ਹਾਲ ਹੀ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਤੇ ਮਸ਼ਹੂਰ ਕ੍ਰਿਕਟਰ ਇਮਰਾਨ ਖਾਨ ਏਸ਼ੀਆਈ ਮੁਲਕਾਂ ਦੇ ਸਿਆਸਤਦਾਨਾਂ ਨੂੰ ਦੋ ਹਿੱਸਿਆਂ ਵਿਚ ਵੰਡਦਾ ਹੈ। ਇਕ ਤਾਂ ਉਹ ਹਨ ਜਿਨ੍ਹਾਂ ਲਈ ਸਿਆਸਤ ‘ਮਿਸ਼ਨ’ ਹੁੰਦੀ ਹੈ ਤੇ ਉਹ ਆਪਣੇ ਲੋਕਾਂ ਦੀ ਹਰ ਪੱਧਰ ਤੇ ਬੇਹਤਰੀ ਲੋਚਦੇ ਹੋਏ ਨਿਸ਼ਕਾਮ ਜੱਦੋਜਹਿਦ ਕਰਦੇ ਹਨ। ਦੂਜੀ ਕਿਸਮ ਸੌਦਾਗਰ ਸਿਆਸਤਦਾਨਾਂ ਦੀ ਹੈ ਜਿਨ੍ਹਾਂ ਲਈ ਰਾਜਨੀਤੀ ਇਕ ਵਪਾਰ ਹੈ ਜਿਸ ਰਾਹੀਂ ਉਹ ਆਪਣੀਆਂ ਪਰਿਵਾਰਕ ਤਿਜੋਰੀਆਂ ਭਰਦੇ ਹਨ ਅਤੇ ਲੋਕ-ਸਿਆਸਤ ਦਾ ਢੋਂਗ ਰਚਦੇ ਹੋਏ ਆਪਣੇ ਹਿਤਾਂ ਲਈ ਅੰਦਰਖਾਤੇ ਘਟੀਆ ਤੋਂ ਘਟੀਆ ਅਨੈਤਿਕ ਸਮਝੌਤੇ ਕਰਦੇ ਹਨ। ਬਾਦਲ ਦੂਜੀ ਕਿਸਮ ਦੇ ਸਿਆਸਤਦਾਨ ਹਨ।
ਲੰਘੇ ਦਿਨੀਂ ਪੰਜਾਬ ਅਸੈਂਬਲੀ ਵਿਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਪੜਤਾਲ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਿਧਾਨ ਸਭਾ ਦੇ ਤਕਰੀਬਨ ਛੇ ਸੌ ਪੰਨਿਆਂ ਦੇ ਲੇਖੇ ਉਤੇ ਭਰਵੀਂ ਬਹਿਸ ਹੋਈ। ਅੱਠ ਘੰਟੇ ਚੱਲੀ ਬਹਿਸ ਟੀ.ਵੀ. ਉਤੇ ਨਾਲੋ-ਨਾਲ ਵਿਖਾਈ ਗਈ। ਤੀਜੇ ਦਰਜੇ ਦਾ 13 ਵਿਧਾਇਕਾਂ ਵਾਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਤਾਂ ਸ਼ੁਰੂ ਵਿਚ ਹੀ ਬਹਾਨਾ ਬਣਾ ਕੇ ਵਿਧਾਨ ਸਭਾ ਦੇ ਵਿਚਾਰ ਅਖਾੜੇ ਤੋਂ ਬਾਹਰ ਚਲਾ ਗਿਆ ਸੀ ਅਤੇ ਬਾਹਰ ਮਜਮਾ ਲਾ ਕੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਪੁਰਾਣੀ ਰਾਜ ਸੱਤਾ ਵਾਲੇ ਦਮਗਜੇ ਮਾਰਦੇ ਰਹੇ। ਪਰ ਜੋ ਕੁਝ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਾਲਿਆਂ ਨੇ ਵਿਧਾਨ ਸਭਾ ਵਿੱਚ ਬਾਦਲਾਂ ਦੀਆਂ ਕਰਤੂਤਾਂ ਦਾ ਕੱਚਾ ਚਿੱਠਾ ਨਸ਼ਰ ਕਰਕੇ ਉਨ੍ਹਾਂ ਨੂੰ ਲੋਕਾਂ ਦੀ ਪਰ੍ਹੇ ਵਿਚ ਨੰਗਾ ਕਰ ਦਿੱਤਾ, ਉਹੋ ਜਿਹਾ ਕੁਕਰਮਾਂ ਦਾ ਕੱਚਾ ਚਿੱਠਾ ਸ਼ਾਇਦ ਹੀ ਇਸ ਤੋਂ ਪਹਿਲਾਂ ਅਜਿਹੇ ਅਦਾਰੇ ਵਿਚ ਪੇਸ਼ ਕੀਤਾ ਗਿਆ ਹੋਵੇ। ਹਰ ਭਾਸ਼ਣ ਵਿਧਾਨ ਸਭਾ ਵਿਚ ਦਰਜ਼ ਹੋਇਆ ਅਤੇ ਸਪੀਕਰ ਨੇ ਬਣਦੀ ਹੋਈ ਕਾਂਟ ਛਾਂਟ ਤੋਂ ਵੀ ਗੁਰੇਜ਼ ਕੀਤਾ। ਮੁੱਖ ਤੌਰ ‘ਤੇ ਬਾਦਲਾਂ ਦੀ ਸਿਆਸਤ ਵਿਸਾਖੀ 1978 ਸਿੱਖ ਨਿਰੰਕਾਰੀ ਘਟਨਾ ਤੋਂ ਸ਼ੁਰੂ ਕਰਦਿਆਂ, ਬਾਦਲ ਪਰਿਵਾਰ ਅਤੇ ਉਨ੍ਹਾਂ ਦੀ ਸਿਆਸਤ ਦੇ ਲੰਬੇ ਸਮਾ ਹਿੱਸਾ ਰਹੇ, ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਸ ਸਮੇਂ ਦੇ ਪੁਲਿਸ ਦੇ ਗੁਪਤ ਲੇਖਿਆਂ ਨੂੰ ਨਸ਼ਰ ਕਰਦਿਆਂ ਕਿਹਾ ਕਿ ਪਤਾ ਹੋਣ ਦੇ ਬਾਵਜੂਦ ਕਿ ਅੰਮ੍ਰਿਤਸਰ ਵਿਚ ਹੋ ਰਹੇ ਨਿਰੰਕਾਰੀ ਇਕੱਠ ਕਾਰਨ ਹਿੰਸਾ ਹੋ ਸਕਦੀ ਹੈ, ਪ੍ਰਕਾਸ਼ ਸਿੰਘ ਬਾਦਲ ਨੇ ਇਸ ਇਕੱਠ ਨੂੰ ਰੋਕਿਆ ਨਹੀਂ ਜਿਸ ਨਾਲ ਪੰਜਾਬ ਵਿਚ ਤਿੰਨ ਦਹਾਕੇ ਲੰਮੇ ਖੂਨ ਖਰਾਬੇ ਦੇ ਦੌਰ ਦਾ ਮੁੱਢ ਬੱਝਿਆ। ਮਨਪ੍ਰੀਤ ਬਾਦਲ ਅਨੁਸਾਰ ਉਸਦਾ ‘ਤਾਇਆ ਜੀ’ ਵੱਡਾ ਬਾਦਲ ਸਿੱਖ-ਹਿੰਦੂ ਪੰਜਾਬੀਆਂ ਨੂੰ ਵੰਡ ਕੇ ਆਪਣੀ ਸਿਆਸਤ ਦੀ ਪਕੜ ਬਣਾਈ ਰੱਖਣਾ ਚਾਹੁੰਦਾ ਸੀ। ਉਂਝ ਜੋ ਗੱਲ ਮਨਪ੍ਰੀਤ ਸਿੰਘ ਬਾਦਲ ਪਰਕਾਸ਼ ਸਿੰਘ ਬਾਦਲ ਬਾਰੇ ਕਹਿ ਰਿਹਾ ਹੈ ਅਸਲ ਵਿਚ ਉਹੀ ਸਮਾਜੀ ਵੰਡ ਪਾ ਕੇ ਵੋਟ ਬੈਂਕ ਕਾਇਮ ਕਰਨ ਦੀ ਕਾਂਗਰਸ ਦੀ ਪਾਲਿਸੀ ਰਹੀ ਹੈ ਜਿਸ ਨੂੰ ਹੁਣ ਮੋਦੀ ਨੇ ਪ੍ਰਚੰਡ ਰੂਪ ਦੇ ਦਿੱਤਾ ਹੈ।
ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੂੰ ‘ਸਿਆਸੀ ਸੁਦਾਗਰ’ ਦੀ ਉਪਾਧੀ ਦਿੰਦਿਆਂ ਕਿਹਾ ਕਿ ਉਸਦੀ ਰਾਜਨੀਤੀ ਦਾ ਸਾਰ ਤੱਤ ਹੈ ਕਿ ਉਹ ਦੁਨੀਆਂ ਦਾ ਸਭ ਤੋਂ ਅਮੀਰ ਸਿੱਖ ਬਣਨਾ ਚਾਹੁੰਦਾ ਹੈ ਅਤੇ ਮਾਇਆ ਤਾਂ ਪਾਪਾਂ ਬਾਝੋਂ ਇਕੱਠੀ ਨਹੀਂ ਹੁੰਦੀ ਜਿਸ ਕਰਕੇ ਹਰ ਇਖਲਾਕੀ ਤੇ ਸਿਆਸੀ ਕਾਰਨਾਮੇ ਉਸ ਲਈ ਗਵਾਹ ਹਨ। ਬਹੁਤੇ ਬੁਲਾਰਿਆਂ ਨੇ ਬਾਦਲ ਦਲ ਨੂੰ ‘ਸੌਦਾ ਦਲ’ ਕਹਿ ਕੇ ਸਰਸੇ ਦੇ ਸੌਦਾ ਸਾਧ ਦਾ ਹਮਸਫਰ ਤੇ ਹਮਜੋਲੀ ਦੱਸਿਆ। ਇਸ ਕਰਕੇ, ਬਾਦਲਾਂ ਦੇ ਨਾਲ-ਨਾਲ ਸੌਦਾ ਸਾਧ ਉਤੇ ਵੀ ਹਮਲੇ ਹੋਏ ਕਿ ਉਹਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। 2015 ਵਾਲੀਆਂ ਬਰਗਾੜੀ ਬੇਅਦਬੀ ਦੀਆਂ ਘਟਨਾਵਾਂ ਸੌਦਾ ਸਾਧ ਅਤੇ ‘ਸੌਦਾ ਦਲ’ ਦੀਆਂ ਵੋਟ ਰਾਜਨੀਤੀ ਨੂੰ ਚਮਕਾਉਣ ਵਾਲੀਆਂ ਸਾਂਝੀਆਂ ਕਾਰਵਾਈਆਂ ਸਨ। ਹੈਰਾਨੀ ਹੈ ਕਿ ਕਮਿਸ਼ਨ ਅਨੁਸਾਰ ਬਾਦਲਾਂ ਦੇ ਰਾਜ ਕਾਲ ਵਿਚ 162 ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦਾ ਜ਼ਿਕਰ ਵਿਧਾਨ ਸਭਾ ਵਿਚ ਹੋਇਆ।
ਇਤਿਹਾਸ ਵਿਚ ਪਹਿਲੀ ਵਾਰ ਬਾਦਲਾਂ ਦੇ ਕਬਜ਼ੇ ਥੱਲੇ ਚਲ ਰਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਰੁੱਧ ਨਿਖੇਧੀ ਦਾ ਮਤਾ ਵਿਧਾਨ ਸਭਾ ਵਿਚ ਪਾਇਆ ਗਿਆ ਕਿ ਉਸ ਨੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਇਸ ਅਦਾਰੇ ਵਿਚ ਰੱਖਣ ਤੋਂ ਪਹਿਲਾਂ ਰੱਦ ਕੀਤਾ ਸੀ। ਕਿਸੇ ਵੀ ਹਿੰਦੂ ਕਾਂਗਰਸੀ ਵਿਧਾਇਕਾਂ ਨੇ ਇਸ ਬਹਿਸ ਵਿਚ ਹਿੱਸਾ ਨਹੀਂ ਲਿਆ। ਇਉਂ ਲੱਗ ਰਿਹਾ ਸੀ ਕਿ ਜਿਵੇਂ ਪੰਜਾਬ ਅਸੈਂਬਲੀ ਵਿਚ ‘ਸਿੱਖ ਸ਼ੈਸਨ’ ਚੱਲ ਰਿਹਾ ਹੋਵੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਬੁਲੰਦ ਜੈਕਾਰੇ ਪਹਿਲੀ ਵਾਰ ਵਿਧਾਨ ਸਭਾ ਵਿਚ ਗੂੰਜੇ। ਪਹਿਲੀ ਵਾਰ ਕਾਂਗਰਸੀ ਸਿੱਖ ਵਿਧਾਇਕਾਂ ਨੇ ਸਿੱਖਾਂ ਨੂੰ ਕੌਮ ਦੇ ਤੌਰ ਉਤੇ ਸੰਬੋਧਨ ਕਰਦਿਆਂ ਸਿੱਖ ਧਾਰਮਿਕ ਭਾਵਨਾਵਾਂ ਦੀ ਪੁਰਜ਼ੋਰ ਤਰਜਮਾਨੀ ਕੀਤੀ ਜਿਹੜੀ ਕਿ ਕੋਈ ਵੀ ਅਕਾਲੀ ਆਗੂ ਪਿਛਲੇ ਤੀਹ ਚਾਲੀ ਸਾਲਾਂ ਵਿਚ ਇਸ ਵਿਧਾਨ ਸਭਾ ਵਿਚ ਨਹੀਂ ਕਰ ਸਕਿਆ।
ਭਾਵੇਂ ਇਹ ਸਭ ਕਾਂਗਰਸੀ ਆਗੂਆਂ ਵੱਲੋਂ ਵਿਰੋਧੀ ਅਕਾਲੀ ਦਲ ਨੂੰ ਮਸਲ ਦੇਣ ਦੀ ਸਿਆਸਤ ਵਿਚ ਹੋ ਰਿਹਾ ਸੀ ਪਰ ਭਾਰਤੀ ਸੰਵਿਧਾਨ ਤਹਿਤ ਚੁਣੇ ਹੋਏ ਕਾਂਗਰਸੀ ਨੁਮਾਇੰਦਿਆਂ ਵੱਲੋਂ ਸਿੱਖ ਭਾਈਚਾਰੇ ਦੀ ਅੰਤਰੀਵ ਧਾਰਮਿਕ ਅਤੇ ਸਿਆਸੀ ਮੁਹਾਵਰੇ ਵਿਚ ਦਿੱਤੇ ਭਾਵਨਾਤਮਕ ਭਾਸ਼ਣਾਂ ਦਾ ਦਰਜ਼ ਹੋ ਕੇ ਇਤਿਹਾਸਦਾ ਹਿੱਸਾ ਬਣਨਾ ‘ਉਲਟੀ ਗੰਗਾ ਵਹਿਣ’ ਦੇ ਤੁਲ ਹੈ। ਇਸ ਨਾਲ ਸਿੱਖ ਸਿਆਸੀ ਮੁਹਾਵਰੇ ਦੀ ਚੜ੍ਹਤ ਹੋਈ ਹੈ ਜਿਸਨੂੰ ਅਕਾਲੀ ਦਲ ਦੇ ਭਾਜਪਾ ਨਾਲ ਹੋਏ ਰਾਜਨੀਤਕ ਰਲੇਵੇਂ ਨਾਲ ਕਾਫੀ ਠੇਸ ਲੱਗੀ ਸੀ। ਹੈਰਾਨੀ ਹੈ ਕਿ ਸਭਾ ਵਿਚ ਕਾਂਗਰਸੀ ਅਕਾਲੀ ਲੀਡਰਾਂ ਵਾਲਾ ਰੋਲ ਅਦਾ ਕਰ ਰਹੇ ਸਨ ਅਤੇ ਸਭਾ ਤੋਂ ਬਾਹਰ ਅਕਾਲੀ ਦਾਅਵੇਦਾਰ ਲੀਡਰ ਸੁਖਬੀਰ ਸਿੰਘ ਬਾਦਲ ਵਰਗੇ ਸਿੱਖਾਂ ਦੀਆਂ ਧਾਰਮਿਕ ਕਾਰਵਾਈਆਂ ਨੂੰ ਪਾਕਿਸਤਾਨ ਦੀ ਗੁਪਤ ਏਜੰਸੀ ਆਈ.ਐਸ.ਆਈ ਪ੍ਰੇਰਤ ਕਾਰਨਾਮੇ ਦੱਸ ਰਹੇ ਸਨ। ਹਰ ਸਿੱਖ ਨੂੰ ਨੇੜੇ ਦੇ ਇਤਿਹਾਸ ਦਾ ਪਤਾ ਹੈ ਕਿ ਦੇਸ਼ ਦੀ ਅਜ਼ਾਦੀ ਤੋਂ ਤੁਰੰਤ ਬਾਅਦ ਸਿੱਖਾਂ ਦੀ ਨੁਮਾਇੰਦਾ ਜਮਾਤ, ਅਕਾਲੀ ਦਲ ਦੀ ਕਾਂਗਰਸ ਨਾਲ ਲੜਾਈ ਦੀ ਲਕੀਰ ਖਿੱਚੀ ਜਾ ਚੁੱਕੀ ਸੀ, ਜਿਹੜੀ ਪੰਜਾਬੀ ਸੂਬੇ ਦੀ ਜੱਦੋਜਹਿਦ ਤੋਂ ਸ਼ੁਰੂ ਹੋ ਕੇ ਨਿਰੰਕਾਰੀ ਕਾਂਡ, ਦਰਬਾਰ ਸਾਹਿਬ ‘ਤੇ ਫੌਜੀ ਹਮਲੇ, ਨਵੰਬਰ 84 ਦੀ ਸਿੱਖਾਂ ਦੀ ਨਸ਼ਲਕੁਸੀ ਅਤੇ 1990-92 ਤੱਕ ਚੱਲੇ ਸਿੱਖਾਂ ਦੇ ਕਤਲੇਆਮ ਤੱਕ ਹੋਰ ਡੂੰਘੀ ਹੁੰਦੀ ਗਈ ਅਤੇ 1998 ਵਿਚ ਬਾਦਲਾਂ ਦੀ ਸਰਕਾਰ ਨੇ ਇਸ ਵਾਇਦੇ ‘ਤੇ ਸੱਤਾ ਸੰਭਾਲੀ ਕਿ ਸਿੱਖ ਨੌਜਵਾਨੀ ਦੇ ਕਤਲਾਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਪਰ ਕੁਰਸੀ ‘ਤੇ ਬੈਠਦੇ ਹੀ ਬਾਦਲਾਂ ਦੀਆਂ ਅੱਖਾਂ ਫਿਰ ਗਈਆਂ ਸਨ।
ਪੰਜਾਬ ਅਸੈਂਬਲੀ ਵਿਚ ਜਿਥੇ ਕਥਿਤ ਅੱਤਵਾਦੀਆਂ ਵਿਰੁੱਧ ਸਿਕੰਜ਼ਾ ਕਸਣ ਅਤੇ ਪੁਲਿਸ ਦੀ ਬਹਾਦਰੀ ਦਾ ਗੁਣਗਾਨ ਹੁੰਦਾ ਰਿਹਾ ਹੈ, ਉੱਥੇ ਕੱਲ੍ਹ ਪਹਿਲੀ ਵਾਰ, ਪੁਲਿਸ ਵਧੀਕੀਆਂ ਉਤੇ ਚਰਚਾ ਹੋਈ। ਬਾਦਲਾਂ ਦੇ ਚਹੇਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਮਾਸੂਮਾਂ ਦੇ ਕਾਤਲ, ਅਣਮਨੁੱਖੀ ਤਸ਼ੱਦਦ ਅਤੇ ਗੈਰ ਇਨਸਾਨੀ ਕਾਰਵਾਈਆਂ ਦਾ ਮੁਜੱਸਮਾ ਕਿਹਾ ਗਿਆ। ਭਾਵੇਂ ਸੈਣੀ ਦਾ ਮਸਲਾ ਅਤੇ ਬਹਿਬਲ ਕਲਾਂ ਵਿਚ ਪੁਲਿਸ ਗੋਲੀ ਵਿਚ ਦੋ ਸਿੱਖ ਨੌਜਵਾਲਾਂ ਦੇ ਕਤਲ ਬਰਗਾੜੀ ਬਅਦਬੀਆਂ ਨਾਲ ਜੁੜਿਆ ਸੀ ਪਰ ਉਸਦੀਆਂ ਕਾਰਵਾਈਆਂ ਨੂੰ ਨੰਗੇ ਕਰਦਿਆਂ ਸਭਾ ਵਿਚ ਕਈ ਵਿਧਾਇਕਾਂ ਨੇ ਸਿੱਖਾਂ ਉਤੇ ਹੋਏ ਲੰਮੇ ਪੁਲਿਸ ਜਬਰ ਦੀ ਕੋਝੀ ਹੂ ਬ ਹੂ ਤਸਵੀਰ ਪੇਸ਼ ਕਰ ਦਿੱਤੀ।
ਸ਼ਾਇਦ ਪਹਿਲੀ ਵਾਰੀ ਅਕਾਲ ਤਖਤ ਦੇ ਜਥੇਦਾਰ ਦਾ ਸਦਨ ਵਿਚ ਇਉਂ ਚੀਰ ਹਰਣ ਹੋਇਆ ਜਿਵੇਂ ਉਹ ਕਿਸੇ ਧਾਰਮਿਕ ਅਸਥਾਨ ਅੰਦਰ ਵੜਨ ਦੇ ਯੋਗ ਹੀ ਨਾ ਹੋਵੇ। ਪਿਛਲੇ 15-20 ਸਾਲਾਂ ਵਿਚ ਸੇਵਾਦਾਰ ਤੋਂ ਉਠ ਕੇ ਜਥੇਦਾਰ ਬਣਨ ਕਰਕੇ, ਉਸਦੇ ਪਰਿਵਾਰ ਦਾ ਹੋਟਲਾਂ, ਵੱਡੀਆਂ ਗੱਡੀਆਂ ਤੇ ਵੱਡੇ ਵਪਾਰ ਦਾ ਮਾਲਕ ਬਣ ਜਾਣ ਦਾ ਗ੍ਰਾਫ ਬਾਦਲਾਂ ਦੀ ਸੰਪਤੀ ਦੀ ਵਾਧੇ ਨਾਲ ਮੇਲ ਖਾਂਦਾ ਹੈ।
* ਸ. ਜਸਪਾਲ ਸਿੰਘ ਸਿੱਧੂ ਯੂ. ਐਨ. ਆਈ. ਦੇ ਸੇਵਾ ਮੁਕਤ ਸੀਨੀਅਰ ਪੱਤਰਕਾਰ ਹਨ। ਉਹਨਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪੱਤਰਕਾਰ ਕਰਦਿਆਂ ਨਾ ਸਿਰਫ ਭਾਰਤੀ ਫੌਜ ਦੇ ਦਰਬਾਰ ਸਾਹਿਬ ਉੱਤੇ ਹਮਲੇ ਨੂੰ ਨੇੜਿਓਂ ਵੇਖਿਆ ਤੇ ਸਰਕਾਰੀ ਜਬਰ ਨੂੰ ਹੰਢਾਇਆ ਬਲਕਿ ਉਸ ਵੇਲੇ ਦੇ ਤਜ਼ਰਬੇ ਨੂੰ ਉਹਨਾਂ ਆਪਣੀ ਕਿਤਾਬ ‘ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ’ ਕਿਤਾਬ ਦੇ ਰੂਪ ਵਿੱਚ ਕਮਲਬੱਧ ਵੀ ਕੀਤਾ ਹੈ। ਸ. ਜਸਪਾਲ ਸਿੰਘ ਸਿੱਧੂ ਨਾਲ +91-75891-23982 ’ਤੇ ਸੰਪਰਕ ਕੀਤਾ ਜਾ ਸਕਦਾ ਹੈ।