ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਤਟਫਟ ਪ੍ਰੀਕਿਰਿਆ ਦੇਣ ਦਾ ਅਮਲ ਦਿਨ ਪਰ ਦਿਨ ਵੱਧ ਰਿਹਾ ਹੈ। ਇਸ ਕਾਹਲ ਵਿੱਚ ਮਨੁੱਖ ਸਹੀ ਗਲਤ ਦੀ ਪੁਸ਼ਟੀ ਕਰਨ ਦੀ ਉਡੀਕ ਨਹੀਂ ਕਰ ਪਾਉਂਦਾ ਅਤੇ ਬਿਨ੍ਹਾਂ ਵਿਚਾਰੇ ਕਿਸੇ ਬਹੁਤ ਸੰਜੀਦਾ ਮਸਲੇ ਉੱਤੇ ਕੋਈ ਵੀ ਹਲਕੀ ਟਿੱਪਣੀ ਕਰ ਦਿੰਦਾ ਹੈ ਜਾ ਸਮੇਂ ਅਤੇ ਹਲਾਤਾਂ ਨੂੰ ਨਾ ਸਮਝਦਿਆਂ ਵਕਤ ਤੋਂ ਪਹਿਲਾਂ ਨਿੱਜੀ ਤੌਰ ਉੱਤੇ ਕਰਨ ਵਾਲੀ ਗੱਲ ਦੀਆਂ ਬਹਿਸਾਂ ਵੀ ਜਨਤਕ ਤੌਰ ‘ਤੇ ਕਰਨ ਲੱਗ ਜਾਂਦਾ ਹੈ। ਇਸ ਰਫਤਾਰ ਕਾਰਨ ਹੀ ਲਗਾਤਾਰ ਹਾਂ-ਪੱਖੀ ਪ੍ਰਚਾਰ ਦੀ ਥਾਂ ਨਾ-ਪੱਖੀ ਪ੍ਰਚਾਰ ਜ਼ੋਰ ਫੜਦਾ ਜਾ ਰਿਹਾ ਹੈ।
ਅਗਸਤ 2020 ਵਿੱਚ ਰਾਮ ਮੰਦਰ ਸਬੰਧੀ ਹੋਏ ਪ੍ਰੋਗਰਾਮ ਤੋਂ ਬਾਅਦ ਜੋ ਚਰਚਾ ਸਿੱਖਾਂ ਦੇ ਸੰਬੰਧ ਵਿੱਚ ਹੋਣੀ ਚਾਹੀਦੀ ਸੀ, ਸਿੱਖਾਂ ਦੇ ਵੱਡੇ ਹਿੱਸੇ ਦੀ ਊਰਜਾ ਉਸਦੇ ਉਲਟ ਲਗਦੀ ਰਹੀ। ਇਸ ਗੱਲ ਦਾ ਪਤਾ ਹੁੰਦਿਆਂ ਕਿ ਸੰਗਤ ਦੇ ਦਬਾਅ ਕਰ ਕੇ ਕੋਈ ਵੀ ਸਤਿਕਾਰਤ ਸਿੱਖ ਸਖਸ਼ੀਅਤ ਸੱਦਾ ਪੱਤਰ ਭੇਜਣ ਦੇ ਬਾਵਜੂਦ ਨਹੀਂ ਪੁੱਜੀ, ਇਸ ਹਾਂ-ਪੱਖੀ ਨੁਕਤੇ ਉੱਤੇ ਗੱਲ ਨਹੀਂ ਚੱਲੀ ਸਗੋਂ ਗੁਰਮਤਿ ਦੀ ਕਸਵੱਟੀ ਅਨੁਸਾਰ ਜੋ ਸਿੱਖ ਨਹੀਂ ਹਨ ਉਹਨਾਂ ਵਿਅਕਤੀਆਂ ਦੀਆਂ ਦੋ ਤੁਕਾਂ ਦੁਆਲੇ ਸਿੱਖਾਂ ਦੇ ਵੱਡੇ ਹਿੱਸੇ ਦੀ ਊਰਜਾ ਲਗਦੀ ਰਹੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਵੀ ਜਦੋਂ ਅਗਸਤ 2020 ਵਿੱਚ ਕੁਝ ਦਿਨਾਂ ਵਿੱਚ ਹੀ ਵੱਖ ਵੱਖ ਮਸਲਿਆਂ ਸਬੰਧੀ ਫੈਸਲੇ/ਐਲਾਨ ਅਤੇ ਖਬਰਾਂ ਜਿਸ ਵਿੱਚ ਜਾਂਚ ਮੁਕੰਮਲ ਹੋਣ ਦੀ ਖਬਰ, ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਿਆਂ ਸਬੰਧੀ ਫੈਸਲਾ, ਅੰਤ੍ਰਿੰਗ ਕਮੇਟੀ ਦੀ ਮੀਟਿੰਗ, ਡਾ. ਰੂਪ ਸਿੰਘ ਵੱਲੋਂ ਅਸਤੀਫਾ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 11 ਸਖਸ਼ੀਅਤਾਂ ਦਾ ਸਨਮਾਨ ਕਰਨ ਦੇ ਫੈਸਲੇ ਦਾ ਐਲਾਨ, ਆਡਿਟ ਕੰਪਨੀ ਦੇ ਦਫਤਰ ਨੂੰ ਜਿੰਦਾ ਲਾਉਣ ਦੀ ਖਬਰ, ਸ਼੍ਰੋਮਣੀ ਕਮੇਟੀ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਕਮੇਟੀ ਬਣਾਉਣ ਦੀ ਖਬਰ, ਰਣਜੀਤ ਸਿੰਘ ਢੱਡਰੀਆਂਵਾਲਿਆਂ ਵੱਲੋਂ ਮੁਆਫੀ ਨਾ ਮੰਗਣ ਦਾ ਐਲਾਨ, ਬੰਗਲਾ ਸਾਹਿਬ ਵਿਖੇ ਹੋਣ ਵਾਲੀ ਕਥਾ ਦਾ ਮਸਲਾ ਆਦਿ ਸਾਹਮਣੇ ਆਈਆਂ ਤਾਂ ਵੱਡਾ ਹਿੱਸਾ ਮੁੱਖ ਮਸਲੇ ਤੋਂ ਆਪਣਾ ਧਿਆਨ ਪਾਸੇ ਕਰ ਗਿਆ ਅਤੇ ਕਾਹਲ ਨਾਲ ਨਵੇਂ ਐਲਾਨਾਂ, ਫੈਸਲਿਆਂ ਅਤੇ ਖਬਰਾਂ ਸਬੰਧੀ ਬਹਿਸ ਵਿੱਚ ਪੈ ਗਿਆ।
ਹੁਣ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਵੀ ਵਾਰ ਵਾਰ ਸਾਡਾ ਧਿਆਨ ਜਾਂ ਤਾਂ ਅਸਲ ਮੁੱਦੇ ਤੋਂ ਪਾਸੇ ਹੋ ਜਾਂਦਾ ਹੈ ਜਾਂ ਸਾਡੀ ਊਰਜਾ ਨਾ-ਪੱਖੀ ਨੁਕਤਿਆਂ ਉੱਤੇ ਬਹਿਸ ਕਰਨ ਵਿੱਚ ਲੱਗ ਜਾਂਦੀ ਹੈ। ਪਿਛਲੇ ਦਿਨੀਂ 26 ਜਨਵਰੀ ਨੂੰ ਹੋਏ ਟ੍ਰੈਕਟਰ ਮਾਰਚ ਨੂੰ ਲੈ ਕੇ ਬਿਜਲ ਸੱਥ ਉੱਤੇ ਕਾਫੀ ਚਰਚਾ/ਬਹਿਸ ਚੱਲ ਰਹੀ ਹੈ ਜਿਸ ਵਿੱਚ ਜ਼ਿਆਦਾ ਊਰਜਾ ਓਸ ਗੱਲ ਉੱਤੇ ਲੱਗ ਰਹੀ ਹੈ ਜਿਸ ਉੱਤੇ ਸਭ ਦੀ ਵੱਖ ਵੱਖ ਰਾਇ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਲਈ ਮਜੂਦਾ ਹਾਲਾਤ ਮੁਤਾਬਿਕ ਬਿਜਲ ਸੱਥ ਉੱਤੇ ਬਹਿਸ/ਪ੍ਰਚਾਰ ਕਰਨਾ ਸਹੀ ਨਹੀਂ ਹੈ। ਫਿਲਹਾਲ ਇਹ ਗੱਲਾਂ ਛੱਡ ਲੈਣੀਆਂ ਚਾਹੀਦੀਆਂ ਹਨ ਜਾ ਫਿਰ ਮਿਲ ਬੈਠ ਕੇ ਵਿਚਾਰ ਲੈਣੀਆਂ ਚਾਹੀਦੀਆਂ ਹਨ। ਜੋ ਹਾਂ-ਪੱਖੀ ਗੱਲਾਂ ਵਾਪਰੀਆਂ ਹਨ ਜਿੰਨਾ ਉੱਤੇ ਸਭ ਦੀ ਸਹਿਮਤੀ ਬਣਦੀ ਹੈ ਫਿਲਹਾਲ ਉਹੀ ਕਰਨੀਆਂ/ਪ੍ਰਚਾਰਨੀਆਂ ਚਾਹੀਦੀਆਂ ਹਨ ਤਾਂ ਜੋ ਸਰਕਾਰੀ ਬਿਰਤਾਂਤ ਨੂੰ ਥਾਂ ਮੱਲ੍ਹਣ ਤੋਂ ਰੋਕਿਆ ਜਾ ਸਕੇ।
ਬਹੁਤ ਕੁਝ ਹਾਂ-ਪੱਖੀ ਹੈ ਜਿਸ ਬਾਰੇ ਗੱਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਇੰਨੇ ਵੱਡੇ ਇਕੱਠ ਨੇ ਦਿੱਲੀ ਨੂੰ ਕੂਚ ਕੀਤਾ ਪਰ ਕਿਸੇ ਵੀ ਸ਼ਹਿਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਦਿੱਲੀ ਵਾਸੀਆਂ ਨੇ ਫੁੱਲਾਂ ਨਾਲ ਸਵਾਗਤ ਕੀਤਾ, ਇਹ ਸਵਾਗਤ ਇਤਿਹਾਸ ਦੁਹਰਾਅ ਰਿਹਾ ਸੀ ਜਿਸ ਤਰ੍ਹਾਂ ਕਿਸੇ ਵੇਲੇ ਸਿੱਖਾਂ ਨੂੰ ਵੇਖ ਕੇ ਘਰਾਂ ਦੇ ਬੂਹੇ ਖੋਲ ਦਿੱਤੇ ਜਾਂਦੇ ਸਨ (ਆਏ ਨੇ ਨਿਹੰਗ ਬੂਹਾ ਖੋਲ ਦੇ ਨਿਸ਼ੰਗ)। ਜਦੋਂ ਪੁਲਸ ਵਾਲੀਆਂ ਬੀਬੀਆਂ ਨੂੰ ਸਿੱਖਾਂ ਨੇ ਸੁਰੱਖਿਅਤ ਥਾਂ ਪਹੁੰਚਾਇਆ ਤਾਂ ਇਕ ਵਾਰ ਫਿਰ ਪੂਰੀ ਦੁਨੀਆਂ ਨੇ ਵੇਖਿਆ ਕਿ ਸਮੂਹਿਕ ਰੂਪ ਵਿਚ ਪੰਜਾਬ ਕਿਸ ਉੱਚੇ ਕਿਰਦਾਰ ਵਿਚ ਵਿਚਰਦਾ ਹੈ ਜਦਕਿ ਬਿਪਰ ਮਾਨਸਿਕਤਾ ਸਮੂਹਿਕ ਰੂਪ ਵਿੱਚ ਬਹੁਤ ਨੀਵੇਂ ਕਿਰਦਾਰ ਵਿੱਚ ਆ ਜਾਂਦੀ ਹੈ। ਇੰਡੀਅਨ ਪੁਲਸ ਨੇ ਸ਼ਾਂਤਮਈ ਆ ਰਹੇ ਕਿਸਾਨਾਂ ਨੂੰ ਜ਼ਬਰਦਸਤੀ ਰੋਕਿਆ, ਅੱਥਰੂ ਗੈਸ ਦੇ ਗੋਲੇ ਸੁੱਟੇ, ਇਕ ਕਿਸਾਨ ਨੂੰ ਗੋਲੀ ਮਾਰੀ ਗਈ ਜਿਸ ਦੀ ਮੌਤ ਹੋ ਗਈ, ਟ੍ਰੈਕਟਰਾਂ ਦੀ ਭੰਨਤੋੜ ਕੀਤੀ ਗਈ ਅਤੇ ਇੰਡੀਆ ਦੇ ਤਿਰੰਗੇ ਝੰਡੇ ਨੂੰ ਵੀ ਸੋਟੀਆਂ ਮਾਰੀਆਂ ਗਈਆਂ। ਰੂਟ ਉੱਤੇ ਸਹਿਮਤੀ ਨਾ ਹੋਣ ਕਰਕੇ ਸਾਰੇ ਵੱਖੋ ਵੱਖਰੇ ਰਸਤੇ ਹੋ ਤੁਰੇ ਪਰ ਫਿਰ ਵੀ ਕਿਸੇ ਵੀ ਕਿਸਾਨ ਨੇ ਕੋਈ ਹੁੱਲੜਬਾਜ਼ੀ ਨਹੀਂ ਕੀਤੀ। ਕਿਸਾਨ ਆਗੂਆਂ ਨੂੰ ਕਹਿਣਾ ਚਾਹੀਦਾ ਹੈ ਕਿ ਅਸੀਂ ਸਾਰੇ ਇਕੱਠੇ ਹਾਂ, ਇੱਕਮੁੱਠ ਹਾਂ, ਮਿਲ ਬੈਠ ਕੇ ਆਪਣੇ ਵਖਰੇਵੇਂ ਦੂਰ ਕਰ ਲਵਾਂਗੇ, ਸਰਕਾਰ ਹੁਣ ਆਪਣੀ ਅੜੀ ਛੱਡੇ ਅਤੇ ਤਿੰਨੇ ਕਨੂੰਨ ਰੱਦ ਕਰੇ।
ਸਰਕਾਰ ਇਸ ਸੰਘਰਸ਼ ਦੇ ਸ਼ੁਰੂ ਤੋਂ ਹੀ ਅਨੇਕਾਂ ਗਲਤੀਆਂ ਕਰ ਰਹੀ ਹੈ ਪਰ ਜਨਤਕ ਤੌਰ ਉੱਤੇ ਨਾ ਪ੍ਰਚਾਰ ਰਹੀ ਹੈ ਅਤੇ ਨਾ ਹੀ ਮੰਨ ਰਹੀ ਹੈ ਪਰ ਅਸੀਂ ਸ਼ਾਇਦ ਕੋਈ ਗਲਤੀ ਨਾ ਵੀ ਕੀਤੀ ਹੋਵੇ ਪਰ ਓਹਨੂੰ ਗਲਤੀ ਬਣਾ ਪ੍ਰਚਾਰਦੇ ਵੀ ਹਾਂ ਅਤੇ ਆਪਣੇ ਹੀ ਬੰਦਿਆਂ ਉੱਤੇ ਦੋਸ਼ ਵੀ ਲਾਉਂਦੇ ਹਾਂ।
ਇਸ ਸੰਘਰਸ਼ ਬਾਬਤ ਜਿੰਨ੍ਹਾਂ ਨੂੰ ਲਗਦਾ ਕਿ ਗੁਰੂ ਪਾਤਸ਼ਾਹ ਦੀ ਕਲਾ ਵਰਤ ਰਹੀ ਹੈ, ਉਹ ਗੁਰੂ ਦੇ ਭਾਣੇ ‘ਚ ਖੁਸ਼ ਰਹਿਣ ਅਤੇ ਜਿੰਨਾ ਕੋਲ ਸਹੀ ਗਲਤ ਦੀਆਂ ਦਲੀਲਾਂ ਹਨ ਉਹ ਬਾਅਦ ‘ਚ ਆਪਣੀਆਂ ਦਲੀਲਾਂ ਨਾਲ ਇਕ ਦੂਜੇ ਨੂੰ ਟੱਕਰ ਲੈਣ, ਹਜੇ ਆਪਣੀ ਊਰਜਾ ਇਕ ਥਾਂ ਲਾਈ ਜਾਵੇ। ਆਗੂਆਂ ਦੁਆਰਾ ਸਟੇਜ ਉੱਤੋਂ ਇਸ ਸਬੰਧੀ ਹਜੇ ਕਿਸੇ ਦੀ ਜਿੰਦਾਬਾਦ-ਮੁਰਦਾਬਾਦ ਕਰਨ ਦਾ ਸਹੀ ਵੇਲਾ ਨਹੀਂ ਹੈ, ਵਕਤ ਆਉਣ ਤੇ ਆਪਣੇ ਆਪ ਸਭ ਸਾਫ ਹੋ ਜਾਣਾ ਹੈ। ਸਾਨੂੰ ਕਿਸੇ ਵਿਆਕਤੀ, ਘਟਨਾ ਅਤੇ ਵਰਤਾਰੇ ਸੰਬੰਧੀ ਨਜ਼ਰੀਆ ਪੇਸ਼ ਕਰਨ ਲੱਗਿਆ ਸਾਰੇ ਪੱਖਾਂ ਦਾ ਤਵਾਜ਼ਨ ਬਣਾਉਣਾ ਚਾਹੀਦਾ ਹੈ ਅਤੇ ਆਪਣੀ ਊਰਜਾ ਹਾਂ-ਪੱਖੀ ਗੱਲਾਂ ਕਰਨ ਅਤੇ ਪ੍ਰਚਾਰਨ ਵਿੱਚ ਹੀ ਲਾਉਣੀ ਚਾਹੀਦੀ ਹੈ।