਕਿ “ਪੰਜਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਅਤੇ ਸਾਹਿਬਜ਼ਾਦਿਆਂ ਸਮੇਤ ਹਜ਼ਾਰਾਂ ਮਾਸੂਮਾਂ ਦੇ ਕਤਲਾਂ ਨੇ ਬੰਦਾ ਸਿੰਘ ਨੂੰ ਗੁੱਸੇ ਕਰ ਦਿੱਤਾ। ਇਹੋ ਜਿਹੇ ਜਰਨੈਲ ਜਦੋਂ ਗੁੱਸੇ ਵਿੱਚ ਆ ਜਾਣ ਤਦ ਉਹਨਾਂ ਦਾ ਗੁੱਸਾ ਉਤਰਨ ਵਿੱਚ ਵੀ ਕਈ ਸਦੀਆਂ ਲਗਦੀਆਂ ਹਨ।”
ਲਛਮਣ ਦੇਵ ਜਦੋਂ ਅਜੇ ਨਿੱਕੀ ਉਮਰ ‘ਚ ਸੀ ਤਾਂ ਆਮ ਨੌਜਵਾਨਾਂ ਵਾਙ ਉਸ ਦਾ ਝੁਕਾਅ ਵੀ ਸ਼ਿਕਾਰ, ਘੋੜ-ਸਵਾਰੀ, ਤੀਰ-ਅੰਦਾਜੀ ਆਦਿ ਵੱਲ ਸੀ ਪਰ ਉਹ ਬਹੁਤ ਦਿਲ ਵਾਲਾ ਨਹੀਂ ਸੀ ਭਾਵ ਨਰਮ ਦਿਲ ਅਤੇ ਜਜਬਾਤੀ ਸੁਭਾਅ ਦਾ ਸੀ। ਹਿਰਨ ਦੇ ਸ਼ਿਕਾਰ ਤੋਂ ਬਾਅਦ ਉਸ ਨੂੰ ਅਜਿਹਾ ਪਛਤਾਵਾ ਹੋਇਆ ਕਿ ਰੁਚੀ ਤਿਆਗੀ ਸਾਧੂਆਂ ਵਾਲੇ ਪਾਸੇ ਮੋੜਾ ਖਾ ਗਈ। ਘਰ ਘਾਟ ਛੱਡ ਕੇ ਬੈਰਾਗੀ ਦਾ ਚੇਲਾ ਬਣਿਆ ਅਤੇ ਨਾਮ ਲਛਮਣ ਦੇਵ ਤੋਂ ਮਾਧੋ ਦਾਸ ਪੈ ਗਿਆ। ਪਰ ਕੁਦਰਤ ਨੂੰ ਅਜੇ ਕੁਝ ਹੋਰ ਮਨਜੂਰ ਸੀ। ਦਸਵੇਂ ਪਾਤਿਸਾਹ ਨੇ ਥਾਪੜਾ ਦੇਣਾ ਸੀ ਅਤੇ ਸਰਬੱਤ ਦੇ ਭਲੇ ਲਈ ਧਰਮ ਯੁੱਧ ਲਈ ਰਵਾਨਾ ਕਰਨਾ ਸੀ। ਬਿਧ ਬਣੀ ਅਤੇ ਪਾਤਿਸਾਹ ਨਾਲ ਮੇਲ ਹੋਇਆ, ਕੁਰਾਹੇ ਅਤੇ ਵਿਅਰਥ ਜਾ ਰਹੀਆਂ ਮਾਨਸਕ ਅਤੇ ਸ਼ਰੀਰਕ ਸ਼ਕਤੀਆਂ ਦਾ ਰੁਖ ਬਦਲਿਆ ਅਤੇ ਸਤਾਈ ਹੋਈ ਲੁਕਾਈ ਦੀ ਸੇਵਾ ਵੱਲ ਹੋ ਗਿਆ। ਗੁਰੂ ਪਾਤਿਸਾਹ ਨੇ ਉਸ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਈ ਅਤੇ ਮਾਧੋ ਦਾਸ ਤੋਂ ਬੰਦਾ ਸਿੰਘ ਬਣਾ ਦਿੱਤਾ।
ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਜਿਸ ਦਾ ਪਹਿਲਾ ਨਾਮ ਮੁਅਜ਼ਮ ਸੀ, ਉਸ ਨੇ ਬਾਦਸ਼ਾਹ ਬਣਨ ਲਈ ਗੁਰੂ ਪਾਤਿਸਾਹ ਤੋਂ ਮਦਦ ਮੰਗੀ ਅਤੇ ਬਾਦਸ਼ਾਹ ਬਣ ਜਾਣ ਦੀ ਸੂਰਤ ਵਿੱਚ ਇਨਸਾਫ ਕਰਨ ਦੀ ਗੱਲ ਉੱਤੇ ਸਹਿਮਤੀ ਕੀਤੀ ਗਈ ਪਰ ਜਦੋਂ ਦਸਵੇਂ ਪਾਤਿਸਾਹ ਦੀ ਮਿਹਰ ਸਦਕਾ ਉਹ ਬਾਦਸ਼ਾਹ ਬਣ ਗਿਆ ਤਾਂ ਆਪਣੇ ਰਾਜ ਭਾਗ ਦੀ ਫਿਕਰ ਵਿੱਚ ਬੇਵੱਸ ਹੋ ਕੇ ਸਮਾਂ ਅੱਗੇ ਪਾਉਣ ਲੱਗਾ, ਤੈਅ ਹੋਈਆਂ ਗੱਲਾਂ ਨੂੰ ਲਮਕਾਉਣ ਲੱਗਾ ਤਾਂ ਗੁਰੂ ਪਾਤਿਸਾਹ ਨੇ ਬੰਦਾ ਸਿੰਘ ਨੂੰ ਥਾਪੜਾ ਦਿੱਤਾ, ਪੰਜ ਤੀਰ ਆਪਣੇ ਭੱਥੇ ਵਿਚੋਂ ਬਖਸ਼ੇ, ਨਿਸ਼ਾਨ ਅਤੇ ਨਗਾਰਾ ਦਿੱਤਾ ਅਤੇ ਕੁਝ ਸਿੰਘਾਂ ਨਾਲ ਬੰਦਾ ਸਿੰਘ ਨੇ ਇਨਸਾਫ ਕਰਨ ਲਈ ਪੰਜਾਬ ਨੂੰ ਕੂਚ ਕੀਤਾ। ਪ੍ਰੋ. ਪੂਰਨ ਸਿੰਘ ਆਪਣੀ ਇੱਕ ਲਿਖਤ ਵਿੱਚ ਲਿਖਦੇ ਹਨ ਕਿ “ਜਦ ਕਿਸੇ ਦਾ ਭਾਗ ਜਾਗਿਆ ਤੇ ਉਸ ਨੂੰ ਜੋਸ਼ ਆਇਆ ਤਾਂ ਜਾਣ ਲਵੋ ਦੁਨੀਆਂ ਵਿਚ ਤੂਫਾਨ ਆ ਗਿਆ। ਉਸ ਦੀ ਚਾਲ ਸਾਹਮਣੇ ਫੇਰ ਕੋਈ ਰੁਕਾਵਟ ਨਹੀਂ ਆ ਸਕਦੀ। ਪਹਾੜਾਂ ਦੀਆਂ ਪਸਲੀਆਂ ਤੋੜ ਕੇ ਇਹ ਲੋਕ ਵਾ ਵਰੋਲੇ ਵਾਂਗ ਨਿਕਲ ਜਾਂਦੇ ਹਨ। ਉਨ੍ਹਾਂ ਦੀ ਤਾਕਤ ਦਾ ਇਸ਼ਾਰਾ ਭੁਚਾਲ ਦੱਸਦਾ ਹੈ। ਕੁਦਰਤ ਦੀ ਹੋਰ ਕੋਈ ਤਾਕਤ ਉਨ੍ਹਾਂ ਦੇ ਸਾਹਮਣੇ ਫਟਕ ਨਹੀਂ ਸਕਦੀ। ਸਭ ਚੀਜ਼ਾਂ ਰੁਕ ਜਾਂਦੀਆਂ ਹਨ। ਪਰਮਾਤਮਾ ਵੀ ਸਾਹ ਰੋਕ ਕੇ ਉਨ੍ਹਾਂ ਦਾ ਰਾਹ ਵੇਖਦਾ ਹੈ।”
ਬੰਦਾ ਸਿੰਘ ਕੋਲ ਨਾ ਕੋਈ ਤੋਪਖਾਨਾ ਸੀ ਅਤੇ ਨਾ ਹੀ ਹਾਥੀ ਸਗੋਂ ਉਸ ਦੇ ਸਾਰੇ ਸਿੰਘਾਂ ਕੋਲ ਘੋੜੇ ਵੀ ਪੂਰੇ ਨਹੀਂ ਸਨ, ਸਿਰਫ ਲੰਮੇ ਨੇਜੇ, ਤੀਰ ਕਮਾਨ, ਕਿਰਪਾਨਾਂ ਆਦਿ ਹੀ ਸਨ। ਜੇਕਰ ਕੁਝ ਹੈ ਸੀ ਤਾਂ ਉਹ ਸੀ ‘ਗੁਰੂ ਦੀ ਬਖਸ਼ਿਸ਼’ ਜਿਸ ਸਦਕਾ ਸਰਹਿੰਦ ਨੂੰ ਜਾਣ ਵਕਤ ਸਿੰਘ ਆਪਣੇ ਭਾਂਡੇ, ਡੰਗਰ ਅਤੇ ਜਮੀਨਾਂ ਵੇਚ ਕੇ ਸਸ਼ਤਰ, ਘੋੜੇ ਖਰੀਦ ਜੰਗ ਲਈ ਆਪਣੇ ਆਪ ਨੂੰ ਪੇਸ਼ ਕਰਦੇ ਹਨ। ਗੁਰੂ ਖਾਲਸਾ ਪੰਥ ਨਿਆਂ ਕਰਦਾ ਹੋਇਆ ਸਮਾਣਾ, ਸਢੌਰ, ਬਨੂੜ ਆਦਿ ਇਲਾਕੇ ਫਤਹਿ ਕਰਦਾ ਹੋਇਆ ਸਰਹਿੰਦ ਫਤਹਿ ਕਰਦਾ ਹੈ ਅਤੇ ਉਹਨਾਂ ਦੇ ਕਿਰਦਾਰਾਂ ਦੀ ਖੁਸ਼ਬੂ ਸਭ ਜਗ੍ਹਾ ਫੈਲ ਜਾਂਦੀ ਹੈ। ਸੱਚ ਦੇ ਰਾਹ ‘ਤੇ ਤੇਗ ਫੜ੍ਹ ਚੱਲ ਰਿਹਾ ਕਦੇ ਵੀ ਕਿਸੇ ‘ਤੇ ਵਾਧਾ ਨਹੀਂ ਕਰਦਾ, ਇਸ ਗੱਲ ਦੀਆਂ ਇਤਿਹਾਸ ਵਿੱਚ ਬੇਅੰਤ ਗਵਾਹੀਆਂ ਹਨ। ਗੁਰੂ ਪਾਤਿਸਾਹ ਦੀਆਂ ਜੰਗਾਂ ਵੇਲੇ ਦੋਵਾਂ ਪਾਸਿਓਂ ਲੜਨ ਵਾਲਿਆਂ ਦਾ ਸੰਸਕਾਰ ਅਤੇ ਇਲਾਜ ਬਿਨਾਂ ਕਿਸੇ ਭੇਦਭਾਵ ਦੇ ਕਰਵਾਇਆ ਜਾਂਦਾ ਸੀ। ਬਾਬਾ ਬੰਦਾ ਸਿੰਘ ਵੇਲੇ ਕਿਸੇ ਵੀ ਪੀਰ ਫਕੀਰ ਦੀ ਕੋਈ ਜਗ੍ਹਾ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ। ਗੰਡਾ ਸਿੰਘ ਆਪਣੀ ਕਿਤਾਬ ‘ਬੰਦਾ ਸਿੰਘ ਬਹਾਦਰ’ ਵਿੱਚ ਜਿਕਰ ਕਰਦੇ ਹਨ ਕਿ ਡਾ. ਗੋਕਲ ਚੰਦ ਨਾਰੰਗ ਨੇ 1912 ਈ. ਵਿੱਚ ਲਿਖਿਆ ਸੀ ਕਿ “ਸਾਰੀਆਂ ਇਮਾਰਤਾਂ ਵਿਚੋਂ ਜਿਆਦਾ ਸ਼ਾਨਦਾਰ ਸ਼ਾਹ ਦਾ ਮਜ਼ਾਰ ਹੁਣ ਤੱਕ ਉਸੇ ਤਰ੍ਹਾਂ ਖੜ੍ਹਾ ਹੈ ਜਿਵੇਂ ਲੜਾਈ ਤੋਂ ਪਹਿਲਾਂ ਸੀ।” ਇਹ ਕਿਰਦਾਰ ਸੀ ਸਾਡੀ ਜੰਗ ਦਾ।
ਅਸੀਂ ਇਹਨਾਂ ਦਿਨਾ ‘ਚ ਸਰਹਿੰਦ ਫਤਹਿ ਦਿਵਸ ਨੂੰ ਯਾਦ ਕਰਨਾ ਹੈ ਅਤੇ ਇਸ ਯਾਦ ਵਿੱਚ ਸਮਾਗਮ ਵੀ ਕਰਨੇ ਹਨ ਪਰ ਇਤਿਹਾਸ ਨੂੰ ਯਾਦ ਕਰਨ ਦਾ ਲਾਭ ਤਦ ਹੀ ਹੈ ਜੇਕਰ ਉਸ ਵਿਚੋਂ ਮਿਲ ਰਹੇ ਸੁਨੇਹਿਆਂ ਨੂੰ ਅਮਲ ਵਿੱਚ ਲੈ ਕੇ ਆ ਸਕੀਏ। ਅੱਜ ਸਦੀਆਂ ਬਾਅਦ ਜਦੋਂ ਇਨਸਾਫ ਦੀ ਗੱਲ ਤੁਰਦੀ ਹੈ ਤਾਂ ਸਾਨੂੰ ਆਪਣੇ ਇਤਿਹਾਸ ਅਤੇ ਰਵਾਇਤ ਤੋਂ ਸੇਧ ਲੈਂਦਿਆਂ ਆਪਣੇ ਅਮਲਾਂ ਦੀ ਜਰੂਰ ਪੜਚੋਲ ਕਰਨੀ ਚਾਹੀਦੀ ਹੈ ਅਤੇ ਗੁਰੂ ਪਾਤਿਸਾਹ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਨੂੰ ਸੇਵਾ ਸਿਮਰਨ ਦੀ ਦਾਤ ਮਿਲੇ ਜਿਸ ਨਾਲ ਅਸੀਂ ਉਸ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਪ੍ਰੋ. ਪੂਰਨ ਸਿੰਘ ਹੁਰਾਂ ਦੇ ਇਹਨਾਂ ਵਾਕਾਂ ਨੂੰ ਅਮਲ ‘ਚ ਲੈ ਕੇ ਆਉਣ ਦੇ ਯਤਨ ਕਰਨੇ ਚਾਹੀਦੇ ਹਨ “ਜਦੋਂ ਕਦੇ ਅਸੀਂ ਬਹਾਦਰਾਂ ਦਾ ਹਾਲ ਸੁਣਦੇ ਹਾਂ, ਤਾਂ ਸਾਡੇ ਆਪਣੇ ਅੰਦਰ ਵੀ ਬਹਾਦਰੀ ਦੀਆਂ ਲਹਿਰਾਂ ਉਠਦੀਆਂ ਹਨ, ਰੰਗ ਚੜ੍ਹ ਜਾਂਦਾ ਹੈ। ਪਰ ਉਹ ਰੰਗ ਟਿਕਾਊ ਨਹੀਂ ਹੁੰਦਾ। ਕਾਰਣ ਇਹ ਹੈ ਕਿ ਸਾਡੇ ਅੰਦਰ ਬਹਾਦਰੀ ਦਾ ਮਸਾਲਾ ਤਾਂ ਹੁੰਦਾ ਨਹੀਂ ਖਾਲੀ ਮਹਿਲ ਉਸ ਦੇ ਦਿਖਾਵੇ ਲਈ ਉਸਾਰਨਾ ਲੋਚਦੇ ਹਾਂ। ਟੀਨ ਦੇ ਭਾਂਡੇ ਦਾ ਸੁਭਾਉ ਛੱਡ ਕੇ ਆਪਣੇ ਜੀਵਨ ਦੇ ਅੰਤਰ-ਆਤਮੇ ਵਿਚ ਨਿਵਾਸ ਕਰੋ ਤੇ ਸੱਚਾਈ ਦੀ ਚੱਟਾਨ ‘ਤੇ ਪੱਕੇ ਪੈਰੀਂ ਖਲੋ ਜਾਓ। ਆਪਣੀ ਜ਼ਿੰਦਗੀ ਕਿਸੇ ਹੋਰ ਨੂੰ ਸੌਂਪ ਦਿਓ ਤਾਂ ਜੋ ਜ਼ਿੰਦਗੀ ਬਚਾਉਣ ਦਿਆਂ ਜਤਨਾਂ ਵਿਚ ਸਮਾਂ ਵਾਧੂ ਨਸ਼ਟ ਨਾ ਹੋਵੇ।”