Site icon Sikh Siyasat News

ਪੁਰਤਗਾਲ ਵਿੱਚ ਗ੍ਰਿਫਤਾਰ ਕੀਤੇ ਪਰਮਜੀਤ ਸਿੰਘ ਦੇ ਪਰਿਵਾਰ ‘ਤੇ ਪੁਲਿਸ ਜ਼ਬਰ ਦੀ ਕਹਾਣੀ

-ਗੁਰਸੇਵਕ ਸਿੰਘ ਸੋਹਲ

ਪਿਛਲੇ ਦਿਨੀਂ ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਦੇ ਕੀਤੇ ਗਏ ਖੁਲਾਸੇ ਤਾਂ ਉਸ ਪੁਲਿਸ ਜ਼ਬਰ ਦਾ ਇਕ ਅੰਸ਼-ਮਾਤਰ ਹਨ ।ਜੇ ਬੀਤੇ ਦੇ ਪੰਨੇ ਫਰੋਲਣ ਲੱਗੀਏ ਤਾਂ ਅਜਿਹੇ ਅਨੇਕਾਂ ਦਿਲ-ਕੰਬਾਊ ਮਾਮਲੇ ਨਸ਼ਰ ਹੁੰਦੇ ਹਨ ।

22 ਸਾਲਾ ਸਿੱਖ ਨੌਜਵਾਨ ਪਰਮਿੰਦਰ ਸਿੰਘ ਉਰਫ਼ ਰਾਜਾ ਚੰਡੀਗੜ੍ਹ ਦੇ ਸੈਕਟਰ-21 ਦੀ ਕਾਰ ਮਾਰਕੀਟ ਵਿਚ ”ਖਾਲਸਾ ਆਟੋ ਇਲੈਕਟ੍ਰੀਕਲਜ਼” ਨਾਮ ਦੀ ਦੁਕਾਨ ਚਲਾ ਰਿਹਾ ਸੀ ।ਉਸ ਦੌਰ ‘ਚ ਅਚਾਨਕ ਹੀ ਗਾਇਬ ਕਰ ਦਿੱਤੇ ਤੇ ਪੁਲਿਸ ਮੁਕਾਬਲਿਆਂ ਦੇ ਨਾਮ ‘ਤੇ ਮਾਰੇ ਵਿਅਕਤੀਆਂ ਤੇ ਉਹ ਵਿਅਕਤੀ ਜਿਨ੍ਹਾਂ ਦੀਆਂ ਲਾਸ਼ਾਂ ਦਾ ਗੁਪਤ ਢੰਗ ਨਾਲ ਸਸਕਾਰ ਕਰ ਦਿੱਤਾ ਗਿਆ, ਬਾਰੇ ‘ਕਮੇਟੀ ਫਾਰ ਕੋਆਰਡੀਨੇਸ਼ਨ ਆਨ ਡਿਸਅਪੀਅਰੈਂਸਸ ਇਨ ਪੰਜਾਬ’ ਦੀ ਅੰਤਿ੍ਮ ਰਿਪੋਰਟ ‘ਚ ਇਸ ਨੌਜਵਾਨ ਦਾ ਨਾਮ 650ਵੇਂ ਨੰਬਰ ‘ਤੇ ਦਰਜ ਹੈ।

ਪਰਮਜੀਤ ਸਿੰਘ ਪੰਮਾ ਪੁਰਤਗਾਲ ਸਰਕਾਰ ਦੀ ਹਿਰਾਸਤ ਵਿੱਚ

ਰਿਪੋਰਟ ਦੱਸਦੀ ਹੈ ‘ਪਰਮਿੰਦਰ ਸਿੰਘ, ਪੁੱਤਰ ਅਮਰੀਕ ਸਿੰਘ ਵਾਸੀ ਮਕਾਨ ਨੰਬਰ-1263 , ਫੇਸ- 3ਬੀ2 ਮੁਹਾਲੀ, 7 ਮਈ 1991 ਨੂੰ ਅਗਵਾਹ ਜਾਂ ਕਤਲ ਕਰ ਦਿੱਤਾ ਗਿਆ’ ।ਪ੍ਰੰਤੂ, ਮਾਪਿਆਂ ਨੂੰ ਰਾਜੇ ਦੀ ਲਾਸ਼ ਨਹੀਂ ਲੱਭੀ ।

ਹੁਣ ਜਦੋਂ 25 ਸਾਲਾਂ ਬਾਅਦ ਰਾਜੇ ਦੇ ਛੋਟੇ ਭਰਾ ਪਰਮਜੀਤ ਸਿੰਘ ਪੰਮਾ ਨੂੰ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ ਦੇ ਕਤਲ ਕੇਸ ‘ਚ ਇੰਟਰਪੋਲ ਨੇ ਪਿਛਲੇ ਦਿਨੀਂ ਪੁਰਤਗਾਲ ‘ਚ ਗਿ੍ਫ਼ਤਾਰ ਕੀਤਾ ਤਾਂ ਮੁਹਾਲੀ ‘ਚ ਰਹਿੰਦੇ ਉਸਦੇ ਪਰਿਵਾਰ ਨੇ ਮੀਡੀਆ ਨਾਲ ਰਾਬਤਾ ਬਣਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਉਹ ਜ਼ਖ਼ਮ ਫਿਰ ਉਸੇ ਤਰ੍ਹਾਂ ਸੱਜਰੇ ਹੋ ਗਏ ਹਨ, ਜੋ ਰਾਜੇ ਦੇ ਅਚਾਨਕ ਗਾਇਬ ਹੋਣ ਮਗਰੋਂ ਪੁਲਿਸ ਵੱਲੋਂ ਤਸ਼ੱਦਦ ਦੇ ਰੂਪ ‘ਚ ਉਨ੍ਹਾਂ ਦੇ ਪਰਿਵਾਰ ਨੂੰ ਦਿੱਤੇ ਗਏ ਸਨ ।

ਰਾਜੇ ਦਾ ਪਰਿਵਾਰ 84 ‘ਚ ਹੋਏ ਸਿੱਖ ਕਤਲੇਆਮ ਤੋਂ ਬਾਅਦ ਮੁਹਾਲੀ ਆ ਵਸਿਆ ਸੀ ।ਰਾਜੇ ਦੀ ਛੋਟੀ ਭੈਣ ਨੇ ਭਰੇ ਮਨ ਨਾਲ ਦੱਸਿਆ ਕਿ ਉਸਦੇ ਭਰਾ ਦਾ ਕਸੂਰ ਕੇਵਲ ਐਨਾ ਸੀ ਕਿ ਉਸ ਵੱਲੋਂ ਸੈਕਟਰ-21 ‘ਚ ਚਲਾਈ ਜਾ ਰਹੀ ਗੱਡੀਆਂ ਠੀਕ ਕਰਨ ਦੀ ਦੁਕਾਨ ‘ਤੇ ਬਲਵਿੰਦਰ ਸਿੰਘ ਜਟਾਣਾ ਆਪਣੀ ਕਾਰ ਠੀਕ ਕਰਾਉਣ ਆਉਂਦਾ ਸੀ, ਬਲਵਿੰਦਰ ਸਿੰਘ ਜਟਾਣਾ, ਰਾਜੇ ਦੇ ਨਾਨਕਿਆਂ ਤੋਂ ਸੀ ਅਤੇ ਪੁਲਿਸ ਦੀ ਉਸ ਦੀਆਂ ਗਤੀਵਿਧੀਆਂ ‘ਤੇ ਨਜ਼ਰ ਸੀ, ਜਦਕਿ ਰਾਜੇ ਦਾ ਉਸਦੀ ਦੁਕਾਨ ‘ਤੇ ਆਉਣ ਵਾਲਿਆਂ ਨਾਲ ਰਾਬਤਾ ਕੇਵਲ ਮਕੈਨਿਕ-ਗਾਹਕ ਤੱਕ ਹੀ ਸੀ ।

ਪਰਮਜੀਤ ਸਿੰਘ ਪੰਮਾ ਦੀ ਮਾਤਾ ਰਤਨ ਕੌਰ ਪੁਲਿਸ ਜ਼ਬਰ ਦੀ ਦਾਸਤਾ ਦੱਸਦੇ ਹੋਏ

ਭੈਣ ਅਨੁਸਾਰ ਪੰਜਾਬ ਪੁਲਿਸ, ਰਾਜੇ ਨੂੰ ਕਈ ਵਾਰ ਦੁਕਾਨ ਤੋਂ ਜ਼ਬਰੀਂ ਚੁੱਕ ਕੇ ਲੈ ਜਾਂਦੀ ਸੀ ।1989 ‘ਚ ਪਹਿਲੀ ਵਾਰ ਇਹ ਸਿਲਸਿਲਾ ਸ਼ੁਰੂ ਹੋਇਆ ਸੀ, ਜਦੋਂ ਪੰਜਾਬ ਪੁਲਿਸ ਤੇ ਸੀ.ਆਰ.ਪੀ.ਐਫ. ਦੀ ਸਾਂਝੀ ਟੀਮ ਦਿਨੇ 11 ਵਜੇ ਉਸਨੂੰ ਸੈਕਟਰ-21 ਮਾਰਕੀਟ ‘ਚੋਂ ਹੀ ਆਪਣੇ ਨਾਲ ਲੈ ਗਈ ਸੀ ।

ਭੈਣ ਅਨੁਸਾਰ ਹਰ ਵਾਰ ਭਾਰੀ ਤਸ਼ੱਦਦ ਕਰਕੇ ਉਸਨੂੰ ਛੱਡ ਦਿੱਤਾ ਜਾਂਦਾ ਸੀ, ਪ੍ਰੰਤੂ ਮਈ 1991 ਤੋਂ ਬਾਅਦ ਉਸਦਾ ਕੋਈ ਥਹੁ-ਪਤਾ ਨਾ ਲੱਗਾ ਕਿ ਆਖਿਰ ਉਹ ਕਿੱਥੇ ਗਿਆ ।

ਉਸ ਵੇਲੇ ਸੁਮੇਧ ਸਿੰਘ ਸੈਣੀ ਐਸ.ਐਸ.ਪੀ. ਚੰਡੀਗੜ੍ਹ ਸੀ ।ਪਰਿਵਾਰ ਵੱਲੋਂ ਮੀਡੀਆ ਨਾਲ ਸਾਂਝੀਆਂ ਕੀਤੀਆਂ ਉਸ ਵੇਲੇ ਦੀਆਂ ਦਰਖ਼ਾਸਤਾਂ ਦੀਆਂ ਕਾਪੀਆਂ ਅਨੁਸਾਰ ਪਰਮਿੰਦਰ ਬਾਰੇ ਪਤਾ ਲਾਉਣ ਲਈ ਪੰਜਾਬ ਪੁਲਿਸ ਮੁਖੀ, ਤਤਕਾਲੀਨ ਮੁੱਖ ਮੰਤਰੀ, ਰਾਜਪਾਲ ਹਰ ਇਕ ਨੂੰ ਲਿਖਿਆ ਗਿਆ ।ਪ੍ਰੰਤੂ ਕੁੱਝ ਦਿਨਾਂ ਬਾਅਦ ਪੰਜਾਬ ਸਿਵਲ ਸਕੱਤਰੇਤ ‘ਚ ਕੰਮ ਕਰਦੇ ਇਕ ਮੁਲਾਜ਼ਮ, ਜੋਕਿ ਇਸ ਪਰਿਵਾਰ ਨੂੰ ਜਾਣਦਾ ਸੀ, ਨੇ ਪਰਿਵਾਰ ਨੂੰ ਦੱਸਿਆ ਕਿ ਰਾਜੇ ਦੀ ਲਾਸ਼ ਚੰਡੀਗੜ੍ਹ ਨਾਲ ਲੱਗਦੇ ਰੋਪੜ ਪੁਲਿਸ ਖੇਤਰ ‘ਚ ਪਿੰਡ ਡੂਮਛੇੜੀ ਵਿਖੇ ਖੇਤਾਂ ‘ਚ ਮਿਲੀ ਹੈ ।

ਇਕ ਦੂਜੇ ਦੇ ਖੇਤਰ ‘ਚ ਲਾਸ਼ ਸੁੱਟਦੀ ਰਹੀ ਪੁਲਿਸ : ਭੈਣ ਨੇ ਦੱਸਿਆ ਕਿ ਉਸਦੇ ਭਰਾ ਦੀ ਲਾਸ਼ ਕਦੇ ਚੰਡੀਗੜ੍ਹ ਪੁਲਿਸ, ਰੋਪੜ ਖੇਤਰ ‘ਚ ਸੁੱਟ ਦਿੰਦੀ ਸੀ, ਕਦੇ ਰੋਪੜ ਪੁਲਿਸ ਚੰਡੀਗੜ੍ਹ ਖੇਤਰ ‘ਚ ਸੁੱਟ ਦਿੰਦੀ ਸੀ, ਪ੍ਰੰਤੂ ਪਰਿਵਾਰ ਨੂੰ ਲਾਸ਼ ਨਹੀਂ ਮਿਲੀ ।

ਪਰਿਵਾਰ ਨੇ ਉਸ ਵੇਲੇ ਦੀਆਂ ਅਖ਼ਬਾਰਾਂ ਦੀਆਂ ਕਟਿੰਗਜ਼ ਵੀ ਮੀਡੀਆ ਨਾਲ ਸਾਂਝੀਆਂ ਕੀਤੀਆਂ ਹਨ, ਉਸ ਵੇਲੇ ਇਕ ਅਖ਼ਬਾਰ ‘ਚ ਲੱਗੀ ਖ਼ਬਰ ‘ਚ ਇਹ ਦਰਸਾ ਰਹੀ ਹੈ ਕਿ ਰਾਜੇ ਦੀ ਲਾਸ਼ ਨੂੰ ਲੈਕੇ ਚੰਡੀਗੜ੍ਹ ਪੁਲਿਸ ਅਤੇ ਰੋਪੜ ਪੁਲਿਸ ‘ਚ ਵਿਵਾਦ ਚੱਲ ਰਿਹਾ ਸੀ, ਕਿਉਂਕਿ ਇਹ ਦੋਵੇਂ ਧਿਰਾਂ ਉਸਦੀ ਲਾਸ਼ ਇਕ ਦੂਜੇ ਦੇ ਖੇਤਰ ‘ਚ ਸੁੱਟ ਰਹੀਆਂ ਸਨ, ਰੋਪੜ ਪੁਲਿਸ ਨੇ ਤਾਂ ਇਸ ਲਾਸ਼ ਬਾਰੇ ਅਗਲੀ ਜਾਂਚ ਲਈ ਚੰਡੀਗੜ੍ਹ ਪੁਲਿਸ ਖਿਲਾਫ਼ ਕੇਸ ਰਜਿਸਟਰ ਕਰਨ ਦੀ ਆਗਿਆ, ਉਪਰਲੀ ਅਥਾਰਿਟੀ ਤੋਂ ਮੰਗੀ ਸੀ ।

ਖ਼ਬਰ ਅਨੁਸਾਰ ਉਨ੍ਹਾਂ ਦਿਨਾਂ ਦੌਰਾਨ ”ਚੰਡੀਗੜ੍ਹ ‘ਚ ਮਲੋਆ ਦੀ ਪੁਲਿਸ ਚੌਾਕੀ ‘ਤੇ ਗੋਲੀ ਚੱਲੀ ਸੀ ਅਤੇ ਉਸ ਘਟਨਾ ਤੋਂ ਅਗਲੀ ਸਵੇਰ ਚੰਡੀਗੜ੍ਹ ਦੇ ਪੁਲਿਸ ਮੁਖੀ ਨੇ ਰੋਪੜ ਪੁਲਿਸ ਨੂੰ ਦੱਸਿਆ ਸੀ ਕਿ ਰਾਤ ਨੂੰ ਪੁਲਿਸ ਦੀ ਜਵਾਬੀ ਕਾਰਵਾਈ ‘ਚ ਇਕ ਖਾੜਕੂ ਪਰਮਿੰਦਰ ਸਿੰਘ ਮੁਹਾਲੀ ਮਾਰਿਆ ਗਿਆ ਸੀ, ਜਿਸਦੀ ਲਾਸ਼ ਕੁਰਾਲੀ (ਰੋਪੜ) ਥਾਣਾ ਖੇਤਰ ਵਿਚ ਖੇਤਾਂ ‘ਚ ਪਈ ਹੈ, ਪਰ ਬਾਅਦ ‘ਚ ਹੋਈ ਜਾਂਚ ਤੋਂ ਰੋਪੜ ਪੁਲਿਸ ਨੂੰ ਪਤਾ ਲੱਗਾ ਕਿ ਉਕਤ ਦੱਸੇ ਗਏ ਖਾੜਕੂ ਨੂੰ ਚੰਡੀਗੜ੍ਹ ਪੁਲਿਸ ਨੇ ਮਲੋਆ ਚੌਾਕੀ ‘ਤੇ ਹਮਲੇ ਪਿੱਛੋਂ ਜਵਾਬੀ ਕਾਰਵਾਈ ਵਿਚ ਹਲਾਕ ਕਰਨ ਪਿੱਛੋਂ ਉਸਦੀ ਲਾਸ਼ ਪੰਜਾਬ ਦੇ ਇਲਾਕੇ ‘ਚ ਸੁੱਟ ਦਿੱਤੀ ਸੀ, ਪ੍ਰੰਤੂ ਕੁਰਾਲੀ ਪੁਲਿਸ ਨੇ ਉਹ ਲਾਸ਼ ਵਾਪਿਸ ਚੰਡੀਗੜ੍ਹ ਦੇ ਇਲਾਕੇ ਵਿਚ ਸੁੱਟ ਦਿੱਤੀ, ਬਾਅਦ ਵਿਚ ਚੰਡੀਗੜ੍ਹ ਪੁਲਿਸ ਨੇ ਇਸ ਖਾੜਕੂ ਦੀ ਲਾਸ਼ ਦਾ ਕੀ ਕੀਤਾ, ਇਸ ਬਾਰੇ ਪਤਾ ਨਹੀਂ ਲੱਗ ਸਕਿਆ ।’ ‘

ਪੁੱਤਰ ਬਾਰੇ ਪੁੱਛਣ ਗਈ ਤਾਂ ਸੁਮੇਧ ਸੈਣੀ ਨੇ ਮੇਰੇ ਥੱਪੜ ਮਾਰੇ : ਪਰਮਿੰਦਰ ਦੀ ਮਾਤਾ ਰਤਨ ਕੌਰ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਨੂੰ 7 ਮਈ 1991 ਨੂੰ ਦਿੱਲੀ ਦੇ ਨਹਿਰੂ ਨਗਰ ਤੋਂ ਚੁੱਕਿਆ ਸੀ ।5 ਜੁਲਾਈ 1991 ਨੂੰ ਰਤਨ ਕੌਰ ਅਤੇ ਉਨ੍ਹਾਂ ਦਾ ਪਤੀ ਅਮਰੀਕ ਸਿੰਘ ਚੰਡੀਗੜ੍ਹ ਦੇ ਆਈ.ਜੀ. ਨੂੰ ਮਿਲੇ, ਜਿਸਨੇ ਉਨ੍ਹਾਂ ਨੂੰ ਐਸ.ਐਸ.ਪੀ. ਸੁਮੇਧ ਸੈਣੀ ਨਾਲ ਮਿਲਣ ਲਈ ਕਿਹਾ ।8 ਜੁਲਾਈ 1991 ਨੂੰ ਉਹ ਸੈਣੀ ਨੂੰ ਮਿਲੇ ।ਰਤਨ ਕੌਰ ਅਨੁਸਾਰ ਉਸਨੇ ਸਾਨੂੰ ਕੁੱਝ ਦੱਸਣ ਦੀ ਬਜਾਇ ਮੇਰੇ ਪਤੀ ਅਮਰੀਕ ਸਿੰਘ ਨੂੰ ਕੁੱਟਿਆ ਅਤੇ ਮੇਰੇ ਥੱਪੜ ਮਾਰੇ । ਪਰਮਜੀਤ ਸਿੰਘ ਦੀ ਭੈਣ ਅਨੁਸਾਰ ਪਰਮਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਕਤਲ ਕਰਨ ਮਗਰੋਂ ਪੁਲਿਸ ਨੇ ਛੋਟੇ ਭਰਾ ਪਰਮਜੀਤ ਸਿੰਘ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ, ਉਸ ‘ਤੇ ਐਨਾ ਤਸ਼ੱਦਦ ਕੀਤਾ ਗਿਆ ਕਿ ਉਹ ਡਰਦਾ 1999 ਵਿਚ ਇੰਗਲੈਂਡ ਚਲਾ ਗਿਆ ਅਤੇ ਉੱਥੇ ਸਿਆਸੀ ਸ਼ਰਨ ਲੈ ਲਈ ਅਤੇ ਕਦੇ ਭਾਰਤ ਨਹੀਂ ਪਰਤਿਆ ।ਭੈਣ ਅਨੁਸਾਰ ਇੱਥੇ ਹੀ ਬੱਸ ਨਹੀਂ, ਉਸਦੇ ਜਾਣ ਮਗਰੋਂ ਪੁਲਿਸ ਨਾ ਕੇਵਲ ਮੁਹਾਲੀ, ਬਲਕਿ ਲੁਧਿਆਣੇ, ਜਿੱਥੇ ਮੇਰੇ ਸਹੁਰੇ ਹਨ, ਉੱਥੇ ਤੱਕ ਆ ਕੇ ਪੁੱਛਗਿੱਛ ਬਹਾਨੇ ਮੈਨੂੰ ਤੰਗ ਕਰਦੀ ਰਹੀ ਹੈ।

ਭੈਣ ਅਨੁਸਾਰ ਇੰਗਲੈਂਡ ‘ਚ ਰਹਿੰਦੇ ਉਸਦੇ ਭਰਾ ਦੇ 4 ਬੱਚੇ ਹਨ ।ਉਸਨੇ ਦੱਸਿਆ ਕਿ ਹੁਣ ਪੁਰਤਗਾਲ ਵਿਚ ਜਦੋਂ ਉਹ ਆਪਣੇ ਬੱਚਿਆਂ ਅਤੇ ਪਤਨੀ ਨਾਲ ਘੁੰਮਣ ਗਿਆ ਸੀ ਤਾਂ ਇੰਟਰਪੋਲ ਨੇ ਉਸਨੂੰ ਗਿ੍ਫ਼ਤਾਰ ਕਰ ਲਿਆ ।ਉਨ੍ਹਾਂ ਰੋਂਦਿਆਂ ਕਿਹਾ ਕਿ ਜੇ ਹੁਣ ਉਸਦੇ ਛੋਟੇ ਭਰਾ ਨੂੰ ਪੰਜਾਬ ਪੁਲਿਸ ਨੇ ਕੁੱਝ ਕੀਤਾ ਤਾਂ ਸਾਡਾ ਸਾਰਾ ਪਰਿਵਾਰ ਵੀ ਉਸਦੇ ਨਾਲ ਹੀ ਮਰੇਗਾ ।ਉਸਨੇ ਕਿਹਾ ਕਿ ਇੱਥੋਂ ਦੀ ਸਰਕਾਰ ਤੇ ਪੁਲਿਸ ਨੇ ਸਾਨੂੰ ਤਬਾਹ ਕਰ ਦਿੱਤਾ ਹੈ ਅਤੇ ਅਜਿਹਾ ਹੋਰ ਕਿੰਨੀ ਦੇਰ ਚੱਲੇਗਾ, ਇਸਦਾ ਪਤਾ ਨਹੀਂ ।

ਧੰਨਵਾਦ ਸਹਿਤ ਰੋਜ਼ਾਨਾ ਅਜੀਤ ਵਿੱਚੋਂ

ਨੋਟ: ਉਕਤ ਲਿਖਤ ਰੋਜ਼ਾਨਾ ਅਜ਼ੀਤ ਵਿੱਚ 23 ਨਵੰਬਰ ਨੂੰ ‘ਲਾਸ਼ ਨਾਲ ਵੀ ਖੇਡਦੀ ਰਹੀ ਪੁਲਿਸ, ਇਕ ਦੂਜੇ ਦੇ ਖੇਤਰ ‘ਚ ਸੁੱਟਦੇ ਰਹੇ ਲਾਸ਼ ‘ ਸਿਰਲੇਖ ਹੇਠ ਛਪੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version