ਰਣ ਦਾ ਅਰਥ ਹੈ ਯੁੱਧ। ਰਣ ਵਿਚ ਸੂਰਮਿਆਂ ਦੀ ਸੂਰਬੀਰਤਾ ਪਰਖੀ ਜਾਂਦੀ ਹੈ। ਰਣ ਵਿਚ ਭਿੜਨ ਵਾਲੇ ਜਰਨੈਲਾਂ ਦੀਆਂ ਕੌਮਾਂ ਮਾਣ ਨਾਲ ਸਿਰ ਉੱਚਾ ਕਰਕੇ ਗੱਲ ਕਰਦੀਆਂ ਹਨ ਬੇਸ਼ੱਕ ਜਿੱਤ ਪ੍ਰਾਪਤ ਹੋਵੇ ਜਾਂ ਹਾਰ। ਰਣ ਨੂੰ ਪਿੱਠ ਦੇ ਕੇ ਭੱਜਣ ਵਾਲੇ ਨੂੰ ਬੁਜ਼ਦਿਲ,ਕਾਇਰ ਆਖਿਆ ਜਾਂਦਾ ਹੈ। ਰਣ ਦਾ ਜੇਤੂ ‘ਰਣਜੀਤ’ ਹੋ ਜਾਂਦੈ । 1684 ਈਸਵੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਨਗਾਰਾ ਤਿਆਰ ਕਰਵਾਇਆ ਉਸ ਦਾ ਨਾਮ ‘ਰਣਜੀਤ ਨਗਾਰਾ’ ਰੱਖਿਆ ਗਿਆ। ਨਗਾਰਾ ਯੁੱਧ ਦਾ ਸਾਜ਼ ਹੈ। ਨਗਾਰੇ ਤੇ ਚੋਟ ਭਾਵ ਜੰਗ ਦਾ ਆਗਾਜ਼। ਜਦੋਂ, 1780 ਵਿਚ ਸਰਦਾਰ ਮਹਾਂ ਸਿੰਘ ਸ਼ੁਕਰਚੱਕੀਆ ਨੂੰ ਇਹ ਖ਼ਬਰ ਮਿਲੀ ਕਿ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਨਾਮ ‘ਬੁੱਧ ਸਿੰਘ’ ਰੱਖਿਆ ਹੈ ਤਾਂ ਉਦੋਂ ਮਹਾਂ ਸਿੰਘ ਰਸੂਲਨਗਰ ਦੇ ਚੱਠਿਆਂ ਤੋਂ ਜਿੱਤ ਕੇ ਮੁੜਿਆ ਆਉਂਦਾ ਸੀ। ਜਿੱਤ ਦੀ ਖੁਸ਼ੀ ਵਿਚ ਪੁੱਤ ‘ਬੁੱਧ ਸਿੰਘ’ ਤੋਂ ‘ਰਣਜੀਤ ਸਿੰਘ’ ਹੋ ਗਿਆ। ਇਹੀ ਰਣਜੀਤ ਸਿੰਘ ਸ਼ੇਰੇ-ਏ-ਪੰਜਾਬ ਅਖਵਾਇਆ।
ਮਹਾਰਾਜਾ ਰਣਜੀਤ ਸਿੰਘ ਦਾ ਸਰੀਰ ਪਤਲਾ ਫੁਰਤੀਲਾ ਅਤੇ ਕੱਦ ਦਰਮਿਆਨਾ ਸੀ। ਬਚਪਨ ਵਿਚ ਚੇਚਕ ਨਾਲ ਇਕ ਅੱਖ ਚਲੀ ਗਈ। ਚਿਹਰੇ ਤੇ ਕੁਝ ਦਾਗ਼ ਸਨ। ਉਹ ਸੁਨੱਖਾ ਭਾਵੇਂ ਨਾ ਸੀ ਪਰ ਉਸ ਦੇ ਗੁਣ ਲੋਕਾਂ ਨੂੰ ਆਕਰਸ਼ਿਤ ਕਰਦੇ ਸਨ। ਹਰ ਮਿਲਣ ਵਾਲਾ ਉਸ ਵੱਲ ਖਿੱਚਿਆ ਜਾਂਦਾ ਸੀ। ਬੈਰਨ ਹੂਗਲ ਕਹਿੰਦਾ ਹੈ ਜਦੋਂ ਉਹ ਹਥਿਆਰਬੰਦ ਹੋ ਕੇ ਘੋੜੇ ਉੱਪਰ ਸਵਾਰ ਹੁੰਦਾ ਤਾਂ ਕਾਫੀ ਪ੍ਰਭਾਵਸ਼ਾਲੀ ਜਾਪਦਾ ਸੀ। ਜਦੋਂ ਇੱਕ ਅੰਗਰੇਜ਼ ਅਫਸਰ ਨੇ ਠਿੱਠ ਕਰਨ ਦੇ ਲਹਿਜੇ ਨਾਲ ਫ਼ਕੀਰ ਅਜ਼ੀਜ਼-ਉਦ-ਦੀਨ ਨੂੰ ਪੁੱਛਿਆ ਕਿ “ਮਹਾਰਾਜੇ ਦੀ ਕਿਹੜੀ ਅੱਖ ਖ਼ਰਾਬ ਹੈ” ਤਾਂ ਉਸ ਦਾ ਉੱਤਰ ਸੀ “ਮਹਾਰਾਜੇ ਦੇ ਚਿਹਰੇ ਦਾ ਤੇਜ ਇਤਨਾ ਵਧੇਰੇ ਹੈ ਕਿ ਮੈਂ ਕਦੇ ਵੀ ਉਸ ਦੇ ਚਿਹਰੇ ਨੂੰ ਲਾਗਿਓਂ ਹੋ ਕੇ ਵੇਖਣ ਦੀ ਹਿੰਮਤ ਨਹੀਂ ਕਰ ਸਕਿਆ” 19 ਸਾਲ ਦੀ ਉਮਰ ਵਿਚ ਰਣਜੀਤ ਸਿੰਘ ਲਾਹੌਰ ਤੇ ਕਾਬਜ਼ ਹੋ ਗਿਆ ਸੀ। ਦੂਰ ਅੰਦੇਸ਼ੀ ਅਤੇ ਰਾਜਨੀਤਕ ਸੂਝ ਬੂਝ ਦੇ ਮਾਲਕ ਰਣਜੀਤ ਸਿੰਘ ਨੇ ਪੰਜਾਬ ਤੇ ਰਾਜ ਨਾ ਮਿਸਲ ਦੇ ਨਾਮ ਤੇ ਕੀਤਾ ਨਾ ਆਪਣੇ ਨਾਮ ਤੇ। ਉਸ ਦਾ ਰਾਜ ਸਰਕਾਰ- ਏ-ਖਾਲਸਾ ਅਖਵਾਇਆ। ਮਹਾਰਾਜੇ ਰਣਜੀਤ ਸਿੰਘ ਨੇ ਗੁਰੂ ਨਾਨਕ ਦੇ ਨਾਮ ਦਾ ਸਿੱਕਾ ਚਲਾਇਆ। ਜਿਸ ਨੂੰ ਨਾਨਕਸ਼ਾਹੀ ਸਿੱਕਾ ਕਿਹਾ ਜਾਂਦਾ ਸੀ।
ਤੇਜ਼ ਬੁੱਧੀ ਦਾ ਮਾਲਕ ਰਣਜੀਤ ਸਿੰਘ ਰਾਜਨੀਤਕ ਸੂਝ ਬੂਝ ਕਾਰਨ ਪੂਰੇ ਏਸ਼ੀਆ ਵਿਚ ਮੋਹਰੀ ਸ਼ਾਸਕ ਬਣ ਬੈਠਾ। ਉਹ ਆਪਣੇ ਆਪ ਨੂੰ ਸਿੱਖ ਧਰਮ ਦਾ ਨਿਮਾਣਾ ਦਾਸ ਅਖਵਾਉਣਾ ਪਸੰਦ ਕਰਦਾ। ਗੁਰਬਾਣੀ ਅਤੇ ਕੀਰਤਨ ਉਸਦੇ ਨਿਤਨੇਮ ਦਾ ਹਿੱਸਾ ਸੀ। ਉਸ ਦੇ ਨਿਮਾਣੇ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਸਾਫ ਲਗਾਇਆ ਜਾ ਸਕਦਾ ਹੈ ਜਦੋਂ 1826 ਵਿਚ ਹੈਦਰਾਬਾਦ ਦੇ ਨਿਜ਼ਾਮ ਵੱਲੋਂ ਮਹਾਰਾਜਾ ਰਣਜੀਤ ਸਿੰਘ ਲਈ ਇਕ ਬਹੁਤ ਸੁੰਦਰ ਚਾਂਦਨੀ ਭੇਟ ਕੀਤੀ ਗਈ ਤਾਂ ਮਹਾਰਾਜੇ ਨੇ ਇਹ ਕਹਿ ਕੇ ਚਾਂਦਨੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਾ ਦਿੱਤੀ ਕਿ ਉਹ ਇਸ ਥੱਲੇ ਬਹਿਣ ਦੇ ਯੋਗ ਨਹੀਂ ਹੈ। ਅਲੈਗਜ਼ੈਂਡਰ ਬਰਨਜ਼ ਕਹਿੰਦਾ ਹੈ ਕਿ ‘ਮੈਂ ਏਸ਼ੀਆ ਦੇ ਕਿਸੇ ਵਸਨੀਕ ਨੂੰ ਮਿਲ ਕੇ ਏਨਾ ਜ਼ਿਆਦਾ ਪ੍ਰਭਾਵਿਤ ਨਹੀਂ ਹੋਇਆ ਜਿੰਨਾ ਰਣਜੀਤ ਸਿੰਘ ਨੂੰ ਮਿਲ ਕੇ”। ਇਸੇ ਤਰਾਂ ਹੀ ਜੌਨ ਕਲਾਰਕ ਮਾਰਸ਼ਮੈਨ ਲਿਖਦਾ ਹੈ ਕਿ “ਰਣਜੀਤ ਸਿੰਘ ਕੁਸਤਿਨਤੁਨੀਆ ਅਤੇ ਪੀਕਿੰਗ ਦੇ ਵਿਚਕਾਰ ਆਪਣੇ ਯੁੱਗ ਦਾ ਇੱਕ ਅਸਧਾਰਨ ਵਿਅਕਤੀ ਸੀ। ਆਪਣੀਆਂ ਫੌਜਾਂ ਅਤੇ ਆਪਣੀ ਉੱਚੀ ਇੱਛਾ ਤੇ ਕਾਮਨਾ ਦੀ ਸਹਾਇਤਾ ਨਾਲ ਉਹ ਹਿੰਦੁਸਤਾਨ ਵਿਚ ਇੱਕ ਹੋਰ ਸਾਮਰਾਜ ਸਥਾਪਤ ਕਰ ਲੈਂਦਾ ਜੇ ਅੰਮ੍ਰਿਤਸਰ ਦੀ ਸੰਧੀ ਨਾ ਹੁੰਦੀ “। ਇੱਕ ਵਾਰ ਧਿਆਨ ਸਿੰਘ ਡੋਗਰਾ ਮਹਾਰਾਜ ਪ੍ਰਤੀ ਗਿਲਾ ਕਰਦਾ ਹੈ ਕਿ ਉਹ ਨਿਮਾਣੇ ਦਾਸ ਦੀ ਤਰ੍ਹਾਂ ਆਪਣੇ ਲੱਕ ਦੁਆਲੇ ਪਟਕਾ ਕਿਉਂ ਬੰਨ੍ਹੀ ਰੱਖਦਾ ਹੈ ਜਦ ਕਿ ਉਹ ਰਾਜ ਦਾ ਹਾਕਮ ਹੈ ਜਿਸ ਤੇ ਰਣਜੀਤ ਸਿੰਘ ਪੁੱਛਦਾ ਹੈ ਕਿ ਰਾਜ ਵਿਚ ਸਿੱਕਾ ਕਿਸ ਦੇ ਨਾਮ ਦਾ ਚਲਦਾ ਹੈ? ਧਿਆਨ ਸਿੰਘ ਦਾ ਉੱਤਰ ਸੀ ‘ਗੁਰੂ ਨਾਨਕ ਦੇ ਨਾਮ ਦਾ’। ਮਹਾਰਾਜਾ ਇਹ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰ ਦਿੰਦਾ ਹੈ ਕਿ ਹਾਕਮ ਉਹ ਹੁੰਦਾ ਹੈ ਜਿਸ ਦੇ ਨਾਮ ਦਾ ਰਾਜ ਵਿਚ ਸਿੱਕਾ ਚੱਲੇ ਰਣਜੀਤ ਸਿੰਘ ਤਾਂ ਕੇਵਲ ਗੁਰੂ ਨਾਨਕ ਦੇ ਘਰ ਦਾ ਦਾਸ ਹੈ ਸੇਵਕ ਹੈ।
ਛੋਟੀ ਉਮਰ ਵਿਚ ਹੀ ਰਣਜੀਤ ਸਿੰਘ ਤਲਵਾਰ ਦਾ ਚੰਗਾ ਅਭਿਆਸੀ ਸੀ। ਉਹ ਸ਼ਿਕਾਰ ਖੇਡਣ ਦਾ ਸ਼ੌਕੀਨ ਸੀ। ਪੰਜ ਪੱਤਣਾਂ ਦਾ ਤਾਰੂ ਸੀ। ਮਹਾਰਾਜੇ ਰਣਜੀਤ ਸਿੰਘ ਨੇ ਚੰਗੇ ਘੋੜਿਆਂ ਦਾ ਸ਼ੌਕ ਪਾਲਿਆ ਹੋਇਆ ਸੀ ਕਿਹਾ ਜਾਂਦਾ ਹੈ ਕਿ ਉਸ ਦੇ ਅਸਤਬਲ ਵਿਚ 1000 ਤੋਂ ਵੱਧ ਘੋੜੇ ਰੱਖੇ ਹੋਏ ਸਨ। ਉਸ ਦੀ ਘੋੜੀ ਲੈਲੀ ਦਾ ਜ਼ਿਕਰ ਇਤਿਹਾਸਕਾਰ ਆਮ ਕਰਦੇ ਹਨ। ਰਣਜੀਤ ਸਿੰਘ ਪੜ੍ਹਨ ਅਤੇ ਲਿਖਣ ਦੀ ਮੁਹਾਰਤ ਨਾ ਹਾਸਲ ਕਰ ਸਕਿਆ। ਉਹ ਕੇਵਲ ਸੁਣਦਾ ਜਾਣਦਾ ਸੀ। ਉਹ ਗੁਰਬਾਣੀ ਸੁਣਦਾ। ਉਹ ਪਰਜਾ ਦੇ ਦੁੱਖ ਦਰਦ ਇੰਞ ਸੁਣਦਾ ਜਿਵੇਂ ਉਹਨਾਂ ਨਾਲ ਪਰਿਵਾਰਕ ਸਾਂਝ ਹੋਵੇ। ਉਸ ਦੀ ਦਿਆਲਤਾ , ਉਸ ਦੇ ਅਮਲਾਂ ਤੋਂ ਸਾਫ਼ ਝਲਕਦੀ ਸੀ। ਸਦੀਆਂ ਬਾਅਦ ਰਣਜੀਤ ਸਿੰਘ ਨੇ ਪੰਜਾਬ ਨੂੰ ਖੁਸ਼ਹਾਲ ਅਤੇ ਅਮਨਪਸੰਦ ਮੁਲਕ ਵਿਚ ਤਬਦੀਲ ਕਰ ਦਿੱਤਾ ਸੀ। ਜਿੱਥੇ ਮਨੁੱਖਤਾ ਦੇ ਜੀਵਨ ਰੂਪੀ ਫੁੱਲ ਨੂੰ ਖਿੜਨ ਲਈ ਅਨੁਕੂਲ ਵਾਤਾਵਰਨ ਸੀ। ਹੁਣ ਲੋਕ ਸੁਰੱਖਿਅਤ ਸਨ। ਆਰਥਿਕਤਾ ਮਜ਼ਬੂਤ ਸੀ। ਫਿਰਕੂ ਫ਼ਸਾਦ ਨਾਮ ਦੀ ਕੋਈ ਲੜਾਈ ਨਹੀਂ। ਉਸ ਦਾ ਨਿਆਂ ਪ੍ਰਬੰਧ, ਵਿੱਦਿਆ ਪ੍ਰਣਾਲੀ, ਟੈਕਸ ਪ੍ਰਣਾਲੀ ਅਤੇ ਆਰਥਿਕ ਨੀਤੀਆਂ ਆਦਿ ਅਤਿ ਦਰਜੇ ਦੀਆਂ ਕਾਮਯਾਬ ਅਤੇ ਲਚਕੀਲੀਆਂ ਸਨ। ਉਸ ਦਾ ਰਾਜ-ਪ੍ਰਬੰਧ ਲੋਕ ਹਿੱਤ ਵਿਚ ਸੀ ਨਾ ਕੇ ਪੁਰਾਣੇ ਮੁਗਲ ਹਾਕਮਾਂ ਵਾਂਙੂ ਲੋਕ ਮਾਰੂ। ਉਹ ਆਪਣੇ ਦੇਸ਼ ਦੇ ਲੋਕਾਂ ਨਾਲ ਹਮਦਰਦੀ ਰੱਖਦਾ ਸੀ। ਉਮਦਾ-ਉਤ ਤਵਾਰੀਖ਼ ਦਾ ਕਰਤਾ ਸੋਹਣ ਲਾਲ ਸੂਰੀ ਲਿਖਦਾ ਹੈ ਕਿ 1831 ਈਸਵੀ ਵਿਚ ਜਨਰਲ ਵੈਨਤੁਰਾ ਅਤੇ ਲਹਿਣਾ ਸਿੰਘ ਮਜੀਠੀਆ ਨੂੰ ਬਹਾਵਲਪੁਰ ਦੇ ਨਵਾਬ ਤੋਂ ਕਰ ਵਸੂਲਣ ਲਈ ਭੇਜਿਆ ਗਿਆ। ਮਹਾਰਾਜੇ ਦੀ ਖਾਸ ਹਦਾਇਤ ਸੀ ਕਿ ਕਿਸੇ ਗਰੀਬ ਅਤੇ ਕਮਜ਼ੋਰ ਨੂੰ ਤੰਗ ਨਾ ਕੀਤਾ ਜਾਵੇ ਅਤੇ ਅਜਿਹਾ ਨਾ ਹੋਵੇ ਕਿ ਉਹ ਆਪਣਾ ਘਰ ਬਾਰ ਛੱਡ ਕੇ ਕਿਤੇ ਹੋਰ ਚਲੇ ਜਾਣ। ਪੰਜਾਬ ਨੂੰ ਸਦੀਆਂ ਬਾਅਦ ਅਜਿਹਾ ਰਾਜਾ ਮਿਲਿਆ ਸੀ ਜਿਸ ਨੇ ਲੋਕ ਮਨਾਂ ਅੰਦਰ ਆਪਣੇ ਲਈ ਪਿਆਰ ਅਤੇ ਸਤਿਕਾਰ ਕਮਾਇਆ ਸੀ। ਉਸ ਦੌਰ ਦੇ ਕਵੀ ‘ਸੋਧਾਂ’ ਨੇ ਖਾਲਸਾ ਰਾਜ ਦੀ ਮਹਿਮਾ ਇਨ੍ਹਾਂ ਸ਼ਬਦਾਂ ਵਿਚ ਕੀਤੀ ਹੈ:
“ਰਣਜੀਤ ਸਿੰਘ ਕੇ ਰਾਜ ਮਹਿ ਜੈ ਸੇ ਆਵਹਿ ਜਾਹੇ। ਚੋਰ ਧਾੜਵੀ ਦੂਰ ਰਹਿ ਕੇ ਕੋਈ ਬਲਾਵੈ ਨਾਹਿ।
ਐਸੇ ਸਤਿਆਵਾਨ ਕਾ ਜੁਗ ਜੁਗ ਹੋਵੈ ਰਾਜ। ਜੀਅ ਘਾਤ ਹੋਵੈ ਨਹੀ, ਐਸਾ ਨੀਚ ਆਕਾਜ।”
ਮਹਾਰਾਜੇ ਰਣਜੀਤ ਸਿੰਘ ਵਿਚ ਪ੍ਰਬੰਧਕੀ ਯੋਗਤਾ ਅਤੇ ਯੋਧਿਆਂ ਵਾਲੇ ਸਾਰੇ ਗੁਣ ਸਨ। ਗਣੇਸ਼ ਦਾਸ ਬਡਹੇਰਾ ਲਿਖਦਾ ਹੈ ਕਿ “ਅਜਿਹੇ ਗੁਣ ਇੱਕੋ ਵਿਅਕਤੀ ਵਿਚ ਮਿਲਣੇ ਮੁਸ਼ਕਲ ਹਨ”। ਉਹ ਆਪਣੇ ਦਰਬਾਰੀ ਮਸਲਿਆਂ ਪ੍ਰਤੀ ਬੜਾ ਸੰਜੀਦਾ ਅਤੇ ਗੰਭੀਰ ਸੀ। ਉਸ ਦੇ ਦਰਬਾਰ ਵਿਚ ਬਿਨਾਂ ਉਸ ਦੀ ਆਗਿਆ ਕਿਸੇ ਨੂੰ ਗੱਲ ਕਹਿਣ ਦਾ ਅਧਿਕਾਰ ਨਹੀਂ ਸੀ। ਉਹ ਸਮਕਾਲੀ ਹਾਕਮਾਂ ਵਾਂਗ ਸ਼ਾਹੀ ਠਾਠ ਨਾਲ ਦਰਬਾਰ ਨਹੀਂ ਸਜਾਉਂਦਾ ਸੀ। ਉਸ ਦਾ ਦਰਬਾਰ ਬੜਾ ਸਾਦਾ ਹੁੰਦਾ ਅਤੇ ਉਹ ਪਹਿਰਾਵਾ ਵੀ ਸਾਦਾ ਹੀ ਪਹਿਨਣਾ ਪਸੰਦ ਕਰਦਾ ਸੀ। ਪਰ ਉਸ ਦੀ ਇੱਛਾ ਹੁੰਦੀ ਕਿ ਉਸ ਦੇ ਦਰਬਾਰੀ ਸੋਹਣੇ ਵਸਤਰਾਂ ਅਤੇ ਗਹਿਣਿਆਂ ਨਾਲ ਸਜੇ ਹੋਣ । ਕੋਈ ਵੀ ਬਾਹਰੀ ਪੰਜਾਬ ਆਉਂਦਾ ਤਾਂ ਰਣਜੀਤ ਸਿੰਘ ਨੂੰ ਜ਼ਰੂਰ ਮਿਲਦਾ। ਮਹਾਰਾਜੇ ਨੂੰ ਮਿਲੇ ਬਿਨ੍ਹਾਂ ਆਪਣੀ ਯਾਤਰਾ ਅਧੂਰੀ ਸਮਝਦਾ। ਮਹਾਰਾਜਾ ਬਹੁਤ ਕਮਾਲ ਦੀ ਖਾਤਰਦਾਰੀ ਕਰਦਾ। ਉਹ ਕਿਸੇ ਵੀ ਬਾਹਰੋਂ ਆਉਣ ਵਾਲੇ ਨਾਲ ਪੂਰੇ ਸਤਿਕਾਰ ਨਾਲ ਪੇਸ਼ ਆਉਂਦਾ ਅਤੇ ਹੋਰਨਾਂ ਨੂੰ ਵੀ ਕਿਸੇ ਤਰਾਂ ਦੀ ਬਦਸਲੂਕੀ ਕਰਨ ਦੀ ਇਜਾਜ਼ਤ ਨਹੀਂ ਸੀ। 1837 ਈਸਵੀ ਵਿਚ ਈਸਟ ਇੰਡੀਆ ਕੰਪਨੀ ਦਾ ਕਮਾਂਡਰ-ਇਨ-ਚੀਫ਼ ਪੰਜਾਬ ਆਉਂਦਾ ਹੈ ਉਹ ਮਹਾਰਾਜੇ ਪ੍ਰਤੀ ਇਹ ਸ਼ਬਦ ਲਿਖਦਾ ਹੈ ਕਿ “ਪੰਜਾਬ ਦੀ ਸਾਡੀ ਸਾਰੀ ਯਾਤਰਾ ਸਮੇਂ ਰਣਜੀਤ ਸਿੰਘ ਦੇ ਅਤਿ ਮਿਹਰਬਾਨ ਸੁਭਾਅ ਅਤੇ ਉਸ ਦੀ ਅਤਿ ਦਿਆਲਤਾ ਤੋਂ ਸਾਨੂੰ ਨਿਸ਼ਚਾ ਹੋ ਗਿਆ ਕਿ ਇਹ ਉਸ ਦਾ ਅਸਲ ਚਰਿੱਤਰ ਹੈ ਸਭ ਮੌਕਿਆਂ ਤੇ ਬਿਨਾਂ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀਆਂ ਇਸ ਹਾਕਮ ਦੀ ਅੱਖੜ ਪਰਜਾ ਇਸ ਦੀ ਪੂਰਨ ਅਧੀਨਗੀ ਵਿਚ ਰਹਿੰਦੀ ਹੈ”।
ਉਹ ਅੱਤ ਦਰਜੇ ਦਾ ਜਗਿਆਸੂ ਸੀ। ਉਹ ਅਨਪੜ੍ਹ ਹੋਣ ਦੇ ਬਾਵਜੂਦ ਗਿਆਨ ਦਾ ਭੰਡਾਰ ਸੀ। ਉਸ ਨੂੰ ਰਾਜਨੀਤੀ ਤੋਂ ਇਲਾਵਾ ਅਨੇਕਾਂ ਵਿਸ਼ਿਆਂ ਵਿਚ ਦਿਲਚਸਪੀ ਸੀ। ਫਰਾਂਸੀਸੀ ਯਾਤਰੀ ਯੈਕਮੋਂਟ ਲਿਖਦਾ ਹੈ ਕਿ “ਰਣਜੀਤ ਸਿੰਘ ਨਾਲ ਗੱਲਬਾਤ ਕਰਨਾ ਇੱਕ ਡਰਾਉਣੇ ਸੁਪਨੇ ਵਾਂਙ ਹੈ। ਬੈਰਨ ਹੂਗਲ ਕਹਿੰਦਾ ਹੈ ਕਿ “ਮਹਾਰਾਜੇ ਨਾਲ ਮੇਰੀ ਪਹਿਲੀ ਮੁਲਾਕਾਤ ਸਮੇਂ ਮੈਨੂੰ ਅੱਗਿਓਂ ਇੱਕ ਵੀ ਸਵਾਲ ਪੁੱਛਣ ਦਾ ਮੌਕਾ ਦੇਣ ਦੀ ਥਾਂ ਮਹਾਰਾਜਾ ਲਗਾਤਾਰ ਇਕ ਘੰਟੇ ਤਕ ਮੇਰੇ ਉੱਤੇ ਸੁਆਲ ਕਰਦਾ ਗਿਆ। ਕਰਨਲ ਬਿਲਾਸਿਸ ਨੌਕਰੀ ਲਈ ਮਹਾਰਾਜੇ ਨੂੰ ਮਿਲਿਆ ਤੇ ਆਪਣੀ ਕਾਬਲੀਅਤ ਵਜੋਂ ਉਹ ਕਹਿੰਦਾ ਮੈਂ ਸਭ ਕੁਝ ਕਰ ਸਕਦਾ ਹਾਂ। ਮਹਾਰਾਜੇ ਨੇ ਇੱਕੋ ਸਾਹੇ ਕਈ ਸਵਾਲ ਪੁੱਛ ਮਾਰੇ ਕਿ ‘ਤੂੰ ਕਿਲਾ ਬਣਾ ਸਕਦਾ ਹੈਂ’? ਕਿ ‘ਤੂੰ ਕਿਸੇ ਲੰਬੀ ਮਰਜ਼ ਨੂੰ ਹਟਾ ਸਕਦਾ ਹੈਂ’?। ਕੀ ਤੂੰ ਘੋੜੇ ਨੂੰ ਖੁਰੀਆਂ ਲਾ ਸਕਦਾ ਹੈਂ ? ਇਸੇ ਤਰਾਂ ਹੀ ਮਹਾਰਾਜੇ ਦੀ ਜਾਣਕਾਰੀ ਹਾਸਲ ਕਰਨ ਦੀ ਤੀਬਰ ਇੱਛਾ ਦਾ ਜ਼ਿਕਰ ਕਈ ਲਿਖਾਰੀਆਂ ਕੀਤਾ ਹੈ। ਉਹ ਲੜਾਈ ਤੋਂ ਲੈ ਕੇ ਤੋਪਾਂ ,ਸਵਰਗ ,ਨਰਕ,ਅੰਗਰੇਜ਼ੀ,ਆਦਿ ਵਿਸ਼ਿਆਂ ਬਾਰੇ ਪੁੱਛਦਾ ਰਹਿੰਦਾ ਸੀ।
ਮਹਾਰਾਜਾ ਬਹੁਤ ਮਿਲਣਸਾਰ ਨਿਡਰ ਅਤੇ ਬਹਾਦਰ ਸੁਭਾਅ ਦਾ ਮਾਲਕ ਸੀ ਉਹ ਸਾਧਾਰਨ ਤੋਂ ਸਾਧਾਰਨ ਵਿਅਕਤੀ ਨਾਲ ਬੇਝਿਜਕ ਗੱਲ ਕਰ ਲੈਂਦਾ। ਸਾਦਗੀ ਉਸ ਦੇ ਸੁਭਾਅ ਦਾ ਹਿੱਸਾ ਸੀ। ਜੰਗਾਂ ਯੁੱਧਾਂ ਦੌਰਾਨ ਜੇ ਕੋਈ ਸਿਪਾਹੀ ਦਿਲ ਛੱਡਦਾ ਦਿਸਦਾ ਤਾਂ ਉਸ ਨੂੰ ਹੌਸਲਾ ਦੇਣ ਆਪ ਮੈਦਾਨ ਵਿਚ ਪੁੱਜ ਜਾਂਦਾ। ਘੰਟਿਆਂ ਬੱਧੀ ਘੋੜੇ ਤੇ ਸਫ਼ਰ ਕਰ ਦੂਰ -ਦੁਰਾਡੇ ਇਲਾਕਿਆਂ ਵਿਚ ਲੋਕਾਂ ਦੇ ਦੁੱਖ ਦਰਦ ਸੁਣਨ ਆਪ ਪਹੁੰਚ ਜਾਂਦਾ। ਰਾਜ ਵਿਚ ਖੁਸ਼ਹਾਲ ਵਾਤਾਵਰਨ ਦੀ ਸਿਰਜਣਾ ਉਸ ਦੀ ਪਹਿਲ ਅਖ਼ੀਰ ਤੱਕ ਬਣਿਆ ਰਿਹਾ।
ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਪੰਜਾਬ ਤੇ ਰਾਜ ਕੀਤਾ। 27 ਜੂਨ 1839 ਨੂੰ ਉਹ ਪੰਜਾਬ ਨੂੰ ਅਲਵਿਦਾ ਆਖ ਗਿਆ। ਸੋਹਨ ਲਾਲ ਸੂਰੀ ਮੁਤਾਬਕ “ਉਸ ਦੇ ਸ਼ਸਤਰ ਉਸ ਦੇ ਸਰੀਰ ਤੋਂ ਵੱਖ ਕਰ ਦਿੱਤੇ ਗਏ”। ਲਾਹੌਰ ਦਰਬਾਰ ਵਿਚ ਗ਼ਮਗੀਨ ਮਾਹੌਲ ਸੀ। ਲਾਹੌਰ ਸ਼ਹਿਰ ਦੇ ਹਰ ਬਸ਼ਿੰਦੇ ਦੇ ਚਿਹਰੇ ਤੇ ਉਦਾਸੀ ਸੀ ਫ਼ਿਕਰਮੰਦੀ ਸੀ। ਸਭ ਨੇ ਸੋਗ ਵਜੋਂ ਆਪਣੇ ਕੰਮਕਾਜ ਵਿਚਾਲੇ ਰੋਕ ਦਿੱਤੇ ਸਨ। ਅੱਜ ਪੰਜਾਬ ਦੇ ਸਿਰ ਦਾ ਸਾਈਂ ਚਲਾ ਗਿਆ ਸੀ।
ਸ਼ਾਹ ਮੁਹੰਮਦ ਮਹਾਰਾਜੇ ਰਣਜੀਤ ਸਿੰਘ ਬਾਬਤ ਇੰਞ ਲਿਖਦਾ ਹੈ:
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ ਕੋਟ, ਨਿਵਾਇ ਗਿਆ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ, ਸਿੱਕਾ ਆਪਣੇ ਨਾਮ ਚਲਾਇ ਗਿਆ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ, ਹੱਛਾ ਰੱਜ ਕੇ ਰਾਜ ਕਮਾਇ ਗਿਆ।